‘ਦੋਪਹੀਆ ਵਾਹਨ ਦੇ ਨਾਲ ਦੇਣੇ ਪੈਣਗੇ ਦੋ ਹੈਲਮੇਟ’ ‘ਪਰ ਸਖਤੀ ਨਾਲ ਇਸ ਨੂੰ ਲਾਗੂ ਕਰਨਾ ਹੋਵੇਗਾ’

Thursday, Apr 03, 2025 - 06:01 AM (IST)

‘ਦੋਪਹੀਆ ਵਾਹਨ ਦੇ ਨਾਲ ਦੇਣੇ ਪੈਣਗੇ ਦੋ ਹੈਲਮੇਟ’ ‘ਪਰ ਸਖਤੀ ਨਾਲ ਇਸ ਨੂੰ ਲਾਗੂ ਕਰਨਾ ਹੋਵੇਗਾ’

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ‘ਨਿਤਿਨ ਗਡਕਰੀ’ ਦੇਸ਼ ਦੇ ਉਨ੍ਹਾਂ ਚੰਦ ਆਗੂਆਂ ’ਚੋਂ ਇਕ ਹਨ ਜੋ ਨਾ ਸਿਰਫ ਸਵੱਛ ਸਿਆਸਤ ਦੇ ਪੈਰੋਕਾਰ ਹਨ ਸਗੋਂ ਆਪਣੇ ਵਿਭਾਗ ਦੇ ਕੰਮ ਨੂੰ ਵੀ ਸੰਜੀਦਗੀ ਨਾਲ ਲੈਂਦੇ ਹਨ।

ਦੇਸ਼ ’ਚ ਹੋਣ ਵਾਲੇ ਸੜਕ ਹਾਦਸਿਆਂ ’ਚ ਕਾਰ ਚਾਲਕਾਂ ਦੀ ਜਾਨ ਬਚਾਉਣ ਲਈ 2023 ’ਚ ਉਨ੍ਹਾਂ ਨੇ ਸਵਦੇਸ਼ੀ ਕਾਰ ਕ੍ਰੈਸ਼ ਟੈਸਟ ਪ੍ਰੋਗਰਾਮ ‘ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ’ (ਭਾਰਤ ਐਨ ਕੈਪ) ਲਾਂਚ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਭਾਰਤ ਹੁਣ ਅਮਰੀਕਾ, ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਤੋਂ ਬਾਅਦ ਇਸ ਤਰ੍ਹਾਂ ਦਾ ‘ਕਾਰ ਕ੍ਰੈਸ਼ ਟੈਸਟ ਪ੍ਰੋਗਰਾਮ’ ਲਾਗੂ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਚੁੱਕਾ ਹੈ।

ਇਸ ਦੇ ਅਧੀਨ ਕਾਰ ਨਿਰਮਾਤਾਵਾਂ ਲਈ ਕਾਰ ਦੀ ਮਜ਼ਬੂਤੀ ਦੀ ਜਾਂਚ ਕਰਨ ਲਈ ਕਾਰ ਦਾ ‘ਕ੍ਰੈਸ਼ ਟੈਸਟ’ ਕਰਵਾਉਣਾ ਲਾਜ਼ਮੀ ਹੈ। ਕਾਰਾਂ ਦੇ ‘ਕ੍ਰੈਸ਼ ਟੈਸਟ’ ਤੋਂ ਬਾਅਦ ‘ਭਾਰਤੀ ਵਾਹਨ ਨਿਰੀਖਣ ਅਤੇ ਪ੍ਰਮਾਣਨ ਏਜੰਸੀ’ (ਏ. ਆਈ. ਏ. ਸੀ. ਟੀ.) ਅਤੇ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਕਾਰ ਨੂੰ ਮਜ਼ਬੂਤੀ ਦੇ ਆਧਾਰ ’ਤੇ ਉਸ ਨੂੰ ‘ਸਿੰਗਲ ਸਟਾਰ’ ਤੋਂ ‘ਫਾਈਵ ਸਟਾਰ’ ਤਕ ਦੀ ਰੈਂਕਿੰਗ ਦਿੰਦੇ ਹਨ।

ਇਸ ਰੈਂਕਿੰਗ ਨਾਲ ਗਾਹਕਾਂ ਨੂੰ ਕਾਰ ਖਰੀਦਦੇ ਸਮੇਂ ਉਸ ਦੀ ਮਜ਼ਬੂਤੀ ਦੀ ਪੂਰੀ ਜਾਣਕਾਰੀ ਹਾਸਲ ਹੁੰਦੀ ਹੈ। ਇਸ ਪ੍ਰੋਗਰਾਮ ਨਾਲ ਪੂਰੇ ਭਾਰਤ ’ਚ ਕਾਰ ਚਾਲਕਾਂ ਦੀਆਂ ਸੜਕ ਹਾਦਸਿਆਂ ਨਾਲ ਸਬੰਧਤ ਮੌਤਾਂ ਅਤੇ ਜ਼ਖਮੀਆਂ ਦੀ ਗਿਣਤੀ ਘੱਟ ਹੋਣ ਦੀ ਆਸ ਹੈ।

ਹੁਣ ‘ਨਿਤਿਨ ਗਡਕਰੀ’ ਨੇ ਸੜਕ ਹਾਦਸਿਆਂ ’ਚ ਜਾਨ ਗਵਾਉਣ ਵਾਲੇ ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਦੋਪਹੀਆ ਵਾਹਨ ਦੇ ਨਾਲ ਖਰੀਦਦਾਰ ਨੂੰ ਜ਼ਰੂਰੀ ਤੌਰ ’ਤੇ ‘ਆਈ.ਐੱਸ.ਆਈ. ਮਾਰਕ’ ਵਾਲੇ ਦੋ ਹੈਲਮੇਟ ਦੇਣ ਦੀ ਨੀਤੀ ਦਾ ਐਲਾਨ ਕੀਤਾ ਹੈ। ਦਿੱਲੀ ’ਚ ਆਯੋਜਿਤ ਇਕ ‘ਆਟੋ ਸਮਿਟ’ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਨੀਤੀ ਦਾ ਮੰਤਵ ਦੋਪਹੀਆ ਵਾਹਨ ਚਾਲਕਾਂ ਅਤੇ ਉਨ੍ਹਾਂ ਦੇ ਨਾਲ ਦੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ।

‘ਟੂ ਵ੍ਹੀਲਰ ਹੈਲਮੇਟ ਮੈਨਿਊਫੈਕਚਰਜ਼ ਐਸੋਸੀਏਸ਼ਨ’ (ਟੀ.ਐੱਚ.ਐੱਮ.ਏ.) ਦੇ ਪ੍ਰਧਾਨ ‘ਰਾਜੀਵ ਕਪੂਰ’ ਨੇ ‘ਨਿਤਿਨ ਗਡਕਰੀ’ ਦੇ ਇਸ ਐਲਾਨ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਹ ਨਿਯਮ ਮੌਜੂਦਾ ਸਮੇਂ ’ਚ ਦੇਸ਼ ਦੀ ਲੋੜ ਹੈ।

ਉਨ੍ਹਾਂ ਨੇ ‘ਨਿਤਿਨ ਗਡਕਰੀ’ ਦੀ ਇਸ ਪਹਿਲ ਨੂੰ ਸੜਕ ਸੁਰੱਖਿਆ ’ਚ ਮੀਲ ਦਾ ਪੱਥਰ ਦੱਸਦਿਅਾਂ ਕਿਹਾ ਕਿ ਇਹ ਕਦਮ ਭਾਰਤ ’ਚ ਸੁਰੱਖਿਅਤ ਸਮਝਦਾਰੀ ਭਰੀ ਦੋਪਹੀਅਾ ਯਾਤਰਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ।

‘ਸ਼੍ਰੀ ਰਾਜੀਵ ਕਪੂਰ’ ਨੇ ਕਿਹਾ ਕਿ ਵਾਹਨ ਚਾਲਕ ਅਤੇ ਨਾਲ ਦੇ ਯਾਤਰੀ ਜੇ ਹੈਲਮੇਟ ਪਹਿਨ ਕੇ ਯਾਤਰਾ ਕਰਨਗੇ ਤਾਂ ਇਸ ਨਾਲ ਉਨ੍ਹਾਂ ’ਚ ਸੁਰੱਖਿਆ ਦੇ ਨਾਲ-ਨਾਲ ਜ਼ਿੰਮੇਵਾਰੀ ਦਾ ਭਾਵ ਵੀ ਆਵੇਗਾ। ਹੈਲਮੇਟ ਨਿਰਮਾਤਾਵਾਂ ਵਲੋਂ ਦੇਸ਼ ਭਰ ’ਚ ਅਜਿਹੇ ਉੱਚ ਸੁਰੱਖਿਆ ਮਾਪਦੰਡਾਂ ਵਾਲੇ ਹੈਲਮੇਟ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।

ਦੋਪਹੀਆ ਵਾਹਨ ਚਾਲਕਾਂ ਵਲੋਂ ਹੈਲਮੇਟ ਨਾ ਪਹਿਨਣ ਤੋਂ ਇਲਾਵਾ ਵਾਹਨ ਚਲਾਉਂਦੇ ਸਮੇਂ ਮੋਬਾਈਲ ’ਤੇ ਗੱਲ ਕਰਨੀ ਵੀ ਸੜਕ ਹਾਦਸਿਆਂ ਦੇ ਇਕ ਵੱਡੇ ਕਾਰਨ ਵਜੋਂ ਸਾਹਮਣੇ ਆ ਰਹੀ ਹੈ। ਹਾਲਾਂਕਿ, ਇਸ ਤਰ੍ਹਾਂ ਦੀ ਲਾਪ੍ਰਵਾਹੀ ਲਈ ਵਾਹਨ ਚਾਲਕ ਦਾ ਚਲਾਨ ਕੱਟਣ ਦੀ ਕਾਨੂੰਨੀ ਵਿਵਸਥਾ ਹੈ ਪਰ ਪੁਲਸ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਕਾਰਨ ਇਸ ਤਰ੍ਹਾਂ ਦੀ ਲਾਪ੍ਰਵਾਹੀ ਵੀ ਨਹੀਂ ਰੁਕ ਰਹੀ। ਸੜਕ ਹਾਦਸੇ ਰੋਕਣ ਲਈ ਇਸ ਤਰ੍ਹਾਂ ਦੇ ਕਾਨੂੰਨੀ ਅਪਰਾਧ ’ਤੇ ਵੀ ਸਖਤੀ ਦੀ ਲੋੜ ਹੈ।

ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਭਾਰਤ ਦਾ ਦੁਨੀਆ ’ਚ ਪਹਿਲਾ ਸਥਾਨ ਹੈ। 2022 ’ਚ ਭਾਰਤ ’ਚ ਕੁੱਲ 4.61 ਲੱਖ ਸੜਕ ਹਾਦਸੇ ਹੋਏ, ਜਿਨ੍ਹਾਂ ’ਚ 1.68 ਲੱਖ ਲੋਕਾਂ ਦੀ ਮੌਤ ਹੋਈ। ਇਨ੍ਹਾਂ ’ਚੋਂ 50,000 ਤੋਂ ਵੱਧ ਮੌਤਾਂ ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਾਲਕਾਂ ਦੀਆਂ ਸਨ ਜਿਨ੍ਹਾਂ ’ਚ 18 ਤੋਂ 45 ਸਾਲ ਦੇ ਦਰਮਿਆਨ ਦੀ ਉਮਰ ਦੇ 35,692 ਦੋਪਹੀਆ ਵਾਹਨ ਚਾਲਕ ਅਤੇ 14,337 ਨਾਲ ਦੇ ਯਾਤਰੀ ਸ਼ਾਮਲ ਸਨ।

ਉਸੇ ਸਾਲ ਬਿਨਾਂ ਹੈਲਮੇਟ ਦੋਪਹੀਅਾ ਵਾਹਨ ਚਲਾ ਰਹੇ ਕੁੱਲ 1,01,891 ਚਾਲਕ ਅਤੇ ਉਨ੍ਹਾਂ ਦੇ ਨਾਲ ਦੇ ਯਾਤਰੀ ਜ਼ਖਮੀ ਵੀ ਹੋਏ ਸਨ। ਜ਼ਖਮੀ ਹੋਣ ਵਾਲਿਆਂ ’ਚ 63,584 ਚਾਲਕ ਅਤੇ 38,307 ਨਾਲ ਦੇ ਯਾਤਰੀ ਸ਼ਾਮਲ ਸਨ। ਇਸ ਤਰ੍ਹਾਂ 2023 ’ਚ ਵੀ ਭਾਰਤ ’ਚ ਹੋਏ ਕੁੱਲ 4.80 ਲੱਖ ਸੜਕ ਹਾਦਸਿਆਂ ’ਚ 1.72 ਲੱਖ ਲੋਕਾਂ ਦੀ ਮੌਤ ਹੋਈ।

ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਾਲਕਾਂ ਦੀਆਂ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੀ ਨੀਤੀ ’ਚ ਪਿਛਲੇ 2 ਮਹੀਨਿਆਂ ’ਚ ਇਹ ਦੂਜਾ ਵੱਡਾ ਯਤਨ ਹੈ। ਜਨਵਰੀ ਮਹੀਨੇ ’ਚ ਵੀ ਉੱਤਰ ਪ੍ਰਦੇਸ਼ ਸਰਕਾਰ ਨੇ ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਾਲਕਾਂ ਨੂੰ ਪੈਟਰੋਲ ਨਾ ਦੇਣ ਦੀ ਨੀਤੀ ਲਾਗੂ ਕੀਤੀ ਸੀ।

‘ਨਿਤਿਨ ਗਡਕਰੀ’ ਦਾ ਇਹ ਯਤਨ ਆਪਣੇ ਆਪ ’ਚ ਸ਼ਲਾਘਾਯੋਗ ਹੈ ਪਰ ਰਾਸ਼ਟਰ ਪੱਧਰ ’ਤੇ ਇਸ ਨੂੰ ਉੱਤਰ ਪ੍ਰਦੇਸ਼ ਸਰਕਾਰ ਵਾਂਗ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਤਾਂਕਿ ਬਿਨਾਂ ਹੈਲਮੇਟ ਦੇ ਦੋਪਹੀਆ ਵਾਹਨ ਚਾਲਕਾਂ ਦੀਆ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਯਕੀਨੀ ਬਣਾਇਆ ਜਾ ਸਕੇ।

-ਵਿਜੇ ਕੁਮਾਰ


author

Sandeep Kumar

Content Editor

Related News