‘ਬੱਚੀਆਂ ਅਤੇ ਔਰਤਾਂ ਦੀ ਇੱਜ਼ਤ ਲੁੱਟਣ ਵਾਲੇ’ ‘ਰਾਖਸ਼ਾਂ ਤੋਂ ਸਮਾਜ ਨੂੰ ਕਦੋਂ ਮੁਕਤੀ ਮਿਲੇਗੀ’

Thursday, Aug 22, 2024 - 02:51 AM (IST)

‘ਬੱਚੀਆਂ ਅਤੇ ਔਰਤਾਂ ਦੀ ਇੱਜ਼ਤ ਲੁੱਟਣ ਵਾਲੇ’ ‘ਰਾਖਸ਼ਾਂ ਤੋਂ ਸਮਾਜ ਨੂੰ ਕਦੋਂ ਮੁਕਤੀ ਮਿਲੇਗੀ’

ਇਨ੍ਹੀਂ ਦਿਨੀਂ ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਕੋਲਕਾਤਾ ਦੇ ਸਰਕਾਰੀ ਹਸਪਤਾਲ ਦੀ ਇਕ ਸਿਖਿਆਰਥੀ ਡਾਕਟਰ ਨਾਲ ਜਬਰ-ਜ਼ਨਾਹ ਅਤੇ ਹੱਤਿਆ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਖੁਦ ਨੋਟਿਸ ਲੈਂਦਿਆਂ ਹਸਪਤਾਲ ਪ੍ਰਬੰਧਨ ਅਤੇ ਪੱਛਮੀ ਬੰਗਾਲ ਪੁਲਸ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕੀਤੇ ਹਨ। 
ਇਸ ਦੇ ਨਾਲ ਹੀ, ਸੁਪਰੀਮ ਕੋਰਟ ਨੇ ਡਾਕਟਰਾਂ ਅਤੇ ਸਿਹਤ ਪੇਸ਼ੇਵਰਾਂ ਦੀ ਸੁਰੱਖਿਆ ਅਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ 10 ਮੈਂਬਰੀ ਟਾਸਕ ਫੋਰਸ ਦਾ ਗਠਨ ਕਰਕੇ ਅੰਦੋਲਨ ਕਰ ਰਹੇ ਡਾਕਟਰਾਂ ਨੂੰ ਕੰਮ ‘ਤੇ ਵਾਪਸ ਆਉਣ ਦੀ  ਅਪੀਲ ਵੀ ਕੀਤੀ ਹੈ।
ਇਸ ਦੇ ਬਾਵਜੂਦ ਡਾਕਟਰਾਂ ਵੱਲੋਂ ਪ੍ਰਦਰਸ਼ਨ  ਜਾਰੀ ਹਨ। ਡਾਕਟਰਾਂ ਨੇ ਕਿਹਾ ਹੈ ਕਿ ਡਾਕਟਰੀ ਪੇਸ਼ੇ ਲਈ ‘ਸੈਂਟਰਲ ਪ੍ਰੋਟੈਕਸ਼ਨ ਐਕਟ’ (ਸੀ.ਪੀ.ਏ.) ਲਿਆਉਣ ਦੀ ਉਨ੍ਹਾਂ ਦੀ ਮੁੱਖ ਮੰਗ ਬਾਰੇ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ਕਾਰਨ ਉਹ ਆਪਣੀ ਹੜਤਾਲ ਜਾਰੀ ਰੱਖਣਗੇ। 
ਇਸ ਦੌਰਾਨ ਮਲਿਆਲਮ ਫਿਲਮ ਇੰਡਸਟਰੀ ‘ਚ ਮਹਿਲਾ ਕਲਾਕਾਰਾਂ ਨਾਲ ਵੱਡੇ ਪੱਧਰ ’ਤੇ ਹੋ ਰਹੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਜਸਟਿਸ ‘ਹੇਮਾ ਕਮੇਟੀ’ ਦੀ ਰਿਪੋਰਟ ‘ਚ ਸਨਸਨੀਖੇਜ਼ ਖੁਲਾਸੇ ਹੋਏ ਹਨ।
ਕਈ ਮਹਿਲਾ ਕਲਾਕਾਰਾਂ ਨੇ ਕਿਹਾ ਕਿ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਨ੍ਹਾਂ ’ਤੇ ਅਣਉਚਿਤ ਸਮਝੌਤਿਆਂ ਲਈ ਦਬਾਅ ਪਾਇਆ ਗਿਆ ਜਿਸ ’ਚ ਮਲਿਆਲਮ ਫਿਲਮ ਇੰਡਸਟਰੀ ‘ਤੇ ਹਾਵੀ ਤਾਕਤਵਰ ਲੋਕਾਂ ਅੱਗੇ ਜਿਨਸੀ ਸਮਰਪਣ ਕਰਨਾ ਤਕ ਸ਼ਾਮਲ ਹੈ।
ਦਰਅਸਲ, ਅੱਜ ਜੀਵਨ ਦੇ ਹਰ ਖੇਤਰ ਵਿਚ ਔਰਤਾਂ ਦਾ ਜਿਨਸੀ ਸ਼ੋਸ਼ਣ ਆਮ ਹੋ ਗਿਆ ਹੈ, ਜਿਸ ਵਿਚ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਪਾਏ ਜਾ ਰਹੇ ਹਨ, ਜੋ ਕਿ ਸਿਰਫ 10 ਦਿਨਾਂ ਵਿਚ ਸਾਹਮਣੇ ਆਈਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 12 ਅਗਸਤ ਨੂੰ ਉੱਤਰਾਖੰਡ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਵਿਚ ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਇਕ ਨਾਬਾਲਗ ਲੜਕੀ ਨਾਲ ਬੱਸ ਦੇ ਡਰਾਈਵਰ ਧਰਮਿੰਦਰ ਅਤੇ ਕੰਡਕਟਰ ਦਵਿੰਦਰ ਸਮੇਤ 5 ਲੋਕਾਂ ਨੇ ਜਬਰ-ਜ਼ਨਾਹ ਕਰ ਦਿੱਤਾ। 
* 17 ਅਗਸਤ ਨੂੰ ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ਇਕ ਹਸਪਤਾਲ ਵਿਚ ਡਾਕਟਰ ਸ਼ਾਹਨਵਾਜ਼ ਨੇ ਇਕ ਨਰਸ ਨੂੰ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
* 18 ਅਗਸਤ ਨੂੰ ਕਿਸ਼ਤਵਾੜ (ਜੰਮੂ-ਕਸ਼ਮੀਰ) ਦੇ ‘ਮਾਰਵਾਹ’ ‘ਚ ਇਕ 15 ਸਾਲਾ ਨਾਬਾਲਗ ਨਾਲ ਜਬਰ-ਜ਼ਨਾਹ ਦੇ ਵਿਰੁੱਧ ਇਲਾਕੇ ‘ਚ ਰੋਹ ਫੈਲ ਗਿਆ। 
* 18 ਅਗਸਤ ਨੂੰ ਹੀ ਕ੍ਰਿਸ਼ਨਾਗਿਰੀ (ਤਾਮਿਲਨਾਡੂ) ਜ਼ਿਲੇ ਦੇ ਇਕ ਪ੍ਰਾਈਵੇਟ ਸਕੂਲ ‘ਚ 13 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ‘ਤੇ ਪ੍ਰਿੰਸੀਪਲ ਅਤੇ 2 ਅਧਿਆਪਕਾਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 18 ਅਗਸਤ ਨੂੰ ਹੀ ਫਿਲਮ ਅਭਿਨੇਤਰੀ ਸੇਲਿਨਾ ਜੇਤਲੀ ਨੇ ਖੁਲਾਸਾ ਕੀਤਾ ਕਿ ਉਸ ਨੂੰ ਸਕੂਲ ਦੇ ਦਿਨਾਂ ਦੌਰਾਨ ਕਈ ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਹਰ ਵਾਰ ਪੀੜਤਾ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। 
* 18 ਅਗਸਤ ਨੂੰ ਹੀ ਬੈਂਗਲੁਰੂ ‘ਚ ਘਰ ਜਾ ਰਹੀ ਇਕ ਲੜਕੀ  ਨੂੰ ਲਿਫਟ ਦੇਣ ਦੇ ਬਹਾਨੇ  ਇਕ  ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ਨਾਲ  ਜਬਰ-ਜ਼ਨਾਹ  ਕੀਤਾ।
* 18 ਅਗਸਤ ਨੂੰ ਹੀ ਜੋਧਪੁਰ (ਰਾਜਸਥਾਨ) ’ਚ ਇਕ ਮੰਦਰ ਦੇ ਬਾਹਰ ਬੈਠੀ 3 ਸਾਲਾ ਮਾਸੂਮ ਬੱਚੀ ਨੂੰ ਅਣਪਛਾਤੇ ਨੌਜਵਾਨ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।
* 19 ਅਗਸਤ ਨੂੰ ਰੋਹਤਕ (ਹਰਿਆਣਾ) ਸਥਿਤ ‘ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼’ ਦੇ ਇਕ ਡਾਕਟਰ ਨੂੰ ਇਕ ਡੈਂਟਲ  ਵਿਦਿਆਰਥਣ ਨੂੰ ਅਗਵਾ ਕਰਨ ਪਿੱਛੋਂ ਅੰਬਾਲਾ ਅਤੇ ਚੰਡੀਗੜ੍ਹ ਲੈ ਜਾ ਕੇ ਉਸ ਦੀ ਕੁੱਟਮਾਰ  ਅਤੇ ਤਸ਼ੱਦਦ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।
* 19 ਅਗਸਤ ਨੂੰ ਹੀ ਰਾਏਗੜ੍ਹ (ਛੱਤੀਸਗੜ੍ਹ) ਦੇ ‘ਪੁਸੌਰ’ ਵਿਚ 15 ਨੌਜਵਾਨਾਂ ਵੱਲੋਂ ਇਕ ਔਰਤ ਨੂੰ ਬੰਧਕ ਬਣਾ ਕੇ ਉਸ ਨਾਲ 5 ਘੰਟੇ ਸਮੂਹਿਕ ਜਬਰ-ਜ਼ਨਾਹ  ਕੀਤੇ  ਜਾਣ  ਦਾ ਮਾਮਲਾ ਸਾਹਮਣੇ ਆਇਆ ਹੈ। 
* 19 ਅਗਸਤ ਨੂੰ  ਹੀ ਸਿੱਦੀਪੇਟ (ਤੇਲੰਗਾਨਾ) ਜ਼ਿਲੇ ਵਿਚ ਇਕ ਨਿਰਮਾਣ ਅਧੀਨ ਅਪਾਰਟਮੈਂਟ ਦੇ ਕਮਰੇ ਵਿਚ ਇਕ ਪ੍ਰਵਾਸੀ ਮਜ਼ਦੂਰ ਨੂੰ ਤਿੰਨ ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ।
* 20 ਅਗਸਤ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ਅੰਕੁਰ ਵਿਹਾਰ ਇਲਾਕੇ ਵਿਚ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਗੁਆਂਢੀ ਨੌਜਵਾਨ ਨੇ ਜਬਰ-ਜ਼ਨਾਹ ਕਰ ਦਿੱਤਾ। 
* 20 ਅਗਸਤ ਨੂੰ ਹੀ  ਠਾਣੇ (ਮਹਾਰਾਸ਼ਟਰ) ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ਦੇ ਅਹਾਤੇ ਵਿਚ ਇਕ ਅਪਾਹਜ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ 42 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
* 20 ਅਗਸਤ ਨੂੰ ਹੀ ਮਹਾਰਾਸ਼ਟਰ ਦੇ ‘ਬਦਲਾਪੁਰ’ ‘ਚ ਸਿਰਫ  3 ਸਾਲ ਦੀਆਂ 2 ਸਕੂਲੀ ਬੱਚੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਉਣ ‘ਤੇ ਹੰਗਾਮਾ ਹੋ ਗਿਆ ਅਤੇ  ਲੋਕਾਂ ਨੇ ਸਕੂਲ ‘ਚ ਭੰਨ-ਤੋੜ ਕਰਨ ਤੋਂ ਇਲਾਵਾ  ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕੀਤਾ ਅਤੇ ਰੇਲ ਆਵਾਜਾਈ ਰੋਕੀ। ਇਸ ਸਬੰਧ ਵਿਚ ਪੁਲਸ ਨੇ ਮੁਲਜ਼ਮ ਸਵੀਪਰ, ਪ੍ਰਿੰਸੀਪਲ, ਕਲਾਸ ਟੀਚਰ ਅਤੇ ਇਕ ਮਹਿਲਾ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ।
ਵਰਣਨਯੋਗ ਹੈ ਕਿ 12-13 ਅਗਸਤ ਨੂੰ ਬਦਲਾਪੁਰ ਦੇ ਇਕ ਕੋ-ਐੱਡ ਸਕੂਲ ਵਿਚ ਪ੍ਰੀ-ਪ੍ਰਾਇਮਰੀ ਜਮਾਤ ਦੀਆਂ ਦੋ ਵਿਦਿਆਰਥਣਾਂ ਨੂੰ ਅਕਸ਼ੈ  ਸ਼ਿੰਦੇ ਨਾਮੀ ਸਕੂਲ ਦੇ ਇਕ ਸਵੀਪਰ  ਨੇ ਟਾਇਲਟ ਵਿਚ ਲਿਜਾ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ  ਸੀ। 
* 20 ਅਗਸਤ ਨੂੰ ਹੀ ਅਕੋਲਾ (ਮਹਾਰਾਸ਼ਟਰ) ’ਚ ਕਾਜ਼ੀਖੇੜ ਦੇ ਜ਼ਿਲਾ ਪ੍ਰੀਸ਼ਦ ਸਕੂਲ  ਦੇ ਅਧਿਆਪਕ ਪ੍ਰਮੋਦ ਮਨੋਹਰ ਨੂੰ 6 ਸਕੂਲੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
ਬੱਚੀਆਂ ਅਤੇ ਔਰਤਾਂ ਦੇ ਸ਼ੋਸ਼ਣ ਦੀਆਂ ਇਹ ਤਾਂ ਕੁਝ ਉਦਾਹਰਣਾਂ ਹੀ ਹਨ ਜੋ ਸਮਾਜ ਦੇ ਸਾਹਮਣੇ ਇਹ ਸਵਾਲ ਖੜ੍ਹੇ ਕਰਦੀਆਂ ਹਨ ਕਿ ਆਖਰ ਸਾਡੇ ਸਮਾਜ ਵਿਚ ਇਹੋ ਜਿਹੇ ਸੰਸਕਾਰ ਕਦੋਂ ਆਉਣਗੇ ਜਦੋਂ ਲੋਕ ਔਰਤਾਂ ਅਤੇ ਬੱਚੀਆਂ ਦੀ ਇੱਜ਼ਤ ਕਰਨਾ ਸਿੱਖਣਗੇ ਅਤੇ ਸਮਾਜ ਨੂੰ ਅਜਿਹੇ ਰਾਖਸ਼ਾਂ ਤੋਂ ਮੁਕਤੀ ਮਿਲੇਗੀ।     
–ਵਿਜੇ ਕੁਮਾਰ


author

Inder Prajapati

Content Editor

Related News