ਭਾਰਤ ਅਤੇ ਕੈਨੇਡਾ ਦੇ ਕਮਜ਼ੋਰ ਹੋ ਰਹੇ ਰਿਸ਼ਤੇ

Monday, Oct 28, 2024 - 04:40 PM (IST)

ਦਰਬਾਰਾ ਸਿੰਘ ਕਾਹਲੋਂ

ਪਿਊ ਰਿਸਰਚ ਸੈਂਟਰ ਪੁਆਇੰਟ ਦੀ ਸਾਲ 2019 ਦੀ ਕੂਟਨੀਤੀ ਬਾਰੇ ਪ੍ਰਕਾਸ਼ਿਤ ਰਿਪੋਰਟ ਦਰਸਾਉਂਦੀ ਹੈ ਕਿ ਵਧੀਆ ਕੂਟਨੀਤੀ ਸ਼ਾਂਤੀ ਅਤੇ ਆਪਸੀ ਮੇਲ-ਜੋਲ ਲਈ ਸਹਾਇਕ ਸਿੱਧ ਹੁੰਦੀ ਹੈ। ਪ੍ਰਭਾਵਸ਼ਾਲੀ ਅਤੇ ਸੂਝ ਭਰੀ ਕੂਟਨੀਤੀ 2 ਵਿਰੋਧੀ ਰਾਸ਼ਟਰਾਂ ਦੇ ਨੇਤਾਵਾਂ ਨੂੰ ਵੀ ਗੂੜ੍ਹੇ ਮਿੱਤਰ ਬਣਾ ਦਿੰਦੀ ਹੈ। ਇਹ ਜ਼ਿੰਦਾ ਮਿਸਾਲ ਭਾਰਤ ਦੇ ਤਾਕਤਵਰ ਸਮਰਾਟ ਪੋਰਸ ਨੇ ਕਾਇਮ ਕੀਤੀ ਸੀ। ਜਦੋਂ ਸਮਰਾਟ ਪੋਰਸ ਵਿਸ਼ਵ ਜੇਤੂ ਮਹਾਨ ਸਿਕੰਦਰ ਤੋਂ ਹਾਰ ਗਿਆ ਤਾਂ ਉਸ ਨੂੰ ਜੰਜ਼ੀਰਾਂ ’ਚ ਜਕੜ ਕੇ ਸਿਕੰਦਰ ਦੇ ਅੱਗੇ ਪੇਸ਼ ਕੀਤਾ ਗਿਆ। ਸਿਕੰਦਰ ਨੇ ਪੋਰਸ ਨੂੰ ਸਵਾਲ ਕੀਤਾ ਕਿ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ? ਪੋਰਸ ਦਾ ਜਵਾਬ ਸੀ, ‘‘ਉਹੀ, ਜੋ ਇਕ ਰਾਜਾ ਦੂਸਰੇ ਰਾਜੇ ਨਾਲ ਕਰਦਾ ਹੈ।” ਸਿਕੰਦਰ ਇਸ ਡੂੰਘੀ ਅਤੇ ਸੂਝ ਭਰੀ ਕੂਟਨੀਤੀ ਵਾਲੇ ਸ਼ਬਦਾਂ ਦਾ ਕਾਇਲ ਹੋ ਗਿਆ।

ਆਖਿਰ ਉਸ ਨੇ ਵੀ ਕੂਟਨੀਤੀ ਦਾ ਗੂੜ੍ਹ-ਗਿਆਨ ਗੁਰੂ ਅਰਸਤੂ ਤੋਂ ਹਾਸਲ ਕੀਤਾ ਸੀ। ਪੋਰਸ ਦੀਆਂ ਜੰਜ਼ੀਰਾਂ ਲਾਹ ਦਿੱਤੀਆਂ ਗਈਆਂ ਅਤੇ ਦੋਵਾਂ ਨੇ ਇਕ-ਦੂਜੇ ਨੂੰ ਗਲਵੱਕੜੀ ਪਾਈ। ਸਿਕੰਦਰ ਅਤੇ ਪੋਰਸ ਦੋਵੇਂ ਗੂੜ੍ਹੇ ਮਿੱਤਰ ਬਣ ਗਏ ਅਤੇ ਸਿਕੰਦਰ ਨੇ ਉਸ ਦਾ ਜਿੱਤਿਆ ਰਾਜ ਵੀ ਬਿਨਾਂ ਸ਼ਰਤ ਵਾਪਸ ਕਰ ਦਿੱਤਾ। ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਮਜ਼ਬੂਤ ਲੋਕਤੰਤਰ ਹੈ। ਭਾਰਤ ਵਿਸ਼ਵ ਦੀ ਉੱਭਰਦੀ ਆਰਥਿਕ ਅਤੇ ਫ਼ੌਜੀ ਮਹਾਸ਼ਕਤੀ ਹੈ। ਇਹੀ ਕਾਰਨ ਹੈ ਕਿ ਚੀਨ ਨੂੰ ਲੱਦਾਖ ਸੈਕਟਰ ਵਿਚ ਸਮਝੌਤਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਭਾਰਤ ਇਕ ਬਹੁ-ਕੌਮੀ, ਬਹੁ-ਇਲਾਕਾਈ, ਬਹੁ-ਭਾਸ਼ੀ, ਬਹੁ-ਧਰਮਾਂ, ਬਹੁ-ਸੱਭਿਆਚਾਰਾਂ ਦੇ ਰੰਗਾਂ ਵਾਲਾ ਦੇਸ਼ ਹੈ।

ਇਵੇਂ ਹੀ ਕੈਨੇਡਾ ਇਕ ਬਹੁ-ਪ੍ਰਵਾਸੀ ਲੋਕਾਂ ਦਾ ਅਤਿ ਵਿਕਸਤ ਖੂਬਸੂਰਤ ਦੇਸ਼ ਹੈ। ਭਾਰਤ ਦੇ ਵਾਂਗ ਹੀ ਇਹ ਬਹੁ-ਕੌਮੀ, ਬਹੁ-ਇਲਾਕਾਈ, ਬਹੁ-ਭਾਸ਼ੀ ਅਤੇ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਰੰਗਾਂ ’ਚ ਰੰਗਿਆ ਦੇਸ਼ ਹੈ। ਸਾਰਾ ਵਿਸ਼ਵ ਹੀ ਹੈਰਾਨ ਹੈ ਕਿ ਅਜਿਹੇ ਵਿਕਸਤ ਡਿਪਲੋਮੈਸੀ ਵਾਲੇ ਵਾਤਾਵਰਣ ਵਿਚ ਇਹ ਦੋਵੇਂ ਖੂਬਸੂਰਤ ਦੇਸ਼ਾਂ ਦੇ ਆਪਸੀ ਨਿੱਘੇ ਰਿਸ਼ਤੇ ਕਿਉਂ ਤਿੜਕ ਰਹੇ ਹਨ? ਕਿਉਂ ਇਕ-ਦੂਜੇ ਦੇ ਡਿਪਲੋਮੈਟ ਬਾਹਰ ਕੱਢੇ ਜਾ ਰਹੇ ਹਨ?

ਸਾਲ 1947 ਵਿਚ ਭਾਰਤ ਆਜ਼ਾਦ ਹੋਣ ਤੋਂ ਬਾਅਦ ਇਨ੍ਹਾਂ ਦੋਹਾਂ ਕਾਮਨਵੈਲਥ ਦੇਸ਼ਾਂ ’ਚ ਕੂਟਨੀਤਕ ਗੂੜ੍ਹੇ ਸਬੰਧ ਸਨ। ਪਰ 14 ਅਪ੍ਰੈਲ ਤੋਂ 16 ਅਪ੍ਰੈਲ, 2015 ਨੂੰ ਭਾਰਤੀ ਪ੍ਰਧਾਨ ਮੰਤਰੀ ਦੀ ਕੈਨੇਡਾ ਫੇਰੀ ਤੋਂ ਪਹਿਲਾਂ ਇਨ੍ਹਾਂ ਰਾਸ਼ਟਰਾਂ ਦੇ ਆਪਸੀ ਸਬੰਧ ਕਦੇ ਬਿਹਤਰ ਨਹੀਂ ਰਹੇ ਸਨ। ਕੈਨੇਡਾ ਇਕ ਪ੍ਰਵਾਸੀਆਂ ਦਾ ਦੇਸ਼ ਹੈ। ਇੱਥੇ ਵੱਡੀ ਪੱਧਰ ’ਤੇ ਭਾਰਤੀ, ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਆਉਣ ਅਤੇ ਵੱਸਣ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਨਹੀਂ ਹੋ ਸਕੇ। ਕੈਨੇਡਾ ’ਚ ਲਗਭਗ 2.3 ਫ਼ੀਸਦੀ ਹਿੰਦੂ, 2.1 ਫ਼ੀਸਦੀ ਸਿੱਖ, 1.0 ਫ਼ੀਸਦੀ ਬੁੱਧ ਧਰਮ ਦੇ ਲੋਕ ਹੋਣ ਅਤੇ ਪੰਜਾਬੀਆਂ ਦਾ ਇਥੋਂ ਦੀ ਸਿਆਸਤ ’ਚ ਬੋਲਬਾਲਾ ਹੋਣ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਮਿੱਤਰਤਾਪੂਰਵਕ ਗੂੜ੍ਹੇ ਸਬੰਧਾਂ ਦੀ ਘਾਟ ਰੜਕਦੀ ਰਹੀ।

ਭਾਰਤ ਨੇ ਚੀਨ ਅਤੇ ਪਾਕਿਸਤਾਨ ਵਰਗੇ ਵਿਰੋਧੀ ਦੇਸ਼ਾਂ ਨਾਲ ਸਿੱਝਣ ਲਈ ਸਾਲ 1974 ਵਿਚ ਪ੍ਰਮਾਣੂ ਪ੍ਰੀਖਣ ਕੀਤਾ। ਕੈਨੇਡਾ ਦਾ ਦੋਸ਼ ਸੀ ਕਿ ਇਸ ਪ੍ਰੀਖਣ ਲਈ ਉਸ ਵੱਲੋਂ ਡਿਜ਼ਾਈਨਡ ਸਾਇਰਸ ਦੀ ਵਰਤੋਂ ਕੀਤੀ ਗਈ। ਇਵੇਂ ਹੀ ਕੈਨੇਡਾ ਨੇ ਸਾਲ 1998 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਪੋਖਰਣ ਪ੍ਰਮਾਣੂ ਬੰਬ ਧਮਾਕੇ ਦਾ ਵਿਰੋਧ ਕੀਤਾ। ਅਮਰੀਕਾ ਅਤੇ ਦੂਸਰੇ ਪੱਛਮੀ ਦੇਸ਼ਾਂ ਵਾਂਗ ਇਸ ਪ੍ਰੀਖਣ ਨੂੰ ਲੈ ਕੇ ਤਤਕਾਲੀਨ ਕੈਨੇਡੀਅਨ ਵਿਦੇਸ਼ ਮੰਤਰੀ ਮਿਚਲ ਸ਼ਾਰਪ ਨੇ ਨਿਰਾਸ਼ਾ ਪ੍ਰਗਟਾਉਂਦਿਆਂ ਕਿਹਾ, ‘‘ਇਸ ਪ੍ਰੀਖਣ ਨੇ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਖ਼ਤਮ ਕਰ ਦਿੱਤਾ ਹੈ।’’

ਭਾਰਤ ਦੇ ਅੰਦਰ ਕਰੀਬ ਡੇਢ ਦਹਾਕੇ ਤਕ ਪੰਜਾਬ ਵਿਚ ਸਿਆਸੀ ਅਤੇ ਗੈਰ-ਸਿਆਸੀ ਅੱਤਵਾਦ ਵੇਲੇ ਕੈਨੇਡਾ ਆਏ ਸਿੱਖ ਅੱਤਵਾਦੀਆਂ ਵਲੋਂ ਖਾਲਿਸਤਾਨੀ ਪ੍ਰਾਪੇਗੰਡਾ ਕਦੇ ਭਾਰਤੀ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ। ‘ਕਨਿਸ਼ਕ ਕਾਂਡ’ (23 ਜੂਨ, 1985) ਨੂੰ ਲੈ ਕੇ ਵੀ ਉਂਗਲ ਉੱਠਦੀ ਰਹੀ। ਇਸ ਹਾਦਸੇ ਵਿਚ 329 ਵਿਅਕਤੀ ਮਾਰੇ ਗਏ ਸਨ। ਇੰਦਰਾ ਗਾਂਧੀ ਨੇ ਕਈ ਵਾਰ ਚਿੰਤਾ ਪ੍ਰਗਟ ਕੀਤੀ ਕਿ ਪੈਰੇ ਟਰੂਡੋ ਸਰਕਾਰ ਖਾਲਿਸਤਾਨੀ ਸਮਰਥਕਾਂ ਵਿਰੁੱਧ ਕਾਰਵਾਈ ਨਹੀਂ ਕਰਦੀ।

ਸਾਲ 1973 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ ਜੋ 14 ਅਪ੍ਰੈਲ ਤੋਂ ਲੈ ਕੇ 16 ਅਪ੍ਰੈਲ, 2015 ਨੂੰ ਕੈਨੇਡਾ ਦੌਰੇ ’ਤੇ ਗਏ। ਕੈਨੇਡਾ ਵਿਚ ਉਨ੍ਹੀਂ ਦਿਨੀਂ ਪਾਰਲੀਮਾਨੀ ਚੋਣਾਂ ਹੋਣ ਕਰਕੇ ਮਾਹੌਲ ਗਰਮ ਸੀ ਪਰ ਤਤਕਾਲੀਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਭਾਰਤ ਨਾਲ ਸੱਭਿਆਚਾਰਕ ਇਕਜੁੱਟਤਾ ਪ੍ਰਗਟਾਉਣ ਅਤੇ ਉਸ ਨੂੰ ਪ੍ਰਪੱਕ ਕਰਨ ਲਈ ਸ਼੍ਰੀਮਤੀ ਹਾਰਪਰ ਨੇ ਭਾਰਤੀ ਸਾੜ੍ਹੀ ਪਹਿਨੀ। ਦੋਹਾਂ ਦੇਸ਼ਾਂ ਵਿਚ ਵਪਾਰਕ ਅਤੇ ਕਾਰੋਬਾਰੀ ਸਮਝੌਤੇ ਹੋਏ। ਮੋਦੀ ਨੇ ਪ੍ਰਧਾਨ ਮੰਤਰੀ ਹਾਰਪਰ ਅਤੇ ਉਸਦੀ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਦੀ ਕਾਮਨਾ ਕੀਤੀ।

ਸ਼ਾਇਦ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਹੋਵੇ ਜੋ ਚੋਣਾਂ ਜਿੱਤ ਕੇ ਅਗਲੇ ਪ੍ਰਧਾਨ ਮੰਤਰੀ ਬਣੇ ਅਤੇ ਇਕ ਮੁਲਾਕਾਤ ਦੇ ਸਮੇਂ ਉਨ੍ਹਾਂ ਨੇ ਮੋਦੀ ਨੂੰ ਕਿਹਾ ਕਿ ਤੁਹਾਡੀ ਕੈਬਨਿਟ ਨਾਲੋਂ ਵੱਧ ਮੇਰੀ ਕੈਬਨਿਟ ਵਿਚ ਸਿੱਖ ਮੰਤਰੀ ਹਨ। ਜੋ ਬਰਫ਼ ਮੋਦੀ-ਹਾਰਪਰ ਦੀ ਮੁਲਾਕਾਤ ਦੇ ਸਮੇਂ ਪਿਘਲਣੀ ਸ਼ੁਰੂ ਹੋਈ ਸੀ, ਉਹ ਟਰੂਡੋ ਦੇ ਸਮੇਂ ਮੁੜ ਜੰਮਣੀ ਸ਼ੁਰੂ ਹੋ ਗਈ। ਸਾਲ 2018 ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਤੇ ਜੀ-20 ਸੰਮੇਲਨ 2023 ਦੌਰਾਨ ਟਰੂਡੋ-ਮੋਦੀ ਮੁਲਾਕਾਤ ਦੇ ਬਾਅਦ ਵੀ ਭਾਰਤ-ਕੈਨੇਡਾ ਸਬੰਧ ਸੁਧਰ ਨਹੀਂ ਸਕੇ।

ਅਮਰੀਕਾ ਦੇ ਅੰਦਰ ‘ਸਿੱਖਸ ਫਾਰ ਜਸਟਿਸ’ ਦੇ ਖਾਲਿਸਤਾਨ ਹਮਾਇਤੀ ਅਤੇ ਸਿੱਖ ਰੈਫਰੈਂਡਮ ਦੀ ਮੰਗ ਕਰਨ ਵਾਲੇ ਗੁਰਪਤਵੰਤ ਸਿੰਘ ਪਨੂੰ ਨੂੰ ਕਤਲ ਕਰਨ ਦੀ ਸਾਜ਼ਿਸ਼ ਲਈ ਵੀ ਭਾਰਤੀ ਖੁਫੀਆ ਏਜੰਸੀ ਦੇ ਨਿਖਿਲ ਗੁਪਤਾ ਅਤੇ ਸਾਬਕਾ ਰਾਅ ਅਧਿਕਾਰੀ ਵਿਕਰਮ ਯਾਦਵ ’ਤੇ ਦੋਸ਼ ਲੱਗੇ। ‘ਫਾਈਵ ਆਈ’ ਰਾਸ਼ਟਰਾਂ ਨੇ ਭਾਰਤ ਨੂੰ ਕੈਨੇਡਾ ਨਾਲ ਨਿੱਝਰ ਕਤਲਕਾਂਡ ਦੀ ਜਾਂਚ ’ਚ ਸਹਿਯੋਗ ਕਰਨ ਲਈ ਕਿਹਾ। ਇਸ ਦੌਰਾਨ ਕੈਨੇਡੀਅਨ ਅਥਾਰਟੀਜ਼ ਅਤੇ ਆਰ. ਸੀ. ਐੱਮ. ਪੀ. (ਰਾਇਲ ਕੈਨੇਡੀਅਨ ਮਾਊਂਟਿਡ ਪੁਲਸ) ਨੇ ਭਾਰਤੀ ਅਧਿਕਾਰੀਆਂ ਨੂੰ ਤੱਥ ਪੇਸ਼ ਕਰਨ ਲਈ ਕੁਝ ਮੀਟਿੰਗਾਂ ਕਰਵਾਉਣ ਦਾ ਯਤਨ ਕੀਤਾ।

ਕੁਝ ਸੂਤਰ ਇਹ ਵੀ ਪ੍ਰਸ਼ਨ ਉਠਾਉਂਦੇ ਹਨ ਕਿ ਜੇ ਭਾਰਤ ਨੂੰ ਚੀਨ, ਪਾਕਿਸਤਾਨ ਅਤੇ ਅੱਤਵਾਦ-ਵੱਖਵਾਦ ਦੀਆਂ ਚੁਣੌਤੀਆਂ ਦੇ ਸੰਦਰਭ ਵਿਚ ਆਪਣੀ ਪ੍ਰਭੂਸੱਤਾ ਦੀ ਰਾਖੀ ਕਰਨੀ ਪਹਿਲਕਦਮੀ ਹੈ ਤਾਂ ਉਸ ਨੂੰ ਕੈਨੇਡਾ ਦੀ ਪ੍ਰਭੂਸੱਤਾ ਦਾ ਵੀ ਆਦਰ ਕਰਨਾ ਚਾਹੀਦਾ ਹੈ। ਟਰੂਡੋ ਵੱਲੋਂ ਭਾਰਤ ਵਿਚ ਕਿਸਾਨ ਅੰਦੋਲਨ ਦੀ ਹਮਾਇਤ ਵੀ ਭਾਰਤ ਨੂੰ ਚੁੱਭ ਰਹੀ ਹੈ। ਭਾਰਤ, ਕੈਨੇਡਾ ਦਾ 10ਵਾਂ ਵੱਡਾ ਵਪਾਰਕ ਭਾਈਵਾਲ ਹੈ। ਤਿੜਕਦੇ ਸਬੰਧਾਂ ਕਰ ਕੇ ਆਪਸੀ ਵਪਾਰ, ਨਿਵੇਸ਼, ਕਾਰੋਬਾਰ ’ਤੇ ਬੁਰਾ ਅਸਰ ਪੈਣਾ ਲਾਜ਼ਮੀ ਹੈ। 14 ਅਕਤੂਬਰ ਨੂੰ ਹਾਈ ਕਮਿਸ਼ਨਰਾਂ ਸਮੇਤ 6-6 ਉੱਚ ਡਿਪਲੋਮੈਟ ਦੋਹਾਂ ਦੇਸ਼ਾਂ ਵੱਲੋਂ ਕੱਢਣੇ ਅਤਿ-ਮੰਦਭਾਗਾ ਫੈਸਲਾ ਸੀ। ਇਸ ਤਰ੍ਹਾਂ ਦਾ ਵਤੀਰਾ ਠੀਕ ਨਹੀਂ। ਆਖ਼ਿਰ ਮੇਜ਼ ’ਤੇ ਬੈਠ ਕੇ ਹੀ ਹੱਲ ਕੱਢਣਾ ਪੈਂਦਾ ਹੈ। ਕੈਨੇਡਾ ਵਿਚ ਵੱਡੇ ਪੱਧਰ ’ਤੇ ਭਾਰਤੀ ਵਿਦਿਆਰਥੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਨੇਡੀਅਨ ਟਰੂਡੋ ਸਰਕਾਰ ਦੇ ਨਾਲ ਇਸੇ ਕਾਰਨ ਨਾਰਾਜ਼ ਹੋ ਗਏ ਸਨ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਕੈਨੇਡਾ ’ਚ ਦਾਖਲ ਨਹੀਂ ਹੋਣ ਦਿੱਤਾ। ਦੇਸ਼ ਦੇ ਮਾਲਕ ਲੋਕ ਹੁੰਦੇ ਹਨ, ਸਿਆਸਤਦਾਨ ਨਹੀਂ।


rajwinder kaur

Content Editor

Related News