ਬਿਹਾਰ ਵਿਚ ਮੁੱਖ ਲੜਾਈ ਦੋ ਸਥਾਪਿਤ ਗੱਠਜੋੜਾਂ ਵਿਚਕਾਰ ਹੈ

Saturday, Oct 18, 2025 - 05:18 PM (IST)

ਬਿਹਾਰ ਵਿਚ ਮੁੱਖ ਲੜਾਈ ਦੋ ਸਥਾਪਿਤ ਗੱਠਜੋੜਾਂ ਵਿਚਕਾਰ ਹੈ

ਬਿਹਾਰ ਵਿਧਾਨ ਸਭਾ ਚੋਣਾਂ ਦਾ ਸਿਆਸੀ ਦ੍ਰਿਸ਼ ਕੁਦਰਤੀ ਤੌਰ ’ਤੇ ਆਪਣੇ ਸਿਖਰ ’ਤੇ ਹੈ। ਜਦੋਂ ਤੱਕ ਕਿਸੇ ਚੋਣ ਦੇ ਨਤੀਜੇ ਐਲਾਨੇ ਨਹੀਂ ਜਾਂਦੇ, ਹਰ ਤਰ੍ਹਾਂ ਦੇ ਵਿਸ਼ਲੇਸ਼ਣ ਅਤੇ ਭਵਿੱਖਬਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਆਉਂਦੀਆਂ ਰਹਿਣਗੀਆਂ। ਬਿਹਾਰ ਵਿਧਾਨ ਸਭਾ ਚੋਣਾਂ ਦਾ ਆਮ ਵਿਸ਼ਲੇਸ਼ਣ ਇਹ ਹੈ ਕਿ ਭਾਜਪਾ, ਜਦ (ਯੂ) ਵਾਲਾ ਰਾਸ਼ਟਰੀ ਲੋਕਤੰਤਰਿਕ ਗੱਠਜੋੜ ਜਾਂ ਰਾਜਗ ਅਤੇ ਰਾਜਦ, ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਦੇ ਗੱਠਜੋੜ ਵਿਚਾਲੇ ਸਖ਼ਤ ਮੁਕਾਬਲਾ ਹੈ, ਜਿਸ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਨਵੀਂ ਬਣੀ ਜਨ ਸੁਰਾਜ ਪਾਰਟੀ ਤੀਜੇ ਸਥਾਨ ’ਤੇ ਪਹੁੰਚਣ ਦੀ ਸਥਿਤੀ ’ਚ ਹੈ। ਇਕ ਵਿਸ਼ਲੇਸ਼ਣ ਇਹ ਵੀ ਹੈ ਕਿ ਜਨ ਸੁਰਾਜ ਪਾਰਟੀ ਦੋਵਾਂ ਪਾਰਟੀਆਂ ਨੂੰ ਨੁਕਸਾਨ ਪਹੁੰਚਾ ਕੇ ਇਕ ਪ੍ਰਭਾਵਸ਼ਾਲੀ ਸਥਾਨ ਬਣਾ ਸਕਦੀ ਹੈ।

ਸਵਾਲ ਇਹ ਹੈ ਕਿ ਇਸ ਸਮੇਂ ਬਿਹਾਰ ਚੋਣਾਂ ਵਿਚ ਕੀ ਸੰਭਾਵਨਾਵਾਂ ਦਿਸਦੀਆਂ ਹਨ? 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋਵਾਂ ਮੁੱਖ ਗੱਠਜੋੜਾਂ ਵਿਚਕਾਰ ਸਿਰਫ਼ 12,768 ਵੋਟਾਂ ਦਾ ਅੰਤਰ ਸੀ। ਉਸ ਸਮੇਂ ਰਾਜਗ ਨੂੰ 37.26 ਫੀਸਦੀ (1,57,01,226) ਵੋਟਾਂ ਮਿਲੀਆਂ ਸਨ, ਜਦੋਂ ਕਿ ਮਹਾਗੱਠਜੋੜ ਨੂੰ 37.23 ਫੀਸਦੀ (1,56,88,458) ਵੋਟਾਂ ਮਿਲੀਆਂ ਸਨ। ਦੋਵਾਂ ਵਿਚ ਅੰਤਰ ਸਿਰਫ਼ .03 ਫੀਸਦੀ ਸੀ। ਇਸ ਘੱਟ ਫਰਕ ਨਾਲ ਰਾਜਗ ਨੇ 125 ਸੀਟਾਂ ਜਿੱਤੀਆਂ, ਜਦੋਂ ਕਿ ਰਾਜਦ ਦੀ ਅਗਵਾਈ ਵਾਲੇ ਗੱਠਜੋੜ ਨੇ 110 ਸੀਟਾਂ ਜਿੱਤੀਆਂ। ਹੋਰਨਾਂ ਨੇ 8 ਸੀਟਾਂ ਜਿੱਤੀਆਂ।

ਇਸ ਦੇ ਆਧਾਰ ’ਤੇ ਪਹਿਲਾ ਸਿੱਟਾ ਇਹ ਹੈ ਕਿ ਜੇਕਰ ਵਿਰੋਧੀ ਗੱਠਜੋੜ ਨੂੰ ਕੁਝ ਹੋਰ ਵੋਟਾਂ ਮਿਲੀਆਂ ਹੁੰਦੀਆਂ, ਤਾਂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਰਾਜਗ ਦੀ ਸਰਕਾਰ ਨਹੀਂ ਬਣਦੀ। ਇਸ ਦਾ ਸਿੱਟਾ ਇਹ ਹੈ ਵੀ ਹੈ ਕਿ ਮੁੜ ਪੰਜ ਸਾਲਾਂ ਦੇ ਸ਼ਾਸਨ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਸਰਕਾਰ ਨੂੰ ਲੈ ਕੇ ਕੁਝ ਨਾ ਕੁਝ ਜਨਤਕ ਅਸੰਤੁਸ਼ਟੀ ਹੋਵੇਗੀ ਅਤੇ ਵਿਰੋਧੀ ਗੱਠਜੋੜ ਨੂੰ ਇਸ ਸੱਤਾ ਵਿਰੋਧੀ ਰੁਝਾਨ ਦਾ ਫਾਇਦਾ ਹੋ ਸਕਦਾ ਹੈ।

ਪਿਛਲੀ ਵਾਰ 243 ਸੀਟਾਂ ਵਾਲੀ ਬਿਹਾਰ ਵਿਧਾਨ ਸਭਾ ਦੀਆਂ 52 ਸੀਟਾਂ ’ਤੇ ਜਿੱਤ ਅਤੇ ਹਾਰ ਦਾ ਅੰਤਰ 5,000 ਵੋਟਾਂ ਤੋਂ ਘੱਟ ਸੀ। ਪਰ ਚੋਣਾਂ ਦਾ ਗਣਿਤ ਇੰਨਾ ਸੌਖਾ ਨਹੀਂ ਹੈ। ਪਿਛਲੀਆਂ ਚੋਣਾਂ ਵਿਚ ਚਿਰਾਗ ਪਾਸਵਾਨ ਦੀ ਲੋਜਪਾ ਨੇ ਇਕੱਲਿਆਂ 137 ਸੀਟਾਂ ’ਤੇ ਚੋਣ ਲੜੀ ਸੀ ਅਤੇ 5.66 ਫੀਸਦੀ, ਭਾਵ 23 ਲੱਖ 83 ਹਜ਼ਾਰ 457 ਵੋਟਾਂ ਪ੍ਰਾਪਤ ਕੀਤੀਆਂ ਸਨ। ਇਸ ਵਾਰ ਚਿਰਾਗ ਪਾਸਵਾਨ ਗੱਠਜੋੜ ਵਿਚ ਹਨ ਅਤੇ ਜੇਕਰ ਇਨ੍ਹਾਂ ਵੋਟਾਂ ਨੂੰ ਜੋੜਿਆ ਜਾਵੇ, ਤਾਂ ਦੋਵਾਂ ਵਿਚਕਾਰ ਵੱਡਾ ਅੰਤਰ ਆ ਜਾਂਦਾ ਹੈ।

ਉਸ ਸਮੇਂ 83 ਸੀਟਾਂ ’ਤੇ 10,000 ਤੋਂ ਵੀ ਘੱਟ ਵੋਟਾਂ ਨਾਲ ਹਾਰ-ਜਿੱਤ ਹੋਈ ਸੀ। ਇਨ੍ਹਾਂ 83 ਸੀਟਾਂ ਵਿਚੋਂ ਰਾਸ਼ਟਰੀ ਜਨਤਾ ਦਲ ਨੇ 28 ਅਤੇ ਕਾਂਗਰਸ ਨੇ 10 ਸੀਟਾਂ ਜਿੱਤੀਆਂ ਸਨ। ਅਸਲ ਵਿਚ 2025 ਦੀਆਂ ਵਿਧਾਨ ਸਭਾ ਚੋਣਾਂ ਦਾ ਅਗਾਊਂ ਮੁਲਾਂਕਣ ਨਾ 2020 ਅਤੇ ਨਾ 2015 ਦੇ ਆਧਾਰ ਹੋ ਸਕਦਾ ਹੈ। ਪਿਛਲੀਆਂ ਚੋਣਾਂ ਵਿਚ ਰਾਜਗ ਗੱਠਜੋੜ ’ਚ ਜੀਤਨ ਰਾਮ ਮਾਂਝੀ ਦੀ ‘ਹਮ’ ਅਤੇ ਉਪੇਂਦਰ ਕੁਸ਼ਵਾਹਾ ਦੀ ‘ਰਾਲੋਮੋ’ ਵੀ ਨਹੀਂ ਸੀ। ਇਸੇ ਤਰ੍ਹਾਂ ਮੁਕੇਸ਼ ਸਾਹਨੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ ਜਾਂ ਵੀ. ਆਈ. ਪੀ., ਰਾਜਗ ਵਿਚ ਸੀ, ਜੋ ਇਸ ਵਾਰ ਦੂਜੇ ਗੱਠਜੋੜ ਵਿਚ ਹੈ। ਹੁਣ ਮਹਾਗੱਠਜੋੜ ਵਿਚ ਕੁੱਲ ਅੱਠ ਪਾਰਟੀਆਂ ਹਨ। ਇਸ ਵੇਲੇ ਚੋਣਾਂ ਤੋਂ ਪਹਿਲਾਂ ਰਾਜਗ ਕੋਲ 131 ਸੀਟਾਂ ਹਨ, ਜਿਨ੍ਹਾਂ ਵਿਚੋਂ ਭਾਜਪਾ ਕੋਲ 80, ਜਦ (ਯੂ) ਕੋਲ 45 ਅਤੇ ਹਮ (ਐੱਸ) ਕੋਲ 4 ਸੀਟਾਂ ਹਨ। ਇਨ੍ਹਾਂ ਤੋਂ ਇਲਾਵਾ ਦੋ ਆਜ਼ਾਦ ਵਿਧਾਇਕਾਂ ਨੇ ਵੀ ਰਾਜਗ ਦਾ ਸਮਰਥਨ ਕੀਤਾ।

ਮਹਾਗੱਠਜੋੜ ਕੋਲ 111 ਸੀਟਾਂ ਹਨ, ਜਿਨ੍ਹਾਂ ਵਿਚੋਂ ਰਾਜਦ ਨੂੰ 77, ਕਾਂਗਰਸ ਨੂੰ 19, ਸੀ. ਪੀ. ਆਈ. (ਐੱਮ. ਐੱਲ. ) ਨੂੰ 11, ਸੀ. ਪੀ. ਆਈ. (ਐੱਮ.) ਕੋਲ 2 ਸੀਟਾਂ ਹਨ। ਇਸ ਵਾਰ ’ਚ ਵੀ. ਆਈ. ਪੀ., ਝਾਰਖੰਡ ਮੁਕਤੀ ਮੋਰਚਾ ਅਤੇ ਪਸ਼ੂਪਤੀ ਪਾਰਸ ਦੀ ਲੋਜਪਾ ਵੀ ਆ ਗਈ ਹੈ। ਇਸ ਤਰ੍ਹਾਂ ਵਿਰੋਧੀ ਗੱਠਜੋੜ ਵਿਚ ਹੁਣ 8 ਪਾਰਟੀਆਂ ਹੋ ਗਈਆਂ ਹਨ। 2024 ਦੀਆਂ ਲੋਕ ਸਭਾ ਚੋਣਾਂ ਅਨੁਸਾਰ ਦੇਖੀਏ ਤਾਂ ਭਾਜਪਾ ਨੂੰ 20.52 ਫੀਸਦੀ ਵੋਟਾਂ ਅਤੇ 12 ਸੀਟਾਂ, ਜਦ (ਯੂ) ਨੂੰ 18.52 ਫੀਸਦੀ ਵੋਟਾਂ ਅਤੇ 12 ਸੀਟਾਂ, ਲੋਜਪਾ ਨੂੰ 5.47 ਫੀਸਦੀ ਵੋਟਾਂ ਅਤੇ 5 ਸੀਟਾਂ, ‘ਹਮ’-1, ਦੂਜੇ ਪਾਸੇ ਰਾਜਦ ਨੂੰ 22.5 ਫੀਸਦੀ ਵੋਟਾਂ ਅਤੇ 4 ਸੀਟਾਂ, ਕਾਂਗਰਸ ਨੂੰ 9.20 ਫੀਸਦੀ ਵੋਟਾਂ ਅਤੇ 3 ਸੀਟਾਂ, ਸੀ. ਪੀ. ਆਈ.-ਐੱਮ. ਐੱਲ. ਨੂੰ 2.99 ਫੀਸਦੀ ਵੋਟਾਂ ਅਤੇ 2 ਸੀਟਾਂ ਮਿਲੀਆਂ ਸਨ।

2024 ਦੀਆਂ ਲੋਕ ਸਭਾ ਚੋਣਾਂ ਅਨੁਸਾਰ ਰਾਜਗ 175 ਸੀਟਾਂ ’ਤੇ ਅੱਗੇ ਹੈ। ਇਨ੍ਹਾਂ ਵਿਚ ਭਾਜਪਾ 68, ਜਦ (ਯੂ) 74, ਲੋਜਪਾ 29 ਅਤੇ ‘ਹਮ’ 5 ’ਤੇ ਅੱਗੇ ਹੈ। ਦੂਜੇ ਪਾਸੇ, ਰਾਜਦ ਗੱਠਜੋੜ ਸਿਰਫ 62 ਸੀਟਾਂ ’ਤੇ ਅੱਗੇ ਹੈ। ਇਨ੍ਹਾਂ ਵਿਚ ਰਾਜਦ 36, ਕਾਂਗਰਸ ਅਤੇ ਸੀ. ਪੀ. ਆਈ.-ਐੱਮ. ਐੱਲ. 12-12 ਸੀਟਾਂ, ਵੀ. ਆਈ. ਪੀ. 1 ਸੀਟ ’ਤੇ ਅਤੇ ਸੀ. ਪੀ. ਆਈ.-ਐੱਮ 1 ਸੀਟ ’ਤੇ ਅੱਗੇ ਸੀ।

ਮੌਜੂਦਾ ਚੋਣਾਂ ਨੂੰ ਅੰਕ ਗਣਿਤ ਦੇ ਤੱਥਾਂ ਦੇ ਮੱਦੇਨਜ਼ਰ ਦੇਖੀਏ ਅਤੇ ਸਿੱਟਾ ਕੱਢੀਏ। ਲੰਮੇ ਸਮੇਂ ਤੱਕ ਸੱਤਾ ਵਿਚ ਰਹਿਣ ਕਾਰਨ ਸਰਕਾਰ, ਵਿਧਾਇਕਾਂ, ਮੰਤਰੀਆਂ, ਲੀਡਰਸ਼ਿਪ, ਭਾਵ ਮੁੱਖ ਮੰਤਰੀ ਪ੍ਰਤੀ ਅਸੰਤੁਸ਼ਟੀ ਦੀ ਭਾਵਨਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਿਸ ਤਰ੍ਹਾਂ ਭਾਜਪਾ ਨੂੰ ਛੱਡ ਕੇ ਰਾਜਦ ਅਤੇ ਰਾਜਦ ਛੱਡ ਕੇ ਭਾਜਪਾ ਨਾਲ ਹੱਥ ਮਿਲਾਇਆ, ਜਿਸ ਨਾਲ ਉਨ੍ਹਾਂ ਦੀ ਸਾਖ ਅਤੇ ਭਰੋਸੇਯੋਗਤਾ ਕਾਫੀ ਕਮਜ਼ੋਰ ਹੋਈ। ਵਿਚਕਾਰਲੇ ਸਮੇਂ ਵਿਚ ਗੁੱਸਾ, ਚਿੜਚਿੜਾਪਨ ਅਤੇ ਉਨ੍ਹਾਂ ਦੇ ਬਿਆਨਾਂ ਵਿਚ ਕਾਫੀ ਅਸੰਤੁਲਨ ਉਨ੍ਹਾਂ ਦੀ ਪਛਾਣ ਬਣ ਗਿਆ ਸੀ।

ਪਰ ਪਿਛਲੇ ਛੇ ਮਹੀਨਿਆਂ ਵਿਚ ਤੁਸੀਂ ਇਕ ਬੁਨਿਆਦੀ ਤਬਦੀਲੀ ਦੇਖੀ ਹੋਵੇਗੀ। ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ ਦੁਬਾਰਾ ਇਕੱਠੇ ਹੋਣ ਦੇ ਬਾਵਜੂਦ ਭਾਜਪਾ ਉਨ੍ਹਾਂ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਵਜੋਂ ਨਾਮਜ਼ਦ ਕਰਨ ਤੋਂ ਗੁਰੇਜ਼ ਕਰੇਗੀ। ਤੇਜਸਵੀ ਯਾਦਵ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਵਾਰ-ਵਾਰ ਪ੍ਰਚਾਰ ਕੀਤਾ ਕਿ ਭਾਜਪਾ ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਨਹੀਂ ਬਣਾਏਗੀ। ਜ਼ਿਆਦਾਤਰ ਚੋਟੀ ਦੇ ਭਾਜਪਾ ਨੇਤਾਵਾਂ ਨੇ ਵਾਰ-ਵਾਰ ਕਿਹਾ ਹੈ ਕਿ ਉਹ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਚੋਣਾਂ ਲੜ ਰਹੇ ਹਨ ਅਤੇ ਉਹ ਦੁਬਾਰਾ ਮੁੱਖ ਮੰਤਰੀ ਹੋਣਗੇ, ਇਸ ਨਾਲ ਸ਼ੱਕ ਬਿਲਕੁਲ ਖਤਮ ਹੋ ਗਿਆ ਹੈ।

ਇਸ ਨਾਲ ਨਿਤੀਸ਼ ਕੁਮਾਰ ਦੇ ਸਮਰਥਕਾਂ ਵੋਟਰਾਂ ਦੇ ਅੰਦਰ ਦੁਚਿੱਤੀ ਵੀ ਖਤਮ ਹੋ ਗਈ ਹੋਵੇਗੀ। ਸੀਟਾਂ ਦੀ ਵੰਡ ਨੂੰ ਲੈ ਕੇ ਗੱਠਜੋੜ ਵਿਚ ਹਮੇਸ਼ਾ ਸਮੱਸਿਆਵਾਂ ਰਹੀਆਂ ਹਨ ਅਤੇ ਇਸ ਵਾਰ ਵੀ ਸਮੱਸਿਆਵਾਂ ਹਨ। ਇਸ ਦੇ ਬਾਵਜੂਦ ਨਿਤੀਸ਼ ਕੁਮਾਰ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਸਾਰੀਆਂ ਭਾਈਵਾਲ ਪਾਰਟੀਆਂ ਉਨ੍ਹਾਂ ਦੇ ਨਾਲ ਖੜ੍ਹੀਆਂ ਹਨ। ਸਭ ਤੋਂ ਵਧ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰ ਕੋਈ ਇਕਜੁੱਟ ਹੈ ਅਤੇ ਉਨ੍ਹਾਂ ਦਾ ਆਭਾਮੰਡਲ ਸਭ ’ਤੇ ਭਾਰੀ ਹੈ। ਭਾਜਪਾ ਅਤੇ ਰਾਜ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੀਡਰਸ਼ਿਪ ਵਾਲੀ ਸਿਆਸੀ ਭੂਮਿਕਾ ਦਾ ਵੀ ਡੂੰਘਾ ਪ੍ਰਭਾਵ ਦਿਖਾਈ ਦਿੰਦਾ ਹੈ।

ਇਸ ਲਈ, ਕੁੱਲ ਮਿਲਾ ਕੇ ਬਿਹਾਰ ਵਿਚ ਮੁੱਖ ਲੜਾਈ ਦੋ ਸਥਾਪਿਤ ਗੱਠਜੋੜਾਂ ਵਿਚਕਾਰ ਹੈ। ਬਿਨਾਂ ਸ਼ੱਕ, ਭਾਜਪਾ ਦੇ ਆਪਣੇ ਵਰਕਰਾਂ ਅਤੇ ਸਮਰਥਕਾਂ ਵਿਚ ਇਸ ਦੇ ਕੁਝ ਉਮੀਦਵਾਰਾਂ ਪ੍ਰਤੀ ਅਸੰਤੁਸ਼ਟੀ ਹੈ ਅਤੇ ਇਸ ਦਾ ਕੁਝ ਪ੍ਰਭਾਵ ਵੀ ਪਵੇਗਾ, ਪਰ ਦੂਜੇ ਗੱਠਜੋੜ ਵਿਚ ਮਤਭੇਦ ਅਤੇ ਬਗਾਵਤ ਬਹੁਤ ਜ਼ਿਆਦਾ ਹੈ।

-ਅਵਧੇਸ਼ ਕੁਮਾਰ


author

Harpreet SIngh

Content Editor

Related News