‘ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਮਿਲਾਵਟਖੋਰ’ ਨਹੀਂ ਰੁਕ ਰਿਹਾ ਇਹ ਕਾਲਾ ਕਾਰੋਬਾਰ!
Friday, Jun 05, 2026 - 04:54 AM (IST)
ਆਏ ਦਿਨ ਖੁਰਾਕੀ ਅਤੇ ਹੋਰ ਪਦਾਰਥਾਂ ’ਚ ਮਿਲਾਵਟ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਸ਼ਾਇਦ ਹੀ ਕੋਈ ਅਜਿਹੀ ਵਸਤੂ ਹੋਵੇਗੀ ਜੋ ਮਿਲਾਵਟ ਤੋਂ ਬਚੀ ਹੋਈ ਹੋਵੇ। ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ, ਇਹ ਹੇਠਾਂ ਦਰਜ ਪਿਛਲੇ ਲਗਭਗ 3 ਮਹੀਨਿਆਂ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 12 ਮਾਰਚ ਨੂੰ ‘ਹੈਦਰਾਬਾਦ’ ’ਚ ਅਧਿਕਾਰੀਆਂ ਨੇ ਦੂਸ਼ਿਤ ਵਾਤਾਵਰਣ ’ਚ ਹਾਨੀਕਾਰਕ ਰਸਾਇਣਾਂ ‘ਐਸਟਿਕ ਐਸਿਡ’ ਸਿੰਥੈਟਿਕ ਰੰਗਾਂ, ਗਮ ਪਾਊਡਰ ਅਤੇ ਲੂਣ ਨਾਲ ਜਿੰਜਰ ਅਤੇ ਗਾਰਲਿਕ ਪੇਸਟ ਬਣਾਉਣ ਦੇ ਦੋਸ਼ ’ਚ ‘ਸੈਵਨ ਕੁਕਸ’ ਫੈਕਟਰੀ ਦੇ ਮਾਲਕ ‘ਮੁਹੰ. ਜਿਆਊਦੀਨ’, ‘ਅਰਜੁਨ ਇੰਟਰਪ੍ਰਾਈਜ਼ਿਜ਼’ ਦੇ ਮਾਲਕ ‘ਮੁਹੰ. ਮਜ਼ਹਰ ਅਲੀ’ ਅਤੇ ‘ਸ਼ਹਿਜ਼ਾਦਾ ਫੂਡ ਮਾਸਟਰ’ ਦੇ ਮਾਲਕ ‘ਮੁਹੰ. ਫਾਰੂਕ’ ਨੂੰ ਗ੍ਰਿਫ਼ਤਾਰ ਕੀਤਾ।
* 14 ਮਾਰਚ ਨੂੰ ‘ਜੈਪੁਰ’ (ਰਾਜਸਥਾਨ) ’ਚ ‘ਰਾਜਸਥਾਨ ਖੁਰਾਕ ਸੁਰੱਖਿਆ ਵਿਭਾਗ’ ਦੇ ਅਧਿਕਾਰੀਆਂ ਨੇ ਵੱਡੀ ਮਾਤਰਾ ’ਚ ਐਕਸਪਾਇਰਡ ਨੂਡਲਜ਼, ਸੌਸ ਆਦਿ ਜ਼ਬਤ ਕਰਨ ਤੋਂ ਇਲਾਵਾ ਪੈਕੇਜਡ ਫੂਡ ਆਈਟਮਾਂ ’ਤੇ ਲਿਖੀ ‘ਐਕਸਪਾਇਰੀ ਡੇਟ’ ਮਿਟਾਉਣ ਵਾਲੇ ਅਤਿ-ਆਧੁਨਿਕ ਉਪਕਰਣ ਵੀ ਬਰਾਮਦ ਕੀਤੇ।
* 14 ਮਾਰਚ ਨੂੰ ਹੀ ਐੱਫ. ਐੱਸ. ਐੱਸ. ਏ. ਆਈ. ਦੇ ਪ੍ਰੈੱਸ ਨੋਟ ਅਨੁਸਾਰ ‘ਝਾਰਖੰਡ’ ’ਚ ਖੁਰਾਕੀ ਵਸਤਾਂ ’ਚ ਮਿਲਾਵਟ ਵਿਰੋਧੀ ਮੁਹਿੰਮ ਦੌਰਾਨ ਖਾਣ ਦੇ ਅਯੋਗ 1450 ਕਿਲੋ ਪਨੀਰ, ਮਿਲਾਵਟੀ ਦੇਸੀ ਘਿਓ ਅਤੇ 90 ਲੀਟਰ ਘਟੀਆ ਤੇਲ ਜ਼ਬਤ ਕੀਤਾ।
* 18 ਮਾਰਚ ਨੂੰ ‘ਸੋਮਨਾਥ’ (ਗੁਜਰਾਤ) ’ਚ ਅਧਿਕਾਰੀਆਂ ਨੇ ਯੂਰੀਆ, ਡਿਟਰਜੈਂਟ ਅਤੇ ਕਾਸਟਿਕ ਸੋਡਾ ਮਿਲਾ ਕੇ ਕਿਡਨੀ ਅਤੇ ਲਿਵਰ ਲਈ ਹਾਨੀਕਾਰਕ 3000 ਲੀਟਰ ਨਕਲੀ ਦੁੱਧ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।
* 28 ਮਾਰਚ ਨੂੰ ‘ਹੈਦਰਾਬਾਦ’ (ਤੇਲੰਗਾਨਾ) ਦੇ ‘ਬਾਬੁਲ ਰੈੱਡੀ ਨਗਰ’ ਅਤੇ ‘ਲਕਸ਼ਮੀਗੁਡਾ’ ’ਚ ਵੱਡੀ ਮਾਤਰਾ ’ਚ ਮਿਲਾਵਟੀ ਨਮਕੀਨ (ਭੁਜੀਆ) ਅਤੇ ਬਿਸਕੁਟ ਜ਼ਬਤ ਕਰਕੇ ‘ਮੁੰਨੀਰ ਅਰੁਣ ਕੁਮਾਰ’, ‘ਬੁੰਦਿਆਲਾ ਮਸਤਾਨ ਰੈੱਡੀ’ ਅਤੇ ‘ਵਿਸ਼ਾਲ ਜੈਨ’ ਨੂੰ ਗ੍ਰਿਫ਼ਤਾਰ ਕੀਤਾ।
* 9 ਅਪ੍ਰੈਲ ਨੂੰ ‘ਹੈਦਰਾਬਾਦ’ ’ਚ ਮਿਲਾਵਟੀ ਅਤੇ ਐਕਸਪਾਇਰਡ ਸਮੱਗਰੀ ਨਾਲ ਬਣੀਆਂ ਲਗਭਗ 2 ਲੱਖ ਰੁਪਏ ਦੀਆਂ ਬੇਕਰੀ ਆਈਟਮਾਂ ਅਤੇ ਮਠਿਆਈਆਂ ਜ਼ਬਤ ਕੀਤੀਆਂ ਗਈਆਂ।
* 25 ਅਪ੍ਰੈਲ ਨੂੰ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ’ਚ ਅਧਿਕਾਰੀਆਂ ਨੇ ‘ਭਰਤਪੁਰ’ (ਰਾਜਸਥਾਨ) ਤੋਂ ਲਿਆਂਦਾ ਜਾ ਰਿਹਾ 252 ਕਿਲੋ ਮਿਲਾਵਟੀ ਦੇਸੀ ਘਿਓ ਫੜਿਆ।
* 8 ਮਈ ਨੂੰ ‘ਹਾਪੁੜ’ (ਉੱਤਰ ਪ੍ਰਦੇਸ਼) ’ਚ ਖੁਰਾਕ ਸੁਰੱਖਿਆ ਵਿਭਾਗ ਨੇ 22 ਲੱਖ ਰੁਪਏ ਕੀਮਤ ਦਾ 14,000 ਕਿਲੋ ਮਿਲਾਵਟੀ ਸ਼ਹਿਦ ਫੜਿਆ।
* 20 ਮਈ ਨੂੰ ਨਗਾਓਂ (ਅਾਸਾਮ) ’ਚ ਅਧਿਕਾਰੀਆਂ ਨੇ ਕੈਮੀਕਲ ਭਾਵ ਕੈਲਸ਼ੀਅਮ ਕਾਰਬਾਈਡ ਨਾਲ ਪਕਾਏ ਜਾ ਰਹੇ 180 ਕਿਲੋ ਕੇਲੇ ਜ਼ਬਤ ਕਰਕੇ ਨਸ਼ਟ ਕੀਤੇ।
* 23 ਮਈ ਨੂੰ ‘ਕਾਲਾਡੇਰਾ’ (ਜੈਪੁਰ) ’ਚ ਅਧਿਕਾਰੀਆਂ ਨੇ ਇਕ ਡੇਅਰੀ ਵਲੋਂ ਵੇਚਣ ਲਈ ਜਮ੍ਹਾ ਕੀਤਾ ਗਿਆ 700 ਲੀਟਰ ਖੱਟਾ ਅਤੇ ਬਦਬੂਦਾਰ ਦੁੱਧ ਨਸ਼ਟ ਕਰਵਾਇਆ।
* 24 ਮਈ ਨੂੰ ‘ਮਥੁਰਾ-ਵ੍ਰਿੰਦਾਵਨ’ (ਯੂ. ਪੀ.) ’ਚ ਇਕ ਮੰਦਰ ਦੇ ਨੇੜੇ ਵਿਕ ਰਹੇ 200 ਕਿਲੋ ਅਸਵੱਛ ਮਿਲਾਵਟੀ ਪੇੜੇ ਅਤੇ ਹੋਰ ਮਠਿਆਈਆਂ ਫੜੀਆਂ ਗਈਆਂ।
* 27 ਮਈ ਨੂੰ ‘ਨਾਸਿਕ’ (ਮਹਾਰਾਸ਼ਟਰ) ’ਚ ਅਧਿਕਾਰੀਆਂ ਨੇ ਪ੍ਰਸਿੱਧ ਕੰਪਨੀਆਂ ਦੇ ਇਕ ਲੱਖ ਰੁਪਏ ਮੁੱਲ ਦੇ ਨਕਲੀ ਐਨਰਜੀ ਡ੍ਰਿੰਕ, ਸੋਇਆਬੀਨ ਦਾ ਤੇਲ ਅਤੇ ਘਟੀਆ ਪਨੀਰ ਜ਼ਬਤ ਕਰਕੇ 3 ਦੁਕਾਨਦਾਰਾਂ ਵਿਰੁੱਧ ਕੇਸ ਦਰਜ ਕਰਵਾਇਆ।
* 31 ਮਈ ਨੂੰ ‘ਉਦੈਪੁਰ’ (ਰਾਜਸਥਾਨ) ’ਚ ਖੁਰਾਕ ਸੁਰੱਖਿਆ ਵਿਭਾਗ ਦੁਆਰਾ ਪਨੀਰ, ਮਾਵਾ, ਬਰਫ਼ੀ ਅਤੇ ਆਈਸਕ੍ਰੀਮ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ’ਚ 7 ਮਹੱਤਵਪੂਰਨ ਸੈਂਪਲ ਫੇਲ ਪਾਏ ਗਏ ਅਤੇ ਮਿਲਾਵਟੀ ਸਾਮਾਨ ਨੂੰ ਨਸ਼ਟ ਕਰਕੇ ਚਲਾਨ ਕੱਟੇ ਗਏ।
* 3 ਜੂਨ ਨੂੰ ‘ਮਹਿਸਾਣਾ’ (ਗੁਜਰਾਤ) ’ਚ ਇਕ ਜੂਸ ਸੈਂਟਰ ’ਚ ਜੂਸ ਬਣਾਉਣ ਲਈ ਰੱਖੇ ਹੋਏ ਸੜੇ-ਗਲੇ, ਕੀੜੇ ਪਏ ਅਤੇ ਫੰਗਸ ਨਾਲ ਇਨਫੈਕਟਿਡ ਅੰਬਾਂ ਦਾ ਵਿਸ਼ਾਲ ਭੰਡਾਰ ਜ਼ਬਤ ਕਰਕੇ ਪੁਲਸ ਨੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
* ਅਤੇ ਹੁਣ 3 ਜੂਨ ਨੂੰ ਹੀ ‘ਅੰਮ੍ਰਿਤਸਰ’ ’ਚ ‘ਫੂਡ ਸੇਫਟੀ ਵਿਭਾਗ’ ਵਲੋਂ ਮਿਲਾਵਟਖੋਰਾਂ ਵਿਰੁੱਧ ਮੁਹਿੰਮ ਅਧੀਨ ਇਕ ਡੇਅਰੀ ’ਤੇ ਛਾਪੇਮਾਰੀ ਕਰਕੇ 48 ਟੀਨ ਸ਼ੱਕੀ ਮਿਲਾਵਟੀ ਦੇਸੀ ਘਿਓ ਦੀ ਖੇਪ ਜ਼ਬਤ ਕੀਤੀ ਗਈ।
ਮਿਲਾਵਟੀ ਖੁਰਾਕ ਪਦਾਰਥਾਂ ਦੇ ਧੰਦੇ ’ਚ ਜੁਟੇ ਸਮਾਜ ਵਿਰੋਧੀ ਅਨਸਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਅਤੇ ਮਿਲਾਵਟੀ ਖੁਰਾਕ ਪਦਾਰਥਾਂ ਨਾਲ ਕਿਸੇ ਦਾ ਜੀਵਨ ਖ਼ਤਰੇ ’ਚ ਪਾਉਣਾ ਹੱਤਿਆ ਕਰਨ ਤੋਂ ਘੱਟ ਗੰਭੀਰ ਅਪਰਾਧ ਨਹੀਂ ਹੈ, ਪਰ ਦੇਸ਼ ’ਚ ਮਿਲਾਵਟ ਨੂੰ ਲੈ ਕੇ ਕਾਨੂੰਨ ਸਖ਼ਤ ਨਾ ਹੋਣ ਦੇ ਕਾਰਨ ਅਪਰਾਧੀ ਜ਼ਮਾਨਤ ’ਤੇ ਬਾਹਰ ਆ ਕੇ ਦੁਬਾਰਾ ਮਿਲਾਵਟ ਦਾ ਧੰਦਾ ਸ਼ੁਰੂ ਕਰ ਦਿੰਦੇ ਹਨ।
ਅਜਿਹੇ ’ਚ ਸਭ ਤੋਂ ਪਹਿਲਾਂ ਤਾਂ ਕਾਨੂੰਨ ’ਚ ਸੋਧ ਕਰਕੇ ਇਸ ਨੂੰ ਸਖ਼ਤ ਬਣਾਉਣਾ ਚਾਹੀਦਾ ਹੈ ਅਤੇ ਅਜਿਹਾ ਘਿਨੌਣਾ ਅਪਰਾਧ ਕਰਨ ਵਾਲਿਆਂ ਵਿਰੁੱਧ ਫਾਸਟਟ੍ਰੈਕ ਅਦਾਲਤਾਂ ’ਚ ਸੁਣਵਾਈ ਕਰਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਮਿਲਾਵਟ ਦੇ ਇਸ ਧੰਦੇ ’ਤੇ ਲਗਾਮ ਲੱਗ ਸਕੇ ਅਤੇ ਦੂਜਿਆਂ ਨੂੰ ਨਸੀਹਤ ਮਿਲੇ।
—ਵਿਜੇ ਕੁਮਾਰ
