‘ਲਗਾਤਾਰ ਵਧ ਰਹੀਆਂ ਹਨ’ ‘ਚੰਦ ਪੁਲਸ ਮੁਲਾਜ਼ਮਾਂ ਦੀਆਂ ਲਾਪ੍ਰਵਾਹੀਆਂ ਅਤੇ ਮਨਮਰਜ਼ੀਆਂ’
Wednesday, May 28, 2025 - 07:08 AM (IST)

ਇਹ ਤ੍ਰਾਸਦੀ ਹੀ ਹੈ ਕਿ ਅਪਰਾਧਾਂ ਅਤੇ ਅਪਰਾਧੀਆਂ ’ਤੇ ਰੋਕ ਲਾਉਣ ਲਈ ਜ਼ਿੰਮੇਵਾਰ ਪੁਲਸ ਫੋਰਸ ਦੇ ਚੰਦ ਮੈਂਬਰ ਖੁਦ ਅਪਰਾਧਾਂ ’ਚ ਸ਼ਾਮਲ ਹੋ ਕੇ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਿਨ੍ਹਾਂ ਦੀਆਂ ਸਿਰਫ ਲਗਭਗ ਸਵਾ ਦੋ ਮਹੀਨਿਆਂ ਦੀਆਂ ਚੰਦ ਉਦਾਹਰਣਾਂ ਪਾਠਕਾਂ ਲਈ ਹੇਠਾਂ ਦਰਜ ਹਨ :
* 8 ਮਾਰਚ ਨੂੰ ਮਹਿਲਾ ਦਿਵਸ ’ਤੇ ‘ਸਾਂਗਾਨੇਰ’ (ਰਾਜਸਥਾਨ) ਪੁਲਸ ਥਾਣੇ ’ਚ ਤਾਇਨਾਤ ‘ਭਾਗਾ ਰਾਮ’ ਨਾਮੀ ਇਕ ਪੁਲਸ ਕਾਂਸਟੇਬਲ ਵਲੋਂ ਇਕ ਗਰਭਵਤੀ ਦਲਿਤ ਔਰਤ ਦੇ ਮੂੰਹ ’ਚ ਕੱਪੜਾ ਤੁੰਨ ਕੇ ਉਸ ਦੇ ਬੇਟੇ ਦੇ ਸਾਹਮਣੇ ਉਸ ਨਾਲ ਜਬਰ-ਜ਼ਨਾਹ ਦੀ ਘਟਨਾ ਨੂੰ ਲੈ ਕੇ ਰਾਜਸਥਾਨ ਵਿਧਾਨ ਸਭਾ ’ਚ 11 ਮਈ ਨੂੰ ਭਾਰੀ ਹੰਗਾਮਾ ਹੋਇਆ।
* 25 ਮਾਰਚ ਨੂੰ ‘ਪਲਵਲ’ (ਹਰਿਆਣਾ) ’ਚ ਪੁਲਸ ਮੁਲਾਜ਼ਮ ਦੀ ਗੱਡੀ ਨੂੰ ਓਵਰਟੇਕ ਕਰਨਾ ਇਕ ਨੌਜਵਾਨ ਜਿਸ ਦਾ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ, ਨੂੰ ਬਹੁਤ ਮਹਿੰਗਾ ਪਿਆ। ਪੁਲਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਜਬਰੀ ਗੱਡੀ ’ਚ ਬਿਠਾ ਕੇ ਰਾਹ ’ਚ 2-3 ਘੰਟੇ ਤੱਕ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਫਿਰ ਥਾਣੇ ਲਿਜਾ ਕੇ ਛੱਡ ਦਿੱਤਾ। ਇਸ ਤੋਂ ਦੁਖੀ ਹੋ ਕੇ ਨੌਜਵਾਨ ਨੇ ਆਤਮਹੱਤਿਆ ਕਰ ਲਈ।
* 10 ਅਪ੍ਰੈਲ ਨੂੰ ‘ਗੁਰੂਗ੍ਰਾਮ’ (ਹਰਿਆਣਾ) ’ਚ ਆਰਜ਼ੀ ਝੌਂਪੜੀ ਬਣਾ ਕੇ ਰਹਿਣ ਅਤੇ ਚਾਹ-ਪਰੌਂਠੇ ਦੀ ਰੇਹੜੀ ਲਾਉਣ ਵਾਲੇ ਪ੍ਰਵਾਸੀ ਨੂੰ ਉਸ ਦੀ ਰੇਹੜੀ ਬੰਦ ਕਰਵਾ ਦੇਣ ਦੀ ਧਮਕੀ ਦੇ ਕੇ ਉਸ ਕੋਲੋਂ ਹਫਤਾ ਵਸੂਲੀ ਕਰਨ ਦੇ ਦੋਸ਼ ਹੇਠ 4 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਪਿੱਛੋਂ ਜੇਲ ਭੇਜਿਆ ਗਿਆ।
* 10 ਅਪ੍ਰੈਲ ਨੂੰ ਹੀ ‘ਜੋਧਪੁਰ’ (ਰਾਜਸਥਾਨ) ਵਿਖੇ 2 ਪੁਲਸ ਮੁਲਾਜ਼ਮਾਂ ਨੂੰ ਥਾਣੇ ਦੇ ਮਾਲਖਾਨੇ ’ਚ ਜ਼ਬਤ ਕਰ ਕੇ ਰੱਖੇ ਹੋਏ ਡੋਡਾ-ਪੋਸਤ ਨੂੰ ਵੇਚ ਕੇ ਉਨ੍ਹਾਂ ਦੀ ਥਾਂ ’ਤੇ ਕੱਟਿਆਂ ’ਚ ਅਰੰਡੀ ਦੇ ਛਿਲਕੇ ਰੱਖਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ।
* 20 ਮਈ ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ’ਚ ਅਦਾਲਤ ਵਲੋਂ ਜਾਰੀ ਵਾਰੰਟ ਦੀ ਤਾਮੀਲ ਕਰਵਾਉਣ ਪਹੁੰਚੇ 2 ਪੁਲਸ ਮੁਲਾਜ਼ਮਾਂ ਨੇ ‘ਮਹਾਰਾਜ ਸਿੰਘ’ ਨਾਮੀ ਕਿਸਾਨ ਨੂੰ ਗ੍ਰਿਫਤਾਰੀ ਤੋਂ ਬਚਣ ਲਈ 10,000 ਰੁਪਏ ਰਿਸ਼ਵਤ ਦੇਣ ਲਈ ਕਿਹਾ।
ਜਦੋਂ ਕਿਸਾਨ ਨੇ ਉਨ੍ਹਾਂ ਨੂੰ ਆਪਣਾ ‘ਆਈ-ਕਾਰਡ’ ਦਿਖਾਉਣ ਲਈ ਕਿਹਾ ਤਾਂ ਪੁਲਸ ਮੁਲਾਜ਼ਮਾਂ ਨੇ ਔਰਤਾਂ ਸਮੇਤ ਕਿਸਾਨ ਦੇ ਪਰਿਵਾਰ ਦੇ ਮੈਂਬਰਾਂ ਨਾਲ ਗਾਲੀ-ਗਲੋਚ ਕਰਨ ਤੋਂ ਇਲਾਵਾ ਉਨ੍ਹਾਂ ਸਭ ਨਾਲ ਕੁੱਟ-ਮਾਰ ਕੀਤੀ ਅਤੇ ਕਿਸਾਨ ਨੂੰ ਘਸੀਟਿਆ, ਜਿਸ ’ਤੇ ਪੁਲਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਹੋਇਆ।
* 25 ਮਈ ਨੂੰ ‘ਖੰਨਾ’ (ਪੰਜਾਬ) ’ਚ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ’ਚ ਤਾਇਨਾਤ ਹੈੱਡਕਾਂਸਟੇਬਲ ‘ਅਰਵਿੰਦਰ ਸਿੰਘ’ ਸਮੇਤ 11 ਵਿਅਕਤੀਆਂ ਨੂੰ ਨਸ਼ੇ ਦੀ ਸਮੱਗਲਿੰਗ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ।
* 26 ਮਈ ਨੂੰ ‘ਬਠਿੰਡਾ’ (ਪੰਜਾਬ) ਜ਼ਿਲੇ ਦੇ ‘ਗੋਨਿਆਨਾ’ ਦੇ ਨਰਿੰਦਰਦੀਪ ਸਿੰਘ ਨਾਮੀ ਨੌਜਵਾਨ ਦੀ ਪੁਲਸ ਹਿਰਾਸਤ ’ਚ ਮੌਤ ਦੇ ਮਾਮਲੇ ’ਚ ਥਾਣਾ ਕੈਨਾਲ ਕਾਲੋਨੀ ਦੀ ਪੁਲਸ ਨੇ 4 ਪੁਲਸ ਮੁਲਾਜ਼ਮਾਂ ਸਮੇਤ 6 ਮੁਲਜ਼ਮਾਂ ’ਤੇ ਕੇਸ ਦਰਜ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਸ ਦੀ ਹਿਰਾਸਤ ’ਚ ਨੌਜਵਾਨ ਨੂੰ ਥਰਡ ਡਿਗਰੀ ਟਾਰਚਰ ਅਤੇ ਉਸ ਦੇ ਸਿਰ ਅਤੇ ਗੁਪਤ ਅੰਗਾਂ ’ਤੇ ਕਰੰਟ ਲਾਉਣ ਨਾਲ ਉਸ ਦੀ ਮੌਤ ਹੋਈ।
* 26 ਮਈ ਨੂੰ ਹੀ ‘ਬਠਿੰਡਾ’ ਵਿਖੇ ਪੰਜਾਬ ਪੁਲਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਦੇ ਜਾਣੂ ਸੋਮਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਕੇ ਉਸ ਦੀ ਜਾਇਦਾਦ ਨੂੰ ਫਰੀਜ਼ (ਜਾਮ) ਕਰ ਦਿੱਤਾ।
* 26 ਮਈ ਨੂੰ ਹੀ ‘ਖੈਰਾਗੜ੍ਹ’ (ਆਗਰਾ) ਵਿਖੇ 2 ਧਿਰਾਂ ਦਰਮਿਆਨ ਹੋਏ ਬੋਲ-ਬੁਲਾਰੇ ਤੋਂ ਬਾਅਦ ਪੁਲਸ ਦੋਹਾਂ ਧਿਰਾਂ ਦੇ ਲੋਕਾਂ ਨੂੰ ਥਾਣੇ ’ਚ ਲੈ ਕੇ ਗਈ ਜਿੱਥੇ ਉਨ੍ਹਾਂ ਕੁਝ ਸਮੇਂ ਬਾਅਦ ਇਕ ਧਿਰ ਦੇ ਲੋਕਾਂ ਨੂੰ ਤਾਂ ਛੱਡ ਦਿੱਤਾ ਪਰ ਦੂਜੀ ਧਿਰ ਦੇ ਲੋਕਾਂ ’ਚੋਂ ਇਕ ਵਿਅਕਤੀ ਦੇ ਪੈਰਾਂ ਅਤੇ ਹੱਥਾਂ ਨੂੰ ਬੇਰਹਿਮੀ ਨਾਲ ਜੁੱਤੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਦੇ ਭਰਾ ਨੂੰ ਖੰਭੇ ਨਾਲ ਬੰਨ੍ਹ ਕੇ ਰਿਸ਼ਵਤ ਮੰਗੀ ਜੋ ਨਾ ਮਿਲਣ ’ਤੇ ਸ਼ਾਂਤੀ ਭੰਗ ਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਚਲਾਨ ਕੱਟ ਦਿੱਤਾ।
ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਪੁਲਸ ਵਿਭਾਗ ’ਚ ਪਾਰਦਰਸ਼ਤਾ ਦੀ ਕਮੀ ਅਤੇ ਜ਼ਿੰਮੇਵਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹੀਆਂ ਘਟਨਾਵਾਂ ਦਾ ਲਗਾਤਾਰ ਹੋਣਾ ਸਿੱਧ ਕਰਦਾ ਹੈ ਕਿ ਦੇਸ਼ ’ਚ ਕਾਨੂੰਨ ਵਿਵਸਥਾ ਲਾਗੂ ਕਰਨ ਵਾਲੀ ਮਸ਼ੀਨਰੀ ਨੂੰ ਚੰਦ ਭ੍ਰਿਸ਼ਟ ਅਤੇ ਅਨੁਸ਼ਾਸਨਹੀਣ ਪੁਲਸ ਮੁਲਾਜ਼ਮ ਘੁਣ ਵਾਂਗ ਖੋਖਲਾ ਅਤੇ ਪੁਲਸ ਦੇ ਅਕਸ ਨੂੰ ਧੁੰਦਲਾ ਕਰ ਰਹੇ ਹਨ।
ਇਸ ਲਈ ਸਮੇਂ ਦੀ ਮੰਗ ਹੈ ਕਿ ਅਜਿਹੇ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਦੂਜੇ ਵੀ ਅਜਿਹਾ ਕਰਨ ਤੋਂ ਬਾਜ਼ ਆਉਣ ਅਤੇ ਰਕਸ਼ਕ ਰਕਸ਼ਕ ਹੀ ਬਣੇ ਰਹਿਣ, ਭਕਸ਼ਕ ਨਾ ਬਣਨ।
–ਵਿਜੇ ਕੁਮਾਰ