ਕਾਂਗਰਸ ਦੇ ਪਤਨ ਦਾ ਪਹਿਲਾ ਅਧਿਆਏ 1967 ਸੀ
Thursday, Mar 11, 2021 - 04:04 AM (IST)

ਮਾਸਟਰ ਮੋਹਨ ਲਾਲ
ਸਿਆਸਤ ਦੇ ਜਾਣਕਾਰ ਇਹ ਨਾ ਸਮਝ ਲੈਣ ਕਿ ਕਾਂਗਰਸ ਦਾ ਸਿਤਾਰਾ ਅੱਜ ਹੀ ਡੁੱਬਾ ਹੈ। ਹਾਂ, ਇਹ ਜ਼ਰੂਰ ਹੈ ਕਿ ਅੱਜ ਕਾਂਗਰਸ ਆਪਣੇ 130 ਸਾਲ ਦੇ ਇਤਿਹਾਸ ’ਚ ਸਭ ਤੋਂ ਹੇਠਲੇ ਪਾਇਦਾਨ ’ਤੇ ਹੈ। ਕਾਂਗਰਸ ਸਮਝਣਾ ਚਾਹੁੰਦੀ ਤਾਂ ਆਪਣੀਆਂ ਅਸਫਲਤਾਵਾਂ ਤੋਂ ਸਮਝ ਸਕਦੀ ਸੀ ਪਰ ਉਸ ਦੀ ਨੀਅਤ ਸਮਝਣ ਦੀ ਨਹੀਂ ਸਗੋਂ ਲਗਾਤਾਰ ਪਤਨ ਵੱਲ ਜਾਣ ਦੀ ਹੈ। ਸਿਆਸੀ ਪਾਰਟੀਆਂ ਅਸਫਲਤਾਵਾਂ ਦਾ ਚਿੰਤਨ ਕਰ ਕੇ ਆਪਣੇ ਭਵਿੱਖ ਨੂੰ ਸੰਵਾਰਨ ’ਚ ਲਾਉਂਦੀਆਂ ਹਨ ਪਰ ਕਾਂਗਰਸ ਸ਼ਾਇਦ ਆਪਣੇ ਭਵਿੱਖ ਨੂੰ ਭੁੱਲ ਚੁੱਕੀ ਹੈ। ਕਾਂਗਰਸ 1967 ’ਚ ਆਪਣੀ ਅਸਫਲਤਾ ਦੇ ਪਹਿਲੇ ਅਧਿਆਏ ਤੋਂ ਚਿੰਤਨ ਜਾਰੀ ਰੱਖਦੀ ਤਾਂ ਉਸ ਦੀ ਹਾਲਤ ਅੱਜ ਕੁਝ ਹੋਰ ਹੁੰਦੀ।
ਆਪਣੇ ਅੰਤਿਮ ਅਧਿਆਏ ’ਚ ਤਾਂ ਕਾਂਗਰਸ ‘ਫਾਰਗੈੱਟ ਫੁੱਲਨੈੱਸ’ ਦੀ ਸਥਿਤੀ ’ਚ ਪਹੁੰਚ ਚੁੱਕੀ ਹੈ। ਸੁਹਿਰਦ ਪਾਠਕ ਸਵਾਲ ਉਠਾਉਣ ਲੱਗਣਗੇ ਕਿ 1967 ਦੇ ਸਾਲ ਨੂੰ ਮੈਂ ਕਾਂਗਰਸ ਦੇ ਚਿੰਤਨ ਦਾ ਪਹਿਲਾ ਅਧਿਆਏ ਕਿਉਂ ਕਿਹਾ ਹੈ? ਤਾਂ ਆਓ, ਤੁਹਾਨੂੰ ਕਾਂਗਰਸ ਦੇ ਅਤੀਤ ਸਾਲ 1967 ਦੀਆਂ ਕੁਝ ਝਲਕੀਆਂ ਦਿਖਾ ਦਿਆਂ। ਹੋਇਆ ਇੰਝ ਕਿ 1962 ’ਚ ਭਾਰਤ ਚੀਨ ਹੱਥੋਂ ਸ਼ਰਮਨਾਕ ਢੰਗ ਨਾਲ ਹਾਰ ਗਿਆ। 1964 ਦੇ ਆਉਂਦੇ-ਆਉਂਦੇ ਇਸ ਸ਼ਰਮਨਾਕ ਹਾਰ ਤੋਂ ਪੀੜਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਚੱਲ ਵੱਸੇ।
1965 ’ਚ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਪਾਕਿਸਤਾਨ ਨੂੰ ਜੰਗ ’ਚ ਹਰਾ ਤਾਂ ਦਿੱਤਾ ਪਰ ‘ਤਾਸ਼ਕੰਦ ਸਮਝੌਤੇ’ ਨੇ ਉਨ੍ਹਾਂ ਨੂੰ ਰੂਸ ’ਚ ਮੌਤ ਦੇ ਮੂੰਹ ’ਚ ਭੇਜ ਦਿੱਤਾ। ਦੋ ਲੜਾਈਆਂ ਅਤੇ ਦੋ-ਦੋ ਪ੍ਰਧਾਨ ਮੰਤਰੀਆਂ ਦੇ ਦਿਹਾਂਤ ਨੇ ਦੇਸ਼ ਨੂੰ ਝੰਜੋੜ ਦਿੱਤਾ। ਕਾਂਗਰਸ ਲਈ ਇਹ ਚਿੰਤਨ ਦਾ ਸਮਾਂ ਸੀ।
ਸਿਆਸੀ ਦ੍ਰਿਸ਼ 1966 ’ਚ ਸ਼੍ਰੀਮਤੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ’ਤੇ ਬਦਲਣ ਲੱਗਾ ਸੀ। 1963 ’ਚ ਲੋਕ ਸਭਾ ਦੀ ਹੋਈ ਉਪ ਚੋਣ ’ਚ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਫਰੂਖਾਬਾਦ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਲੋਕ ਸਭਾ ’ਚ ਪਹੁੰਚੇ। ਸਵਤੰਤਰ ਪਾਰਟੀ ਦੇ ਸਿਧਾਂਤਕਾਰ ਮੀਨੂੰ ਮਸਾਨੀ ਗੁਜਰਾਤ ਦੇ ਰਾਜਕੋਟ ਤੋਂ ਚੋਣ ਜਿੱਤ ਕੇ ਲੋਕ ਸਭਾ ’ਚ ਗੱਜਣ ਲੱਗੇ। 1964 ’ਚ ਸਮਾਜਵਾਦੀ ਨੇਤਾ ਮਧੂ ਲਿਮੇ ਬਿਹਾਰ ਦੀ ਮੁੰਗੇਰ ਸੀਟ ਤੋਂ ਜੇਤੂ ਕਰਾਰ ਦਿੱਤੇ ਗਏ। 1964 ’ਚ ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੀ ਵੰਡ ਹੋ ਗਈ। ਭਾਕਪਾ ਤੋਂ ਵੱਖ ਹੋ ਕੇ ਏ. ਕੇ. ਗੋਪਾਲਨ, ਨੰਬੂਦਰੀਪਾਦ, ਬੀ. ਟੀ. ਰਣਦਵੇ ਆਦਿ ਨੇ ਨੰਬੂਦਰੀਪਾਦ ਕਮਿਊਨਿਸਟ ਪਾਰਟੀ (ਮਾਕਪਾ) ਦਾ ਗਠਨ ਕਰ ਲਿਆ।
ਗੁਜਰਾਤ, ਰਾਜਸਥਾਨ, ਓਡਿਸ਼ਾ ’ਚ ਸਵਤੰਤਰ ਪਾਰਟੀ ਨੇ ਕਾਂਗਰਸ ਨੂੰ ਕਰਾਰਾ ਝਟਕਾ ਦਿੱਤਾ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਦਿੱਲੀ ਨੂੰ ਜਨਸੰਘ ਨੇ ਕਾਂਗਰਸ ਤੋਂ ਖੋਹ ਲਿਆ। ਬੰਗਾਲ ਅਤੇ ਕੇਰਲ ’ਚ ਕਮਿਊਨਿਸਟਾਂ ਨੇ ਸਰਕਾਰਾਂ ਬਣਾ ਲਈਆਂ। 1967 ’ਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ’ਚ ਸ਼੍ਰੀਮਤੀ ਇੰਦਰਾ ਗਾਂਧੀ ਬਤੌਰ ਪ੍ਰਧਾਨ ਮੰਤਰੀ ਗੈਰ-ਪ੍ਰਭਾਵੀ ਨਜ਼ਰ ਆਉਣ ਲੱਗੀ। ਸਵਤੰਤਰ ਪਾਰਟੀ ਨੇ 44, ਜਨਸੰਘ ਨੇ 35, ਭਾਕਪਾ ਨੇ 23 ਅਤੇ ਮਾਕਪਾ ਨੇ 19, ਪ੍ਰਜਾ ਸੋਸ਼ਲਿਸਟ ਪਾਰਟੀ ਨੇ 23 ਅਤੇ ਇੰਨੀਆਂ ਹੀ ਸੀਟਾਂ ਲੋਕ ਸਭਾ ’ਚ ਡਾ. ਰਾਮ ਮਨੋਹਰ ਲੋਹੀਆ ਦੀ ਪਾਰਟੀ ਸੰਯੁਕਤ ਸੋਸ਼ਲਿਸਟ ਪਾਰਟੀ ਨੇ ਜਿੱਤੀਆਂ। 1967 ਦੀਆਂ ਚੋਣਾਂ ’ਚ ਖੇਤਰੀ ਸਿਆਸੀ ਪਾਰਟੀਆਂ ਨੇ ਵੀ ਆਪਣਾ ਪ੍ਰਭਾਵ ਲੋਕ ਸਭਾ ’ਚ ਜਮਾ ਲਿਆ। ਇਥੋਂ ਤਕ ਕਿ 35 ਆਜ਼ਾਦ ਵੀ ਚੋਣ ਜਿੱਤ ਕੇ ਲੋਕ ਸਭਾ ’ਚ ਪਹੁੰਚ ਗਏ। ਕਈ ਸੂਬਿਆਂ ’ਚ ਕਾਂਗਰਸ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ। ਡਾ. ਰਾਮ ਮਨੋਹਰ ਲੋਹੀਆ ਨੇ ਗੈਰ-ਕਾਂਗਰਸ ਸੰਵਾਦ ਦਾ ਨਾਅਰਾ ਦਿੱਤਾ। ਕਾਂਗਰਸ ਨੂੰ ਛੱਡ ਕੇ ਓਡਿਸ਼ਾ ’ਚ ਬੀਜੂ ਪਟਨਾਇਕ ਨੇ ‘ਉਤਕਲ ਕਾਂਗਰਸ’ ਬਣਾ ਲਈ। ਪੱਛਮੀ ਬੰਗਾਲ ਕਾਂਗਰਸ ਦੇ ਹੀ ਇਕ ਚੋਟੀ ਦੇ ਨੇਤਾ ਅਜੇ ਮੁਖਰਜੀ ਨੇ ‘ਬਾਂਗਲਾ ਕਾਂਗਰਸ’ ਦਾ ਗਠਨ ਕਰ ਲਿਆ।
ਸਮਾਜਵਾਦੀਆਂ ਅਤੇ ਜਨਸੰਘ ਨੇ ਪੁਰਾਣੇ ਕਾਂਗਰਸੀ ਨੇਤਾ ਮਹਾਮਾਇਆ ਪ੍ਰਸਾਦ ਨੂੰ ਆਪਣੇ ਨਾਲ ਮਿਲਾ ਕੇ ਬਿਹਾਰ ਦਾ ਮੁੱਖ ਮੰਤਰੀ ਬਣਾ ਦਿੱਤਾ। ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ ਕਮਿਊਨਿਸਟ, ਸੋਸ਼ਲਿਸਟ, ਜਨਸੰਘ ਅਤੇ ਸਵਤੰਤਰ ਪਾਰਟੀ ਵਾਲਿਆਂ ਨੇ ਵਿਵਹਾਰਿਕਤਾ ਦਾ ਸਬੂਤ ਦਿੰਦੇ ਹੋਏ ਗਠਜੋੜ ਸਰਕਾਰਾਂ ਦਾ ਚਲਨ ਸ਼ੁਰੂ ਕੀਤਾ। 1967 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਦੀਆਂ ਸੀਟਾਂ 494 ਸਨ ਜਿਨ੍ਹਾਂ ਨੂੰ ਵਧਾ ਕੇ 520 ਕਰ ਦਿੱਤਾ ਗਿਆ। 1967 ’ਚ ਲੋਕ ਸਭਾ ਦੀਆਂ ਚੋਣਾਂ ’ਚ 25 ਕਰੋੜ ਵੋਟਰਾਂ ਨੇ ਵੋਟ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ।
ਧਿਆਨ ਰਹੇ ਕਿ 1952, 1957 ਅਤੇ 1962 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਤਿੰਨ ਚੌਥਾਈ ਸੀਟਾਂ ਮਿਲਦੀਆਂ ਆਈਆਂ ਹਨ ਪਰ 1967 ਦੀ ਚੌਥੀ ਲੋਕ ਸਭਾ ਦੀਆਂ ਚੋਣਾਂ ’ਚ ਉਸ ਨੂੰ ਸਿਰਫ 183 ਸੀਟਾਂ ਮਿਲੀਆਂ। ਇਹ ਬਹੁਮਤ ਨਾਲੋਂ 22 ਸੀਟਾਂ ਹੀ ਵੱਧ ਸਨ। ਇਸ ਚੋਣ ’ਚ ਕਾਂਗਰਸ ਦਾ ਵੋਟ ਸ਼ੇਅਰ 50 ਫੀਸਦੀ ਤੋਂ ਘੱਟ ਕੇ 40 ਫੀਸਦੀ ’ਤੇ ਆ ਕੇ ਟਿਕ ਗਿਆ। ਇਨ੍ਹਾਂ ਸਭ ਗੱਲਾਂ ਤੋਂ ਵੱਧ ਕੇ ਜਿਹੜੀ ਗੱਲ ਦੇਸ਼ ਦੇ ਲੋਕਾਂ ਨੂੰ ਦੇਖਣ ਨੂੰ ਮਿਲੀ, ਉਹ ਸੀ ਵਿਚਾਰਵਾਨ ਆਗੂਆਂ ਦਾ ਲੋਕ ਸਭਾ ’ਚ ਪਹੁੰਚਣਾ।
ਸ਼੍ਰੀਮਤੀ ਇੰਦਰਾ ਗਾਂਧੀ, ਜਾਰਜ ਫਰਨਾਡੀਜ਼, ਰੱਬੀ ਰੇਅ, ਨੀਲਮ ਸੰਜੀਵਾ ਰੈੱਡੀ, ਨੌਜਵਾਨ ਤੁਰਕ ਰਾਮਯਾਨ, ਡਾ. ਰਾਮ ਮਨੋਹਰ ਲੋਹੀਆ, ਬਲਰਾਜ ਮਧੋਕ, ਵਿਜੇਰਾਜੇ ਸਿੰਧੀਆ, ਬੀ. ਕੇ. ਆਰ. ਵੀ. ਰਾਓ, ਮੋਰਾਰਜੀ ਦੇਸਾਈ, ਸ਼੍ਰੀਪਾਦ ਅੰਮ੍ਰਿਤ ਡਾਂਗੇ, ਏ. ਕੇ. ਗੋਪਾਲਨ, ਇੰਦਰਜੀਤ ਗੁਪਤ, ਕੇ. ਸੀ. ਪੰਤ, ਵਿੱਦਿਆ ਚਰਨ ਸ਼ੁਕਲਾ, ਭਾਗਵਤ ਝਾਅ ਆਜ਼ਾਦ, ਯਸ਼ਵੰਤ ਰਾਓ ਚਵਾਨ, ਅਟਲ ਬਿਹਾਰੀ ਵਾਜਪਾਈ, ਐੱਮ. ਐੱਮ. ਜੋਸ਼ੀ, ਬੀ. ਡੀ. ਦੇਸ਼ਮੁਖ ਵਰਗੇ ਚੋਟੀ ਦੇ ਆਗੂ 1967 ’ਚ ਗਠਿਤ ਲੋਕ ਸਭਾ ਦੇ ਮੈਂਬਰ ਬਣੇ।
ਸਭ ਤੋਂ ਵਧੀਆ ਵਿਚਾਰਵਾਨ ਸਿਆਸਤਦਾਨ ਇਸ ਲੋਕ ਸਭਾ ’ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਚੁਣੌਤੀ ਦਿੰਦੇ ਨਜ਼ਰ ਆਏ। ਸਭ ਤੋਂ ਕੌੜਾ ਘੁੱਟ ਇਸ ਚੋਣ ’ਚ ਉਸ ਵੇਲੇ ਦੇ ਰੱਖਿਆ ਮੰਤਰੀ ਕ੍ਰਿਸ਼ਨਾ ਮੇਨਨ ਨੂੰ ਪੀਣਾ ਪਿਆ। ਉਹ ਪੂਰਬੀ ਬੰਬਈ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਹਾਰ ਗਏ। ਉਨ੍ਹਾਂ ਨੂੰ ਕਾਂਗਰਸ ਪਾਰਟੀ ’ਚੋਂ ਕੱਢ ਦਿੱਤਾ ਗਿਆ। ਇਸ ਚੋਣ ਦੀ ਖੂਬੀ ਦੇਖੋ ਕਿ ਸਿਆਸਤ ਦੇ ਘਾਗ ਜੇ. ਬੀ. ਕ੍ਰਿਪਲਾਨੀ ਰਾਏਪੁਰ ਤੋਂ ਕੇ. ਐੱਲ. ਤੋਂ ਹਾਰ ਗਏ ਪਰ ਉਨ੍ਹਾਂ ਦੀ ਧਰਮਪਤਨੀ ਕਾਂਗਰਸ ਦੀ ਟਿਕਟ ਤੋਂ ਗੋਂਦਾ ਹਲਕੇ ਤੋਂ ਜਿੱਤ ਗਈ।
ਸਿਆਸਤ ਦੀ ਵਿਡੰਬਨਾ ਦੇਖੋ। 1969 ’ਚ ਕਾਂਗਰਸ ਪਾਰਟੀ ਦੋਫਾੜ ਹੋ ਗਈ। ਕਾਂਗਰਸ ਨੂੰ ਦੋਫਾੜ ਕਰਨ ਦੀ ਨੀਂਹ ਮੋਰਾਰਜੀ ਦੇਸਾਈ, ਕੇ. ਕਾਮਰਾਜ, ਐੱਸ. ਨਿਜਲਿੰਗੱਪਾ, ਅਤੁਲਿਆ ਘੋਸ਼ ਅਤੇ ਨੀਲਮ ਸੰਜੀਵਾ ਰੈੱਡੀ ਨੇ ਰੱਖੀ ਸੀ। ਉਦੋਂ ਇੰਦਰਾ ਗਾਂਧੀ ਸਭ ਕਾਂਗਰਸੀਆਂ ਨੂੰ ਛੱਡ ਕੇ ਨੇਤਾ ਬਣ ਗਈ। ਕਾਂਗਰਸ ’ਚ ਉਹ ‘ਆਇਰਨ ਲੇਡੀ’ ਕਹਿਲਾਈ। ਇੰਦਰਾ ਗਾਂਧੀ ’ਚ ਚਿੰਤਨ ਸੀ, ਹਿੰਮਤੀ ਫੈਸਲੇ ਲੈਣ ਦੀ ਤਾਕਤ ਵੀ ਸੀ। 1971 ਦੇ ਆਉਂਦੇ-ਆਉਂਦੇ ਉਹ ਨੂੰ ‘ਦੁਰਗਾ’ ਬਣ ਗਈ।
1984 ਤੋਂ ਬਾਅਦ ਕਾਂਗਰਸ ਕੋਲ ਨਾ ਕੋਈ ਨੇਤਾ ਰਿਹਾ ਨਾ ਹੀ ਕੋਈ ਚਿੰਤਕ। ਸਭ ਤਦਰਥਵਾਦ ਦੀ ਬਲੀਵੇਦੀ ’ਤੇ ਚੜ੍ਹਦਾ ਗਿਆ। ਸੱਤਾ ’ਚ ਤਾਂ ਕੀ ਆਉਣਾ ਸੀ, 2021 ਦੇ ਆਉਂਦਿਆਂ-ਆਉਂਦਿਆਂ ਕਾਂਗਰਸ ਆਪਣਾ ਵਿਰੋਧੀ ਧਿਰ ਦਾ ਚਿਹਰਾ ਵੀ ਗੁਆ ਬੈਠੀ। ਸ਼ਾਇਦ ਆਪਣੀਆਂ ਨਾਕਾਮੀਆਂ ਕਾਰਨ ਕਾਂਗਰਸ ਦੀ ਹਾਲਤ ਹੋਰ ਵੀ ਮਾੜੀ ਹੋ ਗਈ ਹੈ। ਆਪਣੇ ਅਤੀਤ ਦੇ ਗੌਰਵ ਨੂੰ ਕਿਤੇ ਭੁਲਾ ਆਈ ਹੈ।
1967 ’ਚ ਲੋਕ ਸਭਾ ਦੀਆਂ 283 ਸੀਟਾਂ ਜਿੱਤ ਕੇ ਵੀ ਕਾਂਗਰਸ ਸ਼ਰਮਸਾਰ ਹੋ ਗਈ ਸੀ ਪਰ ਅੱਜ 50 ਸੀਟਾਂ ’ਤੇ ਸਿਮਟ ਕੇ ਵੀ ਉਸ ਨੂੰ ਕੋਈ ਘਬਰਾਹਟ ਨਹੀਂ ਹੈ। ਰਾਹੁਲ ਮਸਤ, ਸੋਨੀਆ ਗਾਂਧੀ ਪਸਤ, ਪ੍ਰਿਯੰਕਾ ਗਾਂਧੀ ਦਿਸ਼ਾਵਿਹੀਨ। ਕਾਂਗਰਸ ਦੇ 23 ਸੀਨੀਅਰ ਆਗੂਆਂ ਨੇ ਚਿੱਠੀ ਲਿਖ ਕੇ ਜ਼ਰੂਰ ਚਿੰਤਨ ਕਰਨ ਦੀ ਸਲਾਹ ਦਿੱਤੀ ਪਰ ਅਜਿਹੀ ਬੇਨਤੀ ਕਰਨ ਵਾਲਿਆਂ ਨੂੰ ਕਾਂਗਰਸ ਨੇ ਹੀ ਹਾਸ਼ੀਏ ’ਤੇ ਧੱਕ ਦਿੱਤਾ।
ਘੱਟੋ-ਘੱਟ ਮੌਜੂਦਾ ਕਾਂਗਰਸ ਦਾ ਸੰਗਠਨ 1967 ’ਚ ਇੰਦਰਾ ਗਾਂਧੀ ਦੀ ਸ਼ਖਸੀਅਤ ਅਤੇ ਕੰਮ ਕਰਨ ਦੇ ਢੰਗ ’ਤੇ ਹੀ ਚਿੰਤਨ ਕਰ ਲਏ ਕਿ ਉਦੋਂ ਦੇ ਹਾਲਾਤ ਨੂੰ ਟਿੱਚ ਦੱਸ ਕੇ ਇੰਦਰਾ ਗਾਂਧੀ ਨੇ ਇਕ ਵਾਰ ਕਾਂਗਰਸ ਨੂੰ ਸਿਖਰ ’ਤੇ ਪਹੁੰਚਾ ਦਿੱਤਾ ਸੀ। ਕਾਂਗਰਸ ਹੁਣ ਆਪਣੀ ਹਨੇਰੀ ਗੁਫਾ ’ਚੋਂ ਬਾਹਰ ਤਾਂ ਆਏ। ਇਹ ਤਾਂ ਸੋਚੇ ਕਿ ਕੀ ਠੇਕੇਦਾਰਾਂ, ਡਿਪੂ ਹੋਲਡਰਾਂ, ਬਾਹੂਬਲੀਆਂ ਅਤੇ ਚਿੱਟ ਕੱਪੜਿਆਂ ਦੇ ਸਹਾਰੇ ਕਾਂਗਰਸ ਮੌਜੂਦਾ ਹਾਲਾਤ ’ਚੋਂ ਉੱਭਰ ਸਕਦੀ ਹੈ? ਥੋੜ੍ਹੀ ਦੇਰ ਲਈ 5 ਸੂਬਿਆਂ ਦੀਆਂ ਚੋਣਾਂ ਤੋਂ ਫਾਰਗ ਹੋ ਕੇ ਆਪਣੀ ਪਾਰਟੀ ਦੀਆਂ ਕਮਜ਼ੋਰੀਆਂ ’ਤੇ ਤਾਂ ਚਿੰਤਨ ਕਰੇ। ਭਾਜਪਾ ਤੋਂ ਕੁਝ ਤਾਂ ਸਿੱਖਿਆ ਲਵੇ ਕਿ ਆਪਣਾ ਕੇਡਰ ਕਿਵੇਂ ਖੜ੍ਹਾ ਕਰਨਾ ਹੈ।
ਫਜ਼ੂਲ ਦੌੜਨ ਨਾਲ ਕਾਂਗਰਸ ਆਪਣੇ ਆਪ ਨੂੰ ਖੜ੍ਹਾ ਨਹੀਂ ਕਰ ਸਕੇਗੀ। ਠਹਿਰੋ, ਸੋਚੋ ਅਤੇ ਭਵਿੱਖ ਦੀ ਨੀਤੀ ਬਣਾਓ। ਇਕ ਹੋਰ ਇੰਦਰਾ ਗਾਂਧੀ ਨੂੰ ਲੱਭੋ। ਕਾਂਗਰਸ ਮੇਰੇ ਕੋਲੋਂ ਹੀ ਨਾ ਪੁੱਛਣ ਲੱਗ ਪਏ ਕਿ ਤੁਹਾਨੂੰ ਸਾਡੇ ਘਰ ’ਚ ਦਖਲ ਦੇਣ ਦੀ ਕੀ ਲੋੜ ਪੈ ਗਈ ਹੈ? ਮੈਨੂੰ ਕਾਂਗਰਸ ਦੀ ਚਿੰਤਾ ਨਹੀਂ ਸਗੋਂ ਇਸ ਦੇਸ਼ ਦੇ ਭਵਿੱਖ ਅਤੇ ਲੋਕਰਾਜ ਦੀ ਚਿੰਤਾ ਹੈ। ਲੋਕ ਰਾਜ ’ਚ ਸਭ ਤੋਂ ਸ਼ਕਤੀਸ਼ਾਲੀ ਵਿਰੋਧੀ ਧਿਰ ਹੈ। ਇਸ ਤੋਂ ਬਿਨਾਂ ਲੋਕ ਰਾਜ ਦੇ ਨਿਰੰਕੁਸ਼ ਹੋਣ ਦਾ ਖਤਰਾ ਹੈ।
ਕਾਂਗਰਸ ਡਾ. ਰਾਮ ਮਨੋਹਰ ਲੋਹੀਆ, ਮਧੂ ਦੰਡਵਤੇ, ਮਧੂ ਲਿਮੇ, ਆਚਾਰੀਆ ਕ੍ਰਿਪਲਾਨੀ, ਯੁਵਾ ਤੁਰਕ ਚੰਦਰ ਸ਼ੇਖਰ, ਮੋਹਨ ਧਾਰੀਆ, ਰਾਮਧਨ ਜਾਂ ਕਿਸੇ ਸੁਭਾਸ਼ ਚੰਦਰ ਬੋਸ ਨੂੰ ਲੱਭੇ। ਖੋਜ ਤਦ ਹੀ ਕਰੇਗੀ ਕਾਂਗਰਸ ਜਦੋਂ 1967 ਤੋਂ 1971 ਦੇ ਅਧਿਆਏ ਦਾ ਉਹ ਮਨਨ ਕਰੇਗੀ। ਕਾਂਗਰਸ ਇੰਨੇ ਟੋਟਿਆਂ ’ਚ ਅੱਜ ਤਕ ਵੰਡੀ ਜਾ ਚੁੱਕੀ ਹੈ, ਸੋਚੋ। ਸੋਚ ਲਓਗੇ ਤਾਂ ਫਿਰ ਉਨ੍ਹਾਂ ਖਿਲਰੇ ਹੋਏ ਟੁਕੜਿਆਂ ਨੂੰ ਇਕੱਠਾ ਵੀ ਕਰ ਲਓਗੇ। ਅਧਿਐਨਸ਼ੀਲ, ਵਿਚਾਰਸ਼ੀਲ, ਸੰਗਠਨਕਰਤਾ ਲੱਭੋ ਅਤੇ ਸੱਤਾ ਦਾ ਮੋਹ ਛੱਡ ਕੇ ਲੋਕਤੰਤਰ ਦੇ ਸੇਵਕ ਦਾ ਰੂਪ ਕਾਂਗਰਸ ਅਪਣਾਏ। ਹਾਰ-ਜਿੱਤ ਦੀ ਚਿੰਤਾ ਨੂੰ ਛੱਡ ਕੇ ਕਾਂਗਰਸ ਨੂੰ ਕਿਵੇਂ ਖੜ੍ਹਾ ਕਰਨਾ ਹੈ, ਇਹੀ ਬਿੰਦੂ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ