ਅਮਰੀਕਾ ’ਚ ਅੱਤਵਾਦੀ ਹਮਲਾ ਪੂਰੇ ਵਿਸ਼ਵ ਲਈ ਚਿਤਾਵਨੀ
Monday, Jan 06, 2025 - 05:57 PM (IST)
ਅਮਰੀਕਾ ਦੇ ਨਿਊ ਆਰਲੀਅਨਸ ’ਚ ਸਾਲ 2025 ਦੇ ਪਹਿਲੇ ਦਿਨ ਹੋਏ ਅੱਤਵਾਦੀ ਹਮਲੇ ਨੇ ਫਿਰ ਸਾਬਿਤ ਕਰ ਦਿੱਤਾ ਹੈ ਕਿ ਵਿਸ਼ਵ ਦਾ ਕੋਈ ਵੀ ਦੇਸ਼ ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਜੇਹਾਦੀ ਅੱਤਵਾਦ ਦੇ ਖਤਰੇ ਤੋਂ ਮੁਕਤ ਨਹੀਂ ਹੈ। ਜਿਸ ਤਰ੍ਹਾਂ ਸਿਰਫ ਇਕ ਅੱਤਵਾਦੀ ਨੇ ਸਵੇਰੇ-ਸਵੇਰੇ ਬੋਰਬਨ ਸਟ੍ਰੀਟ ’ਤੇ ਤੇਜ਼ ਰਫਤਾਰ ਨਾਲ ਟਰੱਕ ਭੀੜ ’ਚ ਵਾੜ ਕੇ 15 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਉਸ ਦਾ ਅਰਥ ਹੈ ਕਿ ਬਿਨਾਂ ਹਥਿਆਰ ਦੇ ਵੀ ਹਮਲਾ ਕਰਨ ਦੀ ਲਗਭਗ 9 ਸਾਲ ਪਹਿਲਾਂ ਜੇਹਾਦੀ ਅੱਤਵਾਦ ਦੀ ਸਾਹਮਣੇ ਆਈ ਪ੍ਰਵਿਰਤੀ ਕਾਇਮ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਠੀਕ ਹੀ ਕਾਇਰਾਨਾ ਅੱਤਵਾਦੀ ਹਮਲਾ ਕਿਹਾ ਹੈ। ਉਨ੍ਹਾਂ ਨੇ ਇਸ ਸਮੇਂ ਅਮਰੀਕੀ ਲੋਕਾਂ ਨਾਲ ਭਾਰਤ ਦੇ ਖੜ੍ਹੇ ਹੋਣ ਦਾ ਸੰਕਲਪ ਪ੍ਰਗਟ ਕੀਤਾ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ’ਤੇ ਇਕ ਪੋਸਟ ’ਚ ਲਿਖਿਆ, ‘‘ਸਾਡਾ ਦੇਸ਼ ਇਕ ਆਫਤ ਹੈ, ਪੂਰੇ ਵਿਸ਼ਵ ’ਚ ਹਾਸੇ ਦਾ ਪਾਤਰ ਹੈ! ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਕੋਲ ਕਮਜ਼ੋਰ, ਬੇਅਸਰ ਅਤੇ ਲਗਭਗ ਹੋਂਦ-ਵਿਹੂਣੀ ਲੀਡਰਸ਼ਿਪ ਦੇ ਨਾਲ ਖੁੱਲ੍ਹੀਆਂ ਸਰਹੱਦਾਂ ਹੁੰਦੀਆਂ ਹਨ, ਜਿਸ ਨੂੰ ਸਿਰਫ ਤਾਕਤ ਅਤੇ ਤਾਕਤਵਰ ਲੀਡਰਸ਼ਿਪ ਹੀ ਰੋਕ ਸਕਦੀ ਹੈ। 20 ਜਨਵਰੀ ਨੂੰ ਮਿਲਦੇ ਹਾਂ। ਮੇਕ ਅਮਰੀਕਾ ਗ੍ਰੇਟ ਅਗੇਨ!’’
ਟਰੰਪ ਨੇ ਇਥੇ ਨਾਜਾਇਜ਼ ਘੁਸਪੈਠ ਦੀ ਗੱਲ ਕੀਤੀ ਪਰ ਅੱਤਵਾਦੀ ਦੀ ਪਛਾਣ ਟੈਕਸਾਸ ਵਾਸੀ 42 ਸਾਲਾ ਅਮਰੀਕੀ ਨਾਗਰਿਕ ਸ਼ਮਸੂਦੀਨ ਜੱਬਾਰ ਵਜੋਂ ਹੋਈ ਜੋ ਪੁਲਸ ਨਾਲ ਮੁਕਾਬਲੇ ’ਚ ਮਾਰਿਆ ਗਿਆ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸ਼ੱਕੀ ਨੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕੀਤੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਈ. ਐੱਸ. ਆਈ. ਐੱਸ. ਤੋਂ ਪ੍ਰੇਰਿਤ ਸੀ ਅਤੇ ਹੱਤਿਆ ਕਰਨ ਦਾ ਇਰਾਦਾ ਰੱਖਦਾ ਸੀ।
ਜੱਬਾਰ ਨੇ ਵੀਡੀਓ ’ਚ ਅਜਿਹੇ ਸੁਪਨੇ ਦੇਖਣ ਦੀ ਗੱਲ ਕਹੀ, ਜਿਸ ਤੋਂ ਉਸ ਨੂੰ ਆਈ. ਐੱਸ. ਆਈ. ਐੱਸ. ’ਚ ਸ਼ਾਮਲ ਹੋਣ ਦੀ ਪ੍ਰੇਰਣਾ ਮਿਲੀ। ਇਥੇ ਇਹ ਜਾਣਨਾ ਜ਼ਰੂਰੀ ਹੈ ਕਿ ਜੱਬਾਰ ਅਮਰੀਕੀ ਫੌਜ ’ਚ ਲੰਬੇ ਸਮੇਂ ਤਕ ਨੌਕਰੀ ਕਰ ਚੁੱਕਾ ਸੀ, ਉਸ ਦੀ ਤਾਇਨਾਤੀ ਅਫਗਾਨਿਸਤਾਨ ’ਚ ਵੀ ਹੋਈ ਸੀ। ਜੱਬਾਰ ਨੇ 2010 ’ਚ ਸੈਂਟਰਲ ਟੈਕਸਾਸ ਕਾਲਜ ਤੋਂ ਐਸੋਸੀਏਟ ਡਿਗਰੀ ਅਤੇ 2017 ’ਚ ਜਾਰਜੀਆ ਸਟੇਟ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਕੰਪਿਊਟਰ ਵਿਗਿਆਨ ਅਤੇ ਸੂਚਨਾ ਤਕਨਾਲੋਜੀ ’ਚ ਕੀਤੀ ਸੀ।
ਉਸ ਨੇ ਆਪਣੀਆਂ 2 ਪਹਿਲੀਆਂ ਪਤਨੀਆਂ ਨੂੰ ਤਲਾਕ ਦਿੱਤਾ ਸੀ। ਭਾਵ ਉਹ ਨਾਜਾਇਜ਼ ਪ੍ਰਵਾਸੀ ਨਹੀਂ ਸੀ ਅਤੇ ਅਮਰੀਕੀ ਨਾਗਰਿਕ ਬਣ ਚੁੱਕਾ ਸੀ, ਉਸ ਕੋਲ ਚੰਗੀ ਡਿਗਰੀ ਸੀ, ਚੰਗੀ ਨੌਕਰੀ ਦੇ ਕਾਰਨ ਸੰਪੰਨ ਵੀ ਸੀ ਅਤੇ ਉਸ ਨੂੰ ਪੜ੍ਹੀ-ਲਿਖੀ ਸੁੰਦਰ ਪਤਨੀਆਂ ਵੀ ਮਿਲ ਚੁੱਕੀਆਂ ਸਨ।
ਇਕ ਵਿਅਕਤੀ ਦੀ ਆਮ ਜ਼ਿੰਦਗੀ ’ਚ ਜੋ ਕਲਪਨਾ ਹੁੰਦੀ ਹੈ, ਉਹ ਅਮਰੀਕਾ ਵਰਗੇ ਦੇਸ਼ ’ਚ ਉਸ ਨੂੰ ਪ੍ਰਾਪਤ ਸੀ। ਇਸ ਦੇ ਬਾਵਜੂਦ ਉਸ ਨੇ ਹਮਲਾ ਕੀਤਾ। ਕੀ ਇਸ ਤੋਂ ਫਿਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਮਜ਼੍ਹਬੀ ਕੱਟੜਤਾ ਅਤੇ ਅੱਤਵਾਦ ਲਈ ਨਿੱਜੀ ਜ਼ਿੰਦਗੀ ’ਚ ਸਮੱਸਿਆ ਹੋਣਾ ਜਾਂ ਅਨਪੜ੍ਹ ਹੋਣਾ, ਗਰੀਬ ਹੋਣਾ ਕਾਰਨ ਨਹੀਂ ਹੋ ਸਕਦਾ।
ਪਹਿਲੀ ਵਾਰ ਸਤੰਬਰ 2014 ’ਚ ਇਸਲਾਮਿਕ ਸਟੇਟ ਦੇ ਬੁਲਾਰੇ ਅਬੂ ਮੁਹੰਮਦ ਅਲ ਅਦਨਾਨੀ ਨੇ ਅਜਿਹੇ ਹਮਲੇ ਦੀ ਅਪੀਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜੇਕਰ ਤੁਸੀ ਆਈ. ਈ. ਡੀ. ਜਾਂ ਬੰਦੂਕਾਂ ਦੀ ਵਿਵਸਥਾ ਕਰਨ ’ਚ ਅਸਮਰੱਥ ਹੈ, ਤਾਂ ਪੱਥਰ ਨਾਲ ਹਮਲੇ ਕਰ ਕੇ ਉਨ੍ਹਾਂ ਦੇ ਨਾਗਰਿਕਾਂ ਦੇ ਸਿਰ ਦਰੜ ਦੇਵੋ ਜਾਂ ਉਨ੍ਹਾਂ ’ਤੇ ਚਾਕੂ ਨਾਲ ਹਮਲਾ ਕਰੋ ਜਾਂ ਉਨ੍ਹਾਂ ਨੂੰ ਆਪਣੀ ਕਾਰ ਨਾਲ ਦਰੜ ਦੇਵੋ ਜਾਂ ਕਿਸੇ ਉੱਚੇ ਸਥਾਨ ਤੋਂ ਹੇਠਾਂ ਸੁੱਟ ਦੇਵੋ ਜਾਂ ਉਨ੍ਹਾਂ ਦਾ ਗਲਾ ਘੁੱਟ ਦੇਵੋ ਜਾਂ ਜ਼ਹਿਰ ਦੇ ਕੇ ਮਾਰ ਦੇਵੋ, ਜਾਂ ਘਰ ’ਚ ਅੱਗ ਲਗਾ ਦੇਵੋ, ਫਸਲਾਂ ਸਾੜ ਦੇਵੋ ਅਤੇ ਕੁਝ ਨਹੀਂ ਤਾਂ ਮੂੰਹ ’ਤੇ ਥੁੱਕ ਦੇਵੋ।
14 ਜੁਲਾਈ, 2016 ਨੂੰ ਫਰਾਂਸ ਦੇ ਨੀਸ ’ਚ ਅਜਿਹੇ ਹੀ ਇਕ ਟਰੱਕ ਦੇ ਹਮਲੇ ’ਚ 85 ਲੋਕਾਂ ਦੀ ਮੌਤ ਹੋਈ ਸੀ। ਉਸ ਤੋਂ ਬਾਅਦ 19 ਦਸੰਬਰ, 2016 ਬਰਲਿਨ ’ਚ 12, 22 ਮਈ, 2017 ਨੂੰ ਬ੍ਰਿਟੇਨ ’ਚ 3, 17 ਅਗਸਤ, 2017 ਨੂੰ ਸਪੇਨ ’ਚ, 14, 29 ਨਵੰਬਰ, 2019 ਨੂੰ ਲੰਦਨ ਬ੍ਰਿਜ ’ਚ 3, 20 ਅਕਤੂਬਰ, 2020 ਨੂੰ ਫਿਰ ਫਰਾਂਸ ਦੇ ਨੀਸ ਦੇ ਚਰਚ ’ਚ 3, 25 ਜਨਵਰੀ ,2023 ਨੂੰ ਸਪੇਨ ’ਚ ਇਕ ਦੀ ਮੌਤ ਹੋਈ। ਇਸ ਤੋਂ ਪਹਿਲਾਂ ਮਈ, 2014 ’ਚ ਬੈਲਜੀਅਮ ਦੇ ਬ੍ਰਸੇਲਸ ’ਚ 4 ਲੋਕ ਤਾਂ ਜਨਵਰੀ, 2015 ’ਚ ਤੇਲ ਅਵੀਵ ’ਚ 9 ਇਜ਼ਰਾਈਲੀ ਮਾਰੇ ਗਏ।
ਫਰਾਂਸ ਦੇ ਪਹਿਲੇ ਹਮਲੇ ਨੇ ਪੂਰੇ ਵਿਸ਼ਵ ਨੂੰ ਹਿਲਾ ਦਿੱਤਾ ਸੀ। ਦੁਨੀਆ ਨੇ ਇਸ ਤਰ੍ਹਾਂ ਦਾ ਅੱਤਵਾਦੀ ਹਮਲਾ ਪਹਿਲੀ ਵਾਰ ਦੇਖਿਆ ਸੀ ਅਤੇ ਸ਼ਾਇਦ ਹੀ ਕੋਈ ਅਜਿਹਾ ਹੋਵੇ ਜੋ ਆਪਣੇ ਆਲੇ-ਦੁਆਲੇ ਦੀਆਂ ਅਜਿਹੀਆਂ ਘਟਨਾਵਾਂ ਹੋਣ ਦੀ ਕਲਪਨਾ ਤੋਂ ਡਰਿਆ ਨਾ ਹੋਇਆ ਹੋਵੇ। ਨੀਸ ਸ਼ਹਿਰ ’ਚ ਸਮੁੰਦਰ ਦੇ ਕੰਢੇ ਲੋਕ ਫਰਾਂਸੀਸੀ ਕ੍ਰਾਂਤੀ ਦੇ ਦੌਰ ’ਚ ਰਾਜਸ਼ਾਹੀ ਦੇ ਪਤਨ ਅਤੇ ਲੋਕਤੰਤਰ ਦੀ ਸਥਾਪਨਾ ਦੇ ਰੂਪ ’ਚ ਬੈਸਟਿਲ ਦਿਵਸ ਉਤਸਵ ਮਨਾਉਣ ਲਈ ਇਕੱਠੇ ਹੋਏ ਸਨ।
ਇਸਲਾਮਿਕ ਸਟੇਟ ਦੇ ਅੱਤਵਾਦੀ ਨੇ ਭੀੜ ’ਤੇ 70 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ਨਾਲ ਟਰੱਕ ਚੜ੍ਹਾ ਦਿੱਤਾ ਅਤੇ ਲਗਭਗ 2 ਕਿ. ਮੀ. ਤਕ ਲੋਕਾਂ ਨੂੰ ਟਰੱਕ ਨਾਲ ਦਰੜਦਾ ਹੀ ਰਿਹਾ। ਇਸ ’ਚ 84 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਵਿਅਕਤੀ ਜ਼ਖਮੀ ਹੋ ਗਏ। ਕਈ ਘਟਨਾਵਾਂ ਸਾਨੂੰ ਲੁੱਟ, ਡਕੈਤੀ, ਆਮ ਹੱਤਿਆ, ਹਾਦਸਾ, ਸਾੜਫੂਕ ਜਾਂ ਕੁਝ ਹੋਰ ਲੱਗ ਸਕਦੀਆਂ ਹਨ ਪਰ ਸੰਭਵ ਹੈ ਇਸ ਦੇ ਪਿੱਛੇ ਮਜ਼੍ਹਬੀ ਅੱਤਵਾਦ ਦੀ ਹੀ ਸੋਚ ਹੋਵੇ।
ਅਮਰੀਕਾ ਦੀ ਸੰਘੀ ਜਾਂਚ ਏਜੰਸੀ ਤੋਂ ਲੈ ਕੇ ਵਿਸ਼ਵ ਦੀਆਂ ਕਈ ਜਾਂਚ ਏਜੰਸੀਆਂ ਨੇ ਵੀ ਕੁਝ ਹਾਦਸਿਆਂ ਦੀ ਛਾਣਬੀਣ ਅਤੇ ਵੱਖ-ਵੱਖ ਅਧਿਅੈਨਾਂ ਤੋਂ ਆਈਆਂ ਰਿਪੋਰਟਾਂ ਪੇਸ਼ ਕੀਤੀਆਂ ਹਨ। ਆਮ ਤੌਰ ’ਤੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਲਈ ਕਿਸੇ ਅੱਤਵਾਦੀ ਦਾ ਮੂਲ ਸੰਗਠਨ ਨਾਲ ਜੁੜਿਆ ਹੋਣਾ ਜਾਂ ਉਥੋਂ ਹੁਕਮ ਹਾਸਲ ਕਰਨਾ ਜ਼ਰੂਰੀ ਨਹੀਂ ਹੰੁਦਾ।
ਆਨਲਾਈਨ ਇਹ ਹੋਰ ਕਈ ਤਰੀਕਿਆਂ ਨਾਲ ਸੰਪਰਕ ’ਚ ਆ ਕੇ ਇਹ ਉਸ ਨੂੰ ਸਹੀ ਮੰਨ ਕੇ ਸਮਰਥਕ ਬਣਦੇ ਹਨ, ਹਮਦਰਦੀ ਰੱਖਦੇ ਹਨ ਅਤੇ ਸਵੈ-ਮਜ਼੍ਹਬੀ ਫਰਜ਼ ਮੰਨ ਕੇ ਜੋ ਕੁਝ ਵੀ ਮੁਹੱਈਆ ਹੁੰਦਾ ਹੈ ਉਸੇ ਨਾਲ ਹਾਦਸੇ ਕਰ ਦਿੰਦੇ ਹਨ।
ਅਸਲ ’ਚ 2025 ਦੇ ਪਹਿਲੇ ਦਿਨ ਅਮਰੀਕਾ ਦਾ ਇਹ ਹਮਲਾ ਸੰਪੂਰਨ ਵਿਸ਼ਵ ਲਈ ਚਿਤਾਵਨੀ ਹੈ ਕਿ ਜੇਹਾਦੀ ਅੱਤਵਾਦ ਦਾ ਦੌਰ ਨਾ ਖਤਮ ਹੋਇਆ ਹੈ, ਨਾ ਕਮਜ਼ੋਰ। 11 ਸਤੰਬਰ, 2001 ਨੂੰ ਅਮਰੀਕਾ ਦੇ ਨਿਊਯਾਰਕ ਅਤੇ ਵਾਸ਼ਿੰਗਟਨ ’ਚ ਹੋਏ ਹਮਲੇ ਤੋਂ ਬਾਅਦ ਅੱਤਵਾਦ ਵਿਰੋਧੀ ਜੰਗ ਦੇ ਮੁੱਖ ਅਗਵਾਈਕਰਤਾ ਅਮਰੀਕਾ ਦੀ ਸੋਚ ਅਤੇ ਸੱਤਾ ’ਚ ਆ ਰਹੇ ਬਦਲਾਵਾਂ ਕਾਰਨ ਕਮਜ਼ੋਰ ਪਿਆ।
ਅੱਜ ਨਾ ਦੁਨੀਆ ’ਚ ਅੱਤਵਾਦ ਨਾਲ ਲੜਨ ’ਤੇ ਏਕਤਾ ਹੈ ਅਤੇ ਨਾ ਨੇੜ ਭਵਿੱਖ ’ਚ ਇਕਜੁੱਟ ਹੋ ਕੇ ਸੰਕਲਪ ਅਤੇ ਕਾਰਵਾਈ ਦੀ ਸੰਭਾਵਨਾ ਦਿਸਦੀ ਹੈ। ਭਾਰਤ ਦੇ ਗੁਆਂਢੀ ਬੰਗਲਾਦੇਸ਼ ’ਚ ਕੱਟੜਪੰਥੀਆਂ ਵਲੋਂ ਸ਼ੇਖ ਹਸੀਨਾ ਦੀ ਸੱਤਾ ਉਖਾੜਣ ਤੋਂ ਬਾਅਦ ਪਾਕਿਸਤਾਨ ਦੇ ਨਾਲ ਲਗਭਗ ਉਸ ਦਾ ਏਕਾਕਾਰ ਹੋਣਾ, ਪਾਕਿਸਤਾਨ, ਅਫਗਾਨਿਸਤਾਨ ਤੋਂ ਪੱਛਮ ਏਸ਼ੀਆ ਆਦਿ ਨੂੰ ਘਟਨਾਵਾਂ ਦੱਸ ਰਹੀਆਂ ਹਨ ਕਿ ਹਰ ਦੇਸ਼ ਨੂੰ ਆਪਣੇ ਪੱਧਰ ’ਤੇ ਸੁਰੱਖਿਆ ਢਾਂਚੇ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨਾ ਹੋਵੇਗਾ।
ਅਵਧੇਸ਼ ਕੁਮਾਰ