ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ

Sunday, Aug 23, 2026 - 05:14 PM (IST)

ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ

ਸਾਲ ਦੀ ਸਭ ਤੋਂ ਵੱਡੀ ਰਾਜਨੀਤਕ ਫਿਲਮ ਇਕ ਓਡਿਸੀ (ਮਹਾਕਾਵਿ ਯਾਤਰਾ) ਦੀ ਕਹਾਣੀ ਬਿਆਨ ਕਰਦੀ ਹੈ ਕਿ ਜਲਾਵਤਨ ’ਚ ਜੀਅ ਰਿਹਾ ਇਕ ਤਜਰਬੇਕਾਰ ਯੋਧਾ, ਆਪਣੇ ਪਰਿਵਾਰ ਅਤੇ ਦੇਸ਼ ਪਰਤਣ ਨੂੰ ਕਾਹਲਾ, ਕਤਲੇਆਮ, ਬਦਲੇ ਅਤੇ ਵਿਦਰੋਹ ਦੇ ਵਿਚਾਲੇ ਅਸੰਭਵ ਰੁਕਾਵਟਾਂ ਨਾਲ ਜੂਝਦੀ ਫੌਜ ਦੀ ਇਕ ਟੁਕੜੀ ਦੀ ਅਗਵਾਈ ਕਰਦਾ ਹੈ।

ਨਹੀਂ, ਇਹ ਕ੍ਰਿਸਟੋਫਰ ਨੋਲਨ ਦੀ ‘ਦਿ ਓਡਿਸੀ’ ਨਹੀਂ, ਸਗੋਂ ‘ਲਾ ਬਟਾਈਲ ਡੀ ਗੌਲ’ ਹੈ-ਚਾਰਲਸ ਡੀ ਗੌਲ ’ਤੇ ਆਧਾਰਿਤ ਦੋ ਭਾਗਾਂ ਵਾਲਾ ਦੂਜਾ ਵਿਸ਼ਵ ਯੁੱਧ ਦਾ ਇਕ ਡਰਾਮਾ, ਜਿਸ ਨੇ ਚੋਣਾਂ ਤੋਂ ਇਕ ਸਾਲ ਪਹਿਲਾਂ ਫਰਾਂਸ ’ਚ ਤਰਥੱਲੀ ਮਚਾ ਦਿੱਤੀ ਹੈ। 320 ਮਿੰਟ ਦੀ ਮਿਆਦ ਵਾਲੀ ਇਸ ਜੋੜੀਦਾਰ ਫਿਲਮ ਨੇ ਫਰਾਂਸੀਸੀ ਸਿਨੇਮਾਘਰਾਂ ’ਚ 40 ਲੱਖ ਟਿਕਟਾਂ ਵੇਚੀਆਂ ਹਨ, ਜੋ ਕਿ ਸਿਨੇਮਾ ਹਾਲ ’ਚ ਦਰਸ਼ਕਾਂ ਦੀ ਗਿਣਤੀ ’ਚ 20 ਫੀਸਦੀ ਦੀ ਵਿਆਪਕ ਵਾਪਸੀ ਦੇ ਵਿਚਾਲੇ ਤਾਕਤਵਰ ਓਡਿਸੀ ਤੋਂ ਜ਼ਿਆਦਾ ਪਿੱਛੇ ਨਹੀਂ ਹੈ। ਇਹ ਫਿਲਮ ਹੁਣ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਉਤਰਨ ਲਈ ਤਿਆਰ ਹੈ।

ਸਵਦੇਸ਼ ’ਚ ਫਿਲਮ ਦੀ ਸਫਲਤਾ ਦੇ ਕਈ ਕਾਰਨ ਹਨ, ਇਸ ਦੇ ਬੇਹੱਦ ਸ਼ਾਨਦਾਰ ਹੋਣ ਤੋਂ ਇਲਾਵਾ, ਲੋਕਾਂ ਦੁਆਰਾ ਕੀਤੀ ਗਈ ਜ਼ੁਬਾਨੀ ਤਾਰੀਫ਼ ਨੇ ਮਦਦ ਕੀਤੀ ਹੈ, ਨਾਲ ਹੀ ਭਿਆਨਕ ਗਰਮੀ ਨੇ ਵੀ ਲੋਕਾਂ ਨੂੰ ਏਅਰ-ਕੰਡੀਸ਼ਨਡ ਸਿਨੇਮਾਘਰਾਂ ਵੱਲ ਧੱਕਿਆ ਹੈ। ਇਹ ਗੱਲ ਵੀ ਮਦਦਗਾਰ ਸਾਬਤ ਹੋਈ ਕਿ 1940 ’ਚ ਜਦੋਂ ਦੇਸ਼ ਦੀ ਫੌਜ ਅਤੇ ਨੈਤਿਕਤਾ ਢਹਿ ਗਈ ਸੀ, ਉਦੋਂ ਡੀ ਗੌਲ ਵਲੋਂ ਆਤਮਸਮਰਪਣ ਕਰਨ ਤੋਂ ਇਨਕਾਰ ਕਰਨ ਦੀ ਕਹਾਣੀ ਬਹਾਦਰੀ ਦਾ ਉਹ ਸੱਚਾ ਪ੍ਰਦਰਸ਼ਨ ਹੈ, ਜਿਸ ਦੀ ਫਰਾਂਸੀਸੀ ਜਨਤਾ ਸ਼ਾਇਦ ਤਲਾਸ਼ ਕਰ ਰਹੀ ਸੀ, ਖਾਸ ਕਰਕੇ ਉਦੋਂ, ਜਦੋਂ ਉਹ ਸੰਭਾਵੀ ਤੌਰ ’ਤੇ ਇਕ ਧੁਰ-ਸੱਜੇਪੱਖੀ ਰਾਸ਼ਟਰਪਤੀ ਅਹੁਦੇ ਵੱਲ ਵਧ ਰਹੇ ਹਨ, ਜੋ ਡੀ ਗੌਲ ਦੇ ‘ਪੰਜਵੇਂ ਗਣਰਾਜ’ ਦੀ ਅਜਿਹੀ ਪ੍ਰੀਖਿਆ ਲਵੇਗਾ ਜਿਵੇਂ ਪਹਿਲਾਂ ਕਦੇ ਨਹੀਂ ਹੋਈ।

ਟਰੰਪ ਦੇ ਇਸ ਦੌਰ ’ਚ ਇਸ ਦਾ ਇਕ ਟਰਾਂਸ-ਅਟਲਾਂਟਿਕ ਪਹਿਲੂ ਵੀ ਹੈ। ਨਿਰਦੇਸ਼ਕ ਐਂਟੋਨਿਨ ਬੌਦਰੀ-ਜੋ ਇਕ ਸਾਬਕਾ ਰਾਜਦੂਤ ਹਨ ਅਤੇ ਜਿਨ੍ਹਾਂ ਨੇ ਅਮਰੀਕਾ-ਇਰਾਕ ਜੰਗ ਦਾ ਵਿਰੋਧ ਕਰਨ ਵਾਲੇ ਡੋਮਿਨਿਕ ਡੀ ਵਿਲੇਪਿਨ ਦੇ ਭਾਸ਼ਣ ਦਾ ਸਹਿ-ਲੇਖਨ ਕੀਤਾ ਸੀ-ਨੇ ਦੂਜੇ ਵਿਸ਼ਵ ਯੁੱਧ ਦੇ ਫਿਲਮ ਫਾਰਮੂਲੇ ਨੂੰ ਪੂਰੀ ਤਰ੍ਹਾਂ ਗੈਰ-ਅਮਰੀਕੀ ਬਣਾ ਕੇ ਇਕ ਜੋਖਮ ਉਠਾਇਆ ਹੈ।

ਯੁੱਧ ਦੇ ਮੈਦਾਨ ਡਨਕਰਕ ਜਾਂ ਓਮਾਹਾ ਬੀਚ ਨਹੀਂ, ਸਗੋਂ ਲੀਬੀਆ ਅਤੇ ਟਿਊਨੀਸ਼ੀਆ ਹਨ। ਨੋਲਨ ਦੀ ਓਡਿਸੀ ਨੂੰ ਲੈ ਕੇ ਉਤਸ਼ਾਹਿਤ ਅਮਰੀਕੀ ਯੂਟਿਊਬਰਜ਼ ਇਹ ਦੇਖ ਕੇ ਭੜਕ ਸਕਦੇ ਹਨ ਕਿ ਫਰੈਂਕਲਿਨ ਡੀ ਰੂਜ਼ਵੈਲਟ ਨੂੰ ਕਿਵੇਂ ਚਿੱਤਰਿਤ ਕੀਤਾ ਗਿਆ ਹੈ-ਠੰਢਾ, ਸਾਜ਼ਿਸ਼ਕਾਰੀ ਅਤੇ ਇਕ ਲਾਚਾਰ ਫਰਾਂਸ ਤੋਂ ਮੋਹਭੰਗ ਵਾਲਾ, ਜਿਸ ਨੂੰ ਉਹ ਖੁਦ ਦੀ ਰੱਖਿਆ ਕਰਨ ’ਚ ਅਸਮਰੱਥ ਇਕ ‘ਬੱਚਾ’ ਮੰਨਦੇ ਹਨ।

ਬੌਦਰੀ ਕਿਸੇ ਅੰਧ-ਪ੍ਰਸ਼ੰਸਾ ਦੇ ਉਕਾਊ ਜਾਲ ’ਚ ਫਸੇ ਬਿਨਾਂ ਅਟਲਾਂਟਿਕ ਪਾਰ ਦੇ ਇਸ ਇਤਿਹਾਸ ਨੂੰ ਠੀਕ ਕਰਨ ’ਚ ਕਾਮਯਾਬ ਰਹੇ ਹਨ। ਇਸ ਦਾ ਸਿਹਰਾ ਕਾਫ਼ੀ ਹੱਦ ਤੱਕ ਇਕ ਬ੍ਰਿਟਿਸ਼ ਇਤਿਹਾਸਕਾਰ, ਜੂਲੀਅਨ ਜੈਕਸਨ ਨੂੰ ਜਾਂਦਾ ਹੈ, ਜੋ ਨਿਰਦੇਸ਼ਕ ਲਈ ਇਕ ਪ੍ਰੇਰਣਾਸਰੋਤ ਵਰਗੇ ਹਨ। ਫਿਲਮ ਦੇ ਡੀ ਗੌਲ ਕੋਈ ਸੁਪਰਹੀਰੋ ਨਹੀਂ ਹਨ ਜੋ ਮੱਕੜੀ ਦੇ ਨਿਸ਼ਾਨ ਦੀ ਜਗ੍ਹਾ ਆਪਣੀ ਛਾਤੀ ’ਤੇ ‘ਕ੍ਰਾਸ ਆਫ਼ ਲੋਰੇਨ’ ਪਹਿਨਦੇ ਹੋਣ। ਅਸੀਂ ਇਕ ਕਾਲਪਨਿਕ ਦੁਨੀਆ ’ਚ ਗੁਆਚੇ, ਖਿੱਝ ਪੈਦਾ ਕਰਨ ਵਾਲੇ, ਪ੍ਰੇਸ਼ਾਨ ਨੇਤਾ ਨੂੰ ਦੇਖਦੇ ਹਾਂ, ਜੋ ਚਰਚਿਲ ਨੂੰ ਗੁੱਸਾ ਅਤੇ ਹੰਝੂਆਂ ਦੀ ਹੱਦ ਤੱਕ ਲੈ ਜਾਂਦਾ ਹੈ ਅਤੇ ਆਪਣੇ ਦ੍ਰਿੜ੍ਹ ਰਾਜਨੀਤਕ ਹੁਨਰ ਜ਼ਰੀਏ ਫਰਾਂਸ ਦੇ ਨਵੀਨੀਕਰਨ ਦੇ ਮਿਸ਼ਨ ਨੂੰ ਅੱਗੇ ਵਧਾਉਂਦਾ ਹੈ।

ਇਹ ਫਿਲਮ ‘ਫ੍ਰੀ ਫ੍ਰੈਂਚ’ ਦੀ ਡੀ ਗੌਲ ਦੀ ਛੋਟੀ ਟੁਕੜੀ ’ਤੇ ਵੀ ਪ੍ਰਕਾਸ਼ ਪਾਉਂਦੀ ਹੈ, ਜਿਸ ਨੂੰ ਚਰਚਿਲ ‘ਫਾਈਟਿੰਗ ਫ੍ਰੈਂਚ’ ਕਹਿੰਦੇ ਸਨ। ਲੰਡਨ ’ਚ ਸਹਿਯੋਗੀਆਂ ਵਿਚਾਲੇ ਗਰਮਾ-ਗਰਮ ਬਿਆਨਬਾਜ਼ੀ ਨੂੰ ਸੰਤੁਲਿਤ ਕਰਦੇ ਹੋਏ, ਫਰਾਂਸ ’ਚ ਵਿਰੋਧ ਨੈੱਟਵਰਕਾਂ ਦੀ ਕਾਰਵਾਈ ਅਤੇ ਗਿਣਤੀ ਪੱਖੋਂ ਬਹੁਤ ਘੱਟ ਫੌਜੀਆਂ ਦੇ ਉਹ ਕਾਰਨਾਮੇ ਦਿਖਾਏ ਗਏ ਹਨ, ਜਿਨ੍ਹਾਂ ਨੇ ‘ਧੂਰੀ ਰਾਸ਼ਟਰਾਂ’ ਦੀ ਲੀਡ ਨੂੰ ਕੁਝ ਕੀਮਤੀ ਦਿਨਾਂ ਲਈ ਟਾਲ ਦਿੱਤਾ। ਪੈਰਿਸ ’ਚ ਇਕ ਨੌਜਵਾਨ ਮਹਿਲਾ ਵਿਰੋਧ ਨੇਤਾ ਦੁਆਰਾ ਨਾਜ਼ੀਆਂ ’ਤੇ ਲੁਕ ਕੇ ਗੋਲੀਆਂ ਚਲਾਉਣ ਦਾ ਦ੍ਰਿਸ਼ ਅਜਿਹੇ ਸਮੇਂ ’ਚ ਬਹੁਤ ਜ਼ਿਆਦਾ ਪ੍ਰਤੀਕਾਤਮਕ ਹੈ, ਜਦੋਂ ਯੂਰਪ ’ਚ ਲਾਜ਼ਮੀ ਫੌਜੀ ਭਰਤੀ ਵਾਪਸ ਆ ਰਹੀ ਹੈ।

ਇਸ ਸਭ ਦੀ ਤੁਲਨਾ ਨੋਲਨ ਦੀ ਫਿਲਮ ਨਾਲ ਕਰੋ, ਜੋ ਆਪਣੇ ਸਿਸਿਲੀ ਦੇ ਦ੍ਰਿਸ਼ਾਂ ਦੇ ਬਾਵਜੂਦ ਪੂਰੀ ਤਰ੍ਹਾਂ ਹਾਲੀਵੁੱਡ ਦਾ ਉਤਪਾਦ ਹੈ-ਇਕ ਵਿਸ਼ਾਲ ਬਜਟ, ਸਿਖਰਲੇ ਅਮਰੀਕੀ ਫਿਲਮੀ ਸਿਤਾਰਿਆਂ ਦੀ ਕਾਸਟ ਅਤੇ ਅਜਿਹੇ ਵਿਸ਼ੇ, ਜੋ ਮੈਨੂੰ ਲੱਗਦਾ ਹੈ ਕਿ ਅੱਜ ਦੇ ਭੂਮੱਧ ਸਾਗਰੀ ਖੇਤਰ ਦੀ ਤੁਲਨਾ ’ਚ ਟਰੰਪ ਪ੍ਰਸ਼ਾਸਨ ’ਚ ਵਧੇਰੇ ਗੂੰਜਣਗੇ। ‘ਮਾਗਾ’ ਸਮਰਥਕ ਰੋਮਨ ਗੁਣਾਂ ਅਤੇ ਗਲੈਡੀਏਟਰ ਵਰਗੇ ਸਰੀਰਕ ਸੁੰਦਰਤਾ ਪ੍ਰਤੀ ਆਸਕਤ ਹਨ ਪਰ ‘ਦਿ ਓਡਿਸੀ’ ’ਚ ਦਿਖਾਏ ਗਏ ਗ੍ਰੀਕ ਅੰਧਵਿਸ਼ਵਾਸ ਅਤੇ ਚਲਾਕੀਆਂ ਇਸ ’ਚ ਵਧੇਰੇ ਸਟੀਕ ਬੈਠਦੀਆਂ ਹਨ। ਐਜ਼ਰਾ ਕਲੇਨ ਇਸ ਨੂੰ ਇਸ ਦਹਾਕੇ ਦੀ ਰਾਜਨੀਤਕ ਫਿਲਮ ਕਹਿੰਦੇ ਹਨ।

ਮੇਰਾ ਤਰਕ ਹੋਵੇਗਾ ਕਿ ਡੀ ਗੌਲ ਯੂਰਪ ਦੀ ਆਪਣੀ ਰਾਜਨੀਤਕ ਬਲਾਕਬਸਟਰ ਹੈ। ਕੁਝ ਲੋਕ ਦਲੀਲ ਦੇਣਗੇ ਕਿ ਉਹ ਬਹੁਤ ਖਾਸ ਤੌਰ ’ਤੇ ਇਕ ਫਰਾਂਸੀਸੀ ਨਾਇਕ ਹਨ। ਫਿਰ ਵੀ, ਜਦੋਂ ਸਕ੍ਰੀਨ ’ਤੇ ਫਰਾਂਸ ਦਾ ਉਹ ਨਕਸ਼ਾ ਦਿਖਾਈ ਦਿੰਦਾ ਹੈ, ਜਿਸ ਨੂੰ ਕੱਟ ਕੇ ਅਮਰੀਕਾ ਵਲੋਂ ਪ੍ਰਸ਼ਾਸਿਤ ਕੀਤਾ ਗਿਆ ਸੀ, ਤਾਂ ਕੀ ਇਹ ਗ੍ਰੀਨਲੈਂਡ ’ਤੇ ਡੋਨਾਲਡ ਟਰੰਪ ਦੇ ਮੌਜੂਦਾ ਦਾਅਵਿਆਂ ਤੋਂ ਬਹੁਤ ਵੱਖਰਾ ਹੈ?

ਜਦੋਂ ਰੂਜ਼ਵੈਲਟ ਯੁੱਧ ਤੋਂ ਬਾਅਦ ਦੇ ਫਰਾਂਸ ਲਈ ਇਕ ਨਵੀਂ ਮੁਦਰਾ ਡਿਜ਼ਾਈਨ ਅਤੇ ਪ੍ਰਿੰਟ ਕਰਦੇ ਹਨ, ਤਾਂ ਕੀ ਇਹ ਅਮਰੀਕੀ ਡਾਲਰ ਦੇ ਦਬਦਬੇ ਤੋਂ ਵੱਖ ਹੈ? ਅਤੇ ਜਦੋਂ ਚਰਚਿਲ ਯੂਰਪ ਦੇ ਉੱਪਰ ਖੁੱਲ੍ਹੇ ਸਮੁੰਦਰ ਨੂੰ ਚੁਣਨ ਦੀ ਆਪਣੀ ਰਣਨੀਤੀ ਸਾਹਮਣੇ ਰੱਖਦੇ ਹਨ, ਤਾਂ ਕੀ ਇਹ ‘ਬ੍ਰੈਗਜ਼ਿਟ’ ਦਾ ਅਗਾਊਂ ਅਹਿਸਾਸ ਨਹੀਂ ਹੈ?

ਜੇਕਰ ਚਲਾਕ ਓਡਿਸਿਅਸ ਅੱਜ ਦੀ ਦੁਨੀਆ ਨੂੰ ਸਮਝਣ ਲਈ ਇਕ ਢੁੱਕਵਾਂ ਮਾਰਗਦਰਸ਼ਕ ਹੈ, ਤਾਂ ਡੀ ਗੌਲ ਵੀ ਉਹੋ ਜਿਹੇ ਹੀ ਹਨ, ਜਿਨ੍ਹਾਂ ਨੇ ਅਜਿਹੇ ਸੁਪਨਿਆਂ ਅਤੇ ਵਿਚਾਰਾਂ ਨੂੰ ਸਾਕਾਰ ਕੀਤਾ, ਜੋ ਯਥਾਰਥ ਤੋਂ ਪਰ੍ਹੇ ਸਨ-ਜਿਵੇਂ ਕਿ ਇਕ ਬੁੱਢੇ ਅਤੇ ਟੁੱਟਦੇ ਹੋਏ ਯੂਰਪ ਨੂੰ ਫਿਰ ਤੋਂ ਮਜ਼ਬੂਤ ਕਰਨਾ ਹੋਵੇਗਾ, ਜੇਕਰ ਉਹ ਇਸ ਸਦੀ ’ਚ ਆਪਣੀ ਹੋਂਦ ਬਣਾਈ ਰੱਖਣਾ ਚਾਹੁੰਦਾ ਹੈ।

-ਲਿਓਨੇਲ ਲੌਰੈਂਟ


author

Harpreet SIngh

Content Editor

Related News