ਸਭ ਤੋਂ ਵਧੀਆ ਕ੍ਰਿਸਮਸ ਦਾ ਤੋਹਫ਼ਾ

Friday, Dec 20, 2024 - 04:08 PM (IST)

ਸਭ ਤੋਂ ਵਧੀਆ ਕ੍ਰਿਸਮਸ ਦਾ ਤੋਹਫ਼ਾ

3 ਸੇਵਾਮੁਕਤ ਪੁਲਸ ਹੈੱਡ ਕਾਂਸਟੇਬਲ ਮੈਨੂੰ ਪਿਛਲੇ ਸ਼ਨੀਵਾਰ ਪੁਲਸ ਲਾਈਨ ਵਿਚ ਆਯੋਜਿਤ ਭਗਵਾਨ ਦੱਤਾ ਦੀ ਪੂਜਾ ਵਿਚ ਹਿੱਸਾ ਲੈਣ ਲਈ ਸੱਦਾ ਦੇਣ ਆਏ ਸਨ, ਜੋ ਕਿ ਉਸ ਇਮਾਰਤ ਦੇ ਪਿੱਛੇ ਸਥਿਤ ਹੈ ਜਿਸ ਵਿਚ ਮੈਂ ਰਹਿੰਦਾ ਹਾਂ। ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮੈਂ ਕਈ ਹੋਰ ਸੇਵਾਮੁਕਤ ਅਤੇ ਕੁਝ ਸੇਵਾ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਮਿਲਿਆ, ਜੋ ਮੇਰੇ ਆਉਣ ’ਤੇ ਬਹੁਤ ਖੁਸ਼ ਸਨ। ਇਹ ਯਕੀਨੀ ਤੌਰ ’ਤੇ ਸਭ ਤੋਂ ਵਧੀਆ ਕ੍ਰਿਸਮਸ ਦਾ ਤੋਹਫ਼ਾ ਸੀ ਜਿਸ ਦੀ ਮੈਨੂੰ ਉਮੀਦ ਸੀ। ਉਨ੍ਹਾਂ ਲੋਕਾਂ ਵੱਲੋਂ ਯਾਦ ਕੀਤੇ ਜਾਣ ਅਤੇ ਪਿਆਰ ਕੀਤੇ ਜਾਣ ਤੋਂ ਵੱਡਾ ਕੋਈ ਇਨਾਮ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਆਪਣੇ ਕਰੀਅਰ ਦੇ ਕਿਸੇ ਪੜਾਅ ’ਤੇ ਅਗਵਾਈ ਕਰਨ ਦਾ ਮਾਣ ਪ੍ਰਾਪਤ ਕੀਤਾ ਸੀ।

ਮੈਂ 1982 ਵਿਚ ਪੁਲਸ ਕੈਂਪ ਵਿਚ ਉਸ ਖਾਸ ਮੰਦਰ ਦਾ ਉਦਘਾਟਨ ਕੀਤਾ ਸੀ, ਜਦੋਂ ਮੈਂ ਸ਼ਹਿਰ ਦਾ ਪੁਲਸ ਕਮਿਸ਼ਨਰ ਸੀ। ਇਹ ਤੱਥ ਮੇਰੀ ਯਾਦ ’ਚੋਂ ਮਨਫੀ ਹੋ ਗਿਆ ਸੀ। ਇਸ ਘਟਨਾ ਨੂੰ ਰਿਕਾਰਡ ਕਰਨ ਵਾਲੀ ਇਕ ਤਖ਼ਤੀ ਮੰਦਰ ਦੀ ਕੰਧ ਉੱਤੇ ਲਾ ਦਿੱਤੀ ਗਈ ਸੀ। ਆਦਮੀਆਂ ਨੇ ਉਸ ਤਖ਼ਤੀ ਦੇ ਅੱਗੇ ਫੋਟੋਆਂ ਖਿੱਚਣ ਲਈ ਜ਼ੋਰ ਪਾਇਆ ਜਿਸ ’ਤੇ ਮੇਰਾ ਨਾਂ ਲਿਖਿਆ ਹੋਇਆ ਸੀ।

ਇਸ ਸਾਲ ਮੇਰਾ 96ਵਾਂ ਕ੍ਰਿਸਮਸ ਜਸ਼ਨ ਹੋਵੇਗਾ। ਮੈਨੂੰ ਪਹਿਲੇ ਸੱਤਾਂ ਬਾਰੇ ਕੁਝ ਯਾਦ ਨਹੀਂ ਹੈ। 1929 ਵਿਚ ਜਦੋਂ ਮੇਰਾ ਜਨਮ ਹੋਇਆ ਸੀ, ਮੇਰੇ ਪਿਤਾ ਬੜੌਦਾ ਵਿਚ ਡਾਕ ਸੁਪਰਡੈਂਟ ਸਨ। 1930 ਵਿਚ ਉਸਨੂੰ ਰੇਲਵੇ ਮੇਲ ਸਰਵਿਸ ਦੇ ਸੁਪਰਡੈਂਟ ਵਜੋਂ ਪੂਨਾ ਵਿਚ ਤਬਦੀਲ ਕਰ ਦਿੱਤਾ ਗਿਆ। ਕਈ ਸਾਲਾਂ ਬਾਅਦ, 1964 ਵਿਚ, ਮੈਨੂੰ ਪੁਣੇ ਸ਼ਹਿਰ ਦਾ ਪੁਲਸ ਸੁਪਰਡੈਂਟ ਨਿਯੁਕਤ ਕੀਤਾ ਗਿਆ। ਭਗਵੇਂ ਕੱਪੜੇ ਪਹਿਨੇ ਇਕ ਹਿੰਦੂ ਪੁਜਾਰੀ ਮੇਰੇ ਦਫ਼ਤਰ ਵਿਚ ਆਇਆ ਅਤੇ ਆਪਣੀ ਜਾਣ-ਪਛਾਣ ਇਕ ਅਜਿਹੇ ਵਿਅਕਤੀ ਵਜੋਂ ਕੀਤੀ ਜੋ ਮੈਨੂੰ 2 ਸਾਲ ਦੀ ਉਮਰ ਤੋਂ ਜਾਣਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਪੋਸਟਲ ਸੁਪਰਡੈਂਟ ਦਫ਼ਤਰ ਵਿਚ ਮੇਰੇ ਪਿਤਾ ਦੇ ਹੈੱਡ ਕਲਰਕ ਸਨ। ਉਨ੍ਹਾਂ ਨੇ ਧਾਰਮਿਕ ਅਨੁਸ਼ਾਸਨ ਪ੍ਰਤੀ ਆਪਣੀ ਪਵਿੱਤਰਤਾ ਅਤੇ ਵਚਨਬੱਧਤਾ ਦੀ ਸਹੁੰ ਚੁੱਕਣ ਤੋਂ ਬਾਅਦ ਅਪਣਾਏ ਨਾਂ ਨਾਲ ਆਪਣੀ ਪਛਾਣ ਕਰਵਾਈ।

30 ਸਾਲਾਂ ਬਾਅਦ ਕਾਰ ਰਾਹੀਂ ਮੁੰਬਈ ਤੋਂ ਰਾਜਗੁਰੂਨਗਰ ਜਾਂਦੇ ਸਮੇਂ ਮੈਂ ਲੋਨਾਵਾਲਾ ਰੁਕਿਆ। ਰਸਤੇ ਵਿਚ ਇਕ ਰੈਸਟੋਰੈਂਟ ਵਿਚ ਮੇਰੇ ਆਉਣ ਦੀ ਖ਼ਬਰ ਸੁਣ ਕੇ ਉਸੇ ਸੰਤ ਵੱਲੋਂ ਚਲਾਏ ਜਾ ਰਹੇ ਆਸ਼ਰਮ ਵਿਚ ਕੰਮ ਕਰਨ ਵਾਲੇ 2-3 ਵਿਅਕਤੀ ਮੇਜ਼ ਉੱਤੇ ਆ ਗਏ ਜਿੱਥੇ ਮੈਂ ਅਤੇ ਮੇਰੀ ਪਤਨੀ ਬੈਠੇ ਸੀ ਅਤੇ ਸਾਡਾ ਸਵਾਗਤ ਕੀਤਾ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਬਾਬਾ ਨੇ ਸਮਾਧੀ ਲੈ ਲਈ ਹੈ। ਕਿਉਂਕਿ ਬਾਬੇ ਨੇ ਇਕ ਤੋਂ ਵੱਧ ਵਾਰ ਮੇਰਾ ਜ਼ਿਕਰ ਕੀਤਾ ਸੀ, ਇਸ ਲਈ ਉਹ ਮੈਨੂੰ ਨਿੱਜੀ ਤੌਰ ’ਤੇ ਮਿਲ ਕੇ ਬਹੁਤ ਖੁਸ਼ ਹੋਏ।

ਉਹ ਮੁਲਾਕਾਤ ਅਜੇ ਵੀ ਮੇਰੀਆਂ ਯਾਦਾਂ ਵਿਚ ਪਈ ਹੈ, ਜਿਵੇਂ ਕਿ ਪੂਨੇ ਵਿਚ ਮੇਰੇ ਦਫ਼ਤਰ ਵਿਚ ਬਾਬਾ ਦੀ ਫੇਰੀ। ਉਨ੍ਹਾਂ ਮੀਟਿੰਗਾਂ ਵਿਚੋਂ ਇਕ ਵਿਚ ਉਸ ਨੇ ‘ਸਮਾਧੀ’ ਲੈਣ ਦੀ ਗੱਲ ਕੀਤੀ ਸੀ ਅਤੇ ਮੈਨੂੰ ਯਾਦ ਹੈ ਕਿ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਮੈਨੂੰ ਅਫਸੋਸ ਹੈ ਕਿ ਇੰਨੇ ਸਾਲਾਂ ਬਾਅਦ ਵੀ ਮੈਨੂੰ ਉਨ੍ਹਾਂ ਦਾ ਨਾਂ ਯਾਦ ਨਹੀਂ ਹੈ।

ਹਾਲਾਂਕਿ ਮੈਨੂੰ ਦੋ ਕ੍ਰਿਸਮਸ ਯਾਦ ਹਨ, ਇਕ 1956 ਵਿਚ ਅਤੇ ਦੂਜੀ 1989 ਵਿਚ। 1956 ਵਿਚ ਮੈਂ ਨਾਸਿਕ ਡਵੀਜ਼ਨ ਦਾ ਸਹਾਇਕ ਪੁਲਸ ਸੁਪਰਡੈਂਟ ਸੀ। ਦੇਵਲਾਲੀ ਮੇਰੇ ਅਧਿਕਾਰ ਖੇਤਰ ਵਿਚ ਸੀ। ਤੋਪਖਾਨਾ ਰੈਜੀਮੈਂਟਲ ਕੇਂਦਰ ਦੇਵਲਾਲੀ ’ਚ ਸਥਿਤ ਸੀ। ਵੱਲਾਡਾਰੇਸ ਨਾਂ ਦੇ ਇਕ ਨੌਜਵਾਨ ਈਸਾਈ ਅਫਸਰ ਨੇ ਮੇਰੀ ਕਾਰ ਵਿਚ ਨਾਸਿਕ ਤੋਂ ਮੁੰਬਈ ਲਈ ਲਿਫਟ ਲੈ ਲਈ। ਅਸੀਂ ਦੋਵੇਂ ਇਕ ਹਫ਼ਤੇ ਦੀਆਂ ਛੁੱਟੀਆਂ ’ਤੇ ਸੀ ਅਤੇ ਕਿਉਂਕਿ ਸਾਡੇ ਮਾਤਾ-ਪਿਤਾ ਮੁੰਬਈ ਤੋਂ ਸਨ, ਅਸੀਂ ਕ੍ਰਿਸਮਸ ਲਈ ਇਕ ਯਾਤਰਾ ਦੀ ਯੋਜਨਾ ਬਣਾਈ।

ਉਹ ਨੌਜਵਾਨ ਫੌਜੀ ਅਧਿਕਾਰੀ ਬਾਂਦਰਾ ਦਾ ਰਹਿਣ ਵਾਲਾ ਸੀ। ਮੈਂ ਉਸ ਨੂੰ ਉਸਦੇ ਘਰ ਛੱਡਣ ਦਾ ਫੈਸਲਾ ਕੀਤਾ। ਮੈਂ ਕਦੀ ਕਿਸੇ ਜਗ੍ਹਾ ਨੂੰ ਇੰਨੀ ਚਮਕੀਲੀ ਰੌਸ਼ਨੀ ਅਤੇ ਸਜਾਵਟ ਨਾਲ ਭਰਿਆ ਨਹੀਂ ਦੇਖਿਆ ਸੀ, ਜਿਵੇਂ ਕਿ ਮੈਂ 1956 ਵਿਚ ਉਸ ਯਾਦਗਾਰ ਕ੍ਰਿਸਮਸ ਦੀ ਸ਼ਾਮ ਨੂੰ ਦੇਖਿਆ ਸੀ। ਪਿਛਲੀ ਸਦੀ ਦੇ 50ਵਿਆਂ ਵਿਚ, ਬਾਂਦਰਾ ਲਗਭਗ ਪੂਰੀ ਤਰ੍ਹਾਂ ਈਸਾਈਆਂ ਦਾ ਇਲਾਕਾ ਸੀ। ਅੱਜ ਇਹ ਸਿਰਫ ਅੰਸ਼ਿਕ ਤੌਰ ’ਤੇ ਅਜਿਹਾ ਹੈ, ਪਰ ਬਾਂਦਰਾ ਦੇ ਈਸਾਈ ਅਜੇ ਵੀ ਚਮਕਦਾਰ ਰੌਸ਼ਨੀ ਲਿਆਉਂਦੇ ਰਹਿੰਦੇ ਹਨ।

1989 ਵਿਚ ਮੈਨੂੰ ਪੂਰਬੀ ਯੂਰਪ ਵਿਚ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਵਿਚ ਤਾਇਨਾਤ ਕੀਤਾ ਗਿਆ ਸੀ। ਇਹ ਇਕੋ-ਇਕ ਸਾਲ ਸੀ ਜਦੋਂ ਮੈਂ ਕ੍ਰਿਸਮਸ ਵਾਲੇ ਦਿਨ ਚਰਚ ਦੀ ਪ੍ਰਾਰਥਨਾ ਸੇਵਾ ਵਿਚ ਸ਼ਾਮਲ ਨਹੀਂ ਹੋ ਸਕਿਆ। ਰੋਮਾਨੀਆ ਦੇ ਤਾਨਾਸ਼ਾਹ ਨਿਕੋਲੇ ਕਾਉਸੇਸਕੂ ਨੂੰ ਤਾਜ਼ਾ ਹੀ ਅਹੁਦਿਓਂ ਲਾਹਿਆ ਗਿਆ ਸੀ। ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਏਲੇਨਾ ਨੂੰ ਕ੍ਰਿਸਮਸ ਵਾਲੇ ਦਿਨ ਇਕ ਅਸਥਾਈ ਮੁਕੱਦਮੇ ਤੋਂ ਬਾਅਦ ਫਾਇਰਿੰਗ ਸਕੁਐਡ ਵੱਲੋਂ ਮਾਰ ਦਿੱਤਾ ਗਿਆ ਸੀ।

ਇਸ ਸਾਲ ਮੈਂ ਮੁੰਬਈ ’ਚ ਰਵਾਇਤੀ ਤਰੀਕੇ ਨਾਲ ਕ੍ਰਿਸਮਸ ਮਨਾਵਾਂਗਾ। ਹਰ ਸਾਲ ਕ੍ਰਿਸਮਸ ਦੇ ਨੇੜੇ-ਤੇੜੇ, ਮੇਰੀ ਦੋਸਤ ਲੀਨਾ ਗਾਂਧੀ ਤਿਵਾੜੀ, ਵਕੋਲਾ ਝੌਂਪੜੀਆਂ ਦੇ ਬੱਚਿਆਂ ਲਈ ਇਕ ਸਾਲਾਨਾ ਦਿਨ ਮਨਾਉਂਦੀ ਹੈ, ਜਿਨ੍ਹਾਂ ਨੂੰ ਉਸ ਨੇ ਸੱਚਮੁੱਚ ਗੋਦ ਲਿਆ ਹੈ। ਸ਼ੁਰੂ ਵਿਚ ਉਸ ਨੇ ਸਿਰਫ ਕੁੜੀਆਂ ਨਾਲ ਸ਼ੁਰੂਆਤ ਕੀਤੀ, ਪਰ ਹਾਲ ਹੀ ਵਿਚ ਉਹ ਆਪਣੇ ਕੇਂਦਰ ਵਿਚ ਮੁੰਡਿਆਂ ਦੀ ਵੀ ਭਰਤੀ ਕਰ ਰਹੀ ਹੈ, ਜਿਸ ਦਾ ਨਾਂ ਉਨ੍ਹਾਂ ਨੇ ਆਪਣੀ ਦਾਦੀ ਦੇ ਨਾਂ ’ਤੇ ਰੱਖਿਆ ਹੈ।

ਇਸ ਸਾਲ 2 ਲੜਕੀਆਂ ਨੇ ਐੱਮ. ਬੀ. ਏ. (ਵਿੱਤ) ਦੀ ਪ੍ਰੀਖਿਆ, 3 ਲੜਕੀਆਂ ਨੇ ਬੀ. ਐੱਮ. ਐੱਸ. ਮਾਰਕੀਟਿੰਗ ਅਤੇ 2 ਨੇ ਲੇਖਾ ਅਤੇ ਵਿੱਤ ਵਿਚ ਬੀ. ਏ. ਐੱਫ. ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੇ ਹੁਨਰ ਨੂੰ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਨੌਕਰੀ ਦੀ ਮਾਰਕੀਟ ਵਿਚ ਮੁਕਾਬਲਾ ਕਰ ਸਕਣ। ਦੇਸ਼ ਨੂੰ ਹੋਰ ਵੀ ਕਈ ਲੀਨਾ ਵਰਗੀਆਂ ਔਰਤਾਂ ਦੀ ਲੋੜ ਹੈ ਜੋ ਆਪਣੇ ਤੋਂ ਘੱਟ ਕਿਸਮਤ ਵਾਲੇ ਲੋਕਾਂ ਲਈ ਆਪਣੀ ਦੌਲਤ ਦਾ ਇਕ ਹਿੱਸਾ ਦੇਣ ਲਈ ਤਿਆਰ ਹੋਣ। ਮੇਰੀਆਂ ਦੋਵੇਂ ਧੀਆਂ, ਹੁਣ 60 ਦੇ ਦਹਾਕੇ ਵਿਚ ਹਨ, ਦਿੱਲੀ ਸਥਿਤ ਉਦਯਨ ਸ਼ਾਲਿਨੀ ਫਾਊਂਡੇਸ਼ਨ ਨਾਂ ਦੀ ਇਕ ਗੈਰ-ਸਰਕਾਰੀ ਸੰਸਥਾ ਵੱਲੋਂ ਉਨ੍ਹਾਂ ਦੀ ਦੇਖਭਾਲ ਲਈ ਸੌਂਪੀਆਂ ਗਈਆਂ ਲੜਕੀਆਂ ਨੂੰ ਸਿਖਲਾਈ ਦਿੰਦੀਆਂ ਹਨ, ਜਿਸ ਨੇ ਮੁੰਬਈ ’ਚ ਇਕ ਬ੍ਰਾਂਚ ਖੋਲ੍ਹੀ ਹੈ।

ਦੋ ਮੁਸਲਿਮ ਔਰਤਾਂ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਮੁਮਤਾਜ਼ ਅਤੇ ਸ਼ਮੀਮ, ਆਪਣੇ ਮਰਹੂਮ ਪਿਤਾ ਵੱਲੋਂ ਸਥਾਪਿਤ ਬੋਟਾਵਾਲਾ ਟਰੱਸਟ ਚਲਾਉਂਦੀਆਂ ਹਨ। ਟਰੱਸਟ ਨੇ 50 ਛੋਟੀਆਂ ਮੁਸਲਿਮ ਲੜਕੀਆਂ ਨੂੰ ਆਸਰਾ ਦਿੱਤਾ ਹੈ ਜੋ ਛੋਟੀ ਉਮਰ ਵਿਚ ਯਤੀਮ ਹੋ ਗਈਆਂ ਸਨ। ਉਹ ਕੁੜੀਆਂ ਨੂੰ ਆਪਣੀ ਜਾਇਦਾਦ ’ਤੇ ਬਣੀ ਇਮਾਰਤ ਵਿਚ ਰੱਖਦੀਆਂ ਹਨ, ਉਨ੍ਹਾਂ ਨੂੰ ਭੋਜਨ ਦਿੰਦੀਆਂ ਹਨ ਅਤੇ ਆਮ ਤੌਰ ’ਤੇ ਉਨ੍ਹਾਂ ਦੀਆਂ ਭਾਵਨਾਤਮਕ ਲੋੜਾਂ ਦਾ ਖਿਆਲ ਰੱਖਦੀਆਂ ਹਨ।

-ਜੂਲੀਓ ਰਿਬੈਰੋ
 


author

Tanu

Content Editor

Related News