ਤ੍ਰਾਸਦੀ ਇਕੱਲੇਪਨ ਦੀ

Tuesday, Oct 08, 2024 - 07:00 PM (IST)

ਦਿੱਲੀ ਦੇ ਵਸੰਤ ਕੁੰਜ ਇਲਾਕੇ ਦੇ ਚੌਹਾਨ ਮੁਹੱਲੇ ’ਚ ਰਹਿਣ ਵਾਲਾ ਹੀਰਾ ਲਾਲ ਤੀਜੀ ਮੰਜ਼ਿਲ ਦੇ ਦੋ ਕਮਰਿਆਂ ਦੇ ਇਕ ਛੋਟੇ ਜਿਹੇ ਫਲੈਟ ’ਚ ਰਹਿੰਦਾ ਸੀ। ਉਸ ਦੀਆਂ ਚਾਰ ਬੇਟੀਆਂ ਸਨ। ਸਭ ਤੋਂ ਵੱਡੀ 26 ਸਾਲ ਦੀ ਅਤੇ ਸਭ ਤੋਂ ਛੋਟੀ 20 ਸਾਲ ਦੀ। ਸਭ ਬੇਟੀਆਂ ਗ੍ਰੈਜੂਏਟ ਸਨ। ਹੀਰਾ ਲਾਲ ਇਕ ਹਸਪਤਾਲ ’ਚ ਕਾਰਪੈਂਟਰ ਦਾ ਕੰਮ ਕਰਦਾ ਸੀ। ਇਸ ਸਾਲ ਜਨਵਰੀ ’ਚ ਉਸ ਨੇ ਅਚਾਨਕ ਨੌਕਰੀ ਛੱਡ ਦਿੱਤੀ।

ਦੱਸਿਆ ਜਾਂਦਾ ਹੈ ਕਿ ਉਸ ਦੀਆਂ ਚਾਰੇ ਬੇਟੀਆਂ ਦਿਵਿਆਂਗ ਸਨ। ਹੀਰਾ ਲਾਲ ਦੀ ਪਤਨੀ ਦੀ ਮੌਤ ਇਕ ਸਾਲ ਪਹਿਲਾਂ ਹੋ ਗਈ ਸੀ। ਉਹ ਕੰਮ ’ਤੇ ਜਾਣ ਤੋਂ ਪਹਿਲਾਂ ਬੇਟੀਆਂ ਲਈ ਖਾਣਾ ਬਣਾਉਂਦਾ ਸੀ, ਉਨ੍ਹਾਂ ਨੂੰ ਖਵਾਉਂਦਾ ਸੀ ਅਤੇ ਉਨ੍ਹਾਂ ਦੇ ਹੋਰ ਕੰਮ ਵੀ ਕਰਦਾ ਸੀ। ਡਿਊਟੀ ਤੋਂ ਵਾਪਸ ਆ ਕੇ ਵੀ ਉਨ੍ਹਾਂ ਲਈ ਖਾਣਾ ਬਣਾਉਂਦਾ ਸੀ ਅਤੇ ਖਵਾਉਂਦਾ ਸੀ।

ਇਕ ਦਿਨ ਇਕ ਸਫਾਈ ਮੁਲਾਜ਼ਮ ਨੂੰ ਮਹਿਸੂਸ ਹੋਇਆ ਕਿ ਹੀਰਾ ਲਾਲ ਦੇ ਘਰੋਂ ਬਦਬੂ ਆ ਰਹੀ ਹੈ। ਉਸ ਨੇ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲ੍ਹਿਆ। ਮਕਾਨ ਮਾਲਕ ਨੇ ਵੀ ਆ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਖੁੱਲ੍ਹਿਆ। ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਆ ਕੇ ਦਰਵਾਜ਼ਾ ਤੋੜਿਆ। ਅੰਦਰ ਜਾ ਕੇ ਦੇਖਿਆ ਤਾਂ ਇਕ ਕਮਰੇ ’ਚ ਹੀਰਾ ਲਾਲ ਦੀ ਲਾਸ਼ ਪਈ ਸੀ। ਦੂਜੇ ਕਮਰੇ ’ਚ ਚਾਰਾਂ ਬੇਟੀਆਂ ਦੀਆਂ ਲਾਸ਼ਾਂ ਪਈਆਂ ਸਨ। ਉੱਥੇ ਕਈ ਗਿਲਾਸ ਵੀ ਮਿਲੇ ਅਤੇ ਸਲਫਾਸ ਦੇ ਪੈਕਟ ਵੀ ਮਿਲੇ। ਪੁਲਸ ਦਾ ਅਨੁਮਾਨ ਹੈ ਕਿ ਸਭ ਨੇ ਸਲਫਾਸ ਖਾ ਕੇ ਆਤਮ-ਹੱਤਿਆ ਕੀਤੀ ਹੈ।

ਗੁਆਂਢੀਆਂ ਨੇ ਦੱਸਿਆ ਕਿ ਹੀਰਾ ਲਾਲ ਬਹੁਤ ਚੁੱਪ ਰਹਿੰਦਾ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਹੋਰ ਵੀ ਚੁੱਪ ਰਹਿਣ ਲੱਗ ਪਿਆ ਸੀ। ਉਹ ਅਕਸਰ ਆਪਣੀਆਂ ਬੇਟੀਆਂ ਨੂੰ ਹਸਪਤਾਲ ਲਿਜਾਉਂਦਾ ਨਜ਼ਰ ਆਉਂਦਾ ਸੀ। ਜੇ ਕੋਈ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਚੁੱਪ ਰਹਿੰਦਾ।

ਇਹੀ ਨਹੀਂ ਜੇ ਕੋਈ ਉਸ ਦੇ ਘਰ ਜਾਂਦਾ ਤਾਂ ਉਹ ਦਰਵਾਜ਼ਾ ਨਾ ਖੋਲ੍ਹਦਾ। ਉਸ ਦੀਆਂ ਬੇਟੀਆਂ ਅਕਸਰ ਘਰ ’ਚ ਹੀ ਰਹਿੰਦੀਆਂ ਸਨ ਅਤੇ ਲੇਟੀਆਂ ਰਹਿੰਦੀਆਂ ਸਨ। ਪਤਨੀ ਦੀ ਮੌਤ ਤੋਂ ਬਾਅਦ ਹੀਰਾ ਲਾਲ ਹੋਰ ਵੀ ਇਕੱਲਾ ਹੋ ਗਿਆ ਸੀ। ਉਸ ਦੇ ਇਕ ਭਰਾ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਵੀ ਗੱਲਬਾਤ ਨਹੀਂ ਕਰਦਾ ਸੀ। ਇੱਥੋਂ ਤਕ ਕਿ ਕਿਸੇ ਦਾ ਫੋਨ ਵੀ ਨਹੀਂ ਚੁੱਕਦਾ ਸੀ।

ਇਕ ਵਾਰ ਉਸ ਦਾ ਭਰਾ ਉਸ ਨੂੰ ਮਿਲਣ ਲਈ ਆਇਆ ਤਾਂ ਉਸ ਲਈ ਵੀ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਹ ਆਪਣੀਆਂ ਬੇਟੀਆਂ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਸੀ। ਇਕ ਬੇਟੀ ਜਿਸ ਨੂੰ ਦੇਖਣ ਦੀ ਸਮੱਸਿਆ ਸੀ, ਨੇ ਇਕ ਦਿਨ ਆਪਣੇ ਪਿਤਾ ਨੂੰ ਕਿਹਾ ਕਿ ਸਾਨੂੰ ਛੱਡ ਕੇ ਉਹ ਨੌਕਰੀ ਕਰਨ ਲਈ ਨਾ ਜਾਇਆ ਕਰੇ, ਇਸ ’ਤੇ ਉਸ ਨੇ ਨੌਕਰੀ ਛੱਡ ਦਿੱਤੀ।

ਆਖਰੀ ਵਾਰ ਹੀਰਾ ਲਾਲ ਸੀ. ਸੀ. ਟੀ. ਵੀ. ਫੁਟੇਜ ’ਚ ਇਕ ਪੈਕਟ ਲੈ ਕੇ ਆ ਰਿਹਾ ਨਜ਼ਰ ਆਉਂਦਾ ਹੈ। ਪੁਲਸ ਮੁਤਾਬਕ ਸ਼ਾਇਦ ਉਹ ਮਠਿਆਈ ਸੀ। ਹੀਰਾ ਲਾਲ ਇਸ ਇਲਾਕੇ ’ਚ 2018 ਤੋਂ ਰਹਿ ਰਿਹਾ ਸੀ। ਮੂਲ ਰੂਪ ’ਚ ਉਹ ਬਿਹਾਰ ਦਾ ਰਹਿਣ ਵਾਲਾ ਸੀ।

ਛੇ ਵਿਅਕਤੀਆਂ ਦੇ ਪਰਿਵਾਰ ਦਾ ਇਸ ਤਰ੍ਹਾਂ ਦਰਦ ਭਰਿਆ ਅੰਤ, ਪਹਿਲਾਂ ਮਾਂ ਬੀਮਾਰੀ ਕਾਰਨ ਚਲੀ ਗਈ ਅਤੇ ਪਿਤਾ ਸ਼ਾਇਦ ਇਸ ਦੁੱਖ ਨੂੰ ਨਹੀਂ ਸੰਭਾਲ ਸਕਿਆ ਕਿ ਕੱਲ ਨੂੰ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਉਸ ਦੀਆਂ ਚਾਰ ਦਿਵਿਆਂਗ ਬੇਟੀਆਂ ਦਾ ਕੀ ਹੋਵੇਗਾ? ਇਸ ਲਈ ਉਸ ਨੇ ਆਪਣੇ ਸਮੇਤ ਸਭ ਦੀ ਜੀਵਨ ਲੀਲਾ ਖਤਮ ਕਰਨ ਦੀ ਸੋਚੀ ਹੋਵੇਗੀ।

ਸਾਡੇ ਸਮਾਜ ’ਚ ਜਿੱਥੇ ਕਿਸੇ ਸਾਧਨਹੀਣ, ਸਿਹਤਮੰਦ ਵਿਅਕਤੀ ਦਾ ਜਿਊਣਾ ਵੀ ਔਖਾ ਹੈ, ਉੱਥੇ ਯਕੀਨੀ ਤੌਰ ’ਤੇ ਗਰੀਬ ਪਰਿਵਾਰ ਦੀਆਂ ਉਕਤ ਚਾਰ ਦਿਵਿਆਂਗ ਕੁੜੀਆਂ ਦਾ ਕੀ ਹੁੰਦਾ? ਉਹ ਪੜ੍ਹੀਆਂ-ਲਿਖੀਆਂ ਸਨ। ਸ਼ਾਇਦ ਕਿਸੇ ਦੀ ਸਹੀ ਸਲਾਹ ਮਿਲੀ ਹੁੰਦੀ ਅਤੇ ਨਾਲ ਹੀ ਮਦਦ ਵੀ ਤਾਂ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਚਾਰੇ ਭੈਣਾਂ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਜਾਂਦੀਆਂ ਪਰ ਅਜਿਹਾ ਨਹੀਂ ਹੋ ਸਕਿਆ। ਇਕ ਮਜਬੂਰ ਪਿਤਾ ਨੂੰ ਆਪਣੀਆਂ ਬੇਟੀਆਂ ਦੇ ਨਾਲ ਹੀ ਆਪਣੀ ਜਾਨ ਦੇਣੀ ਵਧੇਰੇ ਢੁੱਕਵੀਂ ਲੱਗੀ। ਸਾਧਨਹੀਣਤਾ ਅਤੇ ਮਜਬੂਰੀ ਆਪਣੇ ਹੀ ਪਰਿਵਾਰਾਂ ਤੋਂ ਕੀ-ਕੀ ਕਰਵਾਉਂਦੀ ਹੈ?

ਆਂਢ-ਗੁਆਂਢ ਮੁਤਾਬਕ ਹੀਰਾ ਲਾਲ ਸ਼ਾਂਤ ਸੁਭਾਅ ਦਾ ਸੀ ਅਤੇ ਲੋਕਾਂ ਦੇ ਕੰਮ ਆਉਂਦਾ ਸੀ। ਉਸ ਦੇ ਭਰਾ ਦੀ ਪਤਨੀ ਮੁਤਾਬਕ ਅਸੀਂ ਚਾਹੁੰਦੇ ਹੋਏ ਵੀ ਉਸ ਦੇ ਪਰਿਵਾਰ ਦੀ ਮਦਦ ਨਹੀਂ ਕਰ ਸਕੇ ਕਿਉਂਕਿ ਉਸ ਨੇ ਸਭ ਨਾਲ ਸੰਪਰਕ ਖਤਮ ਕਰ ਦਿੱਤਾ ਸੀ। ਕੀ ਪਤਾ ਉਸ ਨੂੰ ਇਹ ਲੱਗਾ ਹੋਵੇ ਕਿ ਕੋਈ ਇਕ ਦਿਨ ਮਦਦ ਕਰ ਦੇਵੇਗਾ, ਦੋ ਦਿਨ ਕਰ ਦੇਵੇਗਾ, ਸਾਰੀ ਜ਼ਿੰਦਗੀ ਦਾ ਕੀ ਹੋਵੇਗਾ? ਕੌਣ ਉਸ ਦੀਆਂ ਬੇਟੀਆਂ ਦੀ ਜ਼ਿੰਮੇਵਾਰੀ ਉਠਾਏਗਾ? ਕੀ ਪਤਾ ਜੇ ਉਹ ਇਸ ਦੁਨੀਆ ’ਚ ਨਾ ਰਿਹਾ ਤਾਂ ਉਸ ਦੀਆਂ ਬੇਟੀਆਂ ਨੂੰ ਕਿਨ੍ਹਾਂ ਮੁਸ਼ਕਲਾਂ ’ਚੋਂ ਲੰਘਣਾ ਪਵੇਗਾ?

ਸਾਡੇ ਸਮਾਜ ’ਚ ਅੱਜ ਵੀ ਦਿਵਿਆਂਗਾਂ ਨੂੰ ਲੈ ਕੇ ਕੋਈ ਖਾਸ ਹਮਦਰਦੀ ਨਹੀਂ ਪਾਈ ਜਾਂਦੀ। ਉਨ੍ਹਾਂ ਨੂੰ ਕਿਸੇ ਪਾਸਿਓਂ ਕੋਈ ਮਦਦ ਨਹੀਂ ਮਿਲਦੀ। ਉਹ ਭਾਵੇਂ ਪੈਰਾ -ਓਲੰਪਿਕ ’ਚ ਢੇਰ ਸਾਰੇ ਮੈਡਲ ਜਿੱਤਦੇ ਰਹਿਣ ਪਰ ਮੌਕਿਆਂ ਦੇ ਦਰਵਾਜ਼ੇ ਅਕਸਰ ਉਨ੍ਹਾਂ ਲਈ ਨਹੀਂ ਖੁੱਲ੍ਹਦੇ। ਬਹੁਤ ਸਾਰੇ ਮੌਕੇ ਹੋਣ ਵੀ ਤਾਂ ਲੋਕਾਂ ਨੂੰ ਉਨ੍ਹਾਂ ਸਬੰਧੀ ਪਤਾ ਨਹੀਂ ਹੁੰਦਾ।

ਇਕ ਆਦਮੀ ਜੋ ਆਪਣੀਆਂ ਪ੍ਰੇਸ਼ਾਨੀਆਂ ’ਚ ਲਗਾਤਾਰ ਖਾਮੋਸ਼ ਅਤੇ ਇਕੱਲਾ ਹੁੰਦਾ ਗਿਆ, ਕੀ ਪਤਾ ਜੇ ਕਿਸੇ ਨਾਲ ਪ੍ਰੇਸ਼ਾਨੀਆਂ ਨੂੰ ਸਾਂਝਾ ਕਰਦਾ ਤਾਂ ਕੋਈ ਹੱਲ ਨਿਕਲ ਆਉਂਦਾ। ਮੁਸੀਬਤਾਂ ’ਚੋਂ ਬਾਹਰ ਨਿਕਲਣ ਸਬੰਧੀ ਸੋਚਿਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਆਪਣੀ ਜ਼ਿੰਦਗੀ ਤੋਂ ਪ੍ਰੇਸ਼ਾਨ ਆਦਮੀ ਆਪਣੇ ਆਲੇ-ਦੁਆਲੇ ਇਕ ਜਾਲਾ ਜਿਹਾ ਬੁਣ ਲੈਂਦਾ ਹੈ।

ਉਸ ਨੂੰ ਸਾਰੀ ਦੁਨੀਆ ਦੁਸ਼ਮਣ ਲੱਗਣ ਲੱਗ ਪੈਂਦੀ ਹੈ। ਉਹ ਦੁਨੀਆ ਨੂੰ ਛੱਡਣ ਬਾਰੇ ਸੋਚਣ ਲੱਗਦਾ ਹੈ। ਸੰਭਵ ਹੈ ਕਿ ਹੀਰਾ ਲਾਲ ਦੇ ਮਾਮਲੇ ’ਚ ਅਜਿਹਾ ਹੀ ਹੋਇਆ ਹੋਵੇ। ਕਿੰਨੀਆਂ ਜ਼ਿੰਦਗੀਆਂ ਆਪਣੀਆਂ ਮੁਸੀਬਤਾਂ ਨਾਲ ਜੂਝ ਨਾ ਸਕਣ ਕਾਰਨ ਹਾਰ ਮੰਨ ਲੈਂਦੀਆਂ ਹਨ ਅਤੇ ਖਤਮ ਹੋ ਜਾਂਦੀਆਂ ਹਨ। ਕੁਝ ਦਿਨ ਸਭ ਸੋਗ ’ਚ ਡੁੱਬੇ ਰਹਿੰਦੇ ਹਨ , ਫਿਰ ਜ਼ਿੰਦਗੀ ਆਮ ਵਾਂਗ ਚੱਲਣ ਲੱਗ ਪੈਂਦੀ ਹੈ।

ਕਿਵੇਂ ਉਹ ਭਰੋਸਾ ਕਾਇਮ ਹੋਵੇ ਕਿ ਬੇਸ਼ੱਕ ਸਾਡੀਆਂ ਸਮੱਸਿਆਵਾਂ ਸਾਡੀਆਂ ਹੁੰਦੀਆਂ ਹਨ ਪਰ ਦੁੱਖ ਦੇ ਸਮੇਂ ਅਜਿਹੇ ਬਹੁਤ ਸਾਰੇ ਲੋਕ ਵੀ ਮਿਲਦੇ ਹਨ ਜੋ ਮਦਦ ਲਈ ਹੱਥ ਵਧਾਉਂਦੇ ਹਨ।

ਸ਼ਮਾ ਸ਼ਰਮਾ
 


Rakesh

Content Editor

Related News