ਵੈਕਸੀਨ ’ਤੇ ਸਿਆਸਤ : ਹਮੇਸ਼ਾ ਵਾਂਗ ਰੰਗ ’ਚ ਭੰਗ
Wednesday, Jan 06, 2021 - 03:05 AM (IST)

ਪੂਨਮ ਆਈ. ਕੌਸ਼ਿਸ਼
ਕੋਰੋਨਾ ਮਹਾਮਾਰੀ ਕਾਰਨ ਸਾਲ 2020 ਪੂਰੀ ਦੁਨੀਆ ਲਈ ਖਰਾਬ ਰਿਹਾ ਹੈ। ਇਸਨੇ ਸਮੁੱਚੀ ਦੁਨੀਆ ’ਚ ਸਿਹਤ ਪ੍ਰਣਾਲੀ ਨੂੰ ਝੰਜੋੜ ਕੇ ਰੱਖ ਦਿੱਤਾ, ਅਰਥਵਿਵਸਥਾ ’ਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਅਤੇ ਕਈ ਨਵੀਆਂ ਚੀਜ਼ਾਂ ਸਾਹਮਣੇ ਆਈਆਂ। ਫਿਰ ਵੀ ਨਵੇਂ ਸਾਲ ’ਚ ਵਿਗਿਆਨੀ ਅਤੇ ਡਾਕਟਰ ਇਸ ਮਹਾਮਾਰੀ ਵਿਰੁੱਧ ਮਨੁੱਖੀ ਜੀਵਨ ਨੂੰ ਬਚਾਉਣ ਲਈ ਸਾਹਮਣੇ ਆਏ। ਉਨ੍ਹਾਂ ਦਿਨ-ਰਾਤ ਮਿਹਨਤ ਕਰ ਕੇ 4 ਵੈਕਸੀਨ ਬਣਾਈਆਂ। ਅਮਰੀਕਾ ’ਚ ਫਾਈਜ਼ਰ ਅਤੇ ਮਾਡਰਨਾ, ਬਰਤਾਨੀਆ ’ਚ ਆਕਸਫੋਰਡ-ਆਸਟ੍ਰਾਜੈੈਨਿਕਾ ਕੋਵੀਸ਼ੀਲਡ ਅਤੇ ਆਪਣੀ ਦੇਸੀ ਕੋਵੀਸ਼ੀਲਡ ਅਤੇ ਕੋਵੈਕਸੀਨ। ਇਸ ਦੇ ਲਈ ਪੂਰਾ ਦੇਸ਼ ਅਤੇ ਪੂਰੀ ਦੁਨੀਆ ਉਡੀਕ ਕਰ ਰਹੀ ਸੀ।
ਤੁਸੀਂ ਸਾਡੇ ਪ੍ਰਧਾਨ ਮੰਤਰੀ ਮੋਦੀ ਨਾਲ ਪ੍ਰੇਮ ਕਰੋ ਜਾਂ ਨਫਰਤ ਕਰੋ, ਉਨ੍ਹਾਂ ਨਾਲ ਸਹਿਮਤ ਹੋਵੋ ਜਾਂ ਅਸਹਿਮਤ ਹੋਵੋ ਪਰ ਉਹ ਸਾਧੂਵਾਦ ਦੇ ਪਾਤਰ ਹਨ। ਉਨ੍ਹਾਂ ਨੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਸੁਖਦ ਨਤੀਜੇ ਦੇਣ ਲਈ ਪੂਰੇ ਦੇਸ਼ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ‘‘ਭਾਰਤ ਨੂੰ ਵਧਾਈ ਹੋਵੇ। ਕੋਵੈਕਸੀਨ ਅਤੇ ਕੋਵੀਸ਼ੀਲਡ ਇਕ ਸਵੈਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਦੇ ਹਨ।’’ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਕੋੋਰੋਨਾ ਮਹਾਮਾਰੀ ਦਾ ਇਕ ਨਵਾਂ ਰੂਪ ਇਕ ਨਵੇਂ ਖਤਰੇ ਵਜੋਂ ਸਾਹਮਣੇ ਆਉਣ ਲੱਗਾ ਅਤੇ ਇਸ ਮਹਾਮਾਰੀ ’ਤੇ ਕਾਬੂ ਪਾਉਣਾ ਹੋਰ ਵੀ ਔਖਾ ਹੋਣ ਲੱਗਾ। ਕੋਵੀਸ਼ੀਲਡ ਦਾ ਵਿਕਾਸ ਆਕਸਫੋਰਡ ਵਲੋਂ ਕੀਤਾ ਗਿਆ। ਇਸਦਾ ਵਿਨਿਰਮਾਣ ਅਤੇ ਵੰਡ ਸੀਰਮ ਇੰਸਟੀਚਿਊਟ ਆਫ ਇੰਡੀਆ ਕਰੇਗਾ। ਕੋਵੈਕਸੀਨ ਦਾ ਵਿਕਾਸ ਭਾਰਤੀ ਚਿਕਿਤਸਾ ਖੋਜ ਕੇਂਦਰ ਅਤੇ ਭਾਰਤ ਬਾਇਓਟੈੱਕ ਨੇ ਸਾਂਝੇ ਤੌਰ ’ਤੇ ਕੀਤਾ। ਇਸਦੇ ਦੂਜੇ ਪੜਾਅ ਦੇ ਪ੍ਰੀਖਣ ਜਾਰੀ ਹਨ। ਇਸਦੀ ਆਗਿਆ ਸਿਰਫ ਕਲੀਨਿਕਲ ਪ੍ਰੀਖਣ ਅਤੇ ਐਮਰਜੈਂਸੀ ਵਰਤੋਂ ਲਈ ਹੀ ਦਿੱਤੀ ਗਈ ਹੈ।
ਸਾਡੇ ਨੇਤਾ ਵੈਕਸੀਨ ’ਤੇ ਵੀ ਸਿਆਸਤ ਕਰਨ ਲੱਗੇ ਹਨ। ਕਾਂਗਰਸ ਦੀ ਪ੍ਰਤੀਕਿਰਿਆ ਕੁਝ ਅਜੀਬ ਜਿਹੀ ਰਹੀ ਹੈ। ਕਾਂਗਰਸੀ ਆਗੂਆਂ ਨੇ ਕਿਹਾ, ‘‘ਸਰਕਾਰ ਨੂੰ ਕੋਵੈਕਸੀਨ ਨੂੰ ਆਗਿਆ ਦੇਣ ਲਈ ਜ਼ਰੂਰੀ ਪ੍ਰੋਟੋਕੋਲ ਪੂਰੇ ਨਾ ਕਰਨ ਦੇ ਕਾਰਨ ਦੇਣੇ ਚਾਹੀਦੇ ਹਨ ਕਿਉਂਕਿ ਇਹ ਸਾਡੇ ਫਰੰਟਲਾਈਨ ਵਰਕਰਾਂ ਦੀ ਸਿਹਤ ਅਤੇ ਸੁਰੱਖਿਆ ਨਾਲ ਜੁੜਿਆ ਹੈ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਟੀਕਾ ਦਿੱਤਾ ਜਾਵੇਗਾ। ਸਰਕਾਰ ਨੂੰ ਪ੍ਰੀਖਣ ਦੌਰਾਨ ਸੁਰੱਖਿਆ ਅਤੇ ਇਸਦੇ ਪ੍ਰਭਾਵੀਪਨ ਦੇ ਅੰਕੜਿਆਂ ਨੂੰ ਜਨਤਕ ਕਰਨਾ ਚਾਹੀਦਾ ਹੈ।’’ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਕਿਹਾ, ‘‘ਉਹ ਭਾਜਪਾ ਦੀ ਵੈਕਸੀਨ ਨੂੰ ਨਹੀਂ ਲਗਾਉਣਗੇ। ਉਨ੍ਹਾਂ ਦਾ ਭਰੋਸਾ ਕਰਾਂਗਾ ਮੈਂ?’’ ਜਦੋਂ ਕਿ ਕੁਝ ਲੋਕਾਂ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਹਰ ਭਾਰਤੀ ਨੂੰ ਮੁਫਤ ਟੀਕਾ ਲਾਉਣਾ ਚਾਹੀਦਾ ਹੈ। ਕੁਝ ਲੋਕਾਂ ਦੀ ਰਾਏ ਹੈ ਕਿ ਕੋਵੈਕਸੀਨ ਨੂੰ ਕਾਹਲੀ ’ਚ ਪ੍ਰਵਾਨਗੀ ਦੇਣੀ ਖਤਰਨਾਕ ਹੈ। ਸਰਕਾਰ ਨੇ ਇਸ ਲਈ ਕੌਮਾਂਤਰੀ ਪੱਧਰ ’ਤੇ ਪ੍ਰਵਾਨਿਤ ਪ੍ਰੋਟੋਕੋਲ ਨੂੰ ਬੇਧਿਆਨ ਕਿਉਂ ਕੀਤਾ?
ਪਰ ਇਸ ਸਭ ਦੇ ਦਰਮਿਆਨ ਇਕ ਸਭ ਤੋਂ ਅਹਿਮ ਗੱਲ ਅਣਕਹੀ ਰਹਿ ਗਈ। ਸਾਡੇ ਨੇਤਾ ਲਾਈਨ ਤੋੜ ਕੇ ਅੱਗੇ ਵਧਣਾ ਚਾਹੁੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਟੀਕਾ ਲੱਗੇ। ਸਾਡੇ ਦੇਸ਼ ਵਾਸੀਆਂ ਨੇ ਇਨ੍ਹਾਂ ਆਗੂਆਂ ਨੂੰ ਬੇਧਿਆਨ ਕੀਤਾ ਅਤੇ ਇਕਮੁੱਠ ਹੋ ਕੇ ਖੜ੍ਹੇ ਹੋ ਗਏ ਕਿਉਂਕਿ ਸਰਕਾਰ ਨੇ ਇਸ ਮਹਾਮਾਰੀ ਦਾ ਮੁਕਾਬਲਾ ਕਰਨ ’ਚ ਇਨਸਾਨ ਨੂੰ ਪਹਿਲ ਦਿੱਤੀ। ਪਹਿਲੇ ਪੜਾਅ ’ਚ ਿਤੰਨ ਕਰੋੜ ਸਿਹਤ ਮੁਲਾਜ਼ਮਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਇਹ ਟੀਕਾ ਦਿੱਤਾ ਜਾਵੇਗਾ। ਉਸ ਤੋਂ ਬਾਅਦ ਉਨ੍ਹਾਂ ਲੋਕਾਂ ਦਾ ਨੰਬਰ ਆਵੇਗਾ ਜੋ ਕੋਮੋਬ੍ਰਿਟੀਜ਼ ਤੋਂ ਪੀੜਤ ਹਨ ਅਤੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ।
ਸਾਡੇ ਨੇਤਾ ਿਜਥੇ ਇਕ ਪਾਸੇ ਮੋਦੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ, ਦੂਜੇ ਪਾਸੇ ਨੇਤਾ ਅਤੇ ਉਨ੍ਹਾਂ ਦੀਆਂ ਪਾਰਟੀਆਂ ਇਸ ਵੈਕਸੀਨ ਦੀ ਵਰਤੋਂ ਸਿਆਸੀ ਲਾਭ ਹਾਸਲ ਕਰਨ ਲਈ ਕਰਨਗੀਆਂ। ਲੋਕ ਸਿਹਤ ਇਕ ਸਿਆਸੀ ਮੁੱਦਾ ਹੈ ਜੋ ਚੋਣਾਂ ਦੌਰਾਨ ਸਾਹਮਣੇ ਆਉਂਦਾ ਹੈ ਕਿਉਂਕਿ ਚੋਣਾਂ ਸਮੇਂ ਕਈ ਮੈਡੀਕਲ ਸਹੂਲਤਾਂ ਨੂੰ ਮੁਫਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਜਾਂਦਾ ਹੈ ਤੇ ਚੋਣ ਪ੍ਰਚਾਰ ਦੀ ਗਹਿਮਾ-ਗਹਿਮੀ ’ਚ ਇਨ੍ਹਾਂ ਦੀ ਆਰਥਿਕ ਲਾਗਤ ਨੂੰ ਭੁਲਾ ਦਿੱਤਾ ਜਾਂਦਾ ਹੈ। ਪਰ ਮੈਂ ਇਸ ਤੂੰ-ਤੂੰ, ਮੈਂ-ਮੈਂ ਤੋਂ ਚਿੰਤਤ ਨਹੀਂ ਹਾਂ ਕਿਉਂਕਿ ਇਹ ਮੁੱਦਾ ਕੁਝ ਦਿਨਾਂ ’ਚ ਹੀ ਸ਼ਾਂਤ ਹੋ ਜਾਵੇਗਾ। ਇਸ ਵਾਰ ਜਿਹੜੀ ਗੱਲ ਮੈਨੂੰ ਸੱਭ ਤੋਂ ਵੱਧ ਪ੍ਰੇਸ਼ਾਨ ਕਰ ਰਹੀ ਹੈ, ਉਹ ਇਹ ਹੈ ਕਿ ਇਹ ਸੋੜੀ ਮਾਨਸਿਕਤਾ ਵਾਲੇ ਨੇਤਾ ਜਾਣੇ-ਅਣਜਾਣੇ ’ਚ ਸਿਹਤ ਨੂੰ ਗੁੱਲੀ-ਡੰਡੇ ਦੀ ਖੇਡ ਬਣਾ ਰਹੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਸਾਡੇ ਨੇਤਾ ਸਿਰਫ ਸਿਆਸੀ ਚੜ੍ਹਤ ਹਾਸਲ ਕਰਨੀ ਚਾਹੁੰਦੇ ਹਨ। ਕਹਿਣ ਦਾ ਭਾਵ ਇਹ ਨਹੀਂ ਹੈ ਕਿ ਵੈਕਸੀਨ ਸਬੰਧੀ ਕੋਝੇ ਸਵਾਲ ਨਹੀਂ ਉਠਾਏ ਜਾਣੇ ਚਾਹੀਦੇ ਪਰ ਇਹ ਗੱਲਾਂ ਉਦੋਂ ਵੀ ਕੀਤੀਆਂ ਜਾ ਸਕਦੀਆਂ ਹਨ ਜਦੋਂ ਇਹ ਤਤਕਾਲਿਕ ਖਤਰਾ ਖਤਮ ਹੋ ਜਾਵੇ।
ਅਸਲ ’ਚ ਵਿਰੋਧੀ ਧਿਰ ਨੂੰ ਸਰਕਾਰ ਕੋਲੋਂ ਇਹ ਪੁੱਛਣਾ ਚਾਹੀਦਾ ਹੈ ਕਿ ਕੌਮੀ ਟੀਕਾਕਰਨ ਪ੍ਰੋਗਰਾਮ ਕਦੋਂ ਲਾਗੂ ਕੀਤਾ ਜਾਵੇਗਾ? ਕੀ ਇਸਦੀ ਪੂਰੀ ਲਾਗਤ ਪੀ. ਐੱਮ. ਕੇਅਰ ਫੰਡ ’ਚੋਂ ਸਹਿਣ ਕੀਤੀ ਜਾਵੇਗੀ? ਸਾਡੇ ਫੈਡਰਲ ਢਾਂਚੇ ’ਚ ਇਸ ’ਤੇ ਅਮਲ ਕਿਵੇਂ ਕੀਤਾ ਜਾਵੇਗਾ ਕਿਉਂਕਿ ਹਰ ਸੂਬੇ ’ਚ ਸਿਹਤ ਸਮਰੱਥਾ ’ਚ ਫਰਕ ਹੈ। ਇਸਦਾ ਇਕ ਕਾਰਨ ਇਹ ਵੀ ਹੈ ਕਿ ਸਿਹਤ ਸੂਬਾ ਸੂਚੀ ਦਾ ਵਿਸ਼ਾ ਹੈ। ਟੀਕਾਕਰਨ ਸ਼ੁਰੂ ਕਰਨ ਸਬੰਧੀ ਕੇਂਦਰ ਸਰਕਾਰ ਸੂਬਿਆਂ ਨਾਲ ਕਦੋਂ ਗੱਲਬਾਤ ਕਰੇਗੀ ਅਤੇ ਸੂਬੇ ਟੀਕਾਕਰਨ ਲਈ ਕਿਸ ਤਰ੍ਹਾਂ ਦੀਆਂ ਪਹਿਲਕਦਮੀਅਾਂ ਦਾ ਨਿਰਧਾਰਨ ਕਰਨਗੇ? ਪ੍ਰਾਈਵੇਟ ਲੋਕਾਂ ’ਚ ਕੌਣ ਆਉਂਦਾ ਹੈ? ਕੀ ਇਸਦਾ ਆਧਾਰ ਤਨਖਾਹ ਜਾਂ ਆਮਦਨ ਕਰ ਹੋਵੇਗਾ। ਪ੍ਰਾਈਵੇਟ ਹਸਪਤਾਲ ਜਾਂ ਕਲੀਨਿਕ ਕਿਸ ਰੂਪ ’ਚ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣਗੇ।
ਕੋਵੈਕਸੀਨ ਨੂੰ ਪ੍ਰਵਾਨਗੀ ਕਿਉਂ ਦਿੱਤੀ ਗਈ ਜਦੋਂ ਕਿ ਇਸਦੇ ਨਤੀਜਿਆਂ ਬਾਰੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਇਸ ਰੋਗ ਨੂੰ ਰੋਕਣ ’ਚ ਕਿੰਨਾ ਅਸਰਦਾਇਕ ਹੈ। ਇਸਦਾ ਸੁਰੱਖਿਆ ਪ੍ਰੀਖਣ ਵੀ ਸੀਮਤ ਗਿਣਤੀ ’ਚ ਕੀਤਾ ਗਿਆ ਹੈ। ਇਹ ਵੀ ਵਾਦ-ਵਿਵਾਦ ਦਾ ਮੁੱਦਾ ਹੋਣਾ ਚਾਹੀਦਾ ਹੈ ਕਿ ਦੇਸ਼ ਦੇ ਸਭ ਲੋਕਾਂ ਨੂੰ ਇਹ ਟੀਕਾ ਮੁਫਤ ਲਗਾਇਆ ਜਾਵੇਗਾ? ਇਹ ਉਨ੍ਹਾਂ ਲੋਕਾਂ ਲਈ ਹੋਵੇਗਾ ਜੋ ਸਰਕਾਰੀ ਹਸਪਤਾਲ ’ਚ ਇਸ ਨੂੰ ਲਵਾਉਣਾ ਚਾਹੁਣਗੇ ਅਤੇ ਇਸਦੀ ਲਾਗਤ ਕੇਂਦਰ ਤੇ ਸੂਬਿਆਂ ਵਲੋਂ ਸਹਿਣ ਕੀਤੀ ਜਾਵੇਗੀ।
ਨਾ ਸਿਰਫ ਭਾਰਤ ਸਗੋਂ ਸਮੁੱਚੀ ਦੁਨੀਆ ’ਚ ਆਗੂਆਂ ਨੇ ਇਸ ਮਹਾਮਾਰੀ ਦਾ ਸਿਆਸੀਕਰਨ ਕੀਤਾ ਹੈ। ਚੀਨ ਨੇ ਕਿਸ ਤਰ੍ਹਾਂ ਇਸ ਮਹਾਮਾਰੀ ਦੇ ਵਾਧੇ ਦੀਆਂ ਖਬਰਾਂ ਨੂੰ ਦਬਾਇਆ? ਅਮਰੀਕਾ ’ਚ ਮਾਸਕ ਪਹਿਨਣਾ ਜਾਂ ਨਾ ਪਹਿਨਣਾ ਡੈਮੋਕ੍ਰੇਟਿਕ ਬਨਾਮ ਰਿਪਬਲਿਕਨ ਦਾ ਮੁੱਦਾ ਬਣਿਆ। ਪੁਤਿਨ ਦੇ ਰੂਸ ਨੇ ਸਭ ਤੋਂ ਪਹਿਲਾਂ ਸਪੂਤਨਿਕ ਦਾ ਐਲਾਨ ਕੀਤਾ। ਚੀਨ ਨੇ ਆਪਣੇ ਟੀਕੇ ਨੂੰ ਪੂਰੀ ਦੁਨੀਆ ਨਾਲ ਸਾਂਝਾ ਕਰਨ ਦਾ ਵਾਅਦਾ ਕੀਤਾ। ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਟਰੰਪ ਨੇ ਇਹ ਯਕੀਨੀ ਬਣਾਇਆ ਕਿ ਫਾਈਜ਼ਰ ਅਤੇ ਮਾਡਰਨਾ ਇਸ ਟੀਕੇ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿਕਸਿਤ ਕਰਨ। ਕੋਰੋਨਾ ਮਹਾਮਾਰੀ ਨੇ ਸਾਡੀ ਸਿਹਤ ਪ੍ਰਣਾਲੀ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ। ਸਾਡੇ ਲੋਕ ਸਿਹਤ, ਹਸਪਤਾਲ ਪ੍ਰਣਾਲੀ ਪ੍ਰੀਖਣ ਅਤੇ ਰੋਗੀਆਂ ਦਾ ਪਤਾ ਲਾਉਣ ਅਤੇ ਇਲਾਜ ਕਰਨ ’ਚ ਸੰਘਰਸ਼ ਕਰਦੇ ਰਹੇ। ਸਪੱਸ਼ਟ ਹੈ ਕਿ ਸਾਨੂੰ ਸਿਹਤ ਦੇ ਖੇਤਰ ’ਚ ਵਧੇਰੇ ਨਿਵੇਸ਼ ਕਰਨ ਦੀ ਲੋੜ ਹੈ।