ਜੰਮੂ-ਕਸ਼ਮੀਰ ’ਚ ਸੱਤਾਧਾਰੀ ਨਿਆਇਕਾਂ ਨਾਲ ਨਾਰਾਜ਼ ਹੈ ਕਾਂਗਰਸ ਲੀਡਰਸ਼ਿਪ
Saturday, Oct 18, 2025 - 05:15 PM (IST)

ਨੈਸ਼ਨਲ ਕਾਨਫਰੰਸ (ਐੱਨ. ਸੀ.)-ਕਾਂਗਰਸ ਗੱਠਜੋੜ ’ਚ ਨਵੇਂ ਤਣਾਅ ਦੇ ਵਿਚਾਲੇ, ਕਾਂਗਰਸ ਲੀਡਰਸ਼ਿਪ ਨੇ ਸੱਤਾਧਾਰੀ ਐੱਨ. ਸੀ. ਰਾਹੀਂ ਅਗਲੀਆਂ ਰਾਜ ਸਭਾ ਚੋਣਾਂ ਲਈ ਉਨ੍ਹਾਂ ਨੂੰ ਸੁਰੱਖਿਅਤ ਸੀਟ ਨਾ ਦੇਣ ਦੇ ਫੈਸਲੇ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਕਿਉਂਕਿ 4 ਐੱਨ. ਸੀ. ਉਮੀਦਵਾਰਾਂ ਨੇ ਸ਼੍ਰੀਨਗਰ ’ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜੰਮੂ-ਕਸ਼ਮੀਰ ਕਾਂਗਰਸ ਮੁਖੀ ਤਾਰਿਕ ਹਾਮਿਦ ਕਰਾ ਨੇ ਐੱਨ. ਸੀ. ’ਤੇ ਗੱਠਜੋੜ ਦੇ ਸਿਧਾਂਤਾਂ ਦੀ ਅਣਡਿੱਠਤਾ ਕਰਨ ਅਤੇ ਰਾਜ ਸਭਾ ਸੀਟਾਂ ਲਈ ਆਪਣੀ ਵਚਨਬੱਧਤਾ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ।
ਨੈਸ਼ਨਲ ਕਾਨਫਰੰਸ ਦੇ 41 ਮੈਂਬਰ ਹਨ ਅਤੇ ਉਸ ਨੂੰ 5 ਆਜ਼ਾਦ ਅਤੇ ਇਕ ਸੀ. ਪੀ. ਐੱਮ. ਵਿਧਾਇਕ ਦਾ ਸਮਰਥਨ ਹਾਸਲ ਹੈ। ਇਸ ਲਈ ਜੇਕਰ ਕਾਂਗਰਸ ਗੱਠਜੋੜ ਤੋਂ ਬਾਹਰ ਹੋ ਜਾਂਦੀ ਹੈ ਤਾਂ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਜੰਮੂ-ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ ’ਚ ਨੈਸ਼ਨਲ ਕਾਨਫਰੰਸ ਨੂੰ ਸਦਨ ’ਚ ਆਪਣੀ ਤਾਕਤ ਦੇ ਆਧਾਰ ’ਤੇ ਆਰਾਮ ਨਾਲ ਤਿੰਨ ਸੀਟਾਂ ਮਿਲਣ ਦੀ ਉਮੀਦ ਹੈ। ਭਾਜਪਾ ਦੇ ਨਾਲ ਇਕ ਸੀਟ ’ਤੇ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ ਹਾਲਾਂਕਿ ਵਿਰੋਧੀ ਪਾਰਟੀ ਜਿੱਤ ਪ੍ਰਤੀ ਆਸਵੰਦ ਹੈ।
ਹੁਣ ਜੰਮੂ-ਕਸ਼ਮੀਰ ’ਚ ਕਾਂਗਰਸ ਦੇ ਨੇਤਾ ਐੱਨ. ਸੀ. ਨਾਲ ਗੱਠਜੋੜ ਖਤਮ ਕਰਨ ਦੀ ਮੰਗ ਕਰ ਰਹੇ ਹਨ। ਕਾਂਗਰਸ ਦੋ ਜੰਮੂ-ਕਸ਼ਮੀਰ ਵਿਧਾਨ ਸਭਾ ਖੇਤਰਾਂ ’ਚ ਅਗਲੀਆਂ ਉਪ ਚੋਣਾਂ ’ਚ ਇਕੱਲਿਆਂ ਜਾਣ ’ਤੇ ਵੀ ਵਿਚਾਰ ਕਰ ਰਹੀ ਹੈ, ਜੇਕਰ ਸੱਤਾਧਾਰੀ ਪਾਰਟੀ ਦੋ ਸੀਟਾਂ ’ਚੋਂ ਘੱਟੋ-ਘੱਟ ਇਕ ਸੀਟ ਉਸ ਨੂੰ ਦੇਣ ਤੋਂ ਇਨਕਾਰ ਕਰਦੀ ਹੈ।
ਜੰਮੂ-ਕਸ਼ਮੀਰ ਦੀਆਂ 2 ਵਿਧਾਨ ਸਭਾ ਸੀਟਾਂ ਬਡਗਾਮ (ਕਸ਼ਮੀਰ ’ਚ) ਅਤੇ ਨਗਰੋਟਾ (ਜੰਮੂ ’ਚ) ਲਈ ਉਪ-ਚੋਣਾਂ 11 ਨਵੰਬਰ ਨੂੰ ਹੋਣਗੀਆਂ।
ਨਿਤੀਸ਼ ਦੀ ਸੂਚੀ ’ਚ ਭਾਜਪਾ ਦੀ ਸਪੱਸ਼ਟ ਛਾਪ : ਬਿਹਾਰ ਦੇ ਮੁੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਦਰਭੰਗਾ ਅਤੇ ਸਮਸਤੀਪੁਰ ਤੋਂ ਕੀਤੀ ਅਤੇ ਲੋਕਾਂ ਨੂੰ 2005 ’ਚ ਉਨ੍ਹਾਂ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਦੇ ਹਾਲਾਤ ਦੀ ਯਾਦ ਦਿਵਾਈ। ਵੀਰਵਾਰ ਨੂੰ ਪਟਨਾ ’ਚ ਮੌਜੂਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨ. ਡੀ. ਏ. ਦੇ ਸਹਿਯੋਗੀ ਦਲ ਜਦ (ਯੂ) ਮੁਖੀ ਨਿਤੀਸ਼ ਕੁਮਾਰ ਦੀ ਅਗਵਾਈ ’ਚ ਬਿਹਾਰ ਵਿਧਾਨ ਸਭਾ ਚੋਣਾਂ ਲੜਨਗੇ ਅਤੇ ਅਗਲੀ ਸਰਕਾਰ ਦੀ ਅਗਵਾਈ ਕੌਣ ਕਰੇਗਾ, ਇਸ ਦਾ ਫੈਸਲਾ ਚੋਣਾਂ ਤੋਂ ਬਾਅਦ ਚੁਣੇ ਹੋਏ ਵਿਧਾਇਕ ਕਰਨਗੇ।
ਹਾਲਾਂਕਿ, ਇਹ ਵਿਆਪਕ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਬਿਹਾਰ ’ਚ ਜਦ (ਯੂ) ਦੀ ਲੰਬੇ ਸਮੇਂ ਤੋਂ ਸਹਿਯੋਗੀ ਰਹੀ ਭਾਜਪਾ, ਰਸਮੀ ਤੌਰ ’ਤੇ ਮੰਡਲ ਰਾਜਨੀਤੀ ਤੋਂ ਪ੍ਰਭਾਵਿਤ ਇਸ ਰਾਜ ’ਚ ਆਪਣਾ ਮੁੱਖ ਮੰਤਰੀ ਬਣਾਉਣ ਦੀ ਖਾਹਿਸ਼ ਰੱਖਦੀ ਸੀ। ਬਿਹਾਰ ’ਚ ਭਾਜਪਾ ਦਾ ਕਦੇ ਕੋਈ ਮੁੱਖ ਮੰਤਰੀ ਨਹੀਂ ਰਿਹਾ। ਜਦ (ਯੂ) ਨੇ ਬਿਹਾਰ ’ਚ ਐੱਨ. ਡੀ. ਏ. ਦੀ ਸੀਟ ਵੰਡ ਦੇ ਤਹਿਤ ਉਸ ਨੂੰ ਅਲਾਟ ਸਾਰੀਆਂ 101 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਨਿਤੀਸ਼ ਦੀ ਸੂਚੀ ’ਚ ਭਾਜਪਾ ਦੀ ਛਾਪ ਸਪੱਸ਼ਟ ਸੀ, ਜਦ (ਯੂ) ਨੇ ਇਸ ਵਾਰ ਸਿਰਫ 4 ਮੁਸਲਿਮ ਉਮੀਦਵਾਰਾਂ ਨੂੰ ਮੈਦਾਨ ’ਚ ਉਤਾਰਿਆ ਜੋ ਪਿਛਲੀਆਂ ਚੋਣਾਂ ’ਚ ਨਾਮਜ਼ਦ 10 ਦੇ ਅੱਧੇ ਤੋਂ ਵੀ ਘੱਟ ਸਨ ਅਤੇ ਜਦ (ਯੂ) ਨੇ ਆਪਣੇ ਰਸਮੀ ਸਮਾਜਿਕ ਆਧਾਰ ’ਤੇ ਧਿਆਨ ਕੇਂਦਰਿਤ ਕੀਤਾ ਹੈ।
ਮਹਾ ਵਿਕਾਸ ਅਘਾੜੀ ਗੱਠਜੋੜ ’ਚ ਸ਼ਾਮਲ ਹੋ ਸਕਦੇ ਹਨ ਰਾਜ ਠਾਕਰੇ : ਸੂਬੇ ’ਚ ਮਹੱਤਵਪੂਰਨ ਲੋਕਲ ਬਾਡੀਜ਼ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਠਾਕਰੇ ਦੇ ਚਚੇਰੇ ਭਰਾ, ਊਧਵ ਅਤੇ ਰਾਜ ਠਾਕਰੇ ਵਿਚਾਲੇ ਲਗਾਤਾਰ ਮੀਟਿੰਗਾਂ ਵਿਚਾਲੇ, ਕਾਂਗਰਸ ਨੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਦੇ ਵਿਰੋਧੀ ਮੋਰਚੇ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ’ਚ ਸੰਭਾਵਿਤ ਦਾਖਲੇ ’ਤੇ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ ਹੈ, ਜੋ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਵਿਰੁੱਧ ਗੱਠਜੋੜ ਦੇ ਰੂਪ ’ਚ ਚੋਣ ਲੜੇਗੀ ਪਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮਨਸੇ ਪ੍ਰਧਾਨ ਰਾਜ ਠਾਕਰੇ ਮਹਾਰਾਸ਼ਟਰ ’ਚ ਅਗਲੀਆਂ ਲੋਕਲ ਬਾਡੀ ਚੋਣਾਂ ਲਈ ਕਾਂਗਰਸ ਦੀ ਅਗਵਾਈ ਵਾਲੇ ਮਹਾਵਿਕਾਸ ਅਘਾੜੀ (ਐੱਮ. ਵੀ. ਏ.) ਗੱਠਜੋੜ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੇ ਚਚੇਰੇ ਭਰਾ ਅਤੇ ਸ਼ਿਵਸੈਨਾ (ਯੂ. ਬੀ. ਟੀ.) ਮੁਖੀ ਊਧਵ ਠਾਕਰੇ ਨਾਲ ਸੰਭਾਵਿਤ ਗੱਠਜੋੜ ਲਈ ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ) ਨਾਲ ਮੁੱਢਲੀ ਚਰਚਾ ਸ਼ੁਰੂ ਕਰ ਦਿੱਤੀ ਹੈ। ਸ਼ਿਵਸੈਨਾ (ਯੂ. ਬੀ. ਟੀ.) ਦੇ ਰਾਜ ਸਭਾ ਮੈਂਬਰ ਅਤੇ ਮੁੱਖ ਬੁਲਾਰੇ ਸੰਜੇ ਰਾਊਤ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਠਾਕਰੇ ਅਤੇ ਮਨਸੇ ਨੂੰ ਐੱਮ. ਵੀ. ਏ. ’ਚ ਸ਼ਾਮਲ ਕਰਨ ਲਈ ਸੀਨੀਅਰ ਕਾਂਗਰਸ ਨੇਤਾਵਾਂ ਨਾਲ ਚਰਚਾ ਚੱਲ ਰਹੀ ਹੈ । ਇਸ ਦੌਰਾਨ ਮਹਾ ਵਿਕਾਸ ਅਘਾੜੀ ਅਤੇ ਉਸ ਦੇ ਛੋਟੇ ਸਹਿਯੋਗੀਆਂ ਨੂੰ ਮੰਗਲਵਾਰ ਨੂੰ ਮੰਗ ਕੀਤੀ ਕਿ ਮਹਾਰਾਸ਼ਟਰ ’ਚ ਲੋਕਲ ਬਾਡੀ ਚੋਣਾਂ ਉਦੋਂ ਤੱਕ ਮੁਲਤਵੀ ਕਰ ਦਿੱਤੀਆਂ ਜਾਣ, ਜਦੋਂ ਤੱਕ ਲੱਖਾਂ ਖਾਮੀਆਂ ਵਾਲੀ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਕਰ ਲਿਆ ਜਾਂਦਾ।
ਸੀਨੀਅਰ ਿਵਰੋਧੀ ਨੇਤਾਵਾਂ ਦੇ ਇਕ ਵਫਦ ਨੇ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀ ਐੱਮ. ਚੋਕਲਿੰਗਮ ਨਾਲ ਮੁਲਾਕਾਤ ਕੀਤੀ ਅਤੇ ਅਗਲੀਆਂ ਲੋਕਲ ਬਾਡੀਜ਼ ਚੋਣਾਂ ਤੋਂ ਇਲਾਵਾ ਵੋਟਰ ਸੂਚੀ ’ਚ ਖਾਮੀਆਂ ਬਾਰੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਇਨ੍ਹਾਂ ਚੋਣਾਂ ’ਚ ਵੀ. ਵੀ. ਪੀ. ਏ. ਟੀ. ਮਸ਼ੀਨਾਂ ਦੀ ਵਰਤੋਂ ਸਮੇਤ ਹੋਰਨਾਂ ਮੁੱਦਿਆਂ ਨੂੰ ਵੀ ਉਠਾਇਆ। ਵਫਦ ’ਚ ਸ਼ਰਦ ਪਵਾਰ, ਊਧਵ ਠਾਕਰੇ, ਰਾਜ ਠਾਕਰੇ ਅਤੇ ਸੀਨੀਅਰ ਕਾਂਗਰਸ ਨੇਤਾ ਬਾਲਾਸਾਹੇਬ ਥੋਰਾਟ ਸ਼ਾਮਲ ਸਨ।
ਮਾਇਆਵਤੀ ਦਾ ‘ਬਹੁਜਨ ਮਿਸ਼ਨ 2027’ : 2026 ਦੀਆਂ ਪੰਚਾਇਤੀ ਚੋਣਾਂ ਅਤੇ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਸਪਾ ਮੁਖੀ ਮਾਇਆਵਤੀ ਨੇ ਵੀਰਵਾਰ ਨੂੰ 600 ਤੋਂ ਵੱਧ ਪਾਰਟੀ ਵਰਕਰਾਂ ਨਾਲ ਇਕ ਮੀਟਿੰਗ ਕੀਤੀ ਅਤੇ ਪਾਰਟੀ ਨੇਤਾਵਾਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਅਤੇ ਆਪਣੀਆਂ ‘ਭਾਈਚਾਰਾ ਕਮੇਟੀਆਂ’ ਰਾਹੀਂ ਮੁਸਲਮਾਨਾਂ, ਓ. ਬੀ. ਸੀ., ਦਲਿਤਾਂ ਅਤੇ ਬ੍ਰਾਹਮਣਾਂ ਸਮੇਤ ਵੱਖ-ਵੱਖ ਭਾਈਚਾਰਿਆਂ ਦਾ ਸਮਰਥਨ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰਨ ਦਾ ਨਿਰਦੇਸ਼ ਦਿੱਤਾ।
ਸੂਬੇ ਦੀ ਰਾਜਧਾਨੀ ’ਚ ਬਸਪਾ ਦੀ ਰੈਲੀ ਦੀ ਸਫਲਤਾ ਤੋਂ ਉਤਸ਼ਾਹਿਤ ਮਾਇਆਵਤੀ ਨੇ ਸਮਾਜਵਾਦੀ ਪਾਰਟੀ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਇਸ ਰੈਲੀ ਨੇ ਸਪਾ ਦੇ ਪੀ. ਡੀ. ਏ. ਵਾਲੀ ਸਲਾਹ ਦੀ ਹਵਾ ਕੱਢ ਦਿੱਤੀ ਹੈ। ਮੀਟਿੰਗ ’ਚ ਪਾਰਟੀ ਨੇ ‘ਬਹੁਜਨ ਮਿਸ਼ਨ 2027’ ਦੇ ਤਹਿਤ ਇਕ ਕਾਰਜ ਯੋਜਨਾ ਨੂੰ ਅੰਤਿਮ ਰੂਪ ਦਿੱਤਾ, ਜਿਸ ’ਚ ਪੂਰੇ ਸੂਬੇ ’ਚ ਪਿੰਡ-ਪਿੰਡ ਜਾ ਕੇ ਸੰਪਰਕ ਮੁਹਿੰਮ ਚਲਾਈ ਜਾਵੇਗੀ।
–ਰਾਹਿਲ ਨੌਰਾ ਚੋਪੜਾ