ਅੰਤਰਰਾਸ਼ਟਰੀ ਪੱਧਰ ’ਤੇ ਖਾਸ ਮਹੱਤਵ ਰੱਖਦੀ ਹੈ 1971 ਦੀ ਭਾਰਤ-ਪਾਕਿ ਜੰਗ

Tuesday, Dec 03, 2024 - 08:23 PM (IST)

1971 ਦੀ ਭਾਰਤ-ਪਾਕਿਸਤਾਨ ਜੰਗ ਅੰਤਰਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ 1947 ਅਤੇ 1965 ’ਚ ਦੋ ਵਾਰ ਭਾਰਤ ’ਤੇ ਹਮਲਾ ਕੀਤਾ ਸੀ, ਜਿਸ ਵਿਚ ਜੰਮੂ-ਕਸ਼ਮੀਰ ਦਾ ਵੱਡਾ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਿਚ ਆ ਗਿਆ।

1962 ਵਿਚ ਚੀਨ ਨੇ ਭਾਰਤ ’ਤੇ ਆਪਣੀ ਵਿਸਥਾਰਵਾਦੀ ਨੀਤੀ ਦੇ ਕਾਰਨ ਅਤੇ ਭਾਰਤ ਨਾਲ ਧੋਖਾ ਕਰ ਕੇ, ਬਹੁਤ ਸਾਰੇ ਖੇਤਰ ਉੱਤੇ ਕਬਜ਼ਾ ਕਰ ਲਿਆ ਜੋ ਅਜੇ ਵੀ ਉਸਦੇ ਕਬਜ਼ੇ ਵਿਚ ਹੈ। ਇੰਨੇ ਸਾਲਾਂ ਤੱਕ ਨਾ ਤਾਂ ਅਸੀਂ ਖੁਦ ਇਸ ਨੂੰ ਵਾਪਸ ਲੈ ਸਕੇ ਹਾਂ ਅਤੇ ਨਾ ਹੀ ਸੰਯੁਕਤ ਰਾਸ਼ਟਰ ਦੀ ਕੋਈ ਸੰਸਥਾ ਸਾਡੀ ਮਦਦ ਕਰ ਸਕੀ ਹੈ ਪਰ 1971 ਦੀ ਜੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੂਸ ਨਾਲ ਸੁਰੱਖਿਆ ਸੰਧੀ ਕੀਤੀ ਸੀ ਤਾਂ ਜੋ ਕੋਈ ਤੀਜਾ ਦੇਸ਼ ਭਾਰਤ-ਪਾਕਿਸਤਾਨ ਜੰਗ ਦੌਰਾਨ ਦਖਲਅੰਦਾਜ਼ੀ ਨਾ ਕਰ ਸਕੇ।

ਦੂਜੇ ਪਾਸੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾਅ ਨੇ ਸਫ਼ਲ ਯੁੱਧ ਨੀਤੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਵਾਰ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸਮੁੱਚੀ ਕੌਮ ਇਕਜੁੱਟ ਹੋ ਕੇ ਸਰਕਾਰ ਦੇ ਪਿੱਛੇ ਚੱਟਾਨ ਵਾਂਗ ਖੜ੍ਹੀ ਹੋ ਗਈ। ਪਾਕਿਸਤਾਨੀ ਊਠ 3 ਦਸੰਬਰ 1971 ਨੂੰ ਭਾਰਤੀ ਪਹਾੜ ਦੇ ਹੇਠਾਂ ਆ ਗਿਆ ਜਦੋਂ ਸ਼ਾਮ 5.30 ਵਜੇ ਪਾਕਿਸਤਾਨ ਨੇ ਭਾਰਤ ਦੇ 11 ਹਵਾਈ ਅੱਡਿਆਂ ’ਤੇ ਜ਼ਬਰਦਸਤ ਹਮਲੇ ਕੀਤੇ ਜਿਨ੍ਹਾਂ ਵਿਚ ਸ੍ਰੀਨਗਰ, ਅਵੰਤੀਪੋਰਾ, ਪਠਾਨਕੋਟ, ਅੰਮ੍ਰਿਤਸਰ ਆਦਿ ਸਨ।

ਇਸ ਵਾਰ ਭਾਰਤ ਹਰ ਤਰ੍ਹਾਂ ਦੀ ਤਿਆਰੀ ਨਾਲ ਮੁਕਾਬਲਾ ਕਰਨ ਦੇ ਸਮਰੱਥ ਸੀ। ਇਸ ਜੰਗ ਦੀ ਅਸਲੀਅਤ ਜਾਣਨ ਲਈ ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਵਿਚ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸਿਆਸੀ, ਆਰਥਿਕ, ਸੱਭਿਆਚਾਰਕ ਅਤੇ ਵਿਤਕਰੇ ਵਾਲੀ ਦੁਬਿਧਾ ਵੱਲ ਝਾਤ ਮਾਰਨੀ ਪਵੇਗੀ।

1947 ਵਿਚ ਭਾਰਤ ਦੇ ਪੱਛਮ ਅਤੇ ਪੂਰਬ ਵੱਲ ਪਾਕਿਸਤਾਨ ਹੋਂਦ ਵਿਚ ਆਇਆ। ਸੰਸਦੀ ਲੋਕਤੰਤਰ ਪ੍ਰਣਾਲੀ ਰਾਹੀਂ ਰਾਜ ਕਰਨ ਦਾ ਫੈਸਲਾ ਕੀਤਾ ਗਿਆ ਪਰ 1951 ਵਿਚ ਵਜ਼ੀਰੇ ਆਜ਼ਮ ਪੀਰਜ਼ਾਦਾ ਲਿਆਕਤ ਅਲੀ ਦੀ ਹੱਤਿਆ ਕਰ ਦਿੱਤੀ ਗਈ। ਪਹਿਲੀ ਬਗਾਵਤ 1953 ਵਿਚ ਹੋਈ ਸੀ ਅਤੇ 1957 ਵਿਚ ਪਾਕਿਸਤਾਨ ਵਿਚ ਫੌਜੀ ਰਾਜ ਸਥਾਪਿਤ ਹੋ ਗਿਆ , ਜੋ ਕਾਫੀ ਦੇਰ ਤੱਕ ਚੱਲਦਾ ਰਿਹਾ। ਪਾਕਿਸਤਾਨ ਇਸ ਮਾਮਲੇ ਵਿਚ ਬਦਕਿਸਮਤ ਨਿਕਲਿਆ ਕਿਉਂਕਿ ਉਸ ਨੇ ਲੋਕਤੰਤਰੀ ਪ੍ਰਣਾਲੀ ਦੀਆਂ ​​ਜੜ੍ਹਾਂ ਮਜ਼ਬੂਤੀ ਨਾਲ ਨਹੀਂ ਲੱਗਣ ਦਿੱਤੀਆਂ।

1968 ਵਿਚ ਸ਼ੇਖ ਮੁਜੀਬੁਰ ਰਹਿਮਾਨ ਨੂੰ ਬੇਬੁਨਿਆਦ ਅਗਰਤਲਾ ਕੇਸ ਵਿਚ ਬੰਦੀ ਬਣਾ ਲਿਆ ਗਿਆ, ਜਿਸ ਦੇ ਸਿੱਟੇ ਵਜੋਂ ਪੂਰਬੀ ਪਾਕਿਸਤਾਨ ਵਿਚ ਜ਼ੋਰਦਾਰ ਲਹਿਰਾਂ ਸ਼ੁਰੂ ਹੋ ਗਈਆਂ। ਇਸ ਬੇਵੱਸੀ ਦੀ ਹਾਲਤ ਵਿਚ ਰਾਸ਼ਟਰਪਤੀ ਅਯੂਬ ਖਾਨ ਨੇ ਸ਼ੇਖ ਨੂੰ ਵੀ ਰਿਹਾਅ ਕਰ ਦਿੱਤਾ ਅਤੇ ਬਾਅਦ ਵਿਚ ਆਪਣੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ।

ਅਸਲ ਵਿਚ ਮੁਹੰਮਦ ਅਲੀ ਜਿੱਨਾਹ ਨੇ ਉਰਦੂ ਨੂੰ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਬਣਾਉਣ ਦਾ ਫੈਸਲਾ ਕੀਤਾ ਸੀ ਜਿਸ ਨੂੰ ਪੂਰਬੀ ਪਾਕਿਸਤਾਨ ਦੇ ਲੋਕ ਮੰਨਣ ਲਈ ਤਿਆਰ ਨਹੀਂ ਸਨ। 1950 ਤੋਂ ਬਾਅਦ ਉਰਦੂ ਵਿਰੁੱਧ ਲਗਾਤਾਰ ਅੰਦੋਲਨ ਚੱਲ ਰਹੇ ਸਨ ਕਿਉਂਕਿ ਉਨ੍ਹਾਂ ਦੀ ਆਪਣੀ ਬੰਗਾਲੀ ਭਾਸ਼ਾ ਬਹੁਤ ਪ੍ਰਾਚੀਨ ਅਤੇ ਅਮੀਰ ਸੀ। ਉਰਦੂ ਨੇ ਹੀ ਇਕ ਅਜਿਹੀ ਚੰਗਿਆੜੀ ਲਾਈ, ਜਿਸ ਨੇ ਪਾਕਿਸਤਾਨ ਦੇ ਹਿੱਤਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ।

ਪੱਛਮੀ ਅਤੇ ਪੂਰਬੀ ਪਾਕਿਸਤਾਨ ਵਿਚਕਾਰ 1500 ਕਿਲੋਮੀਟਰ ਤੋਂ ਵੱਧ ਦੀ ਦੂਰੀ ਸੀ। ਪਹਿਲਾਂ ਸਮੁੰਦਰੀ ਰਸਤੇ ਰਾਹੀਂ ਅਰਬ ਸਾਗਰ, ਹਿੰਦ ਮਹਾਸਾਗਰ ਅਤੇ ਫਿਰ ਬੰਗਾਲ ਦੀ ਖਾੜੀ ਵਿਚੋਂ ਲੰਘਣਾ ਪੈਂਦਾ ਸੀ। ਜੋ ਕਿ ਬਹੁਤ ਲੰਮਾ ਅਤੇ ਬਹੁਤ ਔਖਾ ਸੀ। ਇਸ ਤੋਂ ਇਲਾਵਾ ਦੋਵਾਂ ਦਾ ਪਹਿਰਾਵਾ, ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ, ਭਾਸ਼ਾ ਅਤੇ ਸਮੁੱਚਾ ਸੱਭਿਆਚਾਰ ਵੱਖ-ਵੱਖ ਸੀ। ਪੱਛਮੀ ਪਾਕਿਸਤਾਨ ਤੋਂ ਪੂਰਬੀ ਪਾਕਿਸਤਾਨ ’ਤੇ ਕੰਟਰੋਲ ਰੱਖਣਾ ਅਸੰਭਵ ਨਹੀਂ ਪਰ ਮੁਸ਼ਕਲ ਜ਼ਰੂਰ ਸੀ। ਇਹ 18ਵੀਂ ਸਦੀ ਵਿਚ ਇੰਗਲੈਂਡ ਵਿਚ ਬੈਠ ਕੇ ਦੂਰ ਅਮਰੀਕਾ ਉੱਤੇ ਰਾਜ ਕਰਨ ਵਰਗਾ ਸੀ।

ਅਮਰੀਕਾ ਵੀ ਆਜ਼ਾਦ ਦੇਸ਼ ਬਣ ਗਿਆ ਅਤੇ ਪੂਰਬੀ ਪਾਕਿਸਤਾਨ ਦਾ ਵੱਖ ਹੋਣਾ ਵੀ ਅਟੱਲ ਸੀ। ਇਹ ਦੋਵੇਂ ਹਿੱਸੇ ਸਿਰਫ਼ ਇਕ ਧਰਮ ਕਾਰਨ ਹੀ ਜੁੜੇ ਹੋਏ ਸਨ। ਜਿੱਨਾਹ ਦਾ ਦੋ-ਰਾਸ਼ਟਰੀ ਸਿਧਾਂਤ ਵੀ ਢਹਿ-ਢੇਰੀ ਹੋ ਗਿਆ। ਸਿਰਫ਼ ਧਰਮ ਰਾਹੀਂ ਲੋਕਾਂ ਨੂੰ ਇਕਜੁੱਟ ਨਹੀਂ ਕੀਤਾ ਜਾ ਸਕਦਾ, ਇਸ ਲਈ ਵਿਕਾਸ, ਸਹਿਣਸ਼ੀਲਤਾ, ਉਦਾਰਤਾ ਅਤੇ ਮਾਨਵਵਾਦੀ ਪਹੁੰਚ ਦੀ ਲੋੜ ਹੈ। ਅਸਲ ਵਿਚ ਇਹ ਇਕ ਪੂਰੀ ਤਰ੍ਹਾਂ ਅਵਿਵਹਾਰਕ ਫੈਸਲਾ ਸੀ। ਗੈਰ-ਸਿਆਸੀ ਅਤੇ ਗੈਰ-ਪ੍ਰਬੰਧਕੀ।

1970 ਵਿਚ ਰਾਸ਼ਟਰਪਤੀ ਯਹੀਆ ਖਾਨ ਨੇ ਲੋਕਤੰਤਰ ਨੂੰ ਬਹਾਲ ਕਰਨ ਲਈ ਦੁਬਾਰਾ ਚੋਣਾਂ ਦਾ ਐਲਾਨ ਕੀਤਾ। ਚੋਣਾਂ ਵਿਚ ਸ਼ੇਖ ਮੁਜੀਬੁਰ ਰਹਿਮਾਨ ਪੂਰਬੀ ਪਾਕਿਸਤਾਨ ਵਿਚ 169 ’ਚੋਂ 167 ਸੀਟਾਂ ਜਿੱਤਣ ਵਿਚ ਸਫਲ ਰਹੇ ਜਦੋਂ ਕਿ ਜ਼ੁਲਫ਼ਕਾਰ ਅਲੀ ਭੁੱਟੋ ਪੱਛਮੀ ਪਾਕਿਸਤਾਨ ਦੀਆਂ 146 ਸੀਟਾਂ ਵਿਚੋਂ ਸਿਰਫ਼ 81 ਸੀਟਾਂ ਹੀ ਜਿੱਤ ਸਕੇ।

ਚੋਣ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਸ਼ੇਖ ਹੀ ਪਾਕਿਸਤਾਨ ਦਾ ਵਜ਼ੀਰ-ਏ-ਆਜ਼ਮ ਬਣਨ ਦੇ ਯੋਗ ਆਗੂ ਸੀ ਜਦੋਂ ਕਿ ਹੰਕਾਰੀ ਭੁੱਟੋ ਨੇ ਮਹਾਭਾਰਤ ਦੇ ਸ਼ਕੁਨੀ ਮਾਮੇ ਦੀ ਭੂਮਿਕਾ ਨਿਭਾਈ ਅਤੇ ਫੌਜ ਦੇ ਨਾਲ ਮਿਲ ਕੇ ਚੋਣ ਨਤੀਜੇ ਰੱਦ ਕਰਵਾ ਦਿੱਤੇ ਜਿਸ ਕਾਰਨ ਪੂਰਬੀ ਪਾਕਿਸਤਾਨ ਵਿਚ ਜ਼ਬਰਦਸਤ ਅੰਦੋਲਨ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਇਕ ਵੱਖਰਾ ਆਜ਼ਾਦ ਦੇਸ਼ ਬਣਾਉਣ ਦਾ ਐਲਾਨ ਕੀਤਾ। ਇਸ ਲਹਿਰ ਨੂੰ ਦਬਾਉਣ ਲਈ ਜਨਰਲ ਟਿੱਕਾ ਖਾਨ ਨੂੰ ਪੂਰਬੀ ਪਾਕਿਸਤਾਨ ਭੇਜਿਆ ਗਿਆ।

ਸ਼ੇਖ ਮੁਜੀਬੁਰ ਰਹਿਮਾਨ ਨੂੰ ਫਿਰ ਬੰਦੀ ਬਣਾ ਲਿਆ ਗਿਆ ਅਤੇ ਪੱਛਮੀ ਪਾਕਿਸਤਾਨ ਲਿਆਂਦਾ ਗਿਆ। ਫੌਜ ਨੇ ਵੀਹ ਲੱਖ ਬੰਗਾਲੀਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਚਾਰ ਲੱਖ ਔਰਤਾਂ ਨਾਲ ਜਬਰ-ਜ਼ਨਾਹ ਹੋਇਆ। ਡਰ, ਦਹਿਸ਼ਤ ਅਤੇ ਕਤਲੇਆਮ ਕਾਰਨ ਇਕ ਕਰੋੜ ਲੋਕ ਭਾਰਤ ਆ ਗਏ, ਜਿੱਥੇ ਉਨ੍ਹਾਂ ਨੂੰ ਬੰਗਾਲ, ਬਿਹਾਰ, ਅਸਾਮ, ਮੇਘਾਲਿਆ ਅਤੇ ਤ੍ਰਿਪੁਰਾ ਵਿਚ ਪਨਾਹ ਦਿੱਤੀ ਗਈ।

ਭਾਰਤ ਨੇ ਪਹਿਲੇ ਚਾਰ ਦਿਨਾਂ ਦੇ ਅੰਦਰ ਹੀ ਪੂਰਬੀ ਪਾਕਿਸਤਾਨ ਦੇ ਆਸਮਾਨ ’ਤੇ ਕੰਟਰੋਲ ਕਰ ਲਿਆ ਅਤੇ ਬੜੀ ਤੇਜ਼ੀ ਨਾਲ ਭਾਰਤੀ ਫ਼ੌਜਾਂ ਪੂਰਬੀ ਪਾਕਿਸਤਾਨ ਵੱਲ ਅੱਗੇ ਵਧਣ ਲੱਗੀਆਂ ਅਤੇ ਢਾਕਾ ਦੇ ਨੇੜੇ ਪਹੁੰਚ ਗਈਆਂ। ਇਸ ਵਿਚ ਮੁਕਤੀ ਵਾਹਿਨੀ ਨੇ ਵੀ ਖੁੱਲ੍ਹ ਕੇ ਮਦਦ ਕੀਤੀ। ਦੂਜੇ ਪਾਸੇ ਰਾਜਸਥਾਨ ਦੇ ਲੌਂਗੋਵਾਲ ਜੈਸਲਮੇਰ ਵਿਚ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਲਾਹੀ ਬਚਨ ‘ਸਵਾ ਲਾਖ ਸੇ ਏਕ ਲੜਾਊਂ’ ਨੂੰ ਹਕੀਕਤ ਵਿਚ ਸਾਬਤ ਕਰ ਦਿੱਤਾ।

ਜਦੋਂ ਉਹ 120 ਸੈਨਿਕਾਂ ਦੇ ਨਾਲ ਪੂਰੀ ਰਾਤ ਪਾਕਿਸਤਾਨ ਦੇ ਤਿੰਨ ਹਜ਼ਾਰ ਸੈਨਿਕਾਂ ਅਤੇ 59 ਟੈਂਕਾਂ ਨਾਲ ਲੜਦਾ ਰਿਹਾ ਅਤੇ ਉਨ੍ਹਾਂ ਨੂੰ ਭਾਰਤੀ ਸਰਹੱਦ ਵਿਚ ਦਾਖਲ ਨਹੀਂ ਹੋਣ ਦਿੱਤਾ। ਸਵੇਰੇ ਹੰਟਰ ਜਹਾਜ਼ਾਂ ਨੇ ਭਾਰੀ ਬੰਬਾਰੀ ਕਰ ਕੇ ਪਾਕਿਸਤਾਨ ਦੇ ਸਾਰੇ ਟੈਂਕਾਂ ਨੂੰ ਤਬਾਹ ਕਰ ਦਿੱਤਾ।

16 ਦਸੰਬਰ, 1971 ਨੂੰ ਪਾਕਿਸਤਾਨ ਦੇ ਜਨਰਲ ਨਿਆਜ਼ੀ ਨੇ ਢਾਕਾ ਵਿਚ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ 93,000 ਸੈਨਿਕਾਂ ਨਾਲ ਆਤਮ ਸਮਰਪਣ ਕੀਤਾ ਅਤੇ ਪੂਰਬੀ ਪਾਕਿਸਤਾਨ ਬੰਗਲਾਦੇਸ਼ ਦੇ ਨਾਮ ਨਾਲ ਇਕ ਆਜ਼ਾਦ ਦੇਸ਼ ਦਾ ਜਨਮ ਹੋਇਆ।

ਭਾਵੇਂ ਇਹ ਜੰਗ ਸਿਰਫ਼ 13 ਦਿਨ ਚੱਲੀ ਸੀ ਪਰ ਫ਼ੌਜੀਆਂ ਦਾ ਆਤਮ ਸਮਰਪਣ ਦੁਨੀਆ ਵਿਚ ਸਭ ਤੋਂ ਵੱਡਾ ਸੀ।

ਪ੍ਰੋ. ਦਰਬਾਰੀ ਲਾਲ (ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ)


Rakesh

Content Editor

Related News