ਆਗਾਜ਼ ਤੋ ਅੱਛਾ ਹੈ, ਅੰਜਾਮ ਖੁਦਾ ਜਾਨੇ

Sunday, Oct 27, 2024 - 08:59 PM (IST)

ਭਾਰਤ ਦਾ ਵਿਸ਼ਵ ’ਚ ਸ਼ਾਂਤੀ, ਸਥਿਰਤਾ, ਵਿਕਾਸ ਅਤੇ ਦੇਸ਼ਾਂ ਦੀ ਏਕਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ ਇਸ ਦਾ ਪਰਮ ਟੀਚਾ ਹੈ। ਜੰਗਾਂ ਅਤੇ ਕਤਲੋਗਾਰਤ ਨਾਲ ਮਸਲੇ ਹੱਲ ਕਰਨ ਦੀ ਬਜਾਏ ਭਾਰਤ ਗੱਲਬਾਤ ਅਤੇ ਕੂਟਨੀਤੀ ’ਚ ਯਕੀਨ ਰੱਖਦਾ ਹੈ।

ਗੁੱਟਨਿਰਪੇਖ ਨੀਤੀ ਦਾ ਸਭ ਤੋਂ ਵੱਡਾ ਅਲੰਬਰਦਾਰ ਹੈ ਪਰ ਫਿਰ ਵੀ ਜੀ-20, ਸ਼ੰਘਾਈ ਸਹਿਯੋਗ ਸੰਗਠਨ, ਬ੍ਰਿਕਸ, ਕਵਾਡ ਅਤੇ ਕਈ ਹੋਰਨਾਂ ਸੰਗਠਨਾਂ ਦਾ ਸ਼ਕਤੀਸ਼ਾਲੀ ਮੈਂਬਰ ਹੈ ਜਿਸ ਦਾ ਮੁੱਖ ਮਕਸਦ ਆਪਸੀ ਸਹਿਯੋਗ ਰਾਹੀਂ ਸਥਾਨਕ ਜਾਂ ਵਿਸ਼ਵ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ-ਨਾਲ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਵੀ ਹੈ। ਭਾਰਤ ਅਮਰੀਕਾ, ਰੂਸ ਅਤੇ ਚੀਨ ਦੇ ਬਾਅਦ ਇਕ ਉੱਭਰਦੀ ਹੋਈ ਮਜ਼ਬੂਤ ਅਰਥਵਿਵਸਥਾ ਵਾਲਾ ਦੇਸ਼ ਬਣ ਰਿਹਾ ਹੈ।

ਭਾਰਤ ਦੀ ਸਫਲ ਕੂਟਨੀਤੀ ਨੇ ਵੱਡੇ-ਵੱਡੇ ਦੇਸ਼ਾਂ ਦੇ ਰਹਿਨੁਮਾਵਾਂ ਨੂੰ ਸੋਚੀਂ ਪਾ ਦਿੱਤਾ ਹੈ। ਇਕ ਪਾਸੇ ਇਜ਼ਰਾਈਲ ਅਤੇ ਈਰਾਨ ਦੇ ਸਬੰਧ ਬੜੇ ਤਣਾਅਪੂਰਨ ਹਨ ਪਰ ਭਾਰਤ ਨਾਲ ਦੋਵਾਂ ਦੇ ਸਬੰਧ ਦੋਸਤੀ ਵਾਲੇ ਹਨ। ਦੂਜੇ ਪਾਸੇ ਅਮਰੀਕਾ ਅਤੇ ਰੂਸ ਇਕ-ਦੂਜੇ ਦੇ ਜਾਨੀ ਦੁਸ਼ਮਣ ਹਨ ਪਰ ਭਾਰਤ ਦੇ ਦੋਵਾਂ ਨਾਲ ਚੰਗੇ ਸਬੰਧ ਹਨ। ਭਾਰਤ ਨੇ ਸਾਊਦੀ ਅਰਬ, ਯੂ. ਏ. ਈ. ਅਤੇ ਯੂਰਪੀਅਨ ਦੇਸ਼ਾਂ ਨਾਲ ਵੀ ਚੰਗੇ ਰਿਸ਼ਤੇ ਸਥਾਪਿਤ ਕੀਤੇ ਹੋਏ ਹਨ, ਜਦ ਕਿ ਚੀਨ ਦੀ ਵਿਸਥਾਰਵਾਦੀ ਨੀਤੀ ਕਾਰਨ ਭਾਰਤ ਨਾਲ ਸਬੰਧ ਠੀਕ ਨਹੀਂ ਹਨ।

ਇਸ ਦੇ ਬਾਵਜੂਦ ਅਰਬਾਂ ਦਾ ਵਪਾਰ ਆਪਸ ’ਚ ਹੋ ਰਿਹਾ ਹੈ। ਇਹੀ ਮੋਦੀ ਦਾ ਕ੍ਰਿਸ਼ਮਾ ਹੈ ਪਰ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦਾ ਬਾਬਾ ਆਦਮ ਹੀ ਨਿਰਾਲਾ ਹੈ। ਉਹ ਭਾਰਤ ਨਾਲ ਵਪਾਰ ਕਰਨ ਲਈ ਤਰਸ ਰਿਹਾ ਹੈ ਪਰ ਅੱਤਵਾਦੀਆਂ ’ਤੇ ਕੰਟਰੋਲ ਕਰਨ ਲਈ ਤਿਆਰ ਨਹੀਂ ਹੈ।

ਪਾਕਿਸਤਾਨ ਦੇ ਇਸਲਾਮਾਬਾਦ ’ਚ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ’ਚ ਰੂਸ, ਚੀਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੇ ਹਿੱਸਾ ਲਿਆ। ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੈਠਕ ’ਚ ਹਿੱਸਾ ਲੈਣ ਲਈ ਸੱਦਿਆ ਸੀ। ਪਾਕਿਸਤਾਨ ਦੇ ਹੁਕਮਰਾਨ, ਜਨਤਾ ਅਤੇ ਮੀਡੀਆ ਨੂੰ ਉਨ੍ਹਾਂ ਦੇ ਆਉਣ ਦੀ ਪੂਰੀ ਆਸ ਸੀ।

ਪਰ ਕੁਝ ਦਿਨ ਪਹਿਲਾਂ ਭਾਰਤ ਦੀ ਕੂਟਨੀਤੀ ਦੇ ਬੜੇ ਹੀ ਸੁਲਝੇ ਹੋਏ ਨੇਤਾ ਜੈਸ਼ੰਕਰ ਨੂੰ

ਭੇਜਣ ਦਾ ਫੈਸਲਾ ਕਰ ਦਿੱਤਾ ਗਿਆ। ਜੈਸ਼ੰਕਰ ਭਾਰਤ ਦੇ 2 ਮਹਾਨ ਕੂਟਨੀਤਕਾਂ ਹਨੂੰਮਾਨ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਅਦਭੁੱਤ ਕੂਟਨੀਤੀ ਤੋਂ ਬੜੇ ਪ੍ਰਭਾਵਿਤ ਹਨ। ਸੌਖੇ ਸ਼ਬਦਾਂ ’ਚ ਕੂਟਨੀਤੀ ਦਾ ਅਰਥ ਹੈ ‘ਸੱਪ ਵੀ ਮਰ ਜਾਏ ਅਤੇ ਸੋਟੀ ਵੀ ਨਾ ਟੁੱਟੇ’।

ਜੈਸ਼ੰਕਰ ਦਾ ਇਸਲਾਮਾਬਾਦ ਦੇ ਹਵਾਈ ਅੱਡੇ ’ਤੇ ਉਤਰ ਕੇ ਰੈੱਡ ਕਾਰਪੈਟ ’ਤੇ ਚੱਲਣ ਨਾਲ ਉਨ੍ਹਾਂ ਦੀ ਬਾਡੀ ਲੈਂਗੁਏਜ ਅਤੇ ਹਾਵ-ਭਾਵ ਨੇ ਚਸ਼ਮਦੀਦ ਪਾਕਿਸਤਾਨੀਆਂ ਨੂੰ ਹੈਰਾਨ ਕਰ ਦਿੱਤਾ ਅਤੇ ਸਾਰੇ ਦੇਸ਼ ’ਚ ਉਨ੍ਹਾਂ ਦੇ ਨਾਂ ਦੀ ਚਰਚਾ ਸੂਰਜ ਦੀ ਰੋਸ਼ਨੀ ਵਾਂਗ ਹੋਣ ਲੱਗੀ।

ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਵੱਖ-ਵੱਖ ਦੇਸ਼ਾਂ ਦੇ ਰਹਿਨੁਮਾਵਾਂ ਨੂੰ ਬਿਨਾਂ ਕਿਸੇ ਦਾ ਨਾਂ ਲਏ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੱਟੜਵਾਦ, ਅੱਤਵਾਦ ਅਤੇ ਵੱਖਵਾਦ ਸਮੁੱਚੇ ਵਿਸ਼ਵ ਲਈ ਖਤਰਾ ਹੈ। ਅੱਤਵਾਦ ਅਤੇ ਵਪਾਕ ਇਕੱਠੇ ਨਹੀਂ ਚੱਲ ਸਕਦੇ। ਇਹ ਅਪ੍ਰਤੱਖ ਤੌਰ ’ਤੇ ਪਾਕਿਸਤਾਨ ਦੀ ਸਰਕਾਰ ਨੂੰ

ਸਖਤ ਚਿਤਾਵਨੀ ਸੀ ਅਤੇ ਜਨਤਾ ਨੂੰ ਜਾਗ੍ਰਿਤ ਕਰਨ ਦਾ ਸੰਦੇਸ਼ ਸੀ।

ਹਕੀਕਤ ’ਚ ਪਾਕਿਸਤਾਨ ਆਪਣੇ ਜਨਮ ਤੋਂ ਹੀ ਮਜ਼੍ਹਬੀ ਜਨੂੰਨ ਦੀ ਨਫਰਤ ਦੇ ਭਿਆਨਕ ਰੋਗ ਤੋਂ ਗ੍ਰਸਤ ਹੈ ਜਿਸ ਕਾਰਨ ਉਹ ਲੰਬੇ ਸਮੇਂ ਤੋਂ ਇਕ ਨਾਕਾਮਯਾਬ ਦੇਸ਼ ਬਣ ਕੇ ਰਹਿ ਗਿਆ ਹੈ ਅਤੇ ਇਸ ਦੀਆਂ ਦੂਸ਼ਿਤ ਨੀਤੀਆਂ ਅਤੇ ਆਰਥਿਕ ਅਵਿਵਸਥਾ ਕਾਰਨ ਸਾਊਦੀ ਅਰਬ, ਯੂ. ਏ. ਈ. ਅਤੇ ਚੀਨ ਨੇ ਵੀ ਇਸ ਨੂੰ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ ਅਤੇ ਕੌਮਾਂਤਰੀ ਮੁਦਰਾ ਫੰਡ ਦੀ ਸਹਾਇਤਾ ਨਾਲ ਸਾਹ ਲੈ ਰਿਹਾ ਹੈ।

ਕੱਟੜਤਾਵਾਦੀ ਆਧੁਨਿਕਤਾ, ਵਿਕਾਸ ਅਤੇ ਵਿਸ਼ਵ ਭਾਈਚਾਰੇ ਦੀ ਦੁਸ਼ਮਣ ਹੁੰਦੀ ਹੈ। ਉਹ ਸੈਂਕੜੇ ਸਾਲ ਪੁਰਾਣੀ ਘਿਸੀ-ਪਿਟੀ, ਟੁੱਟੀ-ਫੱੁਟੀ ਅਤੇ ਤਰੱਕੀ ’ਚ ਰੁਕਾਵਟ ਪਾਉਣ ਦੀ ਵਿਚਾਰਧਾਰਾ ਦਾ ਗੁਲਾਮ ਹੁੰਦਾ ਹੈ। ਇਸਲਾਮ ਦੇ ਕੇਂਦਰ ਸਾਊਦੀ ਅਰਬ ਦੇ ਲੋਕ ਵਿਕਾਸਮੁਖੀ ਅਤੇ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਬੜੀ ਖੁਸ਼ੀ ਨਾਲ ਅਪਣਾ ਰਹੇ ਹਨ ਪਰ ਪਾਕਿਸਤਾਨ ਅਜੇ ਵੀ ਮਜ਼੍ਹਬੀ ਕੱਟੜਵਾਦ ਦੀ ਇਸ ਦਲਦਲ ’ਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।

ਭਾਰਤ ਦੇ ਨਾਲ ਨਿੱਘੇ ਸਬੰਧ ਬਣਾਉਣ ਲਈ ਉਸ ਨੂੰ ਕੱਟੜਤਾਵਾਦੀ ਵਤੀਰੇ ਅਤੇ ਆਪਣੇ ਟ੍ਰੇਂਡ ਕੀਤੇ ਅੱਤਵਾਦੀਆਂ ਨੂੰ ਭਾਰਤ ’ਚ ਭੇਜਣਾ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਪਾਕਿਸਤਾਨ ਦੀ ਧਰਤੀ ’ਤੇ ਵੱਖਵਾਦੀਆਂ ਦੀਆਂ ਸਰਗਰਮੀਆਂ ਨੂੰ ਵੀ ਪੂਰੀ ਤਰ੍ਹਾਂ ਬੰਦ ਕਰਨਾ ਹੋਵੇਗਾ। ਵਿਸ਼ਵ ’ਚ ਸਿਰਫ ਅਤੇ ਸਿਰਫ ਭਾਰਤ ਹੀ ਪਾਕਿਸਤਾਨ ਨੂੰ ਇਸ ਭੈੜੀ ਹਾਲਤ ’ਚੋਂ ਬਾਹਰ ਕੱਢ ਸਕਦਾ ਹੈ।

ਚੀਨ ਨਾਲ ਸਬੰਧਾਂ ’ਤੇ ਵੀ ਵਿਦੇਸ਼ ਮੰਤਰੀ ਨੇ ਬੜੇ ਸ਼ਾਇਰਾਨਾ, ਸੁਲਝੇ ਹੋਏ ਅਤੇ ਸਿਆਣੇ ਢੰਗ ਨਾਲ ਆਪਣੇ ਵਿਚਾਰ ਰੱਖੇ ਅਤੇ ਸਪੱਸ਼ਟ ਕਿਹਾ ਕਿ ਪੀ. ਓ. ਕੇ. ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਉੱਥੋਂ ਸੀਪੈਕ ਦਾ ਨਿਰਮਾਣ ਕਰਨਾ ਇਕ ਅਣਉਚਿਤ ਕਦਮ ਹੀ ਨਹੀਂ ਸਗੋਂ ਭਾਰਤ ਦੀ ਪ੍ਰਭੂਸੱਤਾ ’ਚ ਦਖਲਅੰਦਾਜ਼ੀ ਹੈ। ਇਸ ਤਰ੍ਹਾਂ ਪਾਕਿਸਤਾਨ ਦੇ ਘਰ ’ਚ ਬੈਠ ਕੇ ਪਾਕਿ ਅਤੇ ਚੀਨ ਨੂੰ ਖਰੀਆਂ-ਖਰੀਆਂ ਸੁਣਾਈਆਂ।

ਪਾਕਿਸਤਾਨ 77 ਸਾਲਾਂ ਤੋਂ ਆਪਣੀਆਂ ਕਰਤੂਤਾਂ ਤੋਂ ਖੁਦ ਹੀ ਪ੍ਰੇਸ਼ਾਨ ਹੋ ਚੁੱਕਾ ਹੈ। ਕਦੇ ਅਮਰੀਕਾ ਕੋਲੋਂ ਅਤੇ ਕਦੀ ਚੀਨ ਕੋਲੋਂ ਸਹਾਇਤਾ ਲੈ ਕੇ ਭਾਰਤ ਨਾਲ ਸਬੰਧ ਵਿਗਾੜਦਾ ਚਲਿਆ ਆ ਰਿਹਾ ਸੀ। ਹੁਣ ਦੇਸ਼ ’ਚ ਮਹਿੰਗਾਈ ਨਾਲ ਫੈਲੀ ਹਾਹਾਕਾਰ, ਪ੍ਰਸ਼ਾਸਨਿਕ ਅਵਿਵਸਥਾ ਅਤੇ ਵਿਸ਼ਵ ਦੇ ਦੇਸ਼ਾਂ ’ਚ ਆਪਣੀ ਘਟਦੀ ਸਾਖ ਤੋਂ ਪ੍ਰੇਸ਼ਾਨ ਹੋ ਕੇ ਭਾਰਤ ਨਾਲ ਵਪਾਰਕ ਸਬੰਧ ਬਣਾਉਣ ਲਈ ਉਤਾਵਲਾ ਹੋ ਰਿਹਾ ਹੈ। ਨਿੱਘੇ ਸਬੰਧਾਂ ਲਈ ਉਸ ਨੂੰ ਕੱਟੜਵਾਦ, ਅੱਤਵਾਦ ਅਤੇ ਵੱਖਵਾਦ ’ਤੇ ਕਾਬੂ ਪਾਉਣਾ ਹੋਵੇਗਾ। ਵਿਦੇਸ਼ ਮੰਤਰੀ ਦਾ ਪਾਕਿਸਤਾਨ ਦਾ ਦੌਰਾ ਇਸ ਸੰਦੇਸ਼ ਦਾ ਸੰਕੇਤਕ ਹੈ ਕਿ ‘ਆਗਾਜ਼ ਤੋ ਅੱਛਾ ਹੈ, ਅੰਜਾਮ ਖੁਦਾ ਜਾਨੇ।’

ਪਾਕਿਸਤਾਨੀ ਹੁਕਮਰਾਨਾਂ ਲਈ ਇਕ ਸ਼ੇਅਰ ਨਜ਼ਰ ਕਰਦਾ ਹਾਂ :

‘ਕੁਫਰ ਟੂਟਾ ਖੁਦਾ-ਖੁਦਾ ਕਰਕੇ

ਆਖਿਰ ਹੋਸ਼ ਮੇਂ ਆਏ ਸਬ ਕੁਛ ਬਰਬਾਦ ਕਰਕੇ’

ਪ੍ਰੋ. ਦਰਬਾਰੀ ਲਾਲ


Rakesh

Content Editor

Related News