ਇਹ ਯੁੱਗ ਜੰਗ ਦਾ ਨਹੀਂ ਤਾਂ ਅੱਤਵਾਦ ਦਾ ਵੀ ਨਹੀਂ
Wednesday, May 21, 2025 - 05:29 PM (IST)

ਭਾਰਤ ਅਤੇ ਪਾਕਿਸਤਾਨ ’ਚ ਆਖਿਰ ਜੰਗਬੰਦੀ ਹੋ ਗਈ ਪਰ ਜੋ ਕਾਰਵਾਈ ਭਾਰਤ ਦੀ ਫੌਜ ਵਲੋਂ ‘ਆਪ੍ਰੇਸ਼ਨ ਸਿੰਧੂਰ’ ’ਚ ਕੀਤੀ ਗਈ, ਉਸ ਸੱਟ ਨੂੰ ਪਾਕਿਸਤਾਨ ਲੰਬੇ ਸਮੇਂ ਤੱਕ ਯਾਦ ਰੱਖੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਜੋ ਕਿਹਾ ਉਹ ਇਕ ਕੌੜਾ ਸੱਚ ਹੀ ਹੈ।
ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਵਪਾਰ ਨਾਲ-ਨਾਲ ਨਹੀਂ ਚੱਲ ਸਕਦੇ। ਅੱਤਵਾਦ ਕਾਰਨ ਗੱਲਬਾਤ ਨਹੀਂ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਹੁਣ ਭਾਰਤ ਦੀ ਨੀਤੀ ਹੈ। ਇਹ ਜੰਗ ਦਾ ਯੁੱਗ ਨਹੀਂ ਤਾਂ ਅੱਤਵਾਦ ਦਾ ਵੀ ਨਹੀਂ ਹੈ। ਪ੍ਰਧਾਨ ਮੰਤਰੀ ਵਲੋਂ ਕਹੀਆਂ ਗੱਲਾਂ ਅੱਤਵਾਦ ਦੇ ਖਾਤਮੇ ਲਈ ਸਰਕਾਰ ਦੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦੀਆਂ ਹਨ।
ਦਰਅਸਲ ਪਾਕਿਸਤਾਨ ਵਲੋਂ ਅੱਤਵਾਦ ਨੂੰ ਸ਼ਹਿ ਦੇਣ ਅਤੇ ਪੀ. ਓ. ਕੇ. ’ਤੇ ਕਬਜ਼ਾ, ਇਹੀ ਮੁੱਖ ਝਗੜਾ ਹੈ। ਪਾਕਿਸਤਾਨ ’ਚ ਕੁਝ ਕਠਮੁੱਲੇ ਹਨ ਜੋ ਪਾਕਿਸਤਾਨ ਦੀ ਫੌਜ ਨਾਲ ਮਿਲ ਕੇ ਨੌਜਵਾਨਾਂ ਨੂੰ ਧਰਮ ਦੇ ਨਾਂ ’ਤੇ ਗੁੰਮਰਾਹ ਕਰ ਕੇ ਉਨ੍ਹਾਂ ਰਾਹੀਂ ਹਿੰਸਾ ਕਰਵਾ ਕੇ ਭਾਰਤ ਨੂੰ ਲਗਾਤਾਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ।
22 ਅਪ੍ਰੈਲ ਨੂੰ ਪਹਿਲਗਾਮ ’ਚ ਜੋ ਭਿਆਨਕ ਹੱਤਿਆਕਾਂਡ ਉਨ੍ਹਾਂ ਵਿਅਕਤੀਆਂ ਨੇ ਕੀਤਾ, ਉਸ ’ਚ ਉਨ੍ਹਾਂ ਨੇ ਧਰਮ ਦੇ ਨਾਂ ’ਤੇ ਸਾਨੂੰ ਭਾਰਤੀਆਂ ਨੂੰ ਵੰਡਣ ਦੀ ਨਾਪਾਕ ਕੋਸ਼ਿਸ਼ ਵੀ ਕੀਤੀ ਪਰ ਇਸ ’ਚ ਉਹ ਨਾਕਾਮ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ ਕਿਹਾ ਕਿ ਹੁਣ ਪਾਕਿਸਤਾਨ ਤੋਂ ਆਉਣ ਵਾਲੇ ਅੱਤਵਾਦੀਆਂ ਨੂੰ ਹੀ ਨਹੀਂ, ਸਗੋਂ ਉਨ੍ਹਾਂ ਨੂੰ ਤਿਆਰ ਕਰਨ ਵਾਲੇ, ਟ੍ਰੇਨਿੰਗ ਕੇਂਦਰਾਂ ਅਤੇ ਉਨ੍ਹਾਂ ਦੇ ਆਕਿਆਂ ਨੂੰ ਛੱਡਾਂਗੇ ਨਹੀਂ, ਬੇਸ਼ੱਕ ਹੀ ਉਹ ਪਾਕਿਸਤਾਨ ਦੀ ਕਿਸੇ ਵੀ ਨੁੱਕਰ ’ਚ ਕਿਉਂ ਨਾ ਲੁਕੇ ਹੋਣ।
ਸੰਦੇਸ਼ ਸਾਫ ਹੈ ਕਿ ਹੁਣ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ। ਜਿੱਥੋਂ ਤੱਕ ਕਸ਼ਮੀਰੀ ਲੋਕਾਂ ਦੀ ਗੱਲ ਹੈ, ਉਹ ਵੀ ਸਮਝ ਚੁੱਕੇ ਹਨ ਕਿ ਪਾਕਿਸਤਾਨ ਉਨ੍ਹਾਂ ਦਾ ਆਕਾ ਬਣਨ ਦੀ ਕੋਸ਼ਿਸ਼ ’ਚ ਉਨ੍ਹਾਂ ਦਾ ਨੁਕਸਾਨ ਕਰ ਰਿਹਾ ਹੈ। ਪਹਿਲਗਾਮ ’ਚ ਕਸ਼ਮੀਰੀ ਲੋਕਾਂ ਦਾ ਮੁੱਖ ਸੈਰ-ਸਪਾਟਾ ਉਦਯੋਗ ਫਲ-ਫੁੱਲ ਰਿਹਾ ਸੀ। ਲੰਬੇ ਅਰਸੇ ਤੋਂ ਬਾਅਦ ਸੈਲਾਨੀ ਉੱਥੇ ਖੁੱਲ੍ਹ ਕੇ ਆਉਣੇ ਸ਼ੁਰੂ ਹੋਏ ਸਨ। ਕਸ਼ਮੀਰੀਆਂ ਨੂੰ ਉਨ੍ਹਾਂ ਤੋਂ ਅਨੇਕਾਂ ਰੋਜ਼ਗਾਰ ਮਿਲਣ ਲੱਗੇ ਸਨ ਅਤੇ ਇਹੀ ਗੱਲ ਪਾਕਿਸਤਾਨ ਨੂੰ ਹਜ਼ਮ ਨਹੀਂ ਹੋ ਰਹੀ ਸੀ।
ਪਹਿਲਗਾਮ ਦੀ ਘਟਨਾ ਤੋਂ ਬਾਅਦ ਚੰਗਾ-ਭਲਾ ਚੱਲ ਰਿਹਾ ਸੈਲਾਨੀਆਂ ਦਾ ਸੀਜ਼ਨ ਠੱਪ ਹੋ ਗਿਆ। ਪੀ. ਓ. ਕੇ. ’ਤੇ ਉਨ੍ਹਾਂ ਨੇ ਕਬਜ਼ਾ ਕੀਤਾ ਹੋਇਆ ਹੈ। ਉੱਥੋਂ ਦੇ ਹਾਲਾਤ ਕਿੰਨੇ ਚੰਗੇ ਅਤੇ ਖੁਦ ਪਾਕਿਸਤਾਨ ਦੇ ਹਾਲਾਤ ਕਿਹੋ ਜਿਹੇ ਸਨ, ਕਿਸੇ ਤੋਂ ਲੁਕਿਆ ਨਹੀਂ। ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਪਾਕਿਸਤਾਨ ਦਾ ਸਮਰਥਨ ਕਰਨ ਲਈ ਤੁਰਕੀ ਅਤੇ ਅਜ਼ਰਬੈਜਾਨ ਵਰਗੇ ਦੇਸ਼ ਸਾਹਮਣੇ ਆਏ।
ਇਨ੍ਹਾਂ ’ਚ ਉਨ੍ਹਾਂ ਦੀ ਕੀ ਸੋਚ ਹੋ ਸਕਦੀ ਹੈ, ਇਹ ਤਾਂ ਉਹੀ ਜਾਣਨ ਪਰ ਇਨ੍ਹਾਂ ਸਮਰਥਕ ਦੇਸ਼ਾਂ ਨੂੰ ਘੱਟੋ-ਘੱਟ ਇਹ ਤਾਂ ਪੁੱਛਣਾ ਚਾਹੀਦਾ ਹੈ ਕਿ ਨਿਰਦੋਸ਼ ਲੋਕਾਂ ਨੂੰ ਮਾਰਨਾ ਕਿਹੜੇ ਧਰਮ ’ਚ ਲਿਖਿਆ ਹੈ ਕਿਉਂਕਿ ਪਾਕਿਸਤਾਨ ਖੁਦ ਨੂੰ ਧਰਮ ਦੇ ਨਾਂ ’ਤੇ ਸਥਾਪਿਤ ਦੇਸ਼ ਮੰਨਦਾ ਹੈ। ਇਸ ਦੇ ਸਮਰਥਕ ਦੇਸ਼ਾਂ ਨੂੰ ਸ਼ਾਇਦ ਪਤਾ ਹੋਵੇਗਾ ਕਿ ਪੂਰਬੀ ਪਾਕਿਸਤਾਨ ਦੇ ਲੋਕਾਂ ’ਤੇ ਮੌਜੂਦਾ ਪਾਕਿਸਤਾਨ ਵਲੋਂ ਕਿੰਨੇ ਜ਼ੁਲਮ ਕੀਤੇ ਗਏ ਕਿ ਉਹ ਤੰਗ ਆ ਕੇ ਭਾਰਤ ’ਚ ਪਨਾਹ ਲੈਣ ਲੱਗੇ।
ਉੱਥੋਂ ਦੇ ਲੋਕਾਂ ’ਤੇ ਜ਼ੁਲਮ ਕੀਤੇ ਗਏ ਜਦਕਿ ਉਹ ਮੁਸਲਮਾਨ ਹੀ ਸਨ। 1971 ’ਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਸਮਰਥਨ ’ਚ ਮੁਕਤੀ ਵਾਹਿਨੀ ਆਪ੍ਰੇਸ਼ਨ ਕੀਤਾ ਤਾਂ ਪਾਕਿਸਤਾਨ ਨੇ ਭਾਰਤ ’ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਹਾਰਿਆ।
ਸਾਡੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਜੀ ਪਾਕਿਸਤਾਨ ਨਾਲ ਡੂੰਘੀ ਮਿੱਤਰਤਾ ਦਾ ਸੰਦੇਸ਼ ਲੈ ਕੇ ਦਿੱਲੀ-ਲਾਹੌਰ ਬੱਸ ਸੇਵਾ ਸ਼ੁਰੂ ਕਰ ਕੇ ਉਸੇ ਬੱਸ ਰਾਹੀਂ ਪਾਕਿਸਤਾਨ ਗਏ। ਉੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਦੋਵਾਂ ਦੇਸ਼ਾਂ ’ਚ ਉਦੋਂ ਇਕ-ਦੂਜੇ ਦੇ ਦੇਸ਼ ’ਚ ਕ੍ਰਿਕਟ ਲੜੀ ਖੇਡੀ ਗਈ। ਖਿਡਾਰੀਆਂ ਦੇ ਨਾਲ ਜਨਤਾ ਵੀ ਇਕ-ਦੂਜੇ ਦੇਸ਼ ’ਚ ਖੇਡ ਦੇਖਣ ਆਈ ਜੋ ਅੱਜ ਦੇ ਹਾਲਾਤ ’ਚ ਉੱਥੋਂ ਦੇ ਤੱਤਕਾਲੀਨ ਪ੍ਰਧਾਨ ਮੰਤਰੀ ਨੂੰ ਗੱਦੀ ਤੋਂ ਲਾਹ ਕੇ ਪਾਕਿਸਤਾਨ ਫੌਜ ਨੇ ਕਾਰਗਿਲ ’ਚ ਜੰਗ ਸ਼ੁਰੂ ਕਰ ਦਿੱਤੀ।
ਉਸ ਦੇ ਬਾਅਦ ਵੀ ਅੱਤਵਾਦੀ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਦਰਅਸਲ ਉਥੇ ਫੌਜ ਅਤੇ ਕਠਮੁੱਲਿਆਂ ਦਾ ਜੋੜ ਭਾਰਤ ’ਚ ਅੱਤਵਾਦ ਫੈਲਾਉਣ ’ਚ ਕੰਮ ਕਰਦਾ ਹੈ। ਉਪਰੋਕਤ ਘਟਨਾਵਾਂ ਤੋਂ ਸਬਕ ਸਾਨੂੰ ਵੀ ਮਿਲਦਾ ਹੈ ਕਿ ਪਾਕਿਸਤਾਨ ਭਰੋਸੇ ਦੇ ਲਾਇਕ ਬਿਲਕੁਲ ਵੀ ਨਹੀਂ।
ਉਸ ’ਤੇ ਹਰ ਸਮੇਂ ਸਾਨੂੰ ਸਖਤ ਨਜ਼ਰ ਰੱਖਣੀ ਹੋਵੇਗੀ। ‘ਆਪ੍ਰੇਸ਼ਨ ਸਿੰਧੂਰ’ ਵਰਗੀ ਮੁਹਿੰਮ ਸਮੇਂ-ਸਮੇਂ ’ਤੇ ਚਲਾ ਕੇ ਅੱਤਵਾਦੀ ਫੈਕਟਰੀਆਂ ਦਾ ਲੱਕ ਤੋੜਨਾ ਹੋਵੇਗਾ ਅਤੇ ਸਾਨੂੰ ਨਾਲ-ਨਾਲ ਦੇਸ਼ ’ਚ ਵੀ ਲੁਕੇ ਕੁਝ ਗੱਦਾਰਾਂ, ਜੋ ਪੈਸੇ ਜਾਂ ਧਰਮ ਦੇ ਨਾਂ ’ਤੇ ਪਾਕਿ ਦੀਆਂ ਨਾਪਾਕ ਹਰਕਤਾਂ ’ਚ ਮਦਦ ਕਰਦੇ ਹਨ, ਨੂੰ ਵੀ ਲੱਭ ਕੇ ਖਤਮ ਕਰਨਾ ਜ਼ਰੂਰੀ ਹੋਵੇਗਾ ਕਿਉਂਕਿ ਅਜਿਹੇ ਗੱਦਾਰ ਲੋਕ ਉਨ੍ਹਾਂ ਲਈ ਪਲੇਟਫਾਰਮ ਦਾ ਕੰਮ ਕਰਦੇ ਹਨ।
ਮੋਦੀ ਜੀ ਦਾ ਸੰਦੇਸ਼ ਵੀ ਇਹੀ ਹੈ ਕਿ ਇਹ ਜੰਗ ਦਾ ਯੁੱਗ ਨਹੀਂ ਤਾਂ ਅੱਤਵਾਦ ਦਾ ਵੀ ਨਹੀਂ। ਅਸੀਂ ਸਮਝ ਸਕਦੇ ਹਾਂ ਕਿ ਜੰਗ ਤਬਾਹੀ ਕਰਦੀ ਹੈ ਪਰ ਅੱਤਵਾਦ ਦੇ ਖਾਤਮੇ ਲਈ ਜ਼ਰੂਰੀ ਹੋਇਆ ਤਾਂ ਪਿੱਛੇ ਵੀ ਨਹੀਂ ਹਟਾਂਗੇ। ਪ੍ਰਮਾਣੂ ਬੰਬ ਦੀ ਧਮਕੀ ਦੇ ਕੇ ਪਾਕਿਸਤਾਨ ਭਾਰਤ ਨੂੰ ਝੁਕਾਅ ਨਹੀਂ ਸਕਦਾ।
ਮੈਨੂੰ ਲੱਗਦਾ ਹੈ ਕਿ ਦੋਵਾਂ ਦੇਸ਼ਾਂ ਦੀ ਜਨਤਾ ਆਪਸ ’ਚ ਜੰਗ ਨਹੀਂ ਚਾਹੁੰਦੀ। ਮੈਂ ਸਮਝਦਾ ਹਾਂ ਕਿ ਪਾਕਿਸਤਾਨ ਦੀ ਜਨਤਾ ਆਪਣੀ ਸਰਕਾਰ, ਫੌਜ ਅਤੇ ਕਠਮੁੱਲਿਆਂ ਦੇ ਵਿਰੁੱਧ ਆਪਣੇ ਦੇਸ਼ ਨੂੰ ਬਚਾਉਣ ਲਈ ਕਮਰ ਕੱਸ ਲਵੇ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪਾਕਿਸਤਾਨ ਕਿਤੇ ਨਕਸ਼ੇ ’ਚ ਵੀ ਨਹੀਂ ਦਿਸੇਗਾ।
ਵਕੀਲ ਅਹਿਮਦ