ਇਹ ਸਮਾਂ ਸੰਸਦ ’ਚ ਸੰਜਮ ਬਣਾਈ ਰੱਖਣ ਦਾ ਹੈ

Saturday, Aug 10, 2024 - 04:03 PM (IST)

ਇਹ ਸਮਾਂ ਸੰਸਦ ’ਚ ਸੰਜਮ ਬਣਾਈ ਰੱਖਣ ਦਾ ਹੈ

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਭਾਸ਼ਣ ਅਤੇ ਸੱਤਾਧਾਰੀ ਗੱਠਜੋੜ ਦੇ ਸੰਸਦ ਮੈਂਬਰਾਂ, ਮੰਤਰੀਆਂ ਅਤੇ ਨੇਤਾਵਾਂ ਵੱਲੋਂ ਦਿੱਤੇ ਗਏ ਜਵਾਬ ਨੇ ਕਈ ਸਵਾਲ ਖੜ੍ਹੇ ਕੀਤੇ ਹਨ, ਜਿਨ੍ਹਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ। ਅਸੀਂ ਸੰਸਦ ’ਚ ਅਜਿਹੇ ਬਿਰਤਾਂਤ ਅਤੇ ਦ੍ਰਿਸ਼ ਕਦੇ ਨਹੀਂ ਦੇਖੇ। ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਜਿਸ ਤਰ੍ਹਾਂ ਦਾ ਭਾਸ਼ਣ ਦਿੱਤਾ, ਉਹ ਪਹਿਲਾਂ ਕਦੇ ਨਹੀਂ ਸੁਣਿਆ ਗਿਆ। ਹਾਲਾਂਕਿ, ਪਿਛਲੇ 2 ਸਾਲਾਂ ਦੀ ਉਸਦੀ ਰਾਜਨੀਤੀ ’ਤੇ ਡੂੰਘੀ ਨਜ਼ਰ ਰੱਖਣ ਵਾਲਿਆਂ ਲਈ ਇਹ ਉਮੀਦ ਕੀਤੀ ਜਾਂਦੀ ਹੈ।

17ਵੀਂ ਲੋਕ ਸਭਾ ਤੋਂ ਬਾਅਦ ਦੇ ਸਮੇਂ ’ਚ ਲੋਕ ਸਭਾ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੇ ਭਾਸ਼ਣਾਂ ਅਤੇ ਬਿਆਨਾਂ ’ਚ ਇਕਸਾਰਤਾ ਹੈ। ਉਹ ਭਾਵੇਂ ਵਿਵੇਕਸ਼ੀਲ ਲੋਕਾਂ ਨੂੰ ਪਸੰਦ ਨਾ ਆਏ ਜਾਂ ਪੁਰਾਣੇ ਕਾਂਗਰਸੀਆਂ ਨੂੰ ਵੀ ਸਵੀਕਾਰ ਨਾ ਹੋਵੇ ਪਰ ਉਹ ਇਸੇ ਤਰ੍ਹਾਂ ਦੀ ਭਾਸ਼ਾ ਬੋਲਦੇ ਰਹੇ ਹਨ। ਕਿਉਂਕਿ ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਉਹ ਬਜਟ ’ਤੇ ਚਰਚਾ ਕਰ ਰਹੇ ਸਨ, ਇਸ ਲਈ ਸੁਭਾਵਿਕ ਹੀ ਮੁੱਖ ਫੋਕਸ ਇਸੇ ’ਤੇ ਹੋਣਾ ਚਾਹੀਦਾ ਸੀ। ਇਸ ਸਮੇਂ ਉਨ੍ਹਾਂ ਦੇ ਸਲਾਹਕਾਰਾਂ, ਰਣਨੀਤੀਕਾਰਾਂ, ਥਿੰਕ ਟੈਂਕ ਆਦਿ ਦੀ ਰਣਨੀਤੀ ਇਹੀ ਹੈ ਕਿ ਹਰ ਮੌਕੇ ’ਤੇ ਅਜਿਹਾ ਭਾਸ਼ਣ ਜਾਂ ਬਿਆਨ ਦੇਣਾ, ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਅਕਸ ਜਨਤਾ ’ਚ ਦਾਗਦਾਰ ਹੋਵੇ, ਅਜਿਹੇ ਮੁੱਦੇ ਉੱਠਣ ਜਿਨ੍ਹਾਂ ਦਾ ਸਿੱਧਾ-ਸਿੱਧਾ ਉੱਤਰ ਦੇਣਾ ਮੁਸ਼ਕਲ ਹੋਵੇ ਅਤੇ ਇਸ ਦੇ ਲਈ ਕਿਸੇ ਹੱਦ ਨੂੰ ਸਵੀਕਾਰ ਕਰਨ ਦੀ ਲੋੜ ਨਹੀਂ।

ਭਾਰਤ ਅਤੇ ਭਾਰਤ ਨਾਲ ਜੁੜੇ ਸੰਸਾਰਕ ਨੈਰੇਟਿਵ ਸਮੂਹਾਂ ਦੀ ਸਥਿਤੀ ਅਜਿਹੀ ਹੈ ਜਿਸ ’ਚ ਸਾਨੂੰ ਜ਼ਿਆਦਾਤਰ ਇਕ-ਪੱਖੀ ਸੁਰ ਇੰਨੇ ਪ੍ਰਭਾਵ ਨਾਲ ਸੁਣਾਈ ਦਿੰਦੇ ਹਨ ਕਿ ਉਨ੍ਹਾਂ ’ਚ ਆਸਾਨੀ ਨਾਲ ਸੱਚ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਲੋਕ ਸਭਾ ਭਾਸ਼ਣ ਇਸ ਮਾਮਲੇ ’ਚ ਸਭ ਤੋਂ ਵੱਧ ਨਿਸ਼ਾਨੇ ’ਤੇ ਹੈ। ਅਖਿਲੇਸ਼ ਯਾਦਵ ਨੇ ਉਸ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਤੁਸੀਂ ਕਿਸੇ ਦੀ ਜਾਤੀ ਕਿਵੇਂ ਪੁੱਛ ਸਕਦੇ ਹੋ? ਰਾਹੁਲ ਗਾਂਧੀ ਨੇ ਕਿਹਾ ਕਿ ਅਨੁਰਾਗ ਠਾਕੁਰ ਨੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਹੈ ਪਰ ਮੈਂ ਇਨ੍ਹਾਂ ਲੋਕਾਂ ਵਾਂਗ ਨਹੀਂ ਹਾਂ, ਇਨ੍ਹਾਂ ਨੂੰ ਮੁਆਫੀ ਮੰਗਣ ਲਈ ਨਹੀਂ ਕਹਾਂਗਾ।

ਅਨੁਰਾਗ ਠਾਕੁਰ ਨੇ ਬਿਨਾਂ ਨਾਂ ਲਏ ਕਿਹਾ ਸੀ ਕਿ ਜਿਸ ਦੀ ਆਪਣੀ ਜਾਤੀ ਦਾ ਪਤਾ ਨਹੀਂ ਉਹ ਜਾਤੀ ਸਰਵੇਖਣ ਦੀ ਗੱਲ ਕਰਦਾ ਹੈ। ਲੋਕ ਸਭਾ ਦੇ ਰਿਕਾਰਡ ਤੋਂ ਉਨ੍ਹਾਂ ਦੀ ਇਸ ਲਾਈਨ ਨੂੰ ਹਟਾ ਦਿੱਤਾ ਗਿਆ ਹੈ। ਤੁਸੀਂ ਜੇਕਰ ਸੋਸ਼ਲ ਮੀਡੀਆ ’ਤੇ ਜਾਓ ਤਾਂ ਦੇਖੋਗੇ ਕਿ ਰਾਹੁਲ ਗਾਂਧੀ ਵਿਰੁੱਧ ਅਨੁਰਾਗ ਠਾਕੁਰ ਦੇ ਇਸ ਬਿਆਨ ਦਾ ਵੀ ਵਿਆਪਕ ਸਮਰਥਨ ਹੈ ਅਤੇ ਅਜਿਹਾ ਕਰਨ ’ਚ ਵੱਡੇ-ਵੱਡੇ ਲੋਕ ਸ਼ਾਮਲ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਨੇਤਾਵਾਂ ਨੇ ਪੂਰਾ ਮਾਹੌਲ ਸਮਾਜ ’ਚ ਕਿੰਨਾ ਹਮਲਾਵਰ ਅਤੇ ਹਿੰਸਕ ਬਣਾ ਦਿੱਤਾ ਹੈ। ਅਨੁਰਾਗ ਠਾਕੁਰ ਭਾਜਪਾ ਦੇ ਸੀਨੀਅਰ ਨੇਤਾ ਹਨ, ਉਨ੍ਹਾਂ ਦੀ ਪਾਰਟੀ ਸੱਤਾ ’ਚ ਹੈ, ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਬਹੁਤ ਜ਼ਿਆਦਾ ਉਤਸ਼ਾਹ ਅਤੇ ਭੜਕਾਹਟ ਦੇ ਵਿਚਕਾਰ ਵੀ ਉਨ੍ਹਾਂ ਨੂੰ ਆਖਰੀ ਹੱਦ ਤੱਕ ਸੰਜਮ ਦਿਖਾਉਣਾ ਚਾਹੀਦਾ ਹੈ।

ਜੇਕਰ ਦੂਸਰੇ ਤੁਹਾਡੇ ’ਤੇ ਹਮਲਾ ਕਰਦੇ ਹਨ ਅਤੇ ਤੁਸੀਂ ਉਸੇ ਭਾਸ਼ਾ ’ਚ ਗੱਲ ਕਰਦੇ ਹੋ ਤਾਂ ਦੋਵਾਂ ’ਚ ਫਰਕ ਮੁਸ਼ਕਲ ਹੋ ਜਾਂਦਾ ਹੈ ਪਰ ਨੈਰੇਟਿਵ ਦੀ ਦੁਨੀਆ ’ਤੇ ਹਾਵੀ ਹੋਣ ਵਾਲੇ ਸਮੂਹ ਨੇ ਇਕ ਵੀ ਲਾਈਨ ਨਹੀਂ ਕਹੀ ਪਰ ਰਾਹੁਲ ਗਾਂਧੀ ਆਪਣੇ ਭਾਸ਼ਣ ’ਚ ਸੱਤਾਧਾਰੀ ਪਾਰਟੀ ਨੂੰ ਭੜਕਾਉਣ, ਉਤੇਜਿਤ ਕਰਨ ਜਾਂ ਛੇੜਛਾੜ ਕਰਨ ’ਚ ਕੋਈ ਕਸਰ ਨਹੀਂ ਛੱਡਦੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਸੰਸਦ ਅੰਦਰ ਵਿਰੋਧੀ ਧਿਰ ਦੇ ਨੇਤਾ ਨੇ ਸਰਕਾਰ ਨੂੰ ਘੇਰਨ ਲਈ ਅਜਿਹੀ ਉਪਮਾ ਦਿੱਤੀ ਜਿਸ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਤਕ ਘਸੀਟੇ ਗਏ। ਚੱਕਰਵਿਊ ਬਾਰੇ ਰਾਹੁਲ ਗਾਂਧੀ ਨੂੰ ਯਕੀਨੀ ਤੌਰ ’ਤੇ ਕੁਝ ਗਲਤ ਤੱਥ ਦਿੱਤੇ ਗਏ ਪਰ ਅਜਿਹਾ ਹੋ ਜਾਂਦਾ ਹੈ। ਬਾਵਜੂਦ ਉਨ੍ਹਾਂ ਨੂੰ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਦਾ ਭਾਨ ਹੋਣਾ ਚਾਹੀਦਾ ਸੀ।

ਸੱਤਾ ਧਿਰ ਹੋਵੇ ਜਾਂ ਵਿਰੋਧੀ ਧਿਰ, ਰਾਸ਼ਟਰੀ ਸੁਰੱਖਿਆ ਸਭ ਤੋਂ ਉੱਪਰ ਹੈ। ਤੁਹਾਡਾ ਸਰਕਾਰ ਨਾਲ ਸਿਆਸੀ ਵਿਚਾਰਕ ਮਤਭੇਦ ਹੈ ਅਤੇ ਉਸ ਨੂੰ ਪ੍ਰਗਟ ਕਰਨ ਦਾ ਅਧਿਕਾਰ ਵੀ। ਉਂਝ ਉਸ ’ਚ ਵੀ ਹੱਦ ਹੈ ਕਿ ਅਸੀਂ ਵਿਰੋਧ ’ਚ ਕਿਥੋਂ ਤੱਕ ਜਾਂਦੇ ਹਾਂ। ਕਦੇ ਵੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਇਸ ਤਰ੍ਹਾਂ ਸਿਆਸੀ ਪਾਰਟੀ ਦੇ ਹਮਲੇ ਨਾਲ ਜੋੜਿਆ ਨਹੀਂ ਗਿਆ। ਤੁਸੀਂ ਸੋਚੋ ਕਿ ਇਸ ਦਾ ਸੁਨੇਹਾ ਦੇਸ਼ ਦੇ ਅੰਦਰ ਅਤੇ ਬਾਹਰ ਕੀ ਜਾਵੇਗਾ।

ਅੰਦਰੂਨੀ ਸੁਰੱਖਿਆ ਸਾਡੇ ਦੇਸ਼ ’ਚ ਕਿੰਨੀ ਨਾਜ਼ੁਕ ਸਥਿਤੀ ’ਚ ਲੰਬੇ ਸਮੇਂ ਤਕ ਰਹੀ ਹੈ ਅਤੇ ਬਾਹਰੀ ਖਤਰੇ ਕਿੰਨੇ ਵੱਡੇ ਹਨ, ਇਸ ਦਾ ਅੰਦਾਜ਼ਾ ਉਨ੍ਹਾਂ ਸਾਰੇ ਲੋਕਾਂ ਨੂੰ ਹੈ ਜੋ ਥੋੜ੍ਹੀ-ਬਹੁਤ ਵੀ ਸੁਰੱਖਿਆ ਸਥਿਤੀ ’ਤੇ ਨਜ਼ਰ ਰੱਖਦੇ ਹਨ। ਇਸ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਭੂਮਿਕਾ ਅਹਿਮ ਹੁੰਦੀ ਹੈ, ਜਿਸ ਨੂੰ ਕਦੇ ਜਨਤਕ ਨਹੀਂ ਕੀਤਾ ਜਾ ਸਕਦਾ। ਰਾਹੁਲ ਗਾਂਧੀ ਦੇ ਭਾਸ਼ਣ ਨੂੰ ਆਧਾਰ ਬਣਾ ਕੇ ਦੇਸ਼ ਅੰਦਰ ਉਨ੍ਹਾਂ ਦੇ ਹਮਾਇਤੀ ਅਤੇ ਸਰਕਾਰ ਵਿਰੋਧੀ ਸਰਹੱਦ ਦੇ ਪਾਰ ਵੀ ਭਾਰਤ ਦੇ ਕਈ ਸੁਰੱਖਿਆ ਜਾਂ ਵਿਦੇਸ਼ ਨੀਤੀ ਸੰਬੰਧੀ ਫੈਸਲਿਆਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਉਣਗੇ। ਉਨ੍ਹਾਂ ਦਾ ਖੰਡਨ ਕਰਨਾ ਭਾਰਤ ਲਈ ਜ਼ਿਆਦਾ ਔਖਾ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਬਜਟ ਤੋਂ ਪਹਿਲਾਂ ਹਲਵਾ ਰਵਾਇਤ ਦੀਆਂ ਤਸਵੀਰਾਂ ਪਾ ਕੇ ਉਨ੍ਹਾਂ ਨੇ ਸਿਆਸਤ ’ਚ ਆਪਣਾ ਜਾਤੀ ਕਾਰਡ ਖੇਡਿਆ। ਪਿਛਲੇ ਲਗਭਗ 2 ਸਾਲਾਂ ਤੋਂ ਉਨ੍ਹਾਂ ਦੀ ਸਿਆਸਤ ’ਚ ਖੁਦ ਨੂੰ ਪੱਛੜਿਆਂ-ਦਲਿਤਾਂ ਦੀ ਹਮਾਇਤ ਅਤੇ ਭਾਜਪਾ ਨੂੰ ਉਸ ਵਿਰੁੱਧ ਸਾਬਤ ਕਰਨਾ ਸਭ ਤੋਂ ਉੱਪਰ ਹੋ ਗਿਆ ਹੈ।

ਨਤੀਜਾ ਇਹ ਹੋਇਆ ਕਿ ਵਿੱਤ ਮੰਤਰੀ ਨੇ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ’ਚ ਹਲਵਾ ਰਵਾਇਤ ਸਮੇਤ ਕਈ ਤੱਥਾਂ ਦਾ ਜ਼ਿਕਰ ਕਰ ਕੇ ਸਾਬਤ ਕਰ ਦਿੱਤਾ ਕਿ ਰਾਹੁਲ ਗਾਂਧੀ ਤੱਥਾਤਮਕ ਤੌਰ ’ਤੇ ਤਾਂ ਗਲਤ ਹੈ ਹੀ, ਆਪਣੀ ਹੀ ਸਰਕਾਰ ਦੀ ਰਵਾਇਤ ਦੀਆਂ ਧੱਜੀਆਂ ਉਡਾ ਰਹੇ ਹਨ। ਲੋਕਾਂ ਨੇ ਯੂ. ਪੀ. ਏ. ਸਰਕਾਰ ’ਚ ਵਿੱਤ ਮੰਤਰੀ ਪੀ. ਚਿਦਾਂਬਰਮ ਦੀਆਂ ਹਲਵੇ ਸੰਬੰਧੀ ਤਸਵੀਰਾਂ ਕੱਢ ਕੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ’ਚ ਇਕ ਵੀ ਪੱਛੜਿਆ ਨਹੀਂ ਸੀ। ਇਸੇ ਤਰ੍ਹਾਂ ਸੀਤਾਰਾਮਨ ਨਾਲ ਖੜ੍ਹੇ ਅਧਿਕਾਰੀਆਂ ਬਾਰੇ ਵੀ ਕਿਹਾ ਗਿਆ ਕਿ ਉਨ੍ਹਾਂ ਦੀ ਨਿਯੁਕਤੀ ਤਾਂ ਰਾਜੀਵ ਗਾਂਧੀ ਸਰਕਾਰ ਦੇ ਕਾਰਜਕਾਲ ’ਚ ਹੋਈ ਸੀ। ਹਾਲਾਂਕਿ ਰਾਹੁਲ ਗਾਂਧੀ ਨੇ ਬਹੁਤ ਬੁੱਧੀਮਤਾ ਨਾਲ ਤਸਵੀਰ ’ਚੋਂ ਇਕ ਚਿਹਰਾ ਹਟਾ ਦਿੱਤਾ ਜੋ ਸੱਚਮੁੱਚ ਹੀ ਪੱਛੜੀ ਜਾਤੀ ਦਾ ਸੀ। ਕੀ ਸਰਕਾਰ ਦੀ ਆਲੋਚਨਾ ਜਾਂ ਉਸ ਦੇ ਵਿਰੋਧ ਲਈ ਸੰਸਦੀ-ਸਿਆਸੀ ਮਰਿਆਦਾਵਾਂ ਦੀ ਹੱਦ ਇਸ ਤਰ੍ਹਾਂ ਟੱਪਣ ਅਤੇ ਉਨ੍ਹਾਂ ’ਚ ਨੌਕਰਸ਼ਾਹਾਂ ਅਤੇ ਮੁੱਖ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਉਚਿਤ ਹੈ?

ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਦੇਸ਼ ਦੇ 2 ਚੋਟੀ ਦੇ ਉਦਯੋਗਪਤੀਆਂ ਦੇ ਹੱਥੋਂ ਭਾਰਤ ਸੰਚਾਲਨ ਦਾ ਸੂਤਰ ਦੱਸਣਗੇ ਤਾਂ ਇਸ ’ਤੇ ਉਤੇਜਨਾ ਪੈਦਾ ਹੋਵੇਗੀ ਅਤੇ ਦੂਜੇ ਪਾਸਿਓਂ ਵੀ ਕੁਝ ਲੋਕ ਹੱਦ ਦੀ ਉਲੰਘਣਾ ਕਰ ਕੇ ਤੁਹਾਨੂੰ ਉਸੇ ਤਰ੍ਹਾਂ ਮੋੜਵੇਂ ਹਮਲੇ ਦਾ ਸ਼ਿਕਾਰ ਬਣਾਉਣਗੇ। ਉਹ ਇਸ ’ਚ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੂੰ ਵੀ ਲੈ ਆਏ। ਅਜਿਹਾ ਉਹ ਯਤਨ ਕਰਦੇ ਹਨ। ਉਹ ਇੰਨਾ ਕੁਝ ਬੋਲਦੇ ਹਨ, ਕਦੇ ਸੰਘ ਜਵਾਬ ਦੇਣ ਨਹੀਂ ਆਉਂਦਾ। ਸੰਘ ਨਾਲ ਸਹਿਮਤ ਜਾਂ ਅਸਹਿਮਤ ਹੋਣਾ, ਇਸ ਦਾ ਵਿਰੋਧ ਕਰਨਾ ਸਭ ਦਾ ਅਧਿਕਾਰ ਹੈ ਪਰ ਇਸ ਦੂਸਰੇ ਪਹਿਲੂ ਨੂੰ ਵੀ ਕਦੇ ਆਪਣੇ ਚਿੰਤਨ ’ਚ ਲਿਆਉਣਾ ਚਾਹੀਦਾ ਹੈ। ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਰਣਨੀਤੀਕਾਰਾਂ ਨੂੰ ਸੰਸਦ ’ਚ ਅਹਿਮ ਵਿਰੋਧੀ ਧਿਰ ਆਗੂਆਂ ਦੇ ਭਾਸ਼ਣਾਂ, ਉਨ੍ਹਾਂ ਦੇ ਦਖਲ, ਉਠਾਏ ਗਏ ਸਵਾਲਾਂ ਆਦਿ ਦਾ ਗੰਭੀਰਤਾ ਨਾਲ ਅਧਿਐਨ ਕਰਨਾ ਚਾਹੀਦਾ ਹੈ।

ਵਿਰੋਧੀ ਧਿਰ ਦੇ ਆਗੂ ਸਾਹਮਣੇ ਮੁੱਖ ਟੀਚਾ ਦੇਸ਼ ਅਤੇ ਆਮ ਲੋਕਾਂ ਦਾ ਹਿੱਤ ਹੀ ਹੋਣਾ ਚਾਹੀਦਾ ਹੈ। ਇਸ ਨਜ਼ਰ ਨਾਲ ਬਜਟ ਵਿਵਸਥਾਵਾਂ ਨੂੰ ਹੋਰ ਸਾਹਮਣੇ ਲਿਆਉਂਦੇ ਤਾਂ ਉਨ੍ਹਾਂ ਦਾ ਪੱਖ ਜ਼ਿਆਦਾ ਮਜ਼ਬੂਤ ਹੁੰਦਾ, ਜ਼ਿਆਦਾ ਸਥਾਈ ਲੋਕ ਉਨ੍ਹਾਂ ਦੀ ਹਮਾਇਤ ’ਚ ਆਉਂਦੇ।ਇਹ ਧਾਰਨਾ ਵੀ ਬਣਦੀ ਹੈ ਕਿ ਉਹ ਹੁਣ ਪਰਿਪੱਕ ਅਤੇ ਜ਼ਿੰਮੇਵਾਰ ਸਿਆਸੀ ਆਗੂ ਬਣ ਰਹੇ ਹਨ। ਉਨ੍ਹਾਂ ਦੀ ਟੀਮ ਦੇ ਲੋਕ ਭਾਵੇਂ ਹੀ ਇਸ ਗੱਲ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕਰਨਗੇ ਪਰ ਸੱਚ ਇਹੀ ਹੈ ਕਿ ਉਨ੍ਹਾਂ ਦੇ ਪੱਕੇ ਹਮਾਇਤੀਆਂ ’ਚ ਬੁੱਧੀਮਾਨ ਲੋਕ ਵੀ ਇਸ ਤਰ੍ਹਾਂ ਦੀ ਭੂਮਿਕਾ ਨੂੰ ਉਚਿਤ ਨਹੀਂ ਮੰਨਦੇ ਹਨ। ਸਾਡੇ ਦੇਸ਼ ਅਤੇ ਦੇਸ਼ ਦੇ ਬਾਹਰ ਵਾਤਾਵਰਣ ਨਿਰਮਾਣ ਕਰਨ ਵਾਲੇ ਲੋਕਾਂ ’ਚ ਉਨ੍ਹਾਂ ਦੀ ਵੱਡੀ ਗਿਣਤੀ ਹੈ ਜੋ ਸੰਘ ਅਤੇ ਭਾਜਪਾ ਨਾਲ ਆਮ ਵਰਗੇ ਮਤਭੇਦ ਨਹੀਂ ਰੱਖਦੇ ਸਗੋਂ ਉਸ ਹੱਦ ਤਕ ਨਫਰਤ ਵੈਰ ਭਾਵ ਪਾਲਦੇ ਹਨ, ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ।

ਇਸੇ ਦਾ ਨਤੀਜਾ ਰਾਹੁਲ ਗਾਂਧੀ ਦੇ ਪਿਛਲੇ ਕੁਝ ਸਾਲਾਂ ’ਚ ਉੱਭਰੇ ਨਵੇਂ ਤੇਵਰ ਹਨ। ਉਹ ਉਨ੍ਹਾਂ ਸਭ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਸ਼ਖ਼ਸੀਅਤ ਵਜੋਂ ਇਸ ਸਮੇਂ ਸੰਸਦ ਜਾਂ ਉਸ ਦੇ ਬਾਹਰ ਦਿਖਾਈ ਦਿੰਦੇ ਹਨ। ਇਨ੍ਹਾਂ ਸਾਰਿਆਂ ਨੂੰ ਸਰਕਾਰ ਜਾਂ ਉਨ੍ਹਾਂ ਸੰਗਠਨਾਂ ਦੇ ਵਿਰੋਧ ਦਾ ਪੂਰਾ ਅਧਿਕਾਰ ਹੈ ਪਰ ਹਮੇਸ਼ਾ ਧਿਆਨ ਰੱਖੋ ਕਿ ਤੁਹਾਡੇ ਕੋਲ ਸੱਚ ਅਤੇ ਤੱਥ ਨਹੀਂ ਹੈ ਤਾਂ ਨੈਰੇਟਿਵ ਲੰਬੀ ਉਮਰ ਤਕ ਨਹੀਂ ਟਿਕਿਆ ਰਹਿ ਸਕਦਾ।

ਅਵਧੇਸ਼ ਕੁਮਾਰ


author

Tanu

Content Editor

Related News