ਇਹ ਕਿਸ ਦੌਰ ’ਚ ਆ ਪੁੱਜੇ ਅਸੀਂ

Tuesday, Apr 29, 2025 - 06:55 PM (IST)

ਇਹ ਕਿਸ ਦੌਰ ’ਚ ਆ ਪੁੱਜੇ ਅਸੀਂ

ਵਿਆਹਾਂ ਦਾ ਮੌਸਮ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸਾਡੇ ਇਥੇ ਵਿਆਹ ਦਾ ਬਾਜ਼ਾਰ ਅਰਬਾਂ-ਖਰਬਾਂ ਦਾ ਹੈ। ਵਿਆਹਾਂ ’ਚ ਨਵੇਂ-ਨਵੇਂ ਈਵੈਂਟਸ ਵਧਦੇ ਹੀ ਜਾਂਦੇ ਹਨ। ਲੜਕੀ ਵਾਲਿਆਂ ਦੇ ਸਿਰ ’ਤੇ ਬੋਝ ਵੀ ਪਰ ਇਨ੍ਹਾਂ ਨਾਲ ਵਿਆਹ ਦਾ ਬਾਜ਼ਾਰ ਵੀ। ਜਦੋਂ ਤੋਂ ਬ੍ਰਾਂਡਸ ਨੂੰ ਹੈਸੀਅਤ ਨਾਲ ਜੋੜਿਆ ਗਿਆ ਹੈ, ਤਦ ਤੋਂ ਹਰ ਇਕ ਨੂੰ ਸਭ ਕੁਝ ਬਸ ਬ੍ਰਾਂਡਿਡ ਹੀ ਚਾਹੀਦਾ ਹੈ। ਉਂਝ ਸਾਡੇ ’ਚੋਂ ਬਹੁਤ ਸਾਰੇ ਲੋਕ ਦਿਖਾਵੇ ਦਾ ਵਿਰੋਧ ਕਰਦੇ ਰਹਿੰਦੇ ਹਨ ਪਰ ਮੌਕਾ ਮਿਲਦੇ ਹੀ ਵਿਖਾਵੇ ਦੇ ਜੰਜਾਲ ’ਚ ਕੁੱਦ ਪੈਂਦੇ ਹਨ।

ਪਰ ਪਿਛਲੇ ਦਿਨਾਂ ਤੋਂ ਕੁਝ ਅਜਿਹੀਆਂ ਖਬਰਾਂ ਵੀ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਸਾਡੇ ਅੰਦਰੋਂ ਧੀਰਜ ਵੀ ਖਤਮ ਹੁੰਦਾ ਜਾ ਰਿਹਾ ਹੈ।

ਦਿੱਲੀ ’ਚ ਹੋਏ ਇਕ ਵਿਆਹ ਸਮਾਗਮ ’ਚ ਖਾਣ ਦੀਆਂ ਪਲੇਟਾਂ ਘਟ ਗਈਆਂ। ਇਹ ਦੇਖ ਕੇ ਮਹਿਮਾਨ ਹੰਗਾਮਾ ਕਰਨ ਲੱਗੇ। ਇਸ ਦੀ ਸ਼ਿਕਾਇਤ ਬੈਂਕੁਇਟ ਹਾਲ ਦੇ ਮੈਨੇਜਰ ਨੂੰ ਕੀਤੀ ਗਈ। ਜਦੋਂ ਮੈਨੇਜਰ ਉਥੇ ਪੁੱਜਾ ਤਾਂ ਉਸ ਨਾਲ ਮਾਰ-ਕੁੱਟ ਕੀਤੀ ਜਾਣ ਲੱਗੀ। ਲੋਕਾਂ ਨੂੰ ਸਮਝਾਉਣ-ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਦੁਲਹਨ ਦਾ ਚਚੇਰਾ ਭਰਾ ਉਥੇ ਆ ਗਿਆ। ਉਸ ਨੇ ਆ ਦੇਖਿਆ ਨਾ ਤਾਅ, ਆਪਣੇ ਰਿਵਾਲਵਰ ’ਚੋਂ ਗੋਲੀ ਚਲਾ ਦਿੱਤੀ। ਪੁਲਸ ਨੇ ਗੋਲੀ ਚਲਾਉਣ ਵਾਲੇ ਨੂੰ ਫੜਿਆ ਹੈ।

ਵਿਆਹਾਂ ’ਚ ਖੁਸ਼ੀ ’ਚ ਫਾਇਰਿੰਗ ਦੇ ਨਾਂ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ। ਇਕ ਵਾਰ ਤਾਂ ਲਾੜੇ ਦੀ ਗਰਦਨ ’ਚ ਗੋਲੀ ਜਾ ਲੱਗੀ ਅਤੇ ਉਹ ਉਥੇ ਹੀ ਢੇਰ ਹੋ ਗਿਆ। ਆਖਿਰ ਗੋਲੀ ਚਲਾਉਣ ਨਾਲ ਕਿਹੜੀ ਖੁਸ਼ੀ ਮਿਲਦੀ ਹੈ, ਸਿਰਫ ਡਰ ਪੈਦਾ ਕਰਨ ਦੇ। ਅਜਿਹਾ ਨਹੀਂ ਹੈ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਨਹੀਂ ਹੁੰਦੀਆਂ ਸਨ। ਲੋਕ ਵਿਆਹ ਸਮੇਂ ਅਕਸਰ ਰੁੱਸਦੇ ਰਹਿੰਦੇ ਸਨ ਪਰ ਅਜਿਹੇ ਰਿਸ਼ਤੇਦਾਰਾਂ ਨੂੰ ਅਕਸਰ ਨਾਪਸੰਦ ਕੀਤਾ ਜਾਂਦਾ ਸੀ ਜੋ ਰੰਗ ’ਚ ਭੰਗ ਪਾਉਣ ਦਾ ਕੰਮ ਕਰਦੇ ਹੋਣ।

ਦੂਜੀ ਘਟਨਾ ਇਕ ਨਿਕਾਹ ਦੀ ਹੈ। ਉਥੇ ਦਾਅਵਤ ਸਮੇਂ ਇਕ ਲੜਕੇ ਨੇ ਖਾਣਾ ਪਰੋਸਣ ਵਾਲੇ ਤੋਂ ਗਰਮ ਪੂੜੀ ਮੰਗੀ। ਪਰੋਸਣ ਵਾਲਾ ਲੜਕਾ ਬੋਲਿਆ ਕਿ ਗਰਮ ਪੂੜੀ ਨਹੀਂ ਹੈ। ਕੁਝ ਦੇਰ ਪਿੱਛੋਂ ਪੂੜੀ ਮੰਗਣ ਵਾਲਾ ਬਾਹਰ ਜਾ ਰਿਹਾ ਸੀ, ਤਦ ਹੀ ਉਸ ਨੇ ਉਹੀ ਲੜਕਾ ਦੇਖਿਆ ਜਿਸ ਨੇ ਗਰਮ ਪੂੜੀ ਦੇਣ ਤੋਂ ਨਾਂਹ ਕੀਤੀ ਸੀ। ਪੂੜੀ ਮੰਗਣ ਵਾਲੇ ਨੇ ਨਾ ਦੇਣ ਵਾਲੇ ਨੂੰ ਰੱਜ ਕੇ ਕੁੱਟਿਆ।

ਇਕ ਪ੍ਰਸੰਗ ਦੀ ਮੀਡੀਆ ਅਤੇ ਸੋਸ਼ਲ ਮੀਡੀਆ ’ਚ ਕਾਫੀ ਚਰਚਾ ਹੋਈ ਕਿ ਇਕ ਜਵਾਈ ਵਿਆਹ ਤੋਂ ਕੁਝ ਦਿਨ ਪਹਿਲਾਂ ਆਪਣੀ ਹੋਣ ਵਾਲੀ ਸੱਸ ਨੂੰ ਭਜਾ ਕੇ ਲੈ ਗਿਆ। ਨਾਲ ਹੀ ਇਹ ਔਰਤ, ਉਹ ਗਹਿਣੇ-ਕੱਪੜੇ ਵੀ ਲੈ ਗਈ ਜੋ ਲੜਕੀ ਲਈ ਰੱਖੇ ਸਨ। ਹੋਣ ਵਾਲੇ ਜਵਾਈ ਨੇ ਫੋਨ ਕਰ ਕੇ ਹੋਣ ਵਾਲੇ ਸਹੁਰੇ ਨੂੰ ਉਸ ਦੀ ਪਤਨੀ ਬਾਰੇ ਕਿਹਾ ਕਿ ਤੁਸੀਂ ਲੋਕਾਂ ਨੇ ਜ਼ਿੰਦਗੀ ਭਰ ਇਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੈ ਪਰ ਹੁਣ ਅਸੀਂ ਦੋਵੇਂ ਇਕੱਠੇ ਰਹਾਂਗੇ। ਇਕ ਦੂਜੀ ਘਟਨਾ ’ਚ ਹੋਣ ਵਾਲੇ ਕੁੜਮ-ਕੁੜਮਣੀ ਭੱਜ ਗਏ।

ਇਕ ਲੜਕੀ ਦਾ ਇਕ ਲੜਕੇ ਨਾਲ ਵਿਆਹ ਤੈਅ ਹੋਇਆ। ਐਨ ਵਿਆਹ ਵਾਲੇ ਦਿਨ ਲੜਕੀ ਨੇ ਆਪਣੇ ਮਿੱਤਰ ਨੂੰ ਲਾੜੇ ਦੀ ਤਸਵੀਰ ਭੇਜੀ। ਫਿਰ ਉਹ ਬਾਰਾਤ ਲੈ ਕੇ ਕਿੱਥੋਂ ਤਕ ਪੁੱਜ ਗਿਆ ਹੈ, ਇਹ ਵੀ ਦੱਸਿਆ। ਬਸ ਮਿੱਤਰ, ਆਪਣੇ ਕੁਝ ਮਿੱਤਰਾਂ ਨੂੰ ਨਾਲ ਲੈ ਕੇ ਉਥੇ ਗਿਆ ਜਿਥੋਂ ਬਰਾਤ ਲੰਘ ਰਹੀ ਸੀ ਅਤੇ ਲਾੜੇ ਨੂੰ ਮਾਰ ਦਿੱਤਾ।

ਇਥੇ ਤਾਂ ਕੁਝ ਹੀ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਨਹੀਂ ਤਾਂ ਹੁਣ ਆਏ ਦਿਨ ਅਜਿਹੀਆਂ ਹੀ ਹੈਰਾਨ ਕਰਨ ਵਾਲੀਆਂ ਖਬਰਾਂ ਨਾਲ ਮੁਲਾਕਾਤ ਹੁੰਦੀ ਹੈ ਅਤੇ ਹੁਣ ਤਾਂ ਹੈਰਾਨ ਹੋਣਾ ਵੀ ਘਟ ਗਿਆ ਹੈ। ਬਸ ਇਹੀ ਮਹਿਸੂਸ ਹੁੰਦਾ ਹੈ ਕਿ ਲਓ ਫਿਰ ਅਜਿਹਾ ਹੋ ਗਿਆ। ਜਾਂ ਅਜਿਹਾ ਵੀ ਹੋ ਸਕਦਾ ਹੈ। ਸਬੰਧਾਂ ਦੀ ਪਾਕੀਜ਼ਗੀ ਕੋਈ ਪਾਖੰਡ ਵਾਲਾ ਤੱਥ ਨਹੀਂ ਹੈ ਸਗੋਂ ਇਹ ਕਿਸੇ ਵੀ ਸਮਾਜ ਨੂੰ ਚਲਾਉਣ ਲਈ ਜ਼ਰੂਰੀ ਵੀ ਹੁੰਦੀ ਹੈ।

ਪਰ ਅਸੀਂ ਦੇਖਦੇ ਹਾਂ ਕਿ ਇਹ ਚੀਜ਼ਾਂ ਹੌਲੀ-ਹੌਲੀ ਸਮਾਜ ’ਚੋਂ ਗੁੰਮ ਹੁੰਦੀਆਂ ਜਾ ਰਹੀਆਂ ਹਨ। ਅਰਸਾ ਪਹਿਲਾਂ ਆਸਟ੍ਰੇਲੀਆ ਦੀ ਘਟਨਾ ਪੜ੍ਹੀ ਸੀ, ਜਿਸ ’ਚੋਂ ਇਕ ਪਿਤਾ ਨੇ ਇਕ ਪਿਛੋਂ ਇਕ ਆਪਣੀਆਂ ਤਿੰਨ ਬੱਚੀਆਂ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਪੁਲਸ ਨੇ ਫੜਿਆ ਤਾਂ ਕਿਹਾ ਕਿ ਇਨ੍ਹਾਂ ਦਾ ਪਾਲਣ-ਪੋਸ਼ਣ ਅਸੀਂ ਕਰੀਏ ਅਤੇ ਆਨੰਦ ਲੈਣ ਦੂਜੇ ਆ ਜਾਣ। ਵਿਦੇਸ਼ ’ਚ ਹੀ ਇਕ ਪਿਤਾ ਨੇ ਆਪਣੀ ਲੜਕੀ ਨੂੰ ਘਰ ਦੇ ਤਹਿਖਾਨੇ ’ਚ ਕੈਦ ਰੱਖਿਆ ਸੀ ਅਤੇ ਉਸ ਨੂੰ 6 ਬੱਚਿਆਂ ਦੀ ਮਾਂ ਬਣਾਇਆ ਸੀ।

ਲੜਕੀ ਨੂੰ ਹਰ ਵਕਤ ਜ਼ੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ। ਇਨਸੈੱਟ ਜਾਂ ਨੇੜਲੇ ਲੋਕਾਂ ਵਲੋਂ ਅਜਿਹੇ ਸਬੰਧਾਂ ਨੂੰ ਜ਼ਬਰਦਸਤੀ ਬਣਾਉਣਾ ਬਹੁਤ ਸਾਰੀਆਂ ਕੁੜੀਆਂ ਦੀ ਜ਼ਿੰਦਗੀ ਦੀ ਸੱਚਾਈ ਹੈ। ਜਦੋਂ ਅਜਿਹੀਆਂ ਗੱਲਾਂ ਸੁਣਦੇ ਹੋ ਤਾਂ ਪ੍ਰੇਸ਼ਾਨ ਹੁੰਦੇ ਹਾਂ ਪਰ ਪ੍ਰੇਸ਼ਾਨ ਹੋਣ ਨਾਲ ਕੁਝ ਨਹੀਂ ਰੁਕਦਾ । ਇਸ ਲਈ ਸਮਾਜ, ਸਰਕਾਰ ਅਤੇ ਸਾਡੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਨੂੰ ਮਿਲ ਕੇ ਮਦਦ ਕਰਨੀ ਚਾਹੀਦੀ ਹੈ। ਪਰ ਕਦਰਾਂ-ਕੀਮਤਾਂ ਦੀ ਗੱਲ ਕਰੀਏ ਤਾਂ ਅਕਸਰ ਸਾਨੂੰ ਕੱਟੜ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸਵਾਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕੀ ਕਹਿੰਦੀਆਂ ਹਨ। ਇਹੀ ਨਾ ਕਿ ਰਿਸ਼ਤਿਆਂ ’ਚ ਇਕ ਨਿਸ਼ਚਿਤ ਦੂਰੀ ਅਤੇ ਮਨੁੱਖਤਾ ਹੋਣੀ ਚਾਹੀਦੀ ਹੈ ਪਰ ਅਕਸਰ ਅਸੀਂ ਅਜਿਹੀਆਂ ਘਟਨਾਵਾਂ ਨੂੰ ਲੁਕੋਣ ਦੀ ਕੋਸ਼ਿਸ਼ ਕਰਦੇ ਹਾਂ। ਉਂਝ ਅੱਜ ਦੇ ਸਮੇਂ ’ਚ ਕੁਝ ਲੁਕਦਾ ਨਹੀਂ ਹੈ। ਉਹ ਕਦੇ ਨਾ ਕਦੇ ਤਾਂ ਸਾਹਮਣੇ ਆ ਹੀ ਜਾਂਦਾ ਹੈ। ਸਾਹਮਣੇ ਆਵੇ ਵੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਜਿਨ੍ਹਾਂ ਦੀ ਜ਼ਿੰਦਗੀ ਬਰਬਾਦ ਹੋਈ, ਰਿਸ਼ਤਿਆਂ ਤੋਂ ਭਰੋਸਾ ਉੱਠਿਆ, ਉਨ੍ਹਾਂ ਲਈ ਕਿਹੜੇ ਬਦਲ ਹੋ ਸਕਦੇ ਹਨ, ਇਹ ਅਕਸਰ ਸਮਝ ’ਚ ਨਹੀਂ ਆਉਂਦਾ। ਸਮਝ ’ਚ ਆਵੇ ਵੀ ਤਾਂ ਇੰਨੇ ਸਾਧਨ ਨਹੀਂ ਕਿ ਸਾਰਿਆਂ ਦੀ ਮਦਦ ਕੀਤੀ ਜਾ ਸਕੇ।

ਜਿਸ ਲੜਕੀ ਦੀ ਮਾਂ ਆਪਣੇ ਹੋਣ ਵਾਲੇ ਜਵਾਈ ਨਾਲ ਚਲੀ ਗਈ, ਉਸ ਦਾ ਭਵਿੱਖ ਕਿੰਨਾ ਹਨੇਰਾ ਹੋ ਗਿਆ। ਜਿਥੇ ਵੀ ਉਸ ਦੇ ਵਿਆਹ ਦੀ ਗੱਲ ਚੱਲੇਗੀ, ਇਹ ਖਬਰ ਉਥੇ ਪਹਿਲਾਂ ਪੁੱਜ ਜਾਵੇਗੀ। ਲੋਕ ਇਸ ਕੁੜੀ ਦੀ ਮਾਂ ਬਾਰੇ ਜਾਣ ਕੇ ਉਸਦਾ ਨਿਰਣਾ ਕਰਨਗੇ। ਮਾਂ ਨੇ ਇਹ ਵੀ ਨਹੀਂ ਸੋਚਿਆ ਕਿ ਉਹ ਅਜਿਹਾ ਕਿਉਂ ਕਰ ਰਹੀ ਹੈ। ਇਹ ਸੰਭਵ ਹੈ ਕਿ ਉਸ ਦਾ ਪਤੀ ਉਸ ਨੂੰ ਬਹੁਤ ਤੰਗ ਕਰਦਾ ਹੋਵੇ। ਉਹ ਇਸ ਲਈ ਕਿਸੇ ਹੋਰ ਨੂੰ ਚੁਣ ਸਕਦੀ ਸੀ ਪਰ ਹੁਣ ਜਦੋਂ ਇਹ ਘਟਨਾ ਵਾਪਰ ਚੁੱਕੀ ਹੈ ਤਾਂ ਇਸ ਦੇ ਚੰਗੇ ਜਾਂ ਮਾੜੇ ਬਾਰੇ ਸੋਚਣ ਦਾ ਸਮਾਂ ਵੀ ਲੰਘ ਗਿਆ ਹੈ। ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਫਿਰ ਕਦੇ ਅਜਿਹਾ ਨਾ ਹੋਵੇ।

ਸ਼ਮਾ ਸ਼ਰਮਾ


author

Rakesh

Content Editor

Related News