ਨਾਸਿਕ ’ਚ ਚਾਂਦੀ ਦਾ ਕੰਮ ਕਰਨ ਵਾਲਿਆਂ ਦੀ ਬੁਰੀ ਹਾਲਤ

09/21/2019 1:13:58 AM

ਏ. ਧੁਪਕਰ

ਨਾਸਿਕ ’ਚ ਤ੍ਰਿਵਾਂਧਾ ਲੇਨ ਚਾਂਦੀ ਦਾ ਕੰਮ ਕਰਨ ਵਾਲਿਆਂ ਦੀਆਂ ਹਥੌੜੀਆਂ ਦੀ ਆਵਾਜ਼ ਲਈ ਜਾਣੀ ਜਾਂਦੀ ਹੈ, ਜੋ ਖੂਬਸੂਰਤ ਵਸਤਾਂ ਬਣਾਉਣ ਲਈ ਲਗਾਤਾਰ ਕੰਮ ’ਤੇ ਲੱਗੇ ਰਹਿੰਦੇ ਹਨ। ਲੱਗਭਗ ਹਰੇਕ ਘਰ ਵਿਚ ਚਾਂਦੀ ਦਾ ਕੰਮ ਹੁੰਦਾ ਹੈ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵੀ ਹੋਰ ਬਹੁਤ ਕੰਮ ਹੁੰਦਾ ਹੈ। ਗਣਪਤੀ ਉਤਸਵ ਦੌਰਾਨ ਤਾਂ ਸ਼ਿਲਪਕਾਰ ਕੰਮ ਦੇ ਬੋਝ ਨਾਲ ਲੱਦੇ ਜਾਂਦੇ ਹਨ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਸੈਸ਼ਨ ਹੁੰਦਾ ਹੈ। ਹਾਲਾਂਕਿ ਇਸ ਸਾਲ ਉਨ੍ਹਾਂ ਨੂੰ ਕੰਮ ’ਚ ਰਿਕਾਰਡ 40-50 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ।

2 ਹਫਤੇ ਪਹਿਲਾਂ ਜਦੋਂ ਗਣਪਤੀ ਉਤਸਵ ਆਪਣੇ ਸਿਖਰਾਂ ’ਤੇ ਸੀ, ਲੇਨ ਵਿਚ ਸੰਨਾਟਾ ਛਾਇਆ ਹੋਇਆ ਸੀ। ਜ਼ਿਆਦਾਤਰ ਦੁਕਾਨਾਂ ਬੰਦ ਲੱਗ ਰਹੀਆਂ ਸਨ ਜਾਂ ਉਨ੍ਹਾਂ ’ਚ ਕੰਮ ਨਹੀਂ ਹੋ ਰਿਹਾ ਸੀ। ਨਾਸਿਕ ’ਚ ਚਾਂਦੀ ਦਾ ਕੰਮ ਕਰਨ ਵਾਲੇ ਸਭ ਤੋਂ ਜ਼ਿਆਦਾ ਮੰਨੇ-ਪ੍ਰਮੰਨੇ ਕਾਰੀਗਰ ਧਨੰਜਯ ਚੌਹਾਨ, ਜਿਨ੍ਹਾਂ ਦਾ 4 ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ, ਦੀ ਵਿਰਾਸਤ ਨੂੰ ਉਨ੍ਹਾਂ ਦੇ ਦੋ ਬੇਟੇ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਕਦੇ ਵੀ ਉਨ੍ਹਾਂ ਨੂੰ ਅਜਿਹੀ ਮੰਦੀ ਦੇਖਣ ਨੂੰ ਨਹੀਂ ਮਿਲੀ ਸੀ। 38 ਸਾਲਾ ਸੋਨੂੰ ਚੌਹਾਨ ਨੇ ਦੱਸਿਆ ਕਿ ਗਣਪਤੀ ਉਤਸਵ ਦੌਰਾਨ ਉਹ ਚਾਂਦੀ ਦੀਆਂ ਅਣਗਿਣਤ ਮੂਰਤੀਆਂ ਅਤੇ ਗਹਿਣੇ ਬਣਾਉਂਦੇ ਸਨ। ਇਸ ਸੀਜ਼ਨ ’ਚ ਉਨ੍ਹਾਂ ਨੇ 1 ਗ੍ਰਾਮ ਚਾਂਦੀ ਦਾ ਵੀ ਕੰਮ ਨਹੀਂ ਕੀਤਾ।

ਸੋਨੂੰ ਦੇ ਵੱਡੇ ਭਰਾ 42 ਸਾਲਾ ਰਾਜਿੰਦਰ ਦੇ 2 ਬੱਚੇ ਹਨ ਅਤੇ ਉਹ ਬੀਤੇ 2 ਮਹੀਨਿਆਂ ਤੋਂ ਸਕਿਓਰਿਟੀ ਗਾਰਡ ਦਾ ਕੰਮ ਕਰ ਰਿਹਾ ਹੈ। ਉਸ ਨੇ ਭਿੱਜੀਆਂ ਅੱਖਾਂ ਨਾਲ ਦੱਸਿਆ ਕਿ ਖਾਣ ਲਈ ਉਨ੍ਹਾਂ ਨੂੰ ਹੁਣ ਆਪਣੇ ਗਹਿਣੇ ਤਕ ਵੇਚਣੇ ਪੈ ਰਹੇ ਹਨ।

ਮੁਗਲਾਂ ਦੇ ਸਮੇਂ ਤੋਂ ਹੀ ਚਾਂਦੀ ਦਾ ਕੰਮ ਕਰਨ ਵਾਲੇ ਇਥੋਂ ਦੇ ਕਾਰੀਗਰ ਬਿਹਤਰੀਨ ਸ਼ਿਲਪੀ ਹਨ। ਉਹ ਭਾਂਡਿਆਂ ਤੋਂ ਲੈ ਕੇ ਮੰਦਰਾਂ ਦੇ ਗੁੰਬਦ ਅਤੇ ਕਲਸ਼, ਮੂਰਤੀਆਂ ਅਤੇ ਗਹਿਣੇ ਤਕ ਸਭ ਕੁਝ ਬਣਾਉਂਦੇ ਹਨ। ਉਨ੍ਹਾਂ ਦੇ ਕੰਮ ਵਿਚ ਕਾਫੀ ਮਿਹਨਤ ਕੀਤੀ ਜਾਂਦੀ ਹੈ। ਜ਼ਿਆਦਾਤਰ ਮਾਮਲਿਆਂ ਵਿਚ ਉਨ੍ਹਾਂ ਕੋਲ ਕੰਮ ਚਾਂਦੀ ਦਾ ਕੰਮ ਕਰਨ ਵਾਲਿਆਂ ਕੋਲੋਂ ਆਉਂਦਾ ਹੈ, ਜੋ ਵਸਤੂ ਦੀ ਕੁਲ ਕੀਮਤ ’ਤੇ ਉਨ੍ਹਾਂ ਨੂੰ ਇਕ ਮਿੱਥੀ ਕਮੀਸ਼ਨ ਦਿੰਦੇ ਹਨ।

ਪੰਚਵਟੀ ਖੇਤਰ ’ਚ ਵਰਕਸ਼ਾਪ ਚਲਾਉਣ ਵਾਲੇ 55 ਸਾਲਾ ਗਜਾਨੰਦ ਗੰਗਵਾਨੇ ਨੂੰ ਬੀਤੇ 3 ਮਹੀਨਿਆਂ ਦੌਰਾਨ 2 ਵਧੀਆ ਕਾਰੀਗਰਾਂ ਦੀ ਛੁੱਟੀ ਕਰਨੀ ਪਈ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਕੰਮ ਨਹੀਂ ਹੈ, ਕਾਰੀਗਰਾਂ ਨੂੰ ਜਾਣ ਦੇਣਾ ਦੁਖਦਾਈ ਹੈ ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਟ੍ਰੇਂਡ ਸਨ। ਜਦੋਂ ਕੰਮ ਨਹੀਂ ਹੈ ਤਾਂ ਉਹ ਕਿਵੇਂ ਉਨ੍ਹਾਂ ਨੂੰ ਤਨਖਾਹ ਦੇ ਸਕਦੇ।

ਦੀਪਕ ਟਿੰਬਟ, ਜੋ ਉਦੋਂ ਵਰਕਸ਼ਾਪ ਖੋਲ੍ਹਦੇ ਹਨ, ਜਦੋਂ ਕੰਮ ਹੁੰਦਾ ਹੈ, ਕੋਲ ਕੰਮ ਕਰਨ ਵਾਲੇ ਅਸ਼ੋਕ ਕੰਗਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ 50 ਦੀ ਉਮਰ ’ਚ ਉਨ੍ਹਾਂ ਨੂੰ ਕੋਈ ਹੋਰ ਕੰਮ ਲੱਭਣਾ ਪਵੇਗਾ।

ਚਾਂਦੀ ਅਤੇ ਸੋਨੇ ਦੇ ਗਹਿਣਿਆਂ ਦਾ ਕੰਮ ਕਰਨ ਵਾਲਿਆਂ ਦੇ ਹਿੱਤਾਂ ਦੀ ਦੇਖ-ਰੇਖ ਕਰਨ ਵਾਲੀ ‘ਦਿ ਨਾਸਿਕ ਡਿਸਟ੍ਰਿਕਟ ਸਰਾਫ ਐਸੋਸੀਏਸ਼ਨ’ ਭਾਈਚਾਰੇ ਲਈ ਮਦਦ ਵਾਸਤੇ ਸਰਕਾਰ ਤਕ ਪਹੁੰਚ ਬਣਾਉਣ ਦਾ ਯਤਨ ਕਰ ਰਹੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਰਾਜ ਪੁਰਕਰ ਨੇ ਦੱਸਿਆ ਕਿ ਇਸ ਵਿੱਤੀ ਸਾਲ ’ਚ ਸਰਕਾਰ ਨੇ ਚਾਂਦੀ ’ਤੇ ਦਰਾਮਦੀ ਡਿਊਟੀ ਵਧਾ ਕੇ 12.5 ਫੀਸਦੀ ਕਰ ਦਿੱਤੀ ਹੈ, ਜਿਸ ’ਤੇ 3 ਫੀਸਦੀ ਜੀ. ਐੱਸ. ਟੀ. ਵੀ ਲੱਗਦਾ ਹੈ। ਉਪਰੋਂ ਕੌਮਾਂਤਰੀ ਬਾਜ਼ਾਰ ਵਿਚ ਚਾਂਦੀ ਦੀਆਂ ਵਧਦੀਆਂ ਕੀਮਤਾਂ ਨਾਲ ਭਾਰਤ ਵਿਚ ਉਸ ਦੀ ਮੰਗ ਨੂੰ ਬਹੁਤ ਸੱਟ ਲੱਗੀ ਹੈ, ਜਿਸ ਨਾਲ ਬੀਤੇ ਕੁਝ ਮਹੀਨਿਆਂ ਵਿਚ ਚਾਂਦੀ ਦੀ ਵਿਕਰੀ ’ਚ ਗਿਰਾਵਟ ਆਈ ਹੈ।

54 ਸਾਲਾ ਬਾਲਕ੍ਰਿਸ਼ਨ ਸੰਗਮਨੇਰਕਰ ਨੇ ਆਪਣੀ ਵਰਕਸ਼ਾਪ ਬੰਦ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਚਾਂਦੀ ਦੇ ਭਾਂਡਿਆਂ ਲਈ ਉਨ੍ਹਾਂ ਦਾ ਆਖਰੀ ਆਰਡਰ ਮਾਰਚ ਵਿਚ ਆਇਆ ਸੀ। ਇਕ-ਇਕ ਕਰ ਕੇ ਉਨ੍ਹਾਂ ਦੇ ਸਾਰੇ ਕਾਰੀਗਰ ਚਲੇ ਗਏ। ਉਹ ਨਹੀਂ ਜਾਣਦੇ ਕਿ ਇਹ ਕਾਲਾ ਸਮਾਂ ਕਦੋਂ ਖਤਮ ਹੋਵੇਗਾ। (ਮੁੰ. ਮਿ.)


Bharat Thapa

Content Editor

Related News