ਦਿੱਲੀ ਦੀ ਪਿਆਸ ਅਤੇ ਹੜ੍ਹ ਦੋਵਾਂ ਦਾ ਹੱਲ ਯਮੁਨਾ ’ਚ

Saturday, Jun 22, 2024 - 04:02 PM (IST)

ਦਿੱਲੀ ਦੀ ਪਿਆਸ ਅਤੇ ਹੜ੍ਹ ਦੋਵਾਂ ਦਾ ਹੱਲ ਯਮੁਨਾ ’ਚ

ਦੇਸ਼ ਦੀ ਰਾਜਧਾਨੀ ਦਿੱਲੀ ਵੀ ਅਜੀਬ ਹੈ, ਹੁਣ ਇੱਥੋਂ ਦੇ ਲੋਕਾਂ ਦੇ ਗਲੇ ਤਰ ਕਰਨ ਲਈ ਬੀਤੇ 8 ਸਾਲਾਂ ਵਾਂਗ ਫਿਰ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਅਤੇ ਹੁਣ ਹਿਮਾਚਲ ਪ੍ਰਦੇਸ਼ ਤੋਂ ਵੱਧ ਪਾਣੀ ਲਿਆ ਜਾ ਰਿਹਾ ਹੈ। ਉਡੀਕ ਕਰੋ ਇਕ ਮਹੀਨੇ ਤੋਂ ਜੋ ਅੱਖਾਂ ਆਸਮਾਨ ਵੱਲ ਇਕ-ਇਕ ਬੂੰਦ ਮੀਂਹ ਲਈ ਤਰਸ ਰਹੀਆਂ ਹਨ, ਉਹ ਕੁਦਰਤ ਦੀ ਨਿਆਮਤ ਵਰ੍ਹਦੇ ਹੀ ਇਸ ਨੂੰ ਕੋਸਦੀਆਂ ਦਿਸਣਗੀਆਂ।

ਪਾਣੀ ਤੋਂ ਬਗੈਰ ਇਸ ਵੱਡੇ ਸ਼ਹਿਰ ਦੀਆਂ ਪੂਰੀਆਂ ਸੜਕਾਂ, ਕਾਲੋਨੀਆਂ ਪਾਣੀ ਨਾਲ ਪੂਰੀ ਤਰ੍ਹਾਂ ਡੁੱਬ ਜਾਣਗੀਆਂ। ਕਦੀ ਕੋਈ ਸੋਚਦਾ ਹੀ ਨਹੀਂ ਕਿ ਦਿੱਲੀ ਦਾ ਹੜ੍ਹ ਅਤੇ ਸੋਕੇ ਦਾ ਅਸਲ ਕਾਰਨ ਤਾਂ ਕਾਲਿੰਦੀ ਦੇ ਕਿਨਾਰਿਆਂ ਦਾ ਜ਼ੁਲਮ ਹੈ, ਜਿਸ ਨੇ ਨਦੀ ਨੂੰ ਨਾਲੇ ’ਚ ਬਦਲ ਦਿੱਤਾ। ਜੇਕਰ ਸਿਰਫ ਯਮੁਨਾ ਨੂੰ ਬੇਰੋਕ-ਟੋਕ ਵਗਣ ਦਿੱਤਾ ਜਾਵੇ ਅਤੇ ਉਸ ’ਚ ਗੰਦਗੀ ਨਾ ਸੁੱਟੀ ਜਾਵੇ ਤਾਂ ਦਿੱਲੀ ਤੋਂ ਦੁੱਗਣੇ ਵੱਡੇ ਸ਼ਹਿਰਾਂ ਨੂੰ ਪਾਣੀ ਦੇਣ ਅਤੇ ਮੀਂਹ ਦੇ ਸਿਖਰ ’ਤੇ ਵੀ ਹਰ ਬੂੰਦ ਨੂੰ ਆਪਣੇ ’ਚ ਸਮੇਟ ਲੈਣ ਦੀ ਸਮਰੱਥਾ ਇਸ ’ਚ ਹੈ।

ਸਰਕਾਰੀ ਅੰਦਾਜ਼ਾ ਹੈ ਕਿ ਦਿੱਲੀ ਦੀ ਆਬਾਦੀ 3 ਕਰੋੜ 40 ਲੱਖ ਦੇ ਲਗਭਗ ਪਹੁੰਚ ਗਈ ਹੈ ਅਤੇ ਇੱਥੇ ਪਾਣੀ ਦੀ ਮੰਗ ਰੋਜ਼ਾਨਾ 1290 ਮਿਲੀਅਨ ਗੈਲਨ (ਐੱਮ. ਐੱਲ. ਡੀ.) ਹੈ ਜਦਕਿ ਮੁਹੱਈਆ ਪਾਣੀ ਸਿਰਫ 900 ਐੱਮ. ਐੱਲ. ਡੀ. ਹੈ। ਇਸ ’ਚੋਂ ਲਗਭਗ ਅੱਧੇ ਪਾਣੀ ਦਾ ਸਰੋਤ ਯਮੁਨਾ ਹੀ ਹੈ, ਬਾਕੀ ਪਾਣੀ ਉਪਰੀ ਗੰਗਾ ਨਹਿਰ, ਭਾਖੜਾ ਡੈਮ ਆਦਿ ਤੋਂ ਆਉਂਦਾ ਹੈ। ਵੱਡੀ ਮਾਤਰਾ ’ਚ ਜ਼ਮੀਨ ਦੀ ਕੁੱਖ ਖੋਦ ਕੇ ਵੀ ਪਾਣੀ ਦੀ ਸਪਲਾਈ ਹੁੰਦੀ ਹੈ।

ਦਿੱਲੀ ’ਚ ਯਮੁਨਾ ਨੂੰ ਜਿਊਂਦਾ ਕਰਨ ਲਈ ਲਗਭਗ 4 ਦਹਾਕਿਆਂ ਤੋਂ ਕਈ ਹਜ਼ਾਰ ਕਰੋੜ ਫੂਕਣ ਦੇ ਬਾਅਦ ਵੀ ਗੰਦੇ ਨਾਲਿਆਂ ਦਾ ਉਸ ’ਚ ਡਿੱਗਣਾ ਬੰਦ ਨਹੀਂ ਹੋਇਆ। ਯਮੁਨਾ ਨਦੀ ਦਿੱਲੀ ’ਚ 48 ਕਿਲੋਮੀਟਰ ਵਗਦੀ ਹੈ। ਇਹ ਨਦੀ ਦੀ ਕੁੱਲ ਲੰਬਾਈ ਦਾ ਸਿਰਫ 2 ਫੀਸਦੀ ਹੈ, ਜਦਕਿ ਇਸ ਨੂੰ ਪ੍ਰਦੂਸ਼ਿਤ ਕਰਨ ਵਾਲੇ ਕੁੱਲ ਗੰਦੇ ਪਾਣੀ ਦਾ 71 ਫੀਸਦੀ ਅਤੇ ਬਾਇਓਕੈਮੀਕਲ ਆਕਸੀਜਨ ਡਿਮਾਂਡ ਭਾਵ ਬੀ. ਓ. ਡੀ. ਦਾ 55 ਫੀਸਦੀ ਇੱਥੋਂ ਇਸ ’ਚ ਘੁਲਦਾ ਹੈ।

ਅੰਦਾਜ਼ਾ ਹੈ ਕਿ ਦਿੱਲੀ ’ਚ ਹਰ ਰੋਜ਼ 3297 ਐੱਮ. ਐੱਲ. ਡੀ. ਗੰਦਾ ਪਾਣੀ ਅਤੇ 132 ਟਨ ਬੀ. ਓ. ਡੀ. ਯਮੁਨਾ ’ਚ ਘੁਲਦਾ ਹੈ। ਦਿੱਲੀ ’ਚ ਇਕੱਲੇ ਯਮੁਨਾ ਤੋਂ 724 ਮਿਲੀਅਨ ਘਣਮੀਟਰ ਪਾਣੀ ਆਉਂਦਾ ਹੈ ਪਰ ਇਸ ’ਚੋਂ 580 ਮਿਲੀਅਨ ਘਣਮੀਟਰ ਪਾਣੀ ਹੜ੍ਹ ਦੇ ਰੂਪ ’ਚ ਇੱਥੋਂ ਵਗ ਵੀ ਜਾਂਦਾ ਹੈ। ਫਰਵਰੀ 2014 ਦੇ ਆਖਰੀ ਹਫਤੇ ’ਚ ਹੀ ਸ਼ਰਦ ਯਾਦਵ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਜੋ ਕਿਹਾ ਸੀ, ਉਹ ਅੱਜ 10 ਸਾਲ ਬਾਅਦ ਵੀ ਜਿਉਂ ਦਾ ਤਿਉਂ ਹੈ। ਰਿਪੋਰਟ ’ਚ ਦਰਜ ਹੈ ਕਿ ਯਮੁਨਾ ਦੀ ਸਫਾਈ ਦੇ ਨਾਂ ’ਤੇ ਖਰਚੇ 6500 ਕਰੋੜ ਰੁਪਏ ਬੇਕਾਰ ਹੀ ਗਏ ਹਨ ਕਿਉਂਕਿ ਨਦੀ ਪਹਿਲਾਂ ਤੋਂ ਵੀ ਵੱਧ ਗੰਦੀ ਹੋ ਚੁੱਕੀ ਹੈ। ਕਮੇਟੀ ਨੇ ਇਹ ਵੀ ਕਿਹਾ ਕਿ ਦਿੱਲੀ ਦੇ 3 ਨਾਲਿਆਂ ’ਤੇ ਇੰਟਰਸੈਪਟਰ ਸੀਵਰ ਲਗਾਉਣ ਦਾ ਕੰਮ ਅਧੂਰਾ ਹੈ। ਤ੍ਰਾਸਦੀ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਚਿਤਾਵਨੀਆਂ, ਰਿਪੋਰਟਾਂ ਨਾ ਤਾਂ ਸਰਕਾਰ ਅਤੇ ਨਾ ਹੀ ਸਮਾਜ ਨੂੰ ਜਾਗਰੂਕ ਕਰ ਸਕੀਆਂ ਹਨ।

ਦਿੱਲੀ ’ਚ ਯਮੁਨਾ ਦੇ ਸੰਕਟ ਦਾ ਕਾਰਨ ਸਿਰਫ ਗੰਦਗੀ ਮਿਲਣਾ ਹੀ ਨਹੀਂ ਹੈ, ਇੱਥੇ ਨਦੀ ਗਾਦ ਅਤੇ ਕੂੜੇ ਦੇ ਕਾਰਨ ਇੰਨੀ ਉੱਚੀ-ਨੀਵੀਂ ਹੋ ਗਈ ਹੈ ਕਿ ਜੇ ਸਿਰਫ ਇਕ ਲੱਖ ਕਿਊਸਿਕ ਪਾਣੀ ਆ ਜਾਵੇ ਤਾਂ ਇਸ ’ਚ ਹੜ੍ਹ ਆ ਜਾਂਦਾ ਹੈ। ਨਦੀ ਦੀ ਪਾਣੀ ਹਾਸਲ ਕਰਨ ਦੀ ਸਮਰੱਥਾ ਨੂੰ ਘਟਾਉਣ ’ਚ ਵੱਡੀ ਮਾਤਰਾ ’ਚ ਇਕੱਠੀ ਹੋਈ ਗਾਰ (ਸਿਲਟ, ਰੇਤ, ਸੀਵਰੇਜ, ਪੂਜਾ-ਪਾਠ ਸਮੱਗਰੀ, ਮਲਬਾ ਅਤੇ ਹਰ ਤਰ੍ਹਾਂ ਦੇ ਕਚਰੇ) ਦਾ ਯੋਗਦਾਨ ਹੈ। ਨਦੀ ਦੀ ਡੂੰਘਾਈ ਘੱਟ ਹੋਈ ਤਾਂ ਇਸ ’ਚ ਪਾਣੀ ਵੀ ਘੱਟ ਆਉਂਦਾ ਹੈ।

ਆਜ਼ਾਦੀ ਦੇ 77 ਸਾਲਾਂ ’ਚ ਕਦੀ ਵੀ ਨਦੀ ਦੀ ਗਾਰ ਸਾਫ ਕਰਨ ਦੀ ਕੋਈ ਕੋਸ਼ਿਸ਼ ਹੋਈ ਹੀ ਨਹੀਂ ਜਦਕਿ ਨਦੀ ’ਚ ਕਈ ਗੈਰ-ਕਾਨੂੰਨੀ ਨਿਰਮਾਣ ਪ੍ਰਾਜੈਕਟਾਂ ਦੇ ਮਲਬੇ ਨੂੰ ਸੁੱਟਣ ਤੋਂ ਰੋਕਣ ’ਚ ਐੱਨ. ਜੀ. ਟੀ. ਦੇ ਹੁਕਮ ਅਸਫਲ ਰਹੇ ਹਨ। ਸੰਨ 1994 ਤੋਂ ਲੈ ਕੇ ਹੁਣ ਤੱਕ ਯਮੁਨਾ ਐਕਸ਼ਨ ਪਲਾਨ ਦੇ 3 ਪੜਾਅ ਆ ਚੁੱਕੇ ਹਨ। ਹਜ਼ਾਰਾਂ ਕਰੋੜ ਰੁਪਏ ਖਰਚ ਹੋ ਚੁੱਕੇ ਹਨ ਪਰ ਯਮੁਨਾ ’ਚ ਡਿੱਗਣ ਵਾਲੇ ਦਿੱਲੀ ਦੇ 21 ਨਾਲਿਅਾਂ ਦੀ ਗਾਰ ਵੀ ਅਜੇ ਤੱਕ ਨਹੀਂ ਰੋਕੀ ਜਾ ਸਕੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਹੁਕਮ ਵੀ ਵਿਅਰਥ ਹੀ ਸਾਬਿਤ ਹੋ ਰਹੇ ਹਨ।

ਇਕ ਗੱਲ ਹੋਰ, ਦਿੱਲੀ ’ਚ ਯਮੁਨਾ ਦੇ ਖਤਰੇ ਦਾ ਨਿਸ਼ਾਨ 204.8 ਮੀਟਰ ਅਤੇ ਚਿਤਾਵਨੀ ਦਾ ਨਿਸ਼ਾਨ 204 ਮੀਟਰ ਹੁਣ ਪ੍ਰਾਸੰਗਿਕ ਨਹੀਂ ਹੈ। ਇਹ ਤਾਂ ਅੰਗ੍ਰੇਜ਼ ਸਰਕਾਰ ਨੇ ਉਦੋਂ ਨਿਰਧਾਰਿਤ ਕੀਤਾ ਸੀ ਜਦੋਂ ਯਮੁਨਾ ਦਾ ਵਹਾਅ ਅਤੇ ਹਾਥੀ ਡੁੱਬਾ ਡੂੰਘਾਈ ਅੱਜ ਦੇ ਮਯੂਰ ਵਿਹਾਰ, ਗਾਂਧੀ ਨਗਰ, ਓਖਲਾ, ਅਕਸ਼ਰਧਾਮ ਤੱਕ ਹੁੰਦੀ ਸੀ। ਇਕ ਪਾਸੇ ਨਦੀ ਦੀ ਚੌੜਾਈ ਘੱਟ ਕੀਤੀ ਗਈ ਤਾਂ ਦੂਜੇ ਪਾਸੇ ਡੂੰਘਾਈ ’ਚ ਗਾਰ ਰੋੜ੍ਹ ਦਿੱਤੀ। ਇਸ ਤਰ੍ਹਾਂ ਜੀਵਨ ਦੇਣ ਵਾਲੇ ਪਵਿੱਤਰ ਪਾਣੀ ਦੇ ਰਾਹ ਨੂੰ ਕੂੜਾ ਢੋਹਣ ਦੀ ਧਾਰ ਬਣਾ ਦਿੱਤਾ ਗਿਆ।

ਬਦਕਿਸਮਤੀ ਹੈ ਕਿ ਕੋਈ ਵੀ ਸਰਕਾਰ ਦਿੱਲੀ ’ਚ ਆਬਾਦੀ ਨੂੰ ਵਧਣ ਤੋਂ ਰੋਕਣ ’ਤੇ ਕੰਮ ਨਹੀਂ ਕਰ ਰਹੀ ਅਤੇ ਇਸ ਦਾ ਖਮਿਆਜ਼ਾ ਵੀ ਯਮੁਨਾ ਨੂੰ ਝੱਲਣਾ ਪੈ ਰਿਹਾ ਹੈ। ਹਾਲਾਂਕਿ ਇਸ ਦੀ ਮਾਰ ਉਸੇ ਆਬਾਦੀ ਨੂੰ ਪੈ ਰਹੀ ਹੈ। ਇਹ ਸਾਰੇ ਜਾਣਦੇ ਹਨ ਕਿ ਦਿੱਲੀ ਵਰਗੇ ਵਿਸ਼ਾਲ ਆਬਾਦੀ ਵਾਲੇ ਇਲਾਕੇ ’ਚ ਹਰ ਘਰ ਪਾਣੀ ਅਤੇ ਮੁਫਤ ਪਾਣੀ ਇਕ ਵੱਡਾ ਚੋਣ ਦਾ ਮੁੱਦਾ ਹੈ।

ਮਸਲਾ ਆਬਾਦੀ ਨੂੰ ਵਸਾਉਣ ਦਾ ਹੋਵੇ ਜਾਂ ਉਸ ਲਈ ਸਹੀ ਆਵਾਜਾਈ ਲਈ ਪੁਲ ਜਾਂ ਮੈਟਰੋ ਬਣਾਉਣ ਦਾ, ਹਰ ਵਾਰ ਯਮੁਨਾ ਦੀ ਧਾਰਾ ਵਿਚਕਾਰ ਹੀ ਖੰਭੇ ਗੱਡੇ ਜਾ ਰਹੇ ਹਨ। ਵਜ਼ੀਰਾਬਾਦ ਅਤੇ ਔਖਲਾ ਦਰਮਿਆਨ ਯਮੁਨਾ ਦੇ ਕੁੱਲ 22 ਪੁਲ ਬਣ ਚੁੱਕੇ ਹਨ ਅਤੇ 4 ਨਿਰਮਾਣ ਅਧੀਨ ਹਨ ਅਤੇ ਇਨ੍ਹਾਂ ਸਾਰਿਆਂ ਨੇ ਯਮੁਨਾ ਦੇ ਕੁਦਰਤੀ ਪ੍ਰਵਾਹ, ਡੂੰਘਾਈ ਅਤੇ ਚੌੜਾਈ ਦਾ ਨੁਕਸਾਨ ਕੀਤਾ ਹੈ।

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੀ ਇਕ ਖੋਜ ਮੁਤਾਬਕ ਯਮੁਨਾ ਦੇ ਹੜ੍ਹ ਖੇਤਰ ’ਚ 600 ਤੋਂ ਵੱਧ ਵੈੱਟਲੈਂਡ ਅਤੇ ਜਲ ਨਿਕਾਸ ਸਨ ਪਰ ਉਨ੍ਹਾਂ ’ਚੋਂ 60 ਫੀਸਦੀ ਤੋਂ ਵੱਧ ਹੁਣ ਸੁੱਕੇ ਹਨ। ਇਹ ਮੀਂਹ ਦੇ ਪਾਣੀ ਨੂੰ ਸਾਰਾ ਸਾਲ ਸੰਭਾਲ ਕੇ ਰੱਖਦੇ ਪਰ ਹੁਣ ਇਨ੍ਹਾਂ ਤੋਂ ਸ਼ਹਿਰ ’ਚ ਹੜ੍ਹ ਆਉਣ ਦਾ ਖਤਰਾ ਹੈ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਯਮੁਨਾ ਹੜ੍ਹ ਵਾਲੇ ਇਲਾਕੇ ’ਚ ਯਮੁਨਾ ਨਾਲ ਜੁੜੀਆਂ ਕਈ ਪਾਣੀ ਦੀਆਂ ਤਿਜੌਰੀਆਂ ਦਾ ਸੰਪਰਕ ਬੰਨ੍ਹਾਂ ਕਾਰਨ ਨਦੀ ਨਾਲੋਂ ਟੁੱਟ ਗਿਆ। ਦਿੱਲੀ ਵੱਸੀ ਹੀ ਇਸ ਲਈ ਸੀ ਕਿਉਂਕਿ ਇੱਥੇ ਯਮੁਨਾ ਵਗਦੀ ਸੀ, ਇਸ ਲਈ ਸਮਝ ਲਓ ਕਿ ਦਿੱਲੀ ਬਚੇਗੀ ਵੀ ਉਦੋਂ ਹੀ ਜਦੋਂ ਯਮੁਨਾ ਬੇਰੋਕ ਵਗੇਗੀ। ਦਿੱਲੀ ਦੀ ਪਿਆਸ ਅਤੇ ਹੜ੍ਹ ਦੋਵਾਂ ਦਾ ਹੱਲ ਯਮੁਨਾ ’ਚ ਹੀ ਹੈ।

ਪੰਕਜ ਚਤੁਰਵੇਦੀ


author

Tanu

Content Editor

Related News