ਬਰੇਲੀ-ਕਾਨਪੁਰ ਦੇ ਉਲੇਮਿਆਂ ਦੀ ਸਹੀ ਸਲਾਹ- ‘ਅੱਧੀ ਰੋਟੀ ਘੱਟ ਖਾਓ, ਬੇਟੀਆਂ ਨੂੰ ਜ਼ਰੂਰ ਪੜ੍ਹਾਓ’
Wednesday, Sep 04, 2024 - 04:30 AM (IST)
ਬੀਤੇ ਹਫਤੇ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਆਯੋਜਿਤ ‘ਆਲਾ ਹਜ਼ਰਤ’ ਦੇ ਉਰਸ ਮੌਕੇ ਬੇਟੀਆਂ ਨੂੰ ਲੈ ਕੇ ਕਈ ਵੱਡੇ ਪੈਗਾਮ ਦਿੱਤੇ ਗਏ ਅਤੇ ਦੇਸ਼-ਵਿਦੇਸ਼ ਤੋਂ ਆਏ ਬਰੇਲਵੀ ਸੁੰਨੀ ਮੁਸਲਮਾਨਾਂ ਨੂੰ ‘ਦਹੇਜ ਹਟਾਓ-ਬੇਟੀ ਬਚਾਓ’ ਦਾ ਸੰਦੇਸ਼ ਦਿੱਤਾ ਗਿਆ।
ਮੁਫਤੀ ਸਲੀਮ ਨੂਰੀ ਬਰੇਲਵੀ ਨੇ ਆਪਣੇ ਪੈਗਾਮ ’ਚ ਦਹੇਜ ਨੂੰ ਇਕ ਸਮਾਜਿਕ ਬੁਰਾਈ ਕਰਾਰ ਦਿੰਦੇ ਹੋਏ ਕਿਹਾ, ‘‘ਇਸ ਦੇ ਕਾਰਨ ਕੁਝ ਬੇਟੀਆਂ ਦੇ ਕਦਮ ਬਹਿਕਣ ਦੇ ਮਾਮਲੇ ਵੀ ਹੋਏ। ਦਹੇਜ ਦੀ ਥਾਂ ਬੇਟੀਆਂ ਨੂੰ ਵਿਰਾਸਤ ’ਚੋਂ ਹਿੱਸਾ ਦਿਓ। ਮਾਤਾ-ਪਿਤਾ ਅਤੇ ਭਰਾ ਉਨ੍ਹਾਂ ਦਾ ਖਾਸ ਖਿਆਲ ਰੱਖਣ ਅਤੇ ਸਹੀ ਉਮਰ ’ਚ ਨਿਕਾਹ (ਵਿਆਹ) ਕਰਨ।’’
‘ਮਦਰੱਸਾ ਜਾਮੀਆ ਤੁਰ ਰਜ਼ਾ’ ’ਚ ਇਕ ਹੋਰ ਕਾਨਫਰੰਸ ’ਚ ਉਲੇਮਿਆਂ (ਮੁਸਲਿਮ ਵਿਦਵਾਨਾਂ) ‘ਆਲਾ ਹਜ਼ਰਤ ਦਰਗਾਹ’ ਦੇ ਸੱਜਾਦਾ ਨਸ਼ੀਨ ‘ਮੁਫਤੀ ਅਹਿਸਨ ਰਜ਼ਾ ਕਾਦਰੀ’, ‘ਮੁਫਤੀ ਸਲੀਮ ਨੂਰੀ’ ਆਦਿ ਨੇ ਬੇਟੀਆਂ ਦੀ ਸਿੱਖਿਆ ’ਤੇ ਜ਼ੋਰ ਦਿੰਦੇ ਹੋਏ ਅਪੀਲ ਕੀਤੀ, ‘‘ਭਾਵੇਂ ਹੀ ਅੱਧੀ ਰੋਟੀ ਘੱਟ ਖਾਓ ਪਰ ਬੇਟੀਆਂ ਨੂੰ ਜ਼ਰੂਰ ਪੜ੍ਹਾਓ।’’
ਬਰੇਲੀ ਦੇ ‘ਉਲੇਮਿਆਂ’ ਵਾਂਗ ਹੀ ਉੱਤਰ ਪ੍ਰਦੇਸ਼ ’ਚ ‘ਜਾਜਮਊ’ ਸਥਿਤ ‘ਹਜ਼ਰਤ ਮਖਦੂਮ ਸ਼ਾਹ ਆਲਾ ਦੇ ਮਜ਼ਾਰ ਸ਼ਰੀਫ’ ’ਤੇ ਆਯੋਜਿਤ ਧਾਰਮਿਕ ਸਮਾਗਮ ’ਚ ਹਜ਼ਰਤ ਮਖਦੂਮ ਸ਼ਾਹ ਆਲਾ ਦਰਗਾਹ ਕਮੇਟੀ ਦੇ ਪ੍ਰਧਾਨ ਇਰਸ਼ਾਦ ਆਲਮ ਨੇ ਵੀ ਕੁਝ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ :
‘‘ਤਾਲੀਮ ਉਹ ਨਾਯਾਬ ਚੀਜ਼ ਹੈ ਜਿਸ ਨੂੰ ਨਾ ਤਾਂ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਕੋਈ ਚੋਰੀ ਕਰ ਸਕਦਾ ਹੈ। ਇਸ ਲਈ ਭਾਵੇਂ ਅੱਧੀ ਰੋਟੀ ਖਾਓ ਪਰ ਆਪਣੇ ਬੱਚਿਆਂ ਨੂੰ ਤਾਲੀਮ ਜ਼ਰੂਰ ਦਿਵਾਓ, ਖਾਸ ਕਰ ਕੇ ਬੇਟੀਆਂ ਨੂੰ ਸਿੱਖਿਆ ਤੋਂ ਵਾਂਝਿਆਂ ਨਾ ਕਰੋ।’’
ਮੁਸਲਿਮ ਭਾਈਚਾਰੇ ’ਚ ਉੱਠੀਆਂ ਬਦਲਾਅ ਦੀਆਂ ਇਹ ਆਵਾਜ਼ਾਂ ਕਿਸੇ ਇਕ ਜਾਤ ਜਾਂ ਧਰਮ ਲਈ ਨਹੀਂ ਸਗੋਂ ਸਾਰੇ ਧਰਮਾਂ ਦੇ ਲੋਕਾਂ ’ਤੇ ਲਾਗੂ ਹੁੰਦੀਆਂ ਹਨ। ਇਨ੍ਹਾਂ ਨੂੰ ਅਪਣਾਉਣ ’ਚ ਆਪਣਾ ਹੀ ਨਹੀਂ ਪੂਰੇ ਦੇਸ਼ ਅਤੇ ਸਮਾਜ ਦਾ ਭਲਾ ਹੈ।
ਜਿਸ ਸਮਾਜ ’ਚ ਔਰਤਾਂ ਨੂੰ ਬਰਾਬਰੀ ਅਤੇ ਸਨਮਾਨ ਦਾ ਦਰਜਾ ਦਿੱਤਾ ਜਾਂਦਾ ਹੈ ਉਹੀ ਤਰੱਕੀ ਕਰਦਾ ਹੈ। ‘ਆਰੀਆ ਸਮਾਜ’ ਦੇ ਸੰਸਥਾਪਕ ਸਵਾਮੀ ਦਯਾਨੰਦ ਜੀ ਨੇ ਵੀ ਦੇਸ਼ ਦੇ ਪਤਨ ਦਾ ਕਾਰਨ ਨਾਰੀ ਦਾ ਅਪਮਾਨ ਮੰਨਿਆ ਸੀ। ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਸਭ ਤੋਂ ਪਹਿਲਾਂ ਨਾਰੀ ਸਿੱਖਿਆ ਦਾ ਅਧਿਕਾਰ ਦਿਵਾਇਆ। ਉਥੇ ਹੀ ਮਹਾਤਮਾ ਜੋਤੀਬਾ ਫੂਲੇ ਨੇ ਸਭ ਤੋਂ ਪਹਿਲਾਂ ਔਰਤ ਸਿੱਖਿਆ ’ਤੇ ਕੰਮ ਕਰਦੇ ਹੋਏ ਪੁਣੇ ’ਚ ਲੜਕੀਆਂ ਲਈ ਭਾਰਤ ਦਾ ਪਹਿਲਾ ਸਕੂਲ ਸਥਾਪਿਤ ਕੀਤਾ ਸੀ।
-ਵਿਜੇ ਕੁਮਾਰ