ਪੁੱਤ ਨੂੰ ਸ਼ਰਧਾਂਜਲੀ ਦਿੰਦੀ ਮਾਂ ਨੇ ਲਿਖੀ ਆਪਣੇ ਜੀਵਨ ਦੀ ਪਹਿਲੀ ਕਹਾਣੀ, ਪੜ੍ਹ ਨਿਕਲ ਜਾਣਗੇ ਅੱਖਾਂ 'ਚੋਂ ਹੰਝੂ
Saturday, May 21, 2022 - 04:32 PM (IST)

ਗੁਰਸਿਮਰਤ ਸਟੱਡੀ ਕਰਨ ਲਈ ਕੈਨੇਡਾ ਜਾ ਰਿਹਾ ਸੀ। ਸਵੇਰੇ ਨੌ ਵਜੇ ਘਰੋਂ ਉਹ ਪਾਪਾ ਅਤੇ ਆਪਣੇ ਮਾਮਾ ਜੀ ਨਾਲ ਦਿੱਲੀ ਲਈ ਰਵਾਨਾ ਹੋ ਗਿਆ ਸੀ। ਰਾਤੀ ਅੱਠ ਵਜੇ ਉਸ ਦੀ ਕੈਨੇਡਾ ਦੀ ਫਲਾਈਟ ਸੀ। ਦੂਸਰੀ ਰਾਤ ਪਾਪਾ ਥੱਕੇ ਹੋਣ ਕਾਰਣ ਸੌਂ ਗਏ ਪਰ ਮਾਂ ਨੂੰ ਨੀਂਦ ਨਹੀਂ ਆ ਰਹੀ ਸੀ, ਕਿਉ ਜੋ ਗੁਰਸਿਮਰਤ ਨੂੰ ਮਾਂ ਨੇ ਕੈਨੇਡਾ ਪਹੁੰਚਦੇ ਹੀ ਫ਼ੋਨ ਕਰਨ ਲਈ ਕਿਹਾ ਸੀ।
ਰਾਤ ਦੇ ਅੱਠ ਵੱਜ ਚੁੱਕੇ ਸਨ ਅਜੇ ਤੱਕ ਫ਼ੋਨ ਨਹੀਂ ਆਇਆ ਸੀ। ਪਹਿਲੀ ਵਾਰੀ ਆਪਣੇ ਤੋਂ ਦੂਰ ਭੇਜਣ ਕਾਰਨ ਮਾਂ ਨੂੰ ਬੇਚੈਨੀ ਹੋਈ ਪਈ ਸੀ। ਮਾਂ ਨੇ ਤੁਰੰਤ ਆਪਣੇ ਭਤੀਜੇ ਤਰਨਪ੍ਰੀਤ ਨੂੰ ਫ਼ੋਨ ਕਰਕੇ ਆਪਣੀ ਬੇਚੈਨੀ ਬਾਰੇ ਦੱਸਿਆ।
ਤਰਨਪ੍ਰੀਤ ਨੇ ਆਪਣੀ ਭੂਆ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਤੁਰੰਤ ਆਨ-ਲਾਈਨ ਚੈੱਕ ਕਰਕੇ ਦੱਸਿਆ ਕਿ ਜਹਾਜ਼ ਨਿਰਧਾਰਤ ਸਮੇਂ ਤੋਂ ਦੋ-ਘੰਟੇ ਲੇਟ ਸੀ। ਤਰਨਪ੍ਰੀਤ ਦੀ ਵੱਟਸਐਪ ਕਾਲ ਵੇਖ ਕੇ ਗੁਰਸਿਮਰਤ ਨੇ ਫ਼ੋਨ ਕਰਕੇ ਦੱਸਿਆ ਕਿ ਜਹਾਜ਼ ਹੁਣੇ ਹੀ ਟਰਾਂਟੋ ਏਅਰਪੋਰਟ ਪਹੁੰਚਿਆ ਹੈ, “ਇੰਮੀਗਰੇਸ਼ਨ ਵਾਲਿਆਂ ਤੋਂ ਵਿਹਲੇ ਹੋ ਕੇ ਗੱਲ ਕਰਦਾ ਹਾਂ”। ਏਅਰਪੋਰਟ ਤੋਂ ਬਾਹਰ ਆ ਕੇ ਗੁਰਸਿਮਰਤ ਨੂੰ ਲੈਣ ਆਏ ਉਸ ਦੇ ਦੋਸਤ ਜੋਬਨ ਦੇ ਫ਼ੋਨ ਤੋਂ ਉਸ ਨੇ ਮੰਮੀ ਨੂੰ ਫ਼ੋਨ ਲਗਾਇਆ। ਦੋ ਦਿਨ ਬਾਅਦ ਆਪਣੇ ਪੁੱਤਰ ਦੀ ਆਵਾਜ਼ ਸੁਣ ਕੇ ਮਾਂ ਦੀ ਜਾਨ ‘ਚ ਜਾਨ ਆਈ।
ਮਾਂ ਨੇ ਗੁਰਸਿਮਰਤ ਨੂੰ ਘਰ ਤੋਂ ਲੈ ਕੇ ਕੈਨੇਡਾ ਦੇ ਸਫ਼ਰ ਬਾਰੇ ਪੁੱਛਿਆ ਤਾਂ ਗੁਰਸਿਮਰਤ ਨੇ ਕਿਹਾ “ਕਿਓ ਡਰੀ ਜਾਂਦੇ ਹੋ ਮੰਮਾ ਹੁਣ ਤਾਂ ਤੁਹਾਡੇ ਪੁੱਤ ਨੇ ਸਾਰੀ ਦੁਨੀਆ ਵੇਖ ਲਈ ਹੈ, ਜਹਾਜ਼ ਦੀਆਂ ਸੀਟਾਂ ਦੇ ਪਿੱਛੇ ਸਕਰੀਨਾਂ ਲੱਗੀਆਂ ਹੁੰਦੀਆਂ ਹਨ ਜਿਸ ਰਾਹੀਂ ਪਤਾ ਚੱਲਦਾ ਸੀ ਕਿ ਤੁਸੀਂ ਕਿਹੜੇ ਦੇਸ਼, ਸਮੁੰਦਰ ਉਪਰੋਂ ਲੰਘ ਰਹੇ ਹੋ।'' ਉਸ ਨੇ ਹੋਰ ਦੱਸਿਆ ਕਿ ਜਦੋਂ ਜਹਾਜ਼ ਕੈਨੇਡਾ ਪਹੁੰਚਣ ਵਾਲਾ ਸੀ ਤਾਂ ਇਕ ਕੁੜੀ ਰੋਣ ਲੱਗ ਪਈ ਅਤੇ ਕਹਿਣ ਲੱਗੀ “ਕਿ ਜਹਾਜ਼ ਮੋੜੋ ਮੈਂ ਆਪਣੇ ਘਰ ਜਾਣਾ, ਇੰਡੀਆ ਜਾਣਾ ਹੈ” ਤਾਂ ਗੁਰਸਿਮਰਤ ਨੇ ਉਸ ਕੁੜੀ ਨੂੰ ਸਮਝਾਇਆ ਕਿ ਡਰ ਨਾ, ਮੈ ਤੇਰਾ ਭਰਾ ਹਾਂ ਜਦੋਂ ਵੀ ਤੈਨੂੰ ਲੋੜ ਹੋਵੇ ਮੈਨੂੰ ਫ਼ੋਨ ਕਰੀ ਮੈਂ ਹਾਜ਼ਰ ਹੋਵਾਂਗਾ।
“ਮੈਂ ਸੁਣਿਆ ਜਹਾਜ਼ ਦੀਆਂ ਏਅਰਹੋਸਟੈਸ ਬਹੁਤ ਸੋਹਣੀਆਂ ਹੁੰਦੀਆਂ ਹਨ” ਮਾਂ ਨੇ ਗੁਰਸਿਮਰਤ ਨੂੰ ਇਕ ਮਜ਼ਾਕੀਆ ਸੁਆਲ ਕੀਤਾ।
“ਮੰਮਾ ਤੁਹਾਡੇ ਨਾਲ਼ੋਂ ਸੋਹਣੀਆਂ ਨਹੀਂ ਸੀ” ਉਧਰੋਂ ਗੁਰਸਿਮਰਤ ਦੀ ਆਵਾਜ਼ ਆਈ। ਇਹ ਸੁਣ ਦੇ ਮਾਂ ਦੀਆਂ ਅੱਖਾਂ ਖ਼ੁਸ਼ੀ ਦੇ ਹੰਝੂਆਂ ਨਾਲ ਭਰ ਆਈਆਂ।