ਸੱਪ ਨੇ ਡੰਗਿਆ, ਡਾਕਟਰ ਕੋਲ ਪਹੁੰਚੀਆਂ ਮਾਵਾਂ-ਧੀਆਂ, ਨਾਲ ਜਿਊਂਦਾ ਸੱਪ ਵੀ ਲੈ ਆਈਆਂ

07/15/2019 6:37:54 AM

ਐੱਚ. ਮਿੱਤਰਾ
ਜੇਕਰ ਸੱਪ ਡੰਗ ਮਾਰ ਦੇਵੇ ਤਾਂ ਤੁਸੀਂ ਕੀ ਕਰੋਗੇ? ਮੁੰਬਈ ਦੇ ਧਾਰਾਵੀ ਡਿਪੋ ਦੀ ਸੋਨੇਰੀ ਚਾਲ ’ਚ ਰਹਿਣ ਵਾਲੀ ਔਰਤ ਅਤੇ ਉਸ ਦੀ ਬੇਟੀ ਨੂੰ ਐਤਵਾਰ ਨੂੰ ਇਕ ਸੱਪ ਨੇ ਡੰਗ ਲਿਆ। ਉਹ ਔਰਤ ਆਪਣੀ ਧੀ ਦੇ ਨਾਲ ਇਲਾਜ ਲਈ ਤੁਰੰਤ ਸਾਯਨ ਹਸਪਤਾਲ ਪਹੁੰਚੀ ਪਰ ਡਾਕਟਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਹ ਦੋਵੇਂ ਆਪਣੇ ਨਾਲ ਉਸ ਜਿਊਂਦੇ ਸੱਪ ਨੂੰ ਵੀ ਲਿਆਈਆਂ ਸਨ, ਜਿਸ ਨੇ ਉਨ੍ਹਾਂ ਨੂੰ ਡੰਗਿਆ ਸੀ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਨਾਲ ਡਾਕਟਰਾਂ ਨੂੰ ਸਹੀ ਐਂਟੀ-ਵੇਨਮ ਜਾਂ ਜ਼ਹਿਰ ਰੋਕੂ ਇੰਜੈਕਸ਼ਨ ਲੱਭਣ ’ਚ ਮਦਦ ਮਿਲੇਗੀ। ਸੁਲਤਾਨਾ ਖਾਨ (34) ਨੇ ਦੱਸਿਆ, ‘‘ਐਤਵਾਰ ਨੂੰ ਸਵੇਰੇ 11 ਵਜੇ ਦੇ ਨੇੜੇ-ਤੇੜੇ ਜਦੋਂ ਤਹਿਸੀਨ (18) ਅਤੇ ਪਰਿਵਾਰ ਦੇ ਦੂਜੇ ਲੋਕ ਨਾਸ਼ਤਾ ਕਰ ਰਹੇ ਸਨ, ਉਸੇ ਸਮੇਂ ਸੱਪ ਘਰ ਵਿਚ ਦਾਖਲ ਹੋਇਆ ਅਤੇ ਉਸ ਨੇ ਤਹਿਸੀਨ ਨੂੰ ਡੰਗ ਮਾਰ ਦਿੱਤਾ। ਇਹ ਦੇਖ ਕੇ ਸਭ ਘਬਰਾ ਗਏ। ਮੈਂ ਤੁਰੰਤ ਸੱਪ ਨੂੰ ਉਸ ਦੇ ਹੱਥੋਂ ਖਿੱਚਿਆ ਪਰ ਇਸੇ ਦੌਰਾਨ ਉਸ ਨੇ ਮੈਨੂੰ ਵੀ ਉਂਗਲਾਂ ਵਿਚ ਡੰਗ ਮਾਰਿਆ।’’

ਸੱਪ ਦੀ ਪਛਾਣ ਲਈ

ਇਸ ਤੋਂ ਬਾਅਦ ਸੁਲਤਾਨਾ ਨੇ ਸੱਪ ਨੂੰ ਛੱਡਿਆ ਨਹੀਂ, ਸਗੋਂ ਫੜੀ ਰੱਖਿਆ ਅਤੇ ਟੈਕਸੀ ਬੁਲਾ ਕੇ ਆਪਣੀ ਬੇਟੀ ਨਾਲ ਹਸਪਤਾਲ ਪਹੁੰਚੀ। ਉਹ ਆਪਣੇ ਨਾਲ ਸੱਪ ਨੂੰ ਇਸ ਲਈ ਲਿਆਈ ਸੀ ਕਿਉਂਕਿ ਇਕ ਵਾਰ ਜਦੋਂ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੂੰ ਸੱਪ ਨੇ ਡੰਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਕਿਹਾ ਸੀ ਕਿ ਜੇਕਰ ਸੱਪ ਦੀ ਸਹੀ ਪਛਾਣ ਹੋ ਜਾਵੇ ਤਾਂ ਉਸ ਦੇ ਲਈ ਐਂਟੀ-ਵੇਨਮ ਚੁਣਨ ’ਚ ਆਸਾਨੀ ਹੁੰਦੀ ਹੈ। ਸੁਲਤਾਨਾ ਕਹਿੰਦੀ ਹੈ, ‘‘ਮੈਨੂੰ ਉਹ ਘਟਨਾ ਯਾਦ ਸੀ, ਮੈਂ ਸੱਪ ਨੂੰ ਇਸ ਲਈ ਫੜ ਕੇ ਲਿਆਈ ਤਾਂ ਕਿ ਉਸ ਨੂੰ ਪਛਾਣਨ ’ਚ ਦੇਰ ਨਾ ਹੋ ਜਾਵੇ।’’

ਅਜਿਹਾ ਕਰਨਾ ਗੈਰ-ਜ਼ਰੂਰੀ

ਪਰ ਸਾਯਨ ਹਸਪਤਾਲ ਦੇ ਡੀਨ ਇੰਚਾਰਜ ਡਾ. ਪ੍ਰਮੋਦ ਇੰਗਲੇ ਕਹਿੰਦੇ ਹਨ ਕਿ ਇਸ ਦੀ ਬਿਲਕੁਲ ਵੀ ਲੋੜ ਨਹੀਂ ਸੀ। ਡਾ. ਇੰਗਲੇ ਨੇ ਦੱਸਿਆ, ‘‘ਬੇਸ਼ੱਕ ਸੱਪ ਕਿਸੇ ਵੀ ਕਿਸਮ ਦਾ ਹੋਵੇ, ਉਸ ਦੇ ਇਲਾਜ ਦਾ ਤਰੀਕਾ ਇਕੋ ਜਿਹਾ ਹੁੰਦਾ ਹੈ। ਹੁਣ ਇਕ ਯੂਨੀਵਰਸਲ ਐਂਟੀ ਸਨੇਕ ਵੇਨਮ ਇੰਜੈਕਸ਼ਨ ਆਉਂਦਾ ਹੈ, ਜੋ ਹਰੇਕ ਤਰ੍ਹਾਂ ਦੇ ਸੱਪ ਦੇ ਡੰਗ ’ਚ ਅਸਰ ਕਰਦਾ ਹੈ। ਦੋਵਾਂ ਮਾਂ ਅਤੇ ਧੀ ਨੂੰ ਉਸ ਦੇ 4-4 ਇੰਜੈਕਸ਼ਨ ਲਗਾਏ ਗਏ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਸਾਡੀ ਦੇਖ-ਰੇਖ ਵਿਚ ਹਨ।’’ ਸੱਪ ਨੂੰ ਹਸਪਤਾਲ ਲਿਆਉਣ ਬਾਰੇ ਡਾ. ਇੰਗਲੇ ਕਹਿੰਦੇ ਹਨ, ‘‘ਇਸ ਤਰ੍ਹਾਂ ਕਿਸੇ ਸੱਪ ਨੂੰ ਲਿਆਉਣਾ ਬਹੁਤ ਖਤਰਨਾਕ ਹੈ। ਕਿਸੇ ਨੂੰ ਵੀ ਅਜਿਹਾ ਜੋਖ਼ਮ ਨਹੀਂ ਲੈਣਾ ਚਾਹੀਦਾ।’’ ਸੁਲਤਾਨਾ ਨੇ ਦੱਸਿਆ, ‘‘ਸੱਪ ਦੇ ਡੰਗ ਨਾਲ ਤਹਿਸੀਨ ਦਾ ਹੱਥ ਸੁੱਜ ਗਿਆ ਸੀ, ਉਸ ਦਾ ਖੱਬਾ ਹੱਥ ਇਕਦਮ ਸੁੰਨ ਹੋ ਗਿਆ ਸੀ। ਇਲਾਜ ਦੇ ਦੌਰਾਨ ਉਸ ਨੂੰ ਦੋ ਵਾਰ ਉਲਟੀਆਂ ਵੀ ਆਈਆਂ।’’ ਖੈਰ, ਸੱਪ ਪੂਰੀ ਤਰ੍ਹਾਂ ਨਾਲ ਠੀਕ ਰਿਹਾ, ਉਸ ਨੂੰ ਜਾਨਵਰਾਂ ਦੀ ਦੇਖ-ਰੇਖ ਕਰਨ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ।
 


Bharat Thapa

Content Editor

Related News