ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
Tuesday, Sep 22, 2026 - 05:33 PM (IST)
ਭਾਰਤ ਨੇ 2030 ਤੱਕ 350 ਬਿਲੀਅਨ ਡਾਲਰ ਦੇ ਕੱਪੜਾ ਅਤੇ ਪਹਿਰਾਵਾ ਉਦਯੋਗ ਦਾ ਟੀਚਾ ਰੱਖਿਆ ਹੈ। ਸਥਿਰਤਾ ਹੌਲੀ-ਹੌਲੀ ਹੁਣ ਮੁਕਾਬਲੇਬਾਜ਼ੀ ਰਣਨੀਤੀ ਦੇ ਕੇਂਦਰ ਵੱਲ ਵਧ ਰਹੀ ਹੈ। ਫਾਈਬਰ, ਯਾਰਨ, ਫੈਬਰਿਕ, ਪ੍ਰੋਸੈਸਿੰਗ, ਪਹਿਰਾਵਾ, ਟੈਕਨੀਕਲ ਟੈਕਸਟਾਈਲ ਅਤੇ ਮੇਡ-ਅੱਪ ਤੱਕ ਫੈਲੇ ਸੈਕਟਰ ਲਈ ਸਥਿਰਤਾ ਤੇਜ਼ੀ ਨਾਲ ਮੁਕਾਬਲੇਬਾਜ਼ੀ, ਮਾਰਕੀਟ ਪਹੁੰਚ ਅਤੇ ਜ਼ਿੰਮੇਵਾਰ ਵਿਕਾਸ ਦਾ ਸਵਾਲ ਬਣਦੀ ਜਾ ਰਹੀ ਹੈ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਵਾਤਾਵਰਣ ਅਤੇ ਸਸ਼ਕਤੀਕਰਨ ਲਈ ਫੈਸ਼ਨ ਦੇ ਵਿਜ਼ਨ ਨੂੰ ਅਪਣਾ ਰਿਹਾ ਹੈ, ਭਾਰਤ ਇਸ ਸਬੰਧ ’ਚ ਵਿਸ਼ਵ ਨੂੰ ਲੀਡਰਸ਼ਿਪ ਮੁਹੱਈਆ ਕਰ ਸਕਦਾ ਹੈ ਤਾਂ ਉਨ੍ਹਾਂ ਨੇ ਭਾਰਤ ਦੇ ਕੱਪੜਾ ਸੈਕਟਰ ’ਚ ਲਗਾਤਾਰ ਵਧ ਰਹੇ ਬਦਲਾਅ ਵੱਲ ਇਸ਼ਾਰਾ ਕੀਤਾ।
ਕੱਪੜਾ ਸੈਕਟਰ ਇਕ ਪ੍ਰਮੁੱਖ ਰੋਜ਼ਗਾਰ ਇੰਜਣ ਹੈ, ਜੋ ਪ੍ਰਤੱਖ ਤੌਰ ’ਤੇ 49 ਮਿਲੀਅਨ ਤੋਂ ਵੱਧ ਰੋਜ਼ੀ-ਰੋਟੀ ਲਈ ਸਹਾਇਤਾ ਕਰਦਾ ਹੈ। ਇਸ ਦੇ ਘਰੇਲੂ ਬਾਜ਼ਾਰ ਦਾ ਮੁੱਲ ਲਗਭਗ 196 ਬਿਲੀਅਨ ਡਾਲਰ ਹੈ ਅਤੇ 2030 ਤੱਕ ਇਸ ਦੇ 250 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਭਾਰਤ ਨੇ ਵਰ੍ਹੇ 2030 ਤੱਕ ਕੱਪੜਾ ਬਰਾਮਦ ’ਚ 100 ਬਿਲੀਅਨ ਡਾਲਰ ਦਾ ਟੀਚਾ ਮਿਥਿਆ ਹੈ।
ਸਥਿਰਤਾ ਮੁਕਾਬਲੇਬਾਜ਼ੀ ਦਾ ਮੁੱਦਾ ਕਿਉਂ ਬਣ ਗਈ ਹੈ : ਗਲੋਬਲ ਬ੍ਰਾਂਡ ਆਪਣੀਆਂ ਸਪਲਾਈ ਚੇਨਾਂ ਲਈ ਤੇਜ਼ੀ ਨਾਲ ਅਹਿਮ ਸਥਿਰਤਾ ਟੀਚੇ ਮਿਥ ਰਹੇ ਹਨ। ਖਪਤਕਾਰ ਮੁੜ-ਵਰਤੋਂ, ਮੁਰੰਮਤ ਕੀਤੇ ਅਤੇ ਰੀਸਾਈਕਲ ਕੀਤੇ ਉਤਪਾਦਾਂ ’ਚ ਵਧੇਰੇ ਦਿਲਚਸਪੀ ਦਿਖਾ ਰਹੇ ਹਨ, ਜਦੋਂ ਕਿ ਮੁੱਖ ਬਰਾਮਦ ਬਾਜ਼ਾਰਾਂ ’ਚ ਨੀਤੀ ਘਾੜੇ ਵਾਤਾਵਰਣਗਤ ਪ੍ਰਦਰਸ਼ਨ, ਰੀਸਾਈਕਲ ਕੀਤੀ ਸਮੱਗਰੀ, ਟ੍ਰੇਸੇਬਿਲਟੀ, ਰਸਾਇਣ, ਪਾਣੀ ਅਤੇ ਊਰਜਾ ਵਰਤੋਂ ਵਰਗੀਆਂ ਲੋੜਾਂ ਪੇਸ਼ ਕਰ ਰਹੇ ਹਨ। ਭਾਰਤ ਦੀਆਂ ਜਲਵਾਯੂ ਵਚਨਬੱਧਤਾਵਾਂ-ਜਿਨ੍ਹਾਂ ’ਚ 500 ਗੀਗਾਵਾਟ ਗੈਰ-ਜੀਵਾਸ਼ਮ ਊਰਜਾ ਸਮਰੱਥਾ, ਨਵਿਆਉਣਯੋਗ ਊਰਜਾ ਤੋਂ 50 ਫੀਸਦੀ ਊਰਜਾ ਲੋੜਾਂ ਅਤੇ 2070 ਤੱਕ ਸ਼ੁੱਧ ਜ਼ੀਰੋ ਗੈਸਾਂ ਦੀ ਨਿਕਾਸੀ ਸ਼ਾਮਲ ਹਨ, ਵੀ ਕੱਪੜਾ ਸੈਕਟਰ ਨੂੰ ਘੱਟ ਕਾਰਬਨ ਵਿਕਾਸ ਰਾਹ ਵੱਲ ਲੈ ਕੇ ਜਾ ਰਹੀਆਂ ਹਨ। ਇਸ ਲਈ ਭਾਰਤੀ ਬਰਾਮਦਕਾਰਾਂ ਲਈ, ਸਥਿਰਤਾ ਇਕ ਗੌਣ ਪਾਲਣਾ ਮੁੱਦੇ ਤੋਂ ਅੱਗੇ ਵਧ ਰਹੀ ਹੈ ਅਤੇ ਉਦਯੋਗਿਕ ਮੁਕਾਬਲੇ ਦਾ ਇਕ ਅਨਿੱਖੜਵਾਂ ਅੰਗ ਬਣ ਰਹੀ ਹੈ।
ਵੱਡੇ ਨਿਰਮਾਣ ਆਧਾਰ, ਵੰਨ-ਸੁਵੰਨੇ ਕੱਚੇ ਮਾਲ, ਤਕਨੀਕੀ ਸਮਰੱਥਾਵਾਂ, ਇਕ ਸਥਾਪਤ ਰੀਸਾਈਕਲਿੰਗ ਅਤੇ ਮੁੜ-ਵਰਤੋਂ ਈਕੋਸਿਸਟਮ, ਇਕ ਵਧ ਰਹੇ ਸਟਾਰਟ-ਅੱਪ ਪਰਿਦ੍ਰਿਸ਼ ਅਤੇ ਕਲਸਟਰਾਂ, ਖੋਜ ਸੰਸਥਾਵਾਂ ਤੇ ਉਦਯੋਗ ਸੰਘਾਂ ਦੇ ਇਕ ਵਿਸ਼ਾਲ ਨੈੱਟਵਰਕ ਨਾਲ ਭਾਰਤ ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ। ਸਰਕੂਲਰਟੀ ਭਾਰਤ ਲਈ ਪੂਰੀ ਤਰ੍ਹਾਂ ਨਵੀਂ ਨਹੀਂ ਹੈ। ਰਫੂਗਰੀ, ਕਾਂਥਾ, ਗੋਧਾੜੀ, ਛਿੰਦੀ ਦੀਆਂ ਦਰੀਆਂ ਅਤੇ ਖੇਸ ਬੁਣਾਈ ਵਰਗੀਆਂ ਰਵਾਇਤਾਂ ਨੇ ਪੀੜ੍ਹੀਆਂ ਤੋਂ ਭਾਈਚਾਰਿਆਂ ’ਚ ਮੁਰੰਮਤ ਅਤੇ ਮੁੜ-ਵਰਤੋਂ ਨੂੰ ਸ਼ਾਮਲ ਕੀਤਾ ਹੈ। ਭਾਰਤ ਦੁਆਰਾ ਵਰਲਡ ਸਰਕੂਲਰ ਇਕੋਨੋਮੀ ਫੋਰਮ 2026 ਦੀ ਮੇਜ਼ਬਾਨੀ ਇਸ ਵੱਡੇ ਬਦਲਾਅ ਨੂੰ ਹੋਰ ਵੱਧ ਦਰਸਾਉਂਦੀ ਹੈ, ਜੋ ਵਿਚਾਰਾਂ ਨੂੰ ਭਾਈਵਾਲੀ ਅਤੇ ਮਾਪਣਯੋਗ ਹੱਲਾਂ ’ਚ ਬਦਲਣ ਲਈ ਸਰਕਾਰਾਂ, ਉਦਯੋਗਾਂ, ਨਵੀਨਤਾਕਾਰਾਂ ਅਤੇ ਮਾਹਿਰਾਂ ਨੂੰ ਇਕਜੁੱਟ ਕਰਦੀ ਹੈ।
ਚੱਕਰੀਅਤਾ ਨੂੰ ਵਿਹਾਰ ’ਚ ਲਿਆਉਣ ਲਈ ਸਭ ਤੋਂ ਸਪੱਸ਼ਟ ਖੇਤਰਾਂ ’ਚੋਂ ਇਕ ਕੱਪੜਾ ਵੇਸਟ ਹੈ। 2026 ’ਚ ਮੰਤਰਾਲੇ ਵੱਲੋਂ ਕੀਤੇ ਗਏ ਇਕ ਅਧਿਐਨ, ਇਸ ’ਚ 15 ਸੂਬਿਆਂ ਅਤੇ 250 ਤੋਂ ਵੱਧ ਹਿੱਸੇਦਾਰਾਂ ਦੀ ਆਪਸੀ ਗੱਲਬਾਤ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ’ਚ 70.73 ਲੱਖ ਟਨ ਸਾਲਾਨਾ ਕੱਪੜਾ ਵੇਸਟ ਉਤਪਾਦਨ ਦਾ ਅੰਦਾਜ਼ਾ ਲਗਾਇਆ ਗਿਆ ਹੈ। 70 ਫੀਸਦੀ ਤੋਂ ਵੱਧ ਦੀ ਪਹਿਲਾਂ ਹੀ ਰਿਕਵਰੀ ਹੋ ਚੁੱਕੀ ਹੈ ਅਤੇ 95 ਫੀਸਦੀ ਤੋਂ ਵੱਧ ਪਹਿਲੇ -ਖਪਤਕਾਰ ਕੱਪੜਾ ਵੇਸਟ ਦੀ ਪ੍ਰਾਪਤੀ ਨਾਲ ਇਸ ਨੂੰ ਰੀਸਾਈਕਲਿੰਗ, ਡਾਊਨਸਾਈਕਲਿੰਗ ਜਾਂ ਅੱਪਸਾਈਕਲਿੰਗ ਲਈ ਭੇਜ ਦਿੱਤਾ ਗਿਆ ਹੈ। ਇਕ ਵੱਡਾ ਪਾੜਾ ਉਪਭੋਗਤਾ-ਪਛਚਾਤ ਵੇਸਟ ਦਾ ਹੈ, ਜਿੱਥੇ ਇਕੱਠਾ ਕਰਨ, ਛਾਂਟੀ ਕਰਨ ਅਤੇ ਆਰਥਿਕ ਤੌਰ ’ਤੇ ਵਿਵਹਾਰਕ ਪ੍ਰਾਪਤੀ ਦਾ ਸਿਸਟਮ ਘੱਟ ਵਿਕਸਤ ਹੈ। ਅਧਿਐਨ ’ਚ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਦਾ ਟੈਕਸਟਾਈਲ ਰੀਸਾਈਕਲਿੰਗ ਬਾਜ਼ਾਰ 2030 ਤੱਕ ਲਗਭਗ 3.5 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।
ਪਾਇਲਟ ਤੋਂ ਲੈ ਕੇ ਵੱਡੇ ਪੱਧਰ ਤੱਕ-ਨੀਤੀ, ਟੈਕਨਾਲੋਜੀ ਅਤੇ ਐੱਮ. ਐੱਸ. ਐੱਮ. ਈ : ਸਥਿਰਤਾ ਨੂੰ ਮੁੱਖਧਾਰਾ ਬਣਾਉਣ ਲਈ, ਪਾਇਲਟ ਪ੍ਰੋਗਰਾਮਾਂ ਨੂੰ ਕਾਰਖਾਨਿਆਂ ਅਤੇ ਕਲਸਟਰਾਂ ਤੱਕ ਪਹੁੰਚਣਾ ਹੋਵੇਗਾ। ਇਹ ਵਿਸ਼ੇਸ਼ ਰੂਪ ’ਚ ਮਹੱਤਵਪੂਰਨ ਹੈ ਕਿਉਂਕਿ ਕੱਪੜਾ ਈਕੋਸਿਸਟਮ ਦੇ ਇਕ ਵੱਡੇ ਹਿੱਸੇ ’ਚ ਐੱਮ. ਐੱਸ. ਐੱਮ. ਈ.ਸ਼ਾਮਲ ਹਨ, ਜਿਨ੍ਹਾਂ ਨੂੰ ਟੈਕਨਾਲੋਜੀ, ਵਿੱਤ, ਡਾਟਾ ਅਤੇ ਤਕਨੀਕੀ ਮਾਹਰਤਾ ਤੱਕ ਪਹੁੰਚਣ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੰਤਰਾਲੇ ਨੇ ਜੁਲਾਈ 2023 ’ਚ ਇਕ ਈ. ਐੱਸ. ਜੀ ਟਾਸਕ ਫੋਰਸ ਦਾ ਗਠਨ ਕੀਤਾ, ਜਿਸ ’ਚ ਸਰਕਾਰੀ ਅਦਾਰਿਆਂ, ਉਦਯੋਗ ਸੰਘਾਂ, ਚੈਂਬਰਾਂ, ਬਹੁਪੱਖੀ ਏਜੰਸੀਆਂ, ਨਵੀਨਤਾਕਾਰਾਂ, ਬ੍ਰਾਂਡਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਇਕੱਠੇ ਲਿਆਂਦਾ ਗਿਆ। ਇਸ ਦਾ ਕੰਮ ਇਕਸਾਰ ਪ੍ਰਮਾਣਨ, ਕਲਸਟਰਾਂ ਨੂੰ ਮੁਢਲੀ ਸਹਾਇਤਾ, ਜਾਗਰੂਕਤਾ ਅਤੇ ਸਮਰੱਥਾ ਨਿਰਮਾਣ, ਟਿਕਾਊ ਫੈਸ਼ਨ ਟੈਕਨਾਲੋਜੀ ਅਤੇ ਡੇਟਾ ਤੇ ਟ੍ਰੇਸੇਬਿਲਟੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡਿਜੀਟਾਈਜ਼ੇਸ਼ਨ ਦੀ ਵਰਤੋਂ ’ਤੇ ਕੇਂਦਰਿਤ ਹੈ।
ਈ. ਐੱਸ. ਜੀ. ਟਾਸਕ ਫੋਰਸ ਨੇ ਜੀ. ਆਈ. ਜ਼ੈੱਡ. ਰਾਹੀਂ ਲਾਗੂ ਈ. ਯੂ.-ਇੰਡੀਆ ਰਿਸੋਰਸ ਐਫੀਸ਼ੀਐਂਸੀ ਐਂਡ ਸਰਕੂਲਰ ਇਕੋਨੋਮੀ ਇਨੀਸ਼ੀਏਟਿਵ ਦੀ ਸਹਾਇਤਾ ਕੀਤੀ ਹੈ। ਇਸ ’ਚ ਕੱਪੜਾ ਵੇਸਟ ਦਾ ਰਾਸ਼ਟਰੀ ਮੁਲਾਂਕਣ, ਤਾਮਿਲਨਾਡੂ ਲਈ ਇਕ ਸਰਕੂਲਰ ਇਕੋਨੋਮੀ ਰੋਡਮੈਪ, ਪਾਨੀਪਤ ਲਈ ਇਕ ਐੱਮ. ਐੱਸ. ਐੱਮ. ਈ. ਟੂਲਕਿੱਟ ਅਤੇ ਟੈਕਸਟਾਈਲ ਰਿਕਵਰੀ ਸਹੂਲਤਾਂ ਲਈ ਇਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਸ਼ਾਮਲ ਹੈ।
ਅਗਲਾ ਅਧਿਆਏ : ਭਾਰਤ ਦੀ ਕੱਪੜਾ ਸਥਿਰਤਾ ਯਾਤਰਾ ਇਕ ਮਹੱਤਵਪੂਰਨ ਪੜਾਅ ’ਚ ਦਾਖਲ ਹੋ ਰਹੀ ਹੈ, ਜਿਸ ’ਚ ਹੁਣ ਮਜ਼ਬੂਤ ਖਪਤਕਾਰ- ਬਾਅਦ ’ਚ ਕਲੈਕਸ਼ਨ, ਰੀਸਾਈਕਲਿੰਗ ਬੁਨਿਆਦੀ ਢਾਂਚੇ, ਸਰੋਤ-ਹੁਨਰ ਨਿਰਮਾਣ, ਗ੍ਰੀਨ ਟੈਕਨਾਲੋਜੀਆਂ ਦੇ ਵਪਾਰੀਕਰਨ, ਵਿਸ਼ਵਾਸਯੋਗ ਮਾਪ ਤੇ ਟ੍ਰੇਸੇਬਿਲਟੀ ਅਤੇ ਨਵਿਆਉਣਯੋਗ ਤੇ ਰੀਸਾਈਕਲ ਕੀਤੇ ਉਤਪਾਦਾਂ ਲਈ ਮਜ਼ਬੂਤ ਬਾਜ਼ਾਰਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
ਇਕ ਪ੍ਰਸਤਾਵਿਤ ਸਥਿਰਤਾ ਗਠਜੋੜ ਇਨ੍ਹਾਂ ਪ੍ਰਾਇਰਟੀਆਂ ਦੇ ਆਲੇ-ਦੁਆਲੇ ਸਰਕਾਰ, ਸੰਯੁਕਤ ਰਾਸ਼ਟਰ ਏਜੰਸੀਆਂ, ਵਿੱਤੀ ਸੰਸਥਾਵਾਂ, ਉਦਯੋਗ, ਐੱਮ. ਐੱਸ. ਐੱਮ. ਈ. ਅਤੇ ਸਿੱਖਿਆ ਮਾਹਿਰਾਂ ਨੂੰ ਇਕੱਠੇ ਲਿਆਵੇਗਾ। ਦਿਸ਼ਾ ਤੇਜ਼ੀ ਨਾਲ ਸਪੱਸ਼ਟ ਹੁੰਦੀ ਜਾ ਰਹੀ ਹੈ: ਸਥਿਰਤਾ ਨੂੰ ਇਕ ਕਾਰਖਾਨੇ ਦੇ ਮਾਲਕ ਲਈ ਓਨਾ ਹੀ ਕੰਮ ਕਰਨਾ ਚਾਹੀਦਾ ਹੈ ਜਿੰਨਾ ਕਿ ਵਾਤਾਵਰਣ ਲਈ, ਇਕ ਬਰਾਮਦਕਾਰ ਲਈ ਓਨਾ ਹੀ ਜਿੰਨਾ ਕਿ ਖਪਤਕਾਰ ਲਈ ਅਤੇ ਇਕ ਵੱਡੇ ਸੰਗਠਿਤ ਪਾਰਕ ਲਈ ਓਨਾ ਹੀ ਜਿੰਨਾ ਕਿ ਇਕ ਛੋਟੇ ਉੱਦਮ ਲਈ।
ਇਹ ਸਰੋਤ ਉਤਪਾਦਕਤਾ ’ਚ ਸੁਧਾਰ ਕਰ ਸਕਦਾ ਹੈ, ਮੰਗ ਵਾਲੇ ਗਲੋਬਲ ਬਾਜ਼ਾਰਾਂ ਤੱਕ ਪਹੁੰਚ ’ਚ ਸਹੂਲਤ ਮੁਹੱਈਆ ਕਰ ਸਕਦਾ ਹੈ, ਰੀਸਾਈਕਲਿੰਗ ਅਤੇ ਗ੍ਰੀਨ ਟੈਕਨਾਲੋਜੀਆਂ ਦੇ ਆਲੇ-ਦੁਆਲੇ ਨਵੇਂ ਕਾਰੋਬਾਰਾਂ ਨੂੰ ਉਤਸ਼ਾਹਿਤ ਕਰ ਸਕਦਾ ਹੈ ਅਤੇ ਰੋਜ਼ਗਾਰ ਪੈਦਾ ਕਰ ਸਕਦਾ ਹੈ।
—ਗਿਰੀਰਾਜ ਸਿੰਘ
