ਕਮਜ਼ੋਰ ਵਿਰੋਧੀ ਧਿਰ ਭਾਜਪਾ ਦਾ ਸਭ ਤੋਂ ਵੱਡਾ ਫਾਇਦਾ
Tuesday, Sep 07, 2021 - 03:42 AM (IST)

ਯਸ਼ਵੰਤ ਦੇਸ਼ਮੁਖ
ਜਨ ਰੁਝਾਨ (ਪਬਲਿਕ ਓਪੀਨੀਅਨ) ਬਹੁਤ ਹੀ ਸਰਗਰਮ ਹੁੰਦਾ ਹੈ। ਲੋਕਾਂ ਦੀ ਪ੍ਰਤੀਕਿਰਿਆ ਕਿੰਨੀ ਤੇਜ਼ੀ ਨਾਲ ਬਦਲਦੀ ਹੈ, ਜਨ ਰੁਝਾਨ ਉਸ ਦਾ ਸੂਚਕ ਹੁੰਦਾ ਹੈ। ਜਿਹੜੇ ਵੀ ਅੰਕੜੇ ਨਿਕਲ ਕੇ ਆਉਂਦੇ ਹਨ, ਉਹ ਤੁਰੰਤ ਵਾਲੇ ਹੁੰਦੇ ਹਨ, ਇਸ ਲਈ ਇਹ ਨਹੀਂ ਕਹਿ ਸਕਦੇ ਕਿ ਅਗਲੇ ਸਾਲ ਜਾਂ ਪੰਜ ਸਾਲ ਬਾਅਦ ਵੀ ਅਜਿਹਾ ਹੀ ਹੋਵੇਗਾ। ਲੋਕਾਂ ਨਾਲ ਸਰਵੇਖਣ ਜਾਂ ਗੱਲਬਾਤ ਦੌਰਾਨ ਸਾਨੂੰ ਤਾਜ਼ਾ ਰੁਝਾਨ ਦੇ ਅੰਕੜੇ ਮਿਲਦੇ ਹਨ। ਅਸੀਂ ਜੋ ਦਸਦੇ ਹਾਂ ਉਹ ਹੁਣ ਦੀ ਸਥਿਤੀ ਸੰਬੰਧੀ ਹੀ ਹੁੰਦਾ ਹੈ ਪਰ ਉਸ ਤੋਂ ਇਕ ਅੰਦਾਜ਼ਾ ਮਿਲਦਾ ਹੈ ਕਿ ਲੋਕਾਂ ਦਾ ਮੂਡ ਹੁਣ ਇਹ ਹੈ ਅਤੇ ਇਹ ਜੇ ਬਣਿਆ ਰਿਹਾ ਹੈ ਤਾਂ ਚੋਣਾਂ ਤਕ ਕਿਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ।
ਪੱਛਮੀ ਬੰਗਾਲ ਦੀਆਂ ਚੋਣਾਂ ਇਸ ਦੀ ਇਕ ਉਦਾਹਰਣ ਹਨ। ਅਸੀਂ ਪਿਛਲੇ ਡੇਢ ਸਾਲ ਤੋਂ ਕਹਿ ਰਹੇ ਸੀ ਕਿ ਮਮਤਾ ਬੈਨਰਜੀ ਦੀ ਸੱਤਾ ਨੂੰ ਕਿਤੇ ਦੂਰ-ਦੂਰ ਤਕ ਕੋਈ ਖਤਰਾ ਨਹੀਂ ਹੈ ਪਰ ਜਿਹੜੇ ਲੋਕਾਂ ਨੇ ਆਖਰੀ ਸਮੇਂ ’ਚ ਆ ਕੇ ਅਨੁਮਾਨ ਲਾਉਣੇ ਸ਼ੁਰੂ ਕੀਤੇ, ਉਨ੍ਹਾਂ ਦੇ ਅੰਕੜੇ ਗਲਤ ਸਾਬਿਤ ਹੋਏ। ਮਮਤਾ ਬੈਨਰਜੀ ਸ਼ੁਰੂ ਤੋਂ ਹੀ ਅੱਗੇ ਸੀ ਅਤੇ ਅੰਤ ਤਕ ਆਉਂਦੇ-ਆਉਂਦੇ ਸਿਰਫ ਇਹ ਇਕ ਤਬਦੀਲੀ ਹੋਈ ਕਿ ਖੱਬੇਪੱਖੀ ਮੋਰਚਾ ਅਤੇ ਕਾਂਗਰਸ ਦੀ ਵੋਟ ਵੀ ਵੱਡੀ ਗਿਣਤੀ ’ਚ ਉਨ੍ਹਾਂ ਵੱਲ ਤਬਦੀਲ ਹੋ ਗਈ।
ਜਨ ਰੁਝਾਨ ਸਰਵੇਖਣ ਕੀ ਹੁੰਦੇ ਹਨ, ਉਸ ਨੂੰ ਆਸਾਨੀ ਨਾਲ ਇਕ ਉਦਾਹਰਣ ਰਾਹੀਂ ਸਮਝਿਆ ਜਾ ਸਕਦਾ ਹੈ। ਜੇ ਤੁਸੀਂ ਇਹ ਦੇਖਣਾ ਹੈ ਕਿ ਪਤੀਲੇ ’ਚ ਚੌਲ ਪੱਕ ਗਏ ਹਨ ਜਾਂ ਨਹੀਂ ਤਾਂ ਤੁਸੀਂ ਚੌਲ ਦਾ ਹਰ ਦਾਣਾ ਚੁੱਕ ਕੇ ਉਸ ਦੀ ਜਾਂਚ ਨਹੀਂ ਕਰਦੇ ਸਗੋਂ ਇਕ ਜਾਂ ਦੋ ਦਾਣੇ ਦੇਖ ਕੇ ਹੀ ਪਤਾ ਲਾ ਲੈਂਦੇ ਹੋ ਕਿ ਚੌਲ ਪੱਕੇ ਹੋਏ ਹਨ ਜਾਂ ਨਹੀਂ। ਠੀਕ ਉਸੇ ਤਰ੍ਹਾਂ ਅਸੀਂ ਵੱਖ-ਵੱਖ ਥਾਵਾਂ ਦੇ ਛੋਟੇ-ਛੋਟੇ ਸੈਂਪਲਾਂ ਤੋਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਰੁਝਾਨ ਕੀ ਹਨ? ਨਤੀਜੇ ’ਚ ਸਟੀਕਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਸੈਂਪਲ ਸੰਬੰਧਤ ਸਮਾਜ ਦਾ ਜਾਂ ਲੋਕਾਂ ਦੀ ਢੁੱਕਵੀਂ ਪ੍ਰਤੀਨਿਧਤਾ ਕਰਦਾ ਹੈ ਜਾਂ ਨਹੀਂ। ਨਤੀਜਿਆਂ ਨੂੰ ਸਮਝਣ ’ਚ ਗਲਤੀ ਹੋਣ ਦੀ ਗੁੰਜਾਇਸ਼ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਇਕ ਸਾਲ ਜਾਂ ਪੰਜ ਸਾਲ ਦੇ ਲੰਬੇ ਵਕਫੇ ’ਤੇ ਸਰਵੇਖਣ ਕੀਤੇ ਜਾਣ। ਸੀ-ਵੋਟਰਸ ਦਾ 11 ਭਾਸ਼ਾਵਾਂ ’ਚ ਰੋਜ਼ਾਨਾ ਸਰਵੇਖਣ ਚਲਦਾ ਹੈ। ਭਾਵੇਂ ਸੈਂਪਲ ਛੋਟੇ ਸਾਈਜ਼ ਦਾ ਹੁੰਦਾ ਹੈ ਪਰ ਅਸੀਂ ਸਾਲ ’ਚ 365 ਦਿਨ ਨਿਯਮਿਤ ਤੌਰ ’ਤੇ ਅਨੁਮਾਨ ਲਾਉਂਦੇ ਰਹਿੰਦੇ ਹਾਂ। ਇਸ ਲਈ ਸਾਡਾ ਕੋਈ ਵੀ ਅਨੁਮਾਨ ਇਕ ਦਿਨ ਦੇ ਸਰਵੇਖਣ ’ਤੇ ਨਿਰਭਰ ਨਹੀਂ ਹੁੰਦਾ। ਸਾਡੇ ਕੋਲ ਪਿਛਲੇ 365 ਦਿਨ ਦੇ ਵੀ ਅੰਕੜੇ ਹੁੰਦੇ ਹਨ।
ਕਿਸਾਨ ਅੰਦੋਲਨ ਪੰਜਾਬ ’ਚ ਬਹੁਤ ਵੱਡਾ ਮੁੱਦਾ ਹੈ। ਇਸ ’ਚ ਕਿਸੇ ਨੂੰ ਵੀ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ। ਪੰਜਾਬ ’ਚ ਚੋਣਾਂ ਆ ਰਹੀਆਂ ਹਨ। ਉਥੇ ਭਾਜਪਾ ਦੇ ਲਈ ਕਰਨ ਲਈ ਕੁਝ ਵੀ ਨਹੀਂ ਹੈ ਪਰ ਫਿਰ ਵੀ ਅਜੀਬ ਗੱਲ ਇਹ ਹੈ ਕਿ ਸਾਡੇ ਸਰਵੇਖਣ ਦੱਸ ਰਹੇ ਹਨ ਕਿ ਸੂਬੇ ’ਚ ਭਾਜਪਾ ਦੀਆਂ 2 ਫੀਸਦੀ ਵੋਟਾਂ ਵਧ ਰਹੀਆਂ ਹਨ। ਇਹ ਇਸ ਲਈ ਕਿਉਂਕਿ ਪਹਿਲਾਂ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਮੁਸ਼ਕਲ ਨਾਲ 20 ਤੋਂ 30 ਸੀਟਾਂ ’ਤੇ ਚੋਣ ਲੜਦੀ ਸੀ। ਇਸ ਵਾਰ ਗਠਜੋੜ ਟੁੱਟ ਜਾਣ ਕਾਰਨ ਜੇ ਉਹ ਸਾਰੀਆਂ 117 ਸੀਟਾਂ ’ਤੇ ਚੋਣ ਲੜਦੀ ਹੈ ਤਾਂ ਉਸ ਦਾ ਸੂਬੇ ’ਚ ਕੁਲ ਵੋਟ ਸ਼ੇਅਰ ਵਧ ਜਾਵੇਗਾ।
ਭਾਜਪਾ ਵਾਂਗ ਹੀ ਪੰਜਾਬ ’ਚ ਅਕਾਲੀ ਦਲ ਦੇ ਲਈ ਵੀ ਕੋਈ ਹਮਦਰਦੀ ਨਹੀਂ ਹੈ। ਇਕ ਤਾਂ ਉਹ ਲੰਬੇ ਸਮੇਂ ਤਕ ਭਾਜਪਾ ਦੇ ਨਾਲ ਰਹੇ। ਨਾਲ ਹੀ ਉਹ ਸੂਬੇ ’ਚ ਆਪਣੇ ਪ੍ਰਤੀ ਗੈਰ ਲੋਕਪ੍ਰਿਯਤਾ ਨੂੰ ਵੀ ਦੂਰ ਨਹੀਂ ਕਰ ਸਕੇ ਹਨ। ਹਰਮਨਪਿਆਰੇ ਨੇਤਾ ਦੇ ਸਰਵੇਖਣ ’ਚ ਸੁਖਬੀਰ ਬਾਦਲ ਦੂਜੇ ਨੰਬਰ ’ਤੇ ਹਨ। ਇਸ ਦਾ ਕਾਰਨ ਇਹ ਹੈ ਕਿ ਸਰਵੇਖਣ ’ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਦੋ-ਦੋ ਦਾਅਵੇਦਾਰਾਂ ਦੇ ਨਾਂ ਰੱਖੇ ਗਏ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ’ਚੋਂ ਸਿਰਫ ਸੁਖਬੀਰ ਬਾਦਲ ਦਾ ਹੀ ਨਾਂ ਹੈ। ਅਜਿਹੀ ਹਾਲਤ ’ਚ ਕਾਂਗਰਸ ਅਤੇ ‘ਆਪ’ ਦੇ ਲੋਕ ਰੁਝਾਨ ਦੋ ਹਿੱਸਿਆਂ ’ਚ ਵੰਡੇ ਗਏ ਹਨ। ਜੇ ਉਨ੍ਹਾਂ ਨੂੰ ਇਕ ਕਰ ਦਿੱਤਾ ਜਾਵੇ ਤਾਂ ਸੁਖਬੀਰ ਬਾਦਲ ਤੀਜੇ ਨੰਬਰ ’ਤੇ ਪਹੁੰਚ ਜਾਂਦੇ ਹਨ। ਪੰਜਾਬ ’ਚ ਕਾਂਗਰਸ ਨੂੰ ਨੁਕਸਾਨ ਅੰਦਰੂਨੀ ਕਲੇਸ਼ ਤੋਂ ਹੋ ਰਿਹਾ ਹੈ। ਉਸ ਦੇ ਵੋਟ ਸ਼ੇਅਰ ’ਚ 9.7 ਫੀਸਦੀ ਤਕ ਦੀ ਕਮੀ ਹੁੰਦੀ ਨਜ਼ਰ ਆ ਰਹੀ ਹੈ। ਇਸਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ। ਉਥੇ ਕਾਂਗਰਸ ਨੇ ਖੁਦ ਨੂੰ ਪ੍ਰੇਸ਼ਾਨੀ ’ਚ ਪਾ ਲਿਆ ਹੈ।
ਉੱਤਰ ਪ੍ਰਦੇਸ਼ ’ਚ ਭਾਜਪਾ ਦਾ ਇਸ ਸਮੇਂ ਜੋ ਵੀ ਲੋਕ ਆਧਾਰ ਹੈ ਉਹ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਕਾਰਨ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਯੂ.ਪੀ. ਦੇ ਲੋਕਾਂ ਨੇ ਮੋਦੀ ਦੇ ਚਿਹਰੇ ’ਤੇ ਵੋਟ ਪਾਈ। ਉਦੋਂ ਯੋਗੀ ਦਾ ਚਿਹਰਾ ਅੱਗੇ ਨਹੀਂ ਸੀ। 2014 ਵਾਂਗ 2019 ਦੀਆਂ ਲੋਕ ਸਭਾ ਚੋਣਾਂ ’ਚ ਵੀ ਯੂ.ਪੀ. ਦੇ ਲੋਕਾਂ ਨੇ ਮੋਦੀ ਦੇ ਚਿਹਰੇ ’ਤੇ ਹੀ ਵੋਟ ਪਾਈ। ਯੋਗੀ ਦੀ ਬ੍ਰਾਡਿੰਗ ਵੀ ਉਸ ਨੂੰ ਕਾਇਮ ਰੱਖਦੀ ਹੈ। ਯੂ. ਪੀ. ’ਚ ਭਾਜਪਾ ਦੀ ਵੋਟ 40-41 ਫੀਸਦੀ ਹੈ। ਮੁੱਖ ਮੰਤਰੀ ਦੀ ਲੋਕਪ੍ਰਿਯਤਾ ਵੀ ਇੰਨੀ ਹੀ ਹੈ। ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ ਉਥੇ 45 ਫੀਸਦੀ ਹੈ। ਭਾਵੇਂ ਇਸ ਨੂੰ ਯੂ. ਪੀ. ’ਚ ਭਾਜਪਾ ਦਾ ਵੋਟ ਕਹੀਏ ਜਾਂ ਪ੍ਰਧਾਨ ਮੰਤਰੀ ਦੇ ਫੈਨ ਫੋਲੋਇੰਗ। ਇਹ ਇਕ ਦਿਸ਼ਾ ’ਚ ਹੀ ਹੈ।
ਕੋਵਿਡ ਕਾਰਨ ਕਿੰਨੀਆਂ ਮੌਤਾਂ ਹੋਈਆਂ। ਉਸ ਨੂੰ ਲੈ ਕੇ ਲੋਕਾਂ ’ਚ ਗੁੱਸਾ ਹੈ ਪਰ ਇਸ ਗੁੱਸੇ ਨੂੰ ਵੋਟਾਂ ’ਚ ਬਦਲਣ ਵਾਲੀ ਵਿਰੋਧੀ ਧਿਰ ਨਹੀਂ ਹੈ। ਜੇ ਮੁਲਾਇਮ ਸਿੰਘ ਦੇ ਹੱਥ-ਪੈਰ ਠੀਕ ਢੰਗ ਨਾਲ ਚੱਲ ਰਹੇ ਹੁੰਦੇ ਤਾਂ ਉਹ ਪਿਛਲੇ 6 ਮਹੀਨਿਆਂ ’ਚ 600 ਵਾਰ ਯੂ. ਪੀ. ਦਾ ਦੌਰਾ ਕਰ ਚੁੱਕੇ ਹੁੰਦੇ ਪਰ ਉਨ੍ਹਾਂ ਦੇ ਜਾਨਸ਼ੀਨ ਬਹੁਤ ਘੱਟ ਲੋਕਾਂ ਦਰਮਿਆਨ ਗਏ। ਤੀਜੇ ਨੰਬਰ ਦੀ ਪਾਰਟੀ ਹੈ ਬਸਪਾ ਪਰ ਮਾਇਆਵਤੀ ਦਾ ਚਿਹਰਾ ਤਾਂ ਕਈ ਮਹੀਨਿਆਂ ਤਕ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਵਿਰੋਧੀ ਧਿਰ ਨੂੰ ਦੇਖਣਾ ਹੋਵੇਗਾ ਕਿ ਉਹ ਕੀ ਕਰ ਰਹੀ ਹੈ।
ਉੱਤਰਾਖੰਡ ’ਚ ਕੱਪੜੇ ਬਦਲਣ ਵਾਂਗ ਮੁੱਖ ਮੰਤਰੀ ਬਦਲੇ ਗਏ। ਇਸ ਦੇ ਬਾਵਜੂਦ ਉਥੇ ਭਾਜਪਾ ਨੂੰ 44 ਤੋਂ 48 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਉੱਤਰਾਖੰਡ ਦੇ ਲੋਕ ਸਰਕਾਰ ਤੋਂ ਬਹੁਤ ਗੁੱਸੇ ’ਚ ਹਨ। ਥਾਲੀ ਸਜਾ ਕੇ ਕਾਂਗਰਸ ਨੂੰ ਦੇਣਾ ਚਾਹੁੰਦੇ ਹਨ। ਉਥੇ ਸਭ ਤੋਂ ਹਰਮਨਪਿਆਰੇ ਨੇਤਾ ਹਰੀਸ਼ ਰਾਵਤ ਹਨ। ਲੋਕ ਮੌਜੂਦਾ ਮੁੱਖ ਮੰਤਰੀ ਤੋਂ ਜੇ ਖੁਸ਼ ਨਹੀਂ ਹਨ ਤਾਂ ਨਾਰਾਜ਼ ਵੀ ਨਹੀਂ ਹਨ। ਜੇ ਹਰੀਸ਼ ਰਾਵਤ ਦੀ ਅਗਵਾਈ ’ਚ ਕਾਂਗਰਸ ਇਕਮੁੱਠ ਹੋ ਕੇ ਉੱਤਰਾਖੰਡ ’ਚ ਚੋਣ ਲੜਦੀ ਹੈ ਤਾਂ ਬਹੁਤ ਕੁਝ ਕਰ ਸਕਦੀ ਹੈ।
ਪੰਜ ਸੂਬਿਆਂ ਦੀਆਂ ਚੋਣਾਂ ’ਚ ਇਸ ਸਮੇਂ ਭਾਜਪਾ ਨੂੰ ਜੋ ਸਭ ਤੋਂ ਵੱਡਾ ਲਾਭ ਨਜ਼ਰ ਆ ਰਿਹਾ ਹੈ, ਉਹ ਵਿਰੋਧੀ ਧਿਰ ਦੀ ਕਮਜ਼ੋਰੀ ਦਾ ਹੈ। ਇਸ ਦੇ ਬਾਵਜੂਦ ਭਾਜਪਾ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਲੋਕਾਂ ਦਾ ਮਨ ਜਦੋਂ ਅੱਕ ਜਾਂਦਾ ਹੈ ਤਾਂ ਉਹ ਕਿਸੇ ਨੂੰ ਵੀ ਕਿਤੋਂ ਵੀ ਚੁੱਕ ਕੇ ਖੜ੍ਹਾ ਕਰ ਦਿੰਦੇ ਹਨ। ਭਾਜਪਾ ਦਾ ਸਿਆਸੀ ਪ੍ਰਬੰਧਨ ਬਹੁਤ ਵਧੀਆ ਹੈ। ਕੋਰੋਨਾ ਦੀ ਦੂਜੀ ਲਹਿਰ ’ਚ ਜਦੋਂ ਭਾਜਪਾ ਅੰਦਰ ਯੋਗੀ ਪ੍ਰਤੀ ਨਾਰਾਜ਼ਗੀ ਵਧੀ ਤਾਂ ਹਾਈਕਮਾਨ ਨੇ ਤੁਰੰਤ ਬੈਠਕਾਂ ਕਰਕੇ ਇਹ ਨਾਰਾਜ਼ਗੀ ਦੂਰ ਕਰ ਦਿੱਤੀ। ਭਾਜਪਾ ਜਿੰਨੀ ਤੇਜ਼ੀ ਨਾਲ ਡੈਮੇਜ ਕੰਟਰੋਲ ਕਰਦੀ ਹੈ, ਉਸ ਤੋਂ ਕਾਂਗਰਸ ਨੂੰ ਵੀ ਸਿੱਖਣਾ ਹੋਵੇਗਾ। ਫੈਸਲਾ ਕਰਨਾ ਲੀਡਰਸ਼ਿਪ ਦਾ ਕੰਮ ਹੈ।
(ਲੇਖਕ ਸੀ-ਵੋਟਰਸ ਦੇ ਸੰਸਥਾਪਕ ਹਨ)