‘ਮਰਜ਼ ਬੜਤਾ ਗਯਾ, ਜਿਉਂ-ਜਿਉਂ ਦਵਾ ਕੀ’ ਨਕਲੀ ਦਵਾਈਆਂ ਦਾ ਫੈਲਦਾ ਕਾਰੋਬਾਰ!

Tuesday, Apr 07, 2026 - 05:07 AM (IST)

‘ਮਰਜ਼ ਬੜਤਾ ਗਯਾ, ਜਿਉਂ-ਜਿਉਂ ਦਵਾ ਕੀ’ ਨਕਲੀ ਦਵਾਈਆਂ ਦਾ ਫੈਲਦਾ ਕਾਰੋਬਾਰ!

ਸਰੀਰਕ ਜਾਂ ਮਾਨਸਿਕ ਤੌਰ ’ਤੇ ਬੀਮਾਰ ਵਿਅਕਤੀ ਇਸ ਆਸ ਦੇ ਨਾਲ ਡਾਕਟਰ ਅਤੇ ਕੈਮਿਸਟ ਦੇ ਕੋਲ ਜਾਂਦਾ ਹੈ ਕਿ ਇੱਥੇ ਮਿਲਣ ਵਾਲੀ ਦਵਾਈ ਉਸ ਦੇ ਲਈ ਰਾਹਤ ਦਾ ਕੰਮ ਕਰੇਗੀ ਪਰ ਕੁਝ ਲੋਕ ਕੁਝ ਰੁਪਇਆਂ ਦੇ ਲਾਲਚ ’ਚ ਨਕਲੀ ਦਵਾਈਆਂ ਦਾ ਕਾਲਾ ਕਾਰੋਬਾਰ ਕਰ ਰਹੇ ਹਨ, ਜਿਸ ਨਾਲ ਮਰੀਜ਼ਾਂ ਨੂੰ ਰਾਹਤ ਮਿਲਣ ਦੀ ਬਜਾਏ ਉਨ੍ਹਾਂ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ। ਇਸੇ ਸਾਲ ਸਾਹਮਣੇ ਆਏ ਨਕਲੀ ਦਵਾਈਆਂ ਦੇ ਨਿਰਮਾਣ ਅਤੇ ਵਿਕਰੀ ਦੇ ਮਾਮਲੇ ਹੇਠਾਂ ਦਰਜ ਹਨ :

* 8 ਫਰਵਰੀ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ਪੁਲਸ ਨੇ ਲਿਵਰ ਦੀ ਨਕਲੀ ਦਵਾਈ ਬਣਾਉਣ ਅਤੇ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ‘ਮੁਰਾਦਨਗਰ’ ’ਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਲਿਵਰ ਦੀਆਂ 50,000 ਨਕਲੀ ਗੋਲੀਆਂ ਬਰਾਮਦ ਕੀਤੀਆਂ।

* 24 ਫਰਵਰੀ ਨੂੰ ‘ਦਿੱਲੀ’ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 9 ਕਰੋੜ ਰੁਪਏ ਮੁੱਲ ਦੀ ‘ਸਾਈਕਟੋਪਿਕ’ ਦੀਆਂ 18.47 ਲੱਖ ਗੋਲੀਆਂ ਦੇ ਨਾਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਇਨ੍ਹਾਂ ਦਵਾਈਆਂ ਦੀ ਸਪਲਾਈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਵੀ ਕਰ ਰਹੇ ਸਨ।

* 28 ਫਰਵਰੀ ਨੂੰ ਮੱਧ ਪ੍ਰਦੇਸ਼ ’ਚ ‘ਸੀਧੀ’ ਪੁਲਸ ਨੇ 251 ਸ਼ੀਸ਼ੀਆਂ ਕਫ਼ ਸਿਰਪ ਦੇ ਨਾਲ ‘ਜਗਦੀਸ਼’ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।

* 4 ਅਪ੍ਰੈਲ ਨੂੰ ‘ਸੀਧੀ’ (ਮੱਧ ਪ੍ਰਦੇਸ਼) ਪੁਲਸ ਨੇ ‘ਓਰਨੈਕਸ ਕਫ਼ ਸਿਰਪ’ ਦੀਆਂ ਲੱਗਭਗ 89,000 ਰੁਪਏ ਕੀਮਤ ਦੀਆਂ 443 ਬੋਤਲਾਂ ਦੇ ਨਾਲ ‘ਅਸ਼ੀਸ਼ ਸਿੰਘ’ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੇ ਵਿਰੁੱਧ ਐੱਨ. ਡੀ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

* 5 ਅਪ੍ਰੈਲ ਨੂੰ ਨਵੀਂ ਦਿੱਲੀ ’ਚ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ਨੇ ਸ਼ੂਗਰ, ਬੀ. ਪੀ., ਇਨਫੈਕਸ਼ਨ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ’ਚ ਵਰਤੀਆਂ ਜਾਣ ਵਾਲੀਆਂ ਨਾਮੀ ਕੰਪਨੀਆਂ ਦੀਅਾਂ ਨਕਲੀ ਦਵਾਈਆਂ ਬਣਾਉਣ, ਉਨ੍ਹਾਂ ਦੀ ਸਪਲਾਈ ਕਰਨ ਵਾਲੇ ਇਕ ਯੂਨਿਟ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਇਸ ਮਾਮਲੇ ’ਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2 ਕਰੋੜ ਰੁਪਏ ਮੁੱਲ ਦੀਆਂ 1.2 ਲੱਖ ਤੋਂ ਜ਼ਿਆਦਾ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ।

* 5 ਅਪ੍ਰੈਲ ਨੂੰ ਹੀ ‘ਕਾਨਪੁਰ’ ਪੁਲਸ ਨੇ ‘ਕੋਡਾਈਨ ਕਫ਼ ਸਿਰਪ’ ਦੀ ਸਪਲਾਈ ਦੇ ਮਾਮਲੇ ’ਚ ‘ਸ਼ਿਵਮ ਅਗਰਵਾਲ’ ਨੂੰ ਗ੍ਰਿਫ਼ਤਾਰ ਕੀਤਾ। ‘ਸ਼ਿਵਮ’ ’ਤੇ 25,000 ਰੁਪਏ ਦਾ ਇਨਾਮ ਸੀ। ਮੁਲਜ਼ਮ ਇਸ ਸਿਰਪ ਨੂੰ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਹਰਿਆਣਾ, ਝਾਰਖੰਡ ਅਤੇ ਪੱਛਮੀ ਬੰਗਾਲ ਤੋਂ ਇਲਾਵਾ ਬੰਗਲਾਦੇਸ਼ ’ਚ ਵੀ ਭੇਜ ਰਿਹਾ ਸੀ। ਇਸ ਮਾਮਲੇ ’ਚ ਪੁਲਸ ਨੂੰ 6 ਹੋਰ ਮੁਲਜ਼ਮਾਂ ਦੀ ਵੀ ਭਾਲ ਹੈ।

* 5 ਅਪ੍ਰੈਲ ਨੂੰ ਹੀ ‘ਜੈਪੁਰ’ ’ਚ ਰਾਜਸਥਾਨ ਡਰੱਗ ਕੰਟਰੋਲ ਵਿਭਾਗ ਦੀ ਜਾਂਚ ’ਚ ਵੀ. ਏ. ਡੀ. ਐੱਸ. ਪੀ. ਫਾਰਮਾਸਿਊਟੀਕਲਜ਼ ਵਲੋਂ ਰਾਜਸਥਾਨ ’ਚ ਭੇਜੀਆਂ ਗਈਆਂ ਐਂਟੀਬਾਇਓਟਿਕ ਦਵਾਈ ‘ਕਿਊਸਿਪੋਡ 200’ ਦੇ 3100 ਪੱਤੇ ਲੈਬੋਰੇਟਰੀ ਦੀ ਜਾਂਚ ’ਚ ਨਕਲੀ ਪਾਏ ਗਏ। ਵਿਭਾਗ ਨੇ ਇਸ ਦਵਾਈ ਦੇ 2186 ਪੱਤਿਆਂ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਸਿਹਤ ਵਿਭਾਗ ਨੇ ਬਾਕੀ ਦਵਾਈ ਜਲਦ ਤੋਂ ਜਲਦ ਬਾਜ਼ਾਰ ’ਚੋਂ ਹਟਾਉਣ ਦੇ ਹੁਕਮ ਦਿੱਤੇ ਹਨ।

* 6 ਅਪ੍ਰੈਲ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੀ ਸਥਾਨਕ ਅਦਾਲਤ ਨੇ ਨਕਲੀ ਕਫ਼ ਸਿਰਪ ‘ਕੋਡਾਈਨ’ ਨੂੰ ਦੇਸ਼ ਤੋਂ ਇਲਾਵਾ ਬੰਗਲਾਦੇਸ਼ ’ਚ ਵੇਚਣ ਦੇ ਮਾਮਲੇ ’ਚ ਫਰਾਰ ਮੁੱਖ ਮੁਲਜ਼ਮ ‘ਸ਼ੁਭਮ ਜਾਇਸਵਾਲ’ ਨੂੰ ਭਗੌੜਾ ਕਰਾਰ ਦੇ ਦਿੱਤਾ। ਇਸ ਮਾਮਲੇ ’ਚ ‘ਸ਼ੁਭਮ’ ਸਮੇਤ ਕੁੱਲ 27 ਮੁਲਜ਼ਮਾਂ ਦੇ ਵਿਰੁੱਧ ਵਾਰਾਣਸੀ ’ਚ ਮਾਮਲਾ ਦਰਜ ਕੀਤਾ ਗਿਆ ਸੀ।

ਨਕਲੀ ਦਵਾਈਆਂ ਨੂੰ ਰੋਕਣ ਲਈ ਡਰੱਗਜ਼ ਐਂਡ ਕਾਸਮੈਟਿਕ ਐਕਟ (1940), ਫਾਰਮੇਸੀ ਐਕਟ (1948) ਸਮੇਤ ਕੁੱਲ 7 ਕਾਨੂੰਨ ਹਨ ਪਰ ਇਨ੍ਹਾਂ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਨਾ ਹੋਣ ਦੇ ਕਾਰਨ ਨਕਲੀ ਦਵਾਈਆਂ ਦਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ।

ਰਾਜ ਸਭਾ ’ਚ ਪੇਸ਼ ਕੀਤੀ ਗਈ ਜਾਣਕਾਰੀ ਅਨੁਸਾਰ 2021 ’ਚ ਜਾਂਚ ਦੇ ਦੌਰਾਨ 2652 ਦਵਾਈਆਂ ਦੇ ਨਮੂਨੇ ਜਾਂਚ ’ਚ ਫੇਲ ਪਾਏ ਗਏ ਸਨ। 2023 ’ਚ ਇਹ ਲੜੀ ਵਧ ਕੇ 3053 ਅਤੇ 2025 ’ਚ ਵਧ ਕੇ 3104 ਹੋ ਗਈ ਹੈ।

ਅਜਿਹੇ ’ਚ ਨਕਲੀ ਦਵਾਈਆਂ ਦਾ ਕਾਰੋਬਾਰ ਰੋਕਣ ਲਈ ਮੌਜੂਦਾ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਅਜਿਹੇ ਮਾਮਲੇ ’ਚ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਏ ਜਾਣ ਦੀ ਲੋੜ ਹੈ ਤਾਂ ਕਿ ਨਕਲੀ ਦਵਾਈਆਂ ਦੇ ਜ਼ਰੀਏ ਲੋਕਾਂ ਦੀ ਜ਼ਿੰਦਗੀ ਦੇ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ।

—ਵਿਜੇ ਕੁਮਾਰ


author

Sandeep Kumar

Content Editor

Related News