ਇਹ ਭਿਆਨਕ ਸਮਾਂ ਵੀ ਲੰਘ ਜਾਵੇਗਾ

04/03/2020 2:18:42 AM

ਦੇਵੀ ਐੱਮ. ਚੇਰੀਅਨ

ਨਰਾਤਿਆਂ ਦੇ ਪਵਿੱਤਰ ਦਿਨ ਖਤਮ ਹੋ ਚੁੱਕੇ ਹਨ। ਅਸੀਂ ਸਾਰਿਆਂ ਨੇ ਅਸ਼ਟਮੀ ਅਤੇ ਰਾਮਨੌਮੀ ਆਪਣੇ ਘਰ ਹੀ ਪੂਜਾ ਕਰਕੇ ਬਿਤਾਈ ਅਤੇ ਆਪਣੇ ਬਚਾਅ ਲਈ ਮਾਂ ਸ਼ਕਤੀ ਅੱਗੇ ਅਰਾਧਨਾ ਕੀਤੀ। ਮੇਰੀ ਜ਼ਿੰਦਗੀ ’ਚ ਇਹ ਪਹਿਲਾ ਮੌਕਾ ਹੈ, ਜਦੋਂ ਮੈਂ ਮੰਦਿਰਾਂ ’ਚ ਇਕ ਭਿਆਨਕ ਸੰਨਾਟਾ ਦੇਖਿਆ। ਇਸ ਵਾਰ ਮੈਂ ਛੋਟੀਆਂ-ਛੋਟੀਆਂ ਕੰਜਕਾਂ ਨੂੰ ਕਾਲੋਨੀ ’ਚ ਨਹੀਂ ਦੇਖਿਆ, ਜਿਨ੍ਹਾਂ ਨੂੰ ਸਾਰੇ ਲੋਕ ਖੁਸ਼ੀ-ਖੁਸ਼ੀ ਪਿਆਰ ਨਾਲ ਆਪਣੇ ਘਰਾਂ ’ਚ ਸੱਦਦੇ ਸਨ। ਇਸ ਤੋਂ ਪਹਿਲਾਂ ਮੈਂ 10 ਦਿਨ ਕਦੇ ਵੀ ਮੁਕੰਮਲ ਸੰਨਾਟੇ ਵਾਲੇ ਨਹੀਂ ਦੇਖੇ। ਇਹ ਅਜਿਹਾ ਹਫਤਾ ਸੀ ਜਿਸ ’ਚ ਪਰਿਵਾਰ ਪੁਰਾਣੇ ਦੋਸਤਾਂ ਨਾਲ ਜੁੜਦੇ ਸਨ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਸਨ। ਅਸੀਂ ਸਾਰੇ ਘਰ ’ਚ ਹੀ ਰਹੇ। ਇਕ ਦੂਜੇ ਤੋਂ ਲੋਕਾਂ ਨੂੰ ਅਾਸਾਂ ਵੀ ਘੱਟ ਸਨ। ਕੁਝ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਘਰ ’ਚ ਰਹਿ ਕੇ ਹੀ ਨਰਾਤੇ ਰੱਖੇ ਗਏ ਅਤੇ ਪੂਜਾ ਕੀਤੀ ਗਈ। ਕੁਝ ਬੁਰੀਆਂ ਖਬਰਾਂ ਵਿਸ਼ਵ ਭਰ ’ਚੋਂ ਆਈਆਂ ਪਰ ਸਾਨੂੰ ਭਾਰਤੀਆਂ ਨੂੰ ਆਪਣੇ ਪ੍ਰਸ਼ਾਸਨ ’ਚ ਪੂਰਾ ਭਰੋਸਾ ਹੈ, ਜਿਸ ’ਚ ਸ਼ਾਨਦਾਰ ਪੇਸ਼ੇਵਰ ਹਨ, ਜਿਨ੍ਹਾਂ ਨੇ ਦੇਸ਼ ਨੂੰ ਕਦੇ ਵੀ ਨੀਵਾਂ ਨਹੀਂ ਹੋਣ ਦਿੱਤਾ। ਸਾਡੇ ਡਾਕਟਰ ਅਤੇ ਸੁਰੱਖਿਆ ਮੁਲਾਜ਼ਮ ਸਾਨੂੰ ਸੁਰੱਖਿਅਤ ਰੱਖਣ ’ਚ ਦਿਨ-ਰਾਤ ਜੁਟੇ ਹੋਏ ਹਨ। ਸਾਡੇ ਲਈ ਇਹ ਕਿਸਮਤ ਵਾਲੀ ਗੱਲ ਹੈ ਕਿ ਸਾਡੇ ਕੋਲ ਵਿਸ਼ਵ ਪੱਧਰ ਦੇ ਡਾਕਟਰ ਹਨ । ਉਨ੍ਹਾਂ ਦਾ ਸਨਮਾਨ ਕਰੀਏ ਕਿਉਂਕਿ ਇਹ ਸਾਡੀ ਲਾਈਫਲਾਈਨ ਵਾਂਗ ਹਨ। ਅਜਿਹੇ ਲੋਕ ਰੋਜ਼ਾਨਾ ਥੱਕੇ ਹੋਣ ਦੇ ਬਾਵਜੂਦ ਆਪਣਾ ਪਰਿਵਾਰ ਛੱਡ ਕੇ ਸਾਨੂੰ ਸੁਰੱਖਿਅਤ ਦੇਖਣ ਲਈ ਘਰੋਂ ਨਿਕਲਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਕਿਵੇਂ ਗੁਜ਼ਾਰਾ ਕਰ ਰਹੇ ਹੋਣਗੇ। ਮੀਡੀਆ ਵਿਸ਼ਵ ਪੱਧਰ ਦੇ ਵਿਗਿਆਨੀਆਂ ਦੀਆਂ ਇੰਟਰਵਿਊ ਦਿਖਾ ਰਿਹਾ ਹੈ, ਜਿਨ੍ਹਾਂ ’ਚ ਸਾਨੂੰ ਆਪਣੇ ਆਪ ਨੂੰ ਬਚਾਉਣ ਲਈ ਕਈ ਤਰੀਕੇ ਦੱਸੇ ਜਾ ਰਹੇ ਹਨ।

ਮਹਾਮਾਰੀ ਨੇ ਮਨੁੱਖੀ ਜਾਤੀ ਨੂੰ ਪਿੰਜਰੇ ’ਚ ਕੈਦ ਕਰ ਦਿੱਤਾ।

ਅੱਜ ਪੂਰੀ ਦੁਨੀਆ ਹੀ ਬਦਲ ਗਈ ਹੈ। ਕਿਸੇ ਨੇ ਕਿਹਾ ਸੀ, ‘‘ਅਸੀਂ ਇਕ ਵਿਸ਼ਵ ’ਚ ਸੌਂਦੇ ਹਾਂ ਤਾਂ ਦੂਸਰੇ ’ਚ ਉੱਠਦੇ ਹਾਂ। ਅਚਾਨਕ ਡਿਜ਼ਨੀ ’ਚੋਂ ਜਾਦੂ ਗਾਇਬ ਹੋ ਗਿਆ, ਨਿਊਯਾਰਕ ਪਹਿਲਾਂ ਵਾਂਗ ਨਹੀਂ ਰਿਹਾ, ਚੀਨ ਦੀ ਦੀਵਾਰ ਹੁਣ ਕਿਲਾ ਨਹੀਂ ਰਹੀ ਅਤੇ ਮੱਕਾ ਖਾਲੀ ਹੋ ਕੇ ਰਹਿ ਗਿਆ ਹੈ। ਮੰਦਿਰ ਹੋਵੇ ਜਾਂ ਗੁਰਦੁਆਰਾ ਸਾਰਿਆਂ ’ਚ ਸੰਨਾਟਾ ਹੈ। ਅਸੀਂ ਘਰ ’ਚ ਰਹਿ ਕੇ ਹੀ ਪ੍ਰਾਰਥਨਾਵਾਂ ਕਰ ਰਹੇ ਹਾਂ । ਜੱਫੀ ਪਾਉਣੀ ਅਤੇ ਚੁੰਮਣਾ ਅਚਾਨਕ ਹਥਿਆਰ ਬਣ ਗਏ। ਹੁਣ ਮਾਪੇ ਅਤੇ ਦੋਸਤ ਬਿਨਾਂ ਪਿਆਰ ਦੇ ਮਿਲੇ ਹਨ। ਅਚਾਨਕ ਹੀ ਤੁਸੀਂ ਮਹਿਸੂਸ ਕਰੋਗੇ ਕਿ ਸ਼ਕਤੀ, ਸੁੰਦਰਤਾ ਅਤੇ ਪੈਸੇ ਬੇਕਾਰ ਹੋ ਗਏ ਹਨ। ਇਹ ਤੁਹਾਡੇ ਲਈ ਆਕਸੀਜਨ ਮੁਹੱਈਆ ਨਹੀਂ ਕਰਵਾ ਸਕਦੇ, ਜਿਸ ਲਈ ਤੁਸੀਂ ਜੂਝ ਰਹੇ ਹੋ। ਵਿਸ਼ਵ ਦੀ ਜ਼ਿੰਦਗੀ ਨਿਰੰਤਰ ਚਲਦੀ ਜਾ ਰਹੀ ਹੈ ਅਤੇ ਇਹੀ ਸੁੰਦਰਤਾ ਹੈ ਪਰ ਮਹਾਮਾਰੀ ਨੇ ਮਨੁੱਖ ਜਾਤੀ ਨੂੰ ਪਿੰਜਰਿਆਂ ’ਚ ਕੈਦ ਕਰ ਕੇ ਰੱਖ ਦਿੱਤਾ ਹੈ। ਮੈਂ ਸੋਚਦੀ ਹਾਂ ਕਿ ਸਾਡੇ ਲਈ ਇਹ ਇਕ ਸੰਦੇਸ਼ ਹੈ। ਉਹ ਇਹ ਕਿ ਤੁਹਾਡੇ ਬਿਨਾਂ ਹਵਾ, ਧਰਤੀ, ਪਾਣੀ ਅਤੇ ਆਸਮਾਨ ਸਭ ਚੰਗੇ ਹਨ। ਮੈਂ ਇਸ ਤੋਂ ਪਹਿਲਾਂ ਦਿੱਲੀ ’ਚ ਇੰਨਾ ਨੀਲਾ ਆਕਾਸ਼ ਨਹੀਂ ਦੇਖਿਆ। ਕਿੰਨੇ ਹੀ ਪੰਛੀ ਚਹਿਚਹਾਉਂਦੇ ਨਜ਼ਰ ਆਉਂਦੇ ਹਨ ਅਤੇ ਟ੍ਰੈਫਿਕ ਹੈ ਹੀ ਨਹੀਂ ਪਰ ਮੈਂ ਕਿਸੇ ਵੀ ਕੀਮਤ ’ਤੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਦੇਖਣਾ ਚਾਹੁੰਦੀ ਹਾਂ। ਕੁਦਰਤ ਇਹ ਦੱਸਣਾ ਚਾਹੁੰਦੀ ਹੋਵੇਗੀ ਕਿ ਅਸੀਂ ਬੜੀ ਤੇਜ਼ੀ ਨਾਲ ਅੱਗੇ ਵਧ ਗਏ ਸੀ। ਸਾਨੂੰ ਚੁੱਪ ਰਹਿ ਕੇ ਬੈਠਣਾ ਹੋਵੇਗਾ। ਅਸੀਂ ਕਿਉਂ ਇਕ ਦੂਜੇ ਦੇ ਸਨਮਾਨ ਅਤੇ ਦੇਖਭਾਲ ਕਰਨ ਵਰਗੀਆਂ ਕਦਰਾਂ-ਕੀਮਤਾਂ ਨੂੰ ਭੁੱਲ ਬੈਠੇ ਹਾਂ। ਭੁੱਲਣਾ ਇਕ ਜੁਰਮ ਹੈ। ਹੁਣ ਨਾ ਕੋਈ ਪਾਰਟੀਆਂ, ਨਾ ਬੈਠਕਾਂ, ਨਾ ਜਨਮ ਦਿਨ, ਨਾ ਸ਼ਾਪਿੰਗ ਅਤੇ ਨਾ ਹੀ ਡ੍ਰਿੰਕ ਪਾਰਟੀਆਂ ਆਯੋਜਿਤ ਹੋ ਰਹੀਆਂ ਹਨ। ਵੱਡੇ ਅਤੇ ਤਾਕਤਵਰ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲ ਗਈ। ਸਾਡੇ ਬਚਾਅ ਲਈ ਨਵੇਂ ਫੰਡ ਸਥਾਪਿਤ ਕੀਤੇ ਜਾ ਰਹੇ ਹਨ। ਸਾਰੇ ਭਾਰਤੀ, ਪ੍ਰਵਾਸੀਆਂ ਅਤੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਮਜ਼ਦੂਰਾਂ ਨੂੰ ਖਾਣਾ ਖੁਆ ਰਹੇ ਹਨ। ਕਰਮਚਾਰੀਆਂ ਦਾ ਇਸ ਤਰ੍ਹਾਂ ਧਿਆਨ ਰੱਖੋ ਜਿਵੇਂ ਉਹ ਤੁਹਾਡੇ ਪਰਿਵਾਰਕ ਮੈਂਬਰ ਹੋਣ। ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਖੜ੍ਹੀਆਂ ਹਨ ਤਾਂ ਕਿ ਦੇਸ਼ ਨੂੰ ਬਚਾਇਆ ਜਾ ਸਕੇ।

ਸਿਰਫ ਦਾਨ ਹੀ ਜ਼ਿੰਦਗੀ ਦਾ ਮੰਤਰ ਹੋਵੇ

ਇਕ ਨਾਗਰਿਕ ਦੇ ਤੌਰ ’ਤੇ ਸਾਨੂੰ ਆਪਣਾ ਫਰਜ਼ ਧਾਰਮਿਕ ਤੌਰ ’ਤੇ ਨਿਭਾਉਣਾ ਹੋਵੇਗਾ। ਜੇਕਰ ਅਸੀਂ ਤੰਦਰੁਸਤ ਮਹਿਸੂਸ ਨਹੀਂ ਕਰਦੇ ਜਾਂ ਅਸੀਂ ਅਜਿਹੇ ਵਿਅਕਤੀ ਨੂੰ ਜਾਣਦੇ ਹਾਂ ਜੋ ਤੰਦਰੁਸਤ ਨਹੀਂ ਹੈ ਤਾਂ ਕਿਰਪਾ ਕਰਕੇ ਤਤਕਾਲ ਹੀ ਪੁਲਸ ਨੂੰ ਰਿਪੋਰਟ ਕਰੋ। ਅਜਿਹੀ ਗੱਲ ਨੂੰ ਲੁਕਾ ਕੇ ਤੁਸੀਂ ਇਕ ਜੁਰਮ ਕਰ ਰਹੇ ਹੋ ਕਿਉਂਕਿ ਇਕ ਇਨਫੈਕਟਿਡ ਵਿਅਕਤੀ ਹਜ਼ਾਰਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਇਸ ਲਈ ਅਸੀਂ ਸਮੂਹਿਕ ਹੱਤਿਆ ਲਈ ਜ਼ਿੰਮੇਵਾਰ ਹੋਵੇਗਾਂ। ਜੇਕਰ ਅਸੀਂ ਬਚ ਨਿਕਲੇ ਤਾਂ ਅਸੀਂ ਕਦੇ ਵੀ ਆਪਣੇ ਆਪ ਨੂੰ ਮੁਅਾਫ ਨਹੀਂ ਕਰ ਸਕਾਂਗੇ ਅਤੇ ਨਾ ਹੀ ਉਨ੍ਹਾਂ ਲੋਕਾਂ ਨੂੰ ਮੁਆਫ ਨਹੀਂ ਕਰ ਸਾਕਾਂਗੇ ਜਿਨ੍ਹਾਂ ਨੇ ਸਾਡੀ ਜਾਨ ਖਤਰੇ ’ਚ ਪਾਈ। ਦੂਜੇ ਪਾਸੇ ਜੋ ਪੈਸੇ ਅਸੀਂ ਬਚਾ ਕੇ ਰੱਖੇ ਸੀ, ਉਨ੍ਹਾਂ ਨਾਲ ਅਸੀਂ ਬਦਕਿਸਮਤਾਂ ਦੀ ਮਦਦ ਕਰ ਸਕਦੇ ਹਾਂ। ਇਸ ਲਈ ਦਾਨ ਅਤੇ ਸਿਰਫ ਦਾਨ ਹੀ ਕਰੋ ਇਹੀ ਸਾਡੀ ਜ਼ਿੰਦਗੀ ਦਾ ਮੰਤਰ ਹੋਣਾ ਚਾਹੀਦਾ ਹੈ। ਅਸੀਂ ਕਈ ਵਾਰ ਸੁਣਿਆ ਹੈ ਕਿ ਇਸ ਵਿਸ਼ਵ ’ਚ ਕੁਝ ਵੀ ਸਥਾਈ ਨਹੀਂ। ਇਹ ਸਮਾਂ ਵੀ ਲੰਘ ਜਾਵੇਗਾ। ਕੁਝ ਮਹੀਨੇ ਲੰਘਣ ਦੇ ਬਾਅਦ ਅਸੀਂ ਆਪਣੇ ਚਿਹਰੇ ’ਤੇ ਮੁਸਕਾਨ ਦੇਖਾਂਗੇ ਅਤੇ ਸੋਚਾਂਗੇ ਕਿ ਅਸੀਂ ਆਪਣਾ ਫਰਜ਼ ਨਿਭਾਇਆ ਹੈ। ਮੇਰੇ ’ਤੇ ਯਕੀਨ ਰੱਖੋ। ਅਸੀਂ ਹਮੇਸ਼ਾ ਇਕੋ ਜਿਹੇ ਨਹੀਂ ਰਹਾਂਗੇ। ਅਸੀਂ ਹੋਰ ਜ਼ਿਆਦਾ ਪਰਪੱਕ ਅਤੇ ਮਜ਼ਬੂਤ ਨਜ਼ਰ ਆਵਾਂਗੇ। ਪ੍ਰਮਾਤਮਾ ਦਾ ਧੰਨਵਾਦ ਕਰੀਏ, ਜਿਸ ਨੇ ਸਾਨੂੰ ਦੂਸਰੀ ਜ਼ਿੰਦਗੀ ਦਿੱਤੀ ਹੈ।


Bharat Thapa

Content Editor

Related News