ਭੇਡਾਂ ਤੋਂ ਉੱਨ ਲੈਣ ਲਈ ਕੀਤਾ ਜਾਂਦਾ ਹੈ ਉਨ੍ਹਾਂ ਨਾਲ ਦੁਰਵਿਵਹਾਰ

10/16/2019 1:52:24 AM

ਮੇਨਕਾ ਗਾਂਧੀ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉੱਨ ਉਦਯੋਗ ਚਰਾਗਾਹਾਂ ਵਿਚ ਉੱਛਲਦੀਆਂ-ਕੁੱਦਦੀਆਂ ਭੇਡਾਂ ਤੋਂ ਉੱਨ ਲੈਂਦਾ ਹੈ। ਇਹ ਕਿ ਕਿਸੇ ਵੀ ਪਸ਼ੂ ਨਾਲ ਦੁਰਵਿਵਹਾਰ ਜਾਂ ਉਸ ਦੀ ਹੱਤਿਆ ਨਹੀਂ ਕੀਤੀ ਜਾਂਦੀ। ਸ਼ਾਂਤ ਭੇਡਾਂ ਚੁੱਪਚਾਪ ਲਾਈਨ ’ਚ ਖੜ੍ਹੀਆਂ ਰਹਿੰਦੀਆਂ ਹਨ ਅਤੇ ਵੱਡੀ ਇਲੈਕਟ੍ਰਿਕ ਕੈਂਚੀ ਵਾਲੇ ਆਦਮੀ ਆ ਕੇ ਉਨ੍ਹਾਂ ਦੇ ਵਾਲ ਕੱਟਦੇ ਹਨ। ਇਹ ਸੱਚ ਨਹੀਂ ਹੈ।

ਪੇਟਾ ਨੇ ਭੇਡਾਂ ’ਤੇ ਹੁੰਦੇ ਤਸ਼ੱਦਦ ਨੂੰ ਕੀਤਾ ਸੀ ਉਜਾਗਰ

ਇਸ ਤੋਂ ਪਹਿਲਾਂ ਕਿ ਤੁਸੀਂ ਉੱਨ ਖਰੀਦੋ, ਆਸਟਰੇਲੀਆ ’ਚ ਮੁੱਖ ਉੱਨ ਫਾਰਮਾਂ ਦੇ ਸ਼ੀਅਰਿੰਗ ਸ਼ੈੱਡ ’ਚ ਭੇਡਾਂ ਨਾਲ ਕੀਤੇ ਜਾ ਰਹੇ ਵਤੀਰੇ ਬਾਰੇ 2017 ’ਚ ਜਾਰੀ ਪੇਟਾ ਦੀ ਵੀਡੀਓ ਦੇਖੋ। ਅੰਡਰਕਵਰ ਵੀਡੀਓ ’ਚ ਮਜ਼ਦੂਰਾਂ ਨੂੰ ਹਿੰਸਕ ਤੌਰ ’ਤੇ ਭੈਅਭੀਤ ਭੇਡਾਂ ਨੂੰ ਮੁੱਕਾ ਮਾਰਦੇ ਹੋਏ, ਉਨ੍ਹਾਂ ਦੇ ਸਿਰ ਅਤੇ ਧੌਣ ’ਤੇ ਟੱਪਦੇ ਹੋਏ ਅਤੇ ਖੜ੍ਹੇ ਹੋ ਕੇ ਉਨ੍ਹਾਂ ਦੇ ਸਿਰ ਨੂੰ ਫਰਸ਼ ’ਤੇ ਪਟਕਾਉਂਦੇ ਹੋਏ, ਕੁੱਟਦੇ ਹੋਏ ਅਤੇ ਬਿਜਲੀ ਦੇ ਕਲਿੱਪਰ ਨਾਲ ਉਨ੍ਹਾਂ ਦੇ ਸਿਰ ਨੂੰ ਫੜਦੇ ਹੋਏ ਦਿਖਾਇਆ ਗਿਆ ਸੀ। ਹਿੰਸਕ ਸ਼ੀਅਰਿੰਗ ਪ੍ਰਕਿਰਿਆ ਨੇ ਉਨ੍ਹਾਂ ਦੇ ਸਰੀਰ ’ਤੇ ਵੱਡੇ ਖੂਨੀ ਕੱਟ ਛੱਡੇ ਅਤੇ ਮਜ਼ਦੂਰਾਂ ਨੇ ਬਿਨਾਂ ਕਿਸੇ ਐਨੇਸਥੀਸੀਆ ਦੇ ਸੂਈ-ਧਾਗੇ ਨਾਲ ਖੁੱਲ੍ਹੇ ਹੋਏ ਜ਼ਖ਼ਮਾਂ ਨੂੰ ਸਿਊ ਦਿੱਤਾ। ਇਕ ਫੋਟੋਗ੍ਰਾਫਰ ਕਹਿੰਦਾ ਹੈ, ‘‘ਸ਼ੀਅਰਿੰਗ ਸ਼ੈੱਡ ਪਸ਼ੂਆਂ ਪ੍ਰਤੀ ਤਸ਼ੱਦਦ ਲਈ ਦੁਨੀਆ ’ਚ ਸਭ ਤੋਂ ਖਰਾਬ ਥਾਵਾਂ ’ਚੋਂ ਇਕ ਮੰਨਿਆ ਜਾਣਾ ਚਾਹੀਦਾ ਹੈ। ਮੈਂ ਸ਼ੀਅਰਰ ਨੂੰ ਉਸ ਦੀ ਕੈਂਚੀ ਜਾਂ ਉਸ ਦੀ ਮੁੱਠੀ ਦੇ ਨਾਲ ਭੇਡ ਦੇ ਸਰੀਰ ’ਚ ਮੁੱਕਾ ਮਾਰਦੇ ਹੋਏ ਦੇਖਿਆ ਹੈ, ਜਦੋਂ ਤਕ ਭੇਡ ਦੇ ਨੱਕ ’ਚੋਂ ਖੂਨ ਨਹੀਂ ਨਿਕਲਦਾ। ਮੈਂ ਭੇਡਾਂ ਦੇ ਅੱਧੇ ਚਿਹਰੇ ਨੂੰ ਨੋਚਿਆ ਹੋਇਆ ਦੇਖਿਆ ਹੈ।’’

ਇਸ ਤੋਂ 3 ਸਾਲ ਪਹਿਲਾਂ 2014 ’ਚ ਪੇਟਾ ਨੇ ਵੱਡੇ ਉੱਨ ਬਰਾਮਦੀ ਫਾਰਮਾਂ ’ਚ ਇਸੇ ਤਰ੍ਹਾਂ ਦੀ ਦੁਰਵਰਤੋਂ ਨੂੰ ਉਜਾਗਰ ਕੀਤਾ ਸੀ। ਕਈ ਮਾਲਕਾਂ ਅਤੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਗਈ। ਉਦਯੋਗ ਨੇ ਸੁਧਾਰ ਦਾ ਪ੍ਰਣ ਲਿਆ। ਆਸਟਰੇਲੀਆ ਦੇ ਸ਼ੀਅਰਿੰਗ ਕਾਂਟ੍ਰੈਕਟਰਜ਼ ਐਸੋਸੀਏਸ਼ਨ ਦੇ ਸਕੱਤਰ ਨੇ ਕਿਹਾ ਕਿ 2014 ਦੀ ਇਕ ਫੁਟੇਜ ਉਦਯੋਗ ਲਈ ‘ਨੀਂਦ ਤੋਂ ਜਗਾਉਣ ਵਾਲੀ’ ਸੀ ਅਤੇ ਉਨ੍ਹਾਂ ਨੇ ਜਾਨਵਰਾਂ ਪ੍ਰਤੀ ਤਸ਼ੱਦਦ ’ਤੇ ਇਕ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਲਾਗੂ ਕਰਨ ਦੀ ਸਹੁੰ ਖਾਧੀ ਸੀ। ਕੁਝ ਹਫਤਿਆਂ ਬਾਅਦ ਇਹ ਹਮੇਸ਼ਾ ਵਾਂਗ ਕਾਰੋਬਾਰ ਸੀ ਅਤੇ ਤਸ਼ੱਦਦ ਫਿਰ ਤੋਂ ਸ਼ੁਰੂ ਹੋ ਗਿਆ ਸੀ।

ਸ਼ੀਅਰਰ ਮਨੁੱਖੀ ਵਿਕਾਸ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ। ਅਨਪੜ੍ਹ, ਗੈਰ-ਸੰਵੇਦਨਸ਼ੀਲ ਫਾਰਮ ਮਜ਼ਦੂਰ, ਜਿਨ੍ਹਾਂ ਨੂੰ ਪ੍ਰਤੀ ਭੇਡ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਭੈਅਭੀਤ ਜਾਨਵਰਾਂ ਦੇ ਸੰਕਟ ਅਤੇ ਸੱਟਾਂ ਦਾ ਕਾਰਣ ਬਣਦੇ ਹਨ, ਉਨ੍ਹਾਂ ਨੇ ਬਸ ਗਿਣਤੀ ਪੂਰੀ ਕਰਨੀ ਹੁੰਦੀ ਹੈ ਅਤੇ ਉਹ ਆਪਣੀ ਮਜ਼ਦੂਰੀ ਚਾਹੁੰਦੇ ਹਨ। ਕੀ ਇਹ ਇਕੋ-ਇਕ ਅਜਿਹਾ ਦੇਸ਼ ਹੈ, ਜਿੱਥੇ ਇਸ ਤਰ੍ਹਾਂ ਦੇ ਭਿਆਨਕ ਕੰਮ ਸ਼ੀਅਰਰ ਵਲੋਂ ਕੀਤੇ ਜਾਂਦੇ ਹਨ। ਅਰਜਨਟੀਨਾ, ਚਿੱਲੀ ਅਤੇ ਸੰਯੁਕਤ ਰਾਜ ਅਮਰੀਕਾ ’ਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਦਿਖਾਈਆਂ ਗਈਆਂ ਹਨ।

ਜੇਕਰ ਉੱਨ ਦੇ ਫਾਰਮ ਇਸ ਨੂੰ ਰੋਕਣ ਨਹੀਂ ਜਾ ਰਹੇ ਹਨ ਤਾਂ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਡੇ ਵਰਗੇ ਖਪਤਕਾਰਾਂ ਉੱਤੇ ਹੈ। ਉੱਨ-ਮੁਕਤ ਹੋ ਜਾਓ। ਤੁਸੀਂ ਬਿਹਤਰ ਹਾਲਾਤ ਦੀ ਮੰਗ ਕਰਨ ਲਈ ਦੁਨੀਆ ਭਰ ਦੇ ਉੱਨ ਦੇ ਪ੍ਰਚੂਨ ਵਿਕ੍ਰੇਤਾਵਾਂ ਨੂੰ ਲਿਖ ਸਕਦੇ ਹੋ। ਤੁਸੀਂ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਨੂੰ ਸ਼ਰਮਿੰਦਾ ਕਰਨ ਦੀ ਇਕ ਪ੍ਰਕਿਰਿਆ ਸ਼ੁਰੂ ਕਰ ਸਕਦੇ ਹੋ ਪਰ ਸਾਨੂੰ ਇਕ ਹੋਰ ਤਰੀਕਾ ਦੇਖਣਾ ਚਾਹੀਦਾ ਹੈ, ਜਿਸ ਨੇ ਦੂਜੇ ਖੇਤਰ ’ਚ ਖੂਬਸੂਰਤੀ ਨਾਲ ਕੰਮ ਕੀਤਾ ਹੈ ਅਤੇ ਜਿਸ ’ਤੇ ਮੈਨੂੰ ਬਹੁਤ ਮਾਣ ਹੈ।

ਯੂਰਪ ਅਤੇ ਅਮਰੀਕਾ ਦੇ ਗਲੀਚਾ ਦਰਾਮਦਕਾਰਾਂ ’ਤੇ ਭਾਰਤ ਨਾਲ ਵਪਾਰ ਬੰਦ ਕਰਨ ਦਾ ਸੀ ਦਬਾਅ

20 ਸਾਲ ਪਹਿਲਾਂ ਯੂਰਪ ਅਤੇ ਅਮਰੀਕਾ ਦੇ ਗਲੀਚਾ ਦਰਾਮਦਕਾਰਾਂ ’ਤੇ ਭਾਰਤ ਨਾਲ ਵਪਾਰ ਬੰਦ ਕਰਨ ਦਾ ਦਬਾਅ ਸੀ ਕਿਉਂਕਿ ਸਾਡੇ ’ਤੇ ਉਨ੍ਹਾਂ ਨੂੰ ਬਚਾਉਣ ਲਈ ਛੋਟੇ ਬੱਚਿਆਂ ਦੀ ਵਰਤੋਂ ਕੀਤੇ ਜਾਣ ਦਾ ਦੋਸ਼ ਸੀ। ਮੈਂ ਸਰਕਾਰ ਵਿਚ ਨਹੀਂ ਸੀ। ਅਸੀਂ ਰਗਮਾਰਕ ਨਾਂ ਦਾ ਇਕ ਸਮੂਹ ਬਣਾਇਆ, ਵਾਰਾਣਸੀ ਅਤੇ ਭਦੋਹੀ ’ਚ ਗਏ ਅਤੇ ਇਕ-ਇਕ ਗਲੀਚਾ ਨਿਰਮਾਤਾ ਕੋਲ ਜਾ ਕੇ ਉਥੋਂ ਕੰਮ ’ਤੇ ਲਾਏ ਗਏ ਬੱਚਿਆਂ ਨੂੰ ਹਟਾਇਆ। ਅਸੀਂ ਖ਼ੁਦ ਨੂੰ ਬਿਹਾਰ ’ਚ ਉਨ੍ਹਾਂ ਦੇ ਮਾਤਾ-ਪਿਤਾ ਕੋਲ ਵਾਪਿਸ ਭੇਜ ਦਿੱਤਾ, ਜਿਥੋਂ ਉਨ੍ਹਾਂ ਨੂੰ ਅਗ਼ਵਾ ਕਰ ਕੇ ਲਿਆਂਦਾ ਗਿਆ ਸੀ। ਅਸੀਂ ਦੂਜਿਆਂ ਨੂੰ ਸਾਡੇ ਵਲੋਂ ਸਥਾਪਿਤ ਅਨਾਥ ਆਸ਼ਰਮਾਂ ਤੇ ਸਕੂਲਾਂ ਵਿਚ ਰੱਖਿਆ। ਜਦੋਂ ਤਕ ਇਹ ਕੰਮ ਖਤਮ ਹੋਇਆ, ਬੱਚੇ ਉਤਪਾਦਨ ਪ੍ਰਣਾਲੀ ਤੋਂ ਬਾਹਰ ਹੋ ਚੁੱਕੇ ਸਨ। ਗਲੀਚਾ ਬਰਾਮਦਕਾਰਾਂ ਨੇ ਇਕ ਪ੍ਰਣ ’ਤੇ ਦਸਤਖਤ ਕੀਤੇ, ਜਿਸ ’ਤੇ ਉਹ ਅੱਜ ਤਕ ਕਾਇਮ ਹਨ ਕਿ ਉਹ ਫਿਰ ਕਦੇ ਉਨ੍ਹਾਂ ਦੀ ਵਰਤੋਂ ਨਹੀਂ ਕਰਨਗੇ। ਫਿਰ ਉਨ੍ਹਾਂ ਨੂੰ ਸਾਡੇ ਕੋਲੋਂ ਰਗਮਾਰਕ ਦਾ ਲੇਬਲ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਅਤੇ ਜਰਮਨੀ ਨੇ ਲੇਬਲ ਨੂੰ ਉਤਸ਼ਾਹ ਦੇਣ ਦਾ ਬੀੜਾ ਚੁੱਕਿਆ, ਜਿਸ ਦਾ ਮਤਲਬ ਸੀ ਬਾਲ ਮਜ਼ਦੂਰੀ ਤੋਂ ਮੁਕਤ। ਜਲਦ ਹੀ ਪਾਕਿਸਤਾਨ ਤੇ ਨੇਪਾਲ ਨੇ ਵੀ ਇਹ ਲੇਬਲ ਅਪਣਾਇਆ। ਇਸ ਲੇਬਲ ਲਈ ਭੁਗਤਾਨ ਵਿਦੇਸ਼ੀ ਦਰਾਮਦਕਾਰਾਂ ਵਲੋਂ ਕੀਤਾ ਗਿਆ ਸੀ। ਉਸ ਸਮੇਂ ਪ੍ਰਤੀ ਲੇਬਲ ਇਕ ਰੁਪਏ ਅਤੇ ਇਹ ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦੀ ਸਕੂਲੀ ਸਿੱਖਿਆ ਲਈ ਜਾਂਦਾ ਸੀ। ਰਗਮਾਰਕ ਨੇ ਇਕ ਨੈਤਿਕ ਸਮੱਸਿਆ ਦਾ ਹੱਲ ਕੀਤਾ ਅਤੇ ਉਦਯੋਗ ਇਕ ਇੱਛੁਕ ਸਹਿਯੋਗਕਰਤਾ ਸੀ।

ਸਾਨੂੰ ਅਜਿਹੇ ਹੀ ਕਿਸੇ ਲੇਬਲ ਦੇ ਨਾਲ ਇਸ ਸਮੱਸਿਆ ਦਾ ਹੱਲ ਕਰਨ ਦੀ ਲੋੜ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਉੱਨ ਦੇ ਸਭ ਤੋਂ ਵੱਡੇ ਬਰਾਮਦਕਾਰ ਹਨ। ਇਕੱਲੇ ਆਸਟਰੇਲੀਆ ’ਚ ਸੰਸਾਰਕ ਉੱਨ ਉਤਪਾਦਨ ਦਾ 1/5 ਹਿੱਸਾ ਪੈਦਾ ਹੁੰਦਾ ਹੈ। ਭਾਰਤ ਆਸਟਰੇਲੀਆ ਤੋਂ ਉੱਨ ਦੇ ਉੱਚ ਦਰਾਮਦਕਾਰਾਂ ’ਚੋਂ ਇਕ ਹੈ। 60 ਫੀਸਦੀ ਚੀਨ ਵਲੋਂ ਦਰਾਮਦ ਕੀਤੀ ਜਾਂਦੀ ਹੈ (ਅਤੇ ਉਹ ਤਸ਼ੱਦਦ ਬਾਰੇ ਕੋਈ ਪਰਵਾਹ ਨਹੀਂ ਕਰਦੇ)। ਉਹ ਸਭ ਤੋਂ ਖਰਾਬ ਉੱਨ ਖਰੀਦਦੇ ਹਨ, ਫਿਰ 20 ਫੀਸਦੀ ਨਾਲ ਇਟਲੀ ਆਉਂਦਾ ਹੈ। ਉਹ ਅਰਮਾਨੀ ਵਰਗੇ ਵੱਡੇ ਫੈਸ਼ਨ ਡਿਜ਼ਾਈਨਰਾਂ ਲਈ ਖਰੀਦਦੇ ਹਨ। ਅਸੀਂ 15 ਤੋਂ 18 ਫੀਸਦੀ ਦੇ ਨਾਲ ਸਭ ਤੋਂ ਵੱਡੇ ਦਰਾਮਦਕਾਰ ਹਾਂ ਅਤੇ ਹਰ ਸਾਲ 17 ਫੀਸਦੀ ਦੀ ਦਰ ਨਾਲ ਵਧ ਰਹੇ ਹਾਂ। 2018 ’ਚ ਆਸਟਰੇਲੀਆ ਨੇ ਭਾਰਤ ਨੂੰ 152 ਮਿਲੀਅਨ ਡਾਲਰ ਮੁੱਲ (41.47 ਮਿਲੀਅਨ ਕਿਲੋਗ੍ਰਾਮ) ਦੀ ਉੱਨ ਦੀ ਬਰਾਮਦ ਕੀਤੀ। ਅਸੀਂ ਗਲੀਚੇ ਦੀ ਉੱਨ, ਚਿਕਨਾ ਉੱਨ, ਖੁਸ਼ਬੂ ਵਾਲੀ ਉੱਨ, ਕਤਰਨੀ ਉੱਨ, ਟੈਨਰੀ ਉੱਨ, ਭੇਡ ਦੇ ਬੱਚੇ ਦੀ ਉੱਨ, ਮੈਰੀਨੋ ਉੱਨ ਦੀ ਦਰਾਮਦ ਕਰਦੇ ਹਾਂ।

ਅਸੀਂ ਇਸ ਉੱਨ ਦੀ ਵਰਤੋਂ ਗਲੀਚੇ, ਹੈਂਡਲੂਮ ਕੱਪੜੇ, ਯਾਰਨ, ਹੌਜ਼ਰੀ ਅਤੇ ਨਿੱਟਵੇਅਰ-ਕਾਰਡਿੰਗਸ, ਪੁਲਓਵਰ, ਜੁਰਾਬਾਂ, ਦਸਤਾਨੇ, ਮਫਲਰ ਅਤੇ ਸੂਟ ਮਟੀਰੀਅਲ ਬਣਾਉਣ ਲਈ ਕਰਦੇ ਹਾਂ।

ਨੈਤਿਕਤਾ ਭਰੀ ਉੱਨ ਦਾ ਲੇਬਲ ਵਿਕਸਿਤ ਕਰਨ ਦੀ ਲੋੜ

ਭਾਰਤ ਦੇ ਉੱਨ ਉਦਯੋਗਪਤੀਆਂ ਨੂੰ ਇਕ ਅਜਿਹਾ ਲੇਬਲ ਵਿਕਸਿਤ ਕਰਨ ਦੀ ਲੋੜ ਹੈ, ਜੋ ਇਸ ਨੂੰ ਨੈਤਿਕਤਾ ਭਰੀ ਉੱਨ ਕਹੇ। ਖਪਤਕਾਰਾਂ ਨੂੰ ਹੁਣ ਨੈਤਿਕ ਤੌਰ ’ਤੇ ਉੱਚਿਤ ਮਜ਼ਦੂਰੀ ਦਾ ਭੁਗਤਾਨ ਨਾ ਕਰ ਕੇ ਬਣਾਈਆਂ ਗਈਆਂ ਚੀਜ਼ਾਂ ਨੂੰ ਖਰੀਦਣ ’ਤੇ ਇਤਰਾਜ਼ ਹੈ। ਲੱਖਾਂ ਲੋਕ ਸ਼ਾਕਾਹਾਰੀ ਹੋ ਗਏ ਹਨ, ਜ਼ਿਆਦਾਤਰ ਡਿਜ਼ਾਈਨਰਾਂ ਨੇ ਫਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਉੱਨ ਵਾਸਤੇ ਤਸ਼ਦੱਦ ਲਈ ਇਸ ਨਵੀਂ ਨੈਤਿਕਤਾ ਅਤੇ ਰੁਚੀ ਨੂੰ ਕਿਉਂ ਨਾ ਲਾਗੂ ਕੀਤਾ ਜਾਵੇ? ਪੈਟਾਗੋਨੀਆ ਵਰਗੀਆਂ ਕੰਪਨੀਆਂ ਨੇ ਪਹਿਲਾਂ ਤੋਂ ਹੀ ਆਮ ਬਾਜ਼ਾਰ ਤੋਂ ਉੱਨ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ ਅਤੇ ਇਸ ਨੂੰ ਸਿਰਫ ਉਨ੍ਹਾਂ ਉੱਨ ਫਾਰਮਾਂ ਤੋਂ ਖਰੀਦਦੀ ਹੈ, ਜਿੱਥੇ ਨੈਤਿਕਤਾ ਭਰਿਆ ਵਤੀਰਾ ਕੀਤਾ ਜਾਂਦਾ ਹੋਵੇ।

ਸਾਡੀਆਂ ਕੰਪਨੀਆਂ ਨੂੰ ਉਨ੍ਹਾਂ ਫਾਰਮਾਂ ਤੋਂ ਉੱਨ ਖਰੀਦਣ ਤੋਂ ਇਨਕਾਰ ਕਰਨਾ ਚਾਹੀਦਾ ਹੈ, ਜਿਨ੍ਹਾਂ ਵਿਚ ਵਾਲ ਕੱਟਣ ਦੇ ਘਿਨਾਉਣੇ ਵਤੀਰੇ ਮੌਜੂਦ ਹਨ। ਮੁਲੇਸਿੰਗ ਨਾਂ ਦਾ ਇਕ ਘਿਨਾਉਣਾ ਵਤੀਰਾ ਮੌਜੂਦ ਹੈ। ਭੇਡਾਂ ਨੂੰ ਆਪਣੇ ਸਰੀਰ ’ਤੇ ਵੱਧ ਤੋਂ ਵੱਧ ਉੱਨ ਵਧਾਉਣ ਲਈ ਪਾਲ਼ਿਆ ਜਾਂਦਾ ਹੈ–ਕੁਝ ਚੱਲ ਵੀ ਨਹੀਂ ਸਕਦੀਆਂ ਹਨ। ਕਿਉਂਕਿ ਭੇਡ ਦੇ ਵਾਲ ਤੇਲ ਵਾਲੇ ਹੁੰਦੇ ਹਨ ਅਤੇ ਗੁਦਾ ਦੇ ਆਸ–ਪਾਸ ਦਾ ਖੇਤਰ ਗਰਮ ਹੁੰਦਾ ਹੈ ਅਤੇ ਮਲ-ਮੂਤਰ ਨਾਲ ਭਰਿਆ ਹੁੰਦਾ ਹੈ। ਕਦੇ-ਕਦੇ ਬਲੋਫਲਾਈ ਚਮੜੀ ’ਤੇ ਆਪਣੇ ਆਂਡੇ ਦੇ ਦਿੰਦੀ ਹੈ ਅਤੇ ਲਾਰਵਾ ਭੇਡ ਦੇ ਟਿਸ਼ੂ ’ਤੇ ਪਲ਼ਦਾ ਹੈ। ਇਹ ਨਿਸ਼ਚਿਤ ਤੌਰ ’ਤੇ ਭੇਡ ਨੂੰ ਬੀਮਾਰ ਕਰਦਾ ਹੈ ਅਤੇ ਵਾਲਾਂ ਦੀ ਗੁਣਵੱਤਾ ਖਰਾਬ ਹੁੁੰਦੀ ਹੈ। ਇਸ ’ਤੇ ਉਦਯੋਗ ਜੋ ਕਰਦਾ ਹੈ, ਉਹ ਹੋਰ ਵੀ ਬੁਰਾ ਹੈ। ਉਹ ਬਿਨਾਂ ਐਨੇਸਥੀਸੀਆ ਦੇ ਭੇਡ ਦੇ ਇਸ ਹੇਠਲੇ ਹਿੱਸੇ ਤੋਂ ਚਮੜੀ ਨੂੰ ਕੱਟ ਦਿੰਦੇ ਹਨ।

ਜਦੋਂ ਦੁਨੀਆ ਨੇ ਮੁਲੇਸ ਕੀਤੀ ਹੋਈ ਉੱਨ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਤਾਂ ਆਸਟਰੇਲੀਆ ਨੇ 2004 ’ਚ ਪ੍ਰਣ ਲਿਆ ਕਿ ਉਹ 2010 ਤਕ ਇਸ ’ਤੇ ਪਾਬੰਦੀ ਲਾ ਦੇਣਗੇ। ਇਹ 2019 ਹੈ ਅਤੇ ਉਨ੍ਹਾਂ ਨੇ ਅਜੇ ਵੀ ਅਜਿਹਾ ਨਹੀਂ ਕੀਤਾ ਹੈ। ਕਈ ਕੱਪੜਾ ਕੰਪਨੀਆਂ ਨੇ ਇਸ ਪ੍ਰਕਿਰਿਆ ’ਚੋਂ ਲੰਘਣ ਵਾਲੀਆਂ ਭੇਡਾਂ ਤੋਂ ਨਿਕਲਣ ਵਾਲੀ ਉੱਨ ਦੀ ਵਰਤੋਂ ਨਾ ਕਰਨ ਦਾ ਪ੍ਰਣ ਲਿਆ ਹੈ।

ਮੈਡੀਕਲ ਦੇਖਭਾਲ ਨਾਂਹ ਦੇ ਬਰਾਬਰ

ਕਈ ਹੋਰ ਭਿਆਨਕ ਚੀਜ਼ਾਂ ਹਨ, ਜੋ ਭੇਡਾਂ ਦੇ ਨਾਲ ਹੁੰਦੀਆਂ ਹਨ। ਉਦਾਹਰਣ ਵਜੋਂ ਸ਼ਰਲੀਆ ਭੇਡ ਤੋਂ ਇਕ ਨਿਸ਼ਚਿਤ ਕਿਸਮ ਦੀ ਉੱਨ ਦਾ ਉਤਪਾਦਨ ਕਰਨ ਲਈ ਉਸ ਦਾ ਸਰੂਪ ਵਿਗਾੜਿਆ ਗਿਆ ਹੈ, ਜਿਸ ਨੇ ਉਨ੍ਹਾਂ ਨੂੰ ਅੰਨ੍ਹੀਆਂ ਅਤੇ ਚੱਲਣ ਦੇ ਅਸਮਰੱਥ ਬਣਾ ਦਿੱਤਾ ਹੈ। ਬੀਮਾਰੀ ਅਤੇ ਨਿੱਜੀ ਅਣਗਹਿਲੀ ਕਾਰਣ ਵੱਡੇ ਉੱਨ ਦੇ ਫਾਰਮਾਂ ’ਚ ਹਰ ਸਾਲ ਲੱਖਾਂ ਭੇਡਾਂ ਮਰ ਜਾਂਦੀਆਂ ਹਨ, ਜਦੋਂ ਆਜ਼ਾਦ ਘੁੰਮਣ ਵਾਲੇ ਜਾਨਵਰਾਂ ਨੂੰ ਇਕੋ ਜਗ੍ਹਾ ਤੁੰਨ ਕੇ ਰੱਖਿਆ ਜਾਂਦਾ ਹੈ। ਸਿਹਤ ਦੇਖਭਾਲ ਅਤੇ ਬੀਮਾਰੀਆਂ ਲਈ ਮੈਡੀਕਲ ਦੇਖਭਾਲ ਨਾਂਹ ਦੇ ਬਰਾਬਰ ਹੈ ਅਤੇ ਇਨ੍ਹਾਂ ਦੇ ਉਤਪਾਦਕਾਂ ਵਲੋਂ ਇਨ੍ਹਾਂ ਨੂੰ ਜੀਵਨ ਦੇ ਅਖੀਰ ’ਚ ਭੀੜ-ਭਾੜ ਵਾਲੇ ਜਹਾਜ਼ਾਂ ਰਾਹੀਂ ਮੱਧਪੂਰਬ ’ਚ ਕੱਟਣ ਲਈ ਭੇਜ ਦਿੱਤਾ ਜਾਂਦਾ ਹੈ।

ਜੇਕਰ ਅਸੀਂ ਆਪਣੇ ਲੇਬਲ ਨੂੰ ਮੁਲੇਸਿੰਗ ਰੋਕੂ ਅਤੇ ਖਰਾਬ ਢੰਗ ਨਾਲ ਵਾਲ ਉਤਾਰਨ, ਪੂਛ ਕੱਟਣ ਅਤੇ ਕੰਨ ਛੇਕਣ ਦੇ ਵਿਰੋਧ ਤਕ ਹੀ ਸੀਮਤ ਰੱਖਦੇ ਹਾਂ ਤਾਂ ਇਹ ਵੀ ਕਾਫੀ ਦੂਰਗਾਮੀ ਹੋਵੇਗਾ। ਜੇਕਰ ਸਾਡਾ ਭਾਰਤੀ ਉੱਨ ਉਦਯੋਗ ਆਸਟਰੇਲੀਆ ਵਿਚ ਕਿਸੇ ਪਸ਼ੂ ਕਲਿਆਣ ਸੰਗਠਨ ਨੂੰ ਵਿਚ-ਵਿਚ ਜਾਂਚ ਕਰਨ ਅਤੇ ਫਿਰ ਨੈਤਿਕ ਉੱਨ ਲੇਬਲ ਦੇਣ ਲਈ ਕੰਮ ’ਤੇ ਰੱਖੇਗਾ ਤਾਂ ਇਹ ਦੁਨੀਆ ਨੂੰ ਬਦਲ ਸਕਦਾ ਹੈ। ਜਦੋਂ ਭਾਰਤ ਨੇ 2014 ’ਚ ‘ਪਤੇ ਫੂਆ ਗ੍ਰਾ’ ਉੱਤੇ ਪਾਬੰਦੀ ਲਾਈ ਤਾਂ ਯੂਰਪ ਦੇ ਦਰਜਨਾਂ ਦੇਸ਼ਾਂ ਨੇ ਵੀ ਅਜਿਹਾ ਹੀ ਕੀਤਾ। ਜਦੋਂ ਅਸੀਂ ਰਗਮਾਰਕ ਸ਼ੁਰੂ ਕੀਤਾ ਅਤੇ ਬਾਲ ਮਜ਼ਦੂਰੀ ਨੂੰ ਹਟਾਇਆ ਤਾਂ ਇਸ ਦਾ ਅਸਰ ਕਈ ਉਦਯੋਗਾਂ ’ਤੇ ਪਿਆ, ਜੋ ਬਾਲ ਮਜ਼ਦੂਰੀ ਦੀ ਵਰਤੋਂ ਕਰਦੇ ਸਨ। ਨੈਤਿਕ ਉੱਨ ਨੂੰ ਇਕ ਅਸਲੀਅਤ ਬਣਾਉਣ ਦਾ ਸਮਾਂ ਆ ਗਿਆ ਹੈ।

(gandhim@nic.in)


Bharat Thapa

Content Editor

Related News