ਮੰਦਰ-ਮਸਜਿਦ ਝਗੜੇ ਨੂੰ ਤੂਲ ਦੇਣੀ ਵਿਕਾਸਸ਼ੀਲ ਭਾਰਤ ਲਈ ਨੁਕਸਾਨਦੇਹ

Monday, Dec 02, 2024 - 01:27 PM (IST)

ਮੰਦਰ-ਮਸਜਿਦ ਝਗੜੇ ਨੂੰ ਤੂਲ ਦੇਣੀ ਵਿਕਾਸਸ਼ੀਲ ਭਾਰਤ ਲਈ ਨੁਕਸਾਨਦੇਹ

ਸੰਭਲ ’ਚ ਹੋਈ ਸਾੜ-ਫੂਕ ਦੀ ਘਟਨਾ ਦੇ ਬਾਵਜੂਦ, ਸੁਪਰੀਮ ਕੋਰਟ ਨੇ ਹਾਈ ਕੋਰਟ ਵਲੋਂ ਉਚਿਤ ਹੁਕਮ ਪਾਸ ਕੀਤੇ ਜਾਣ ਤੱਕ ਹੇਠਲੀ ਅਦਾਲਤ ਵਲੋਂ ਦਿੱਤੇ ਗਏ ਸਰਵੇਖਣ ’ਤੇ ਰੋਕ ਲਗਾ ਦਿੱਤੀ ਹੈ। ਅਜਮੇਰ ’ਚ ਇਕ ਸਥਾਨਕ ਅਦਾਲਤ ਵਲੋਂ ਇਕ ਰਿੱਟ ’ਤੇ ਸੁਣਵਾਈ ਕਰਨ ਦੇ ਫੈਸਲੇ ਨਾਲ ਇਕ ਹੋਰ ਧਾਰਮਿਕ ਭਾਈਚਾਰੇ ਨੂੰ ਝਟਕਾ ਲੱਗਣ ਦਾ ਖਤਰਾ ਹੈ। ਸੂਫੀ ਸੰਤ ਮੋਈਨੁਦੀਨ ਚਿਸ਼ਤੀ ਦੀ ਦਰਗਾਹ ਦੇ ਹੇਠਾਂ ਇਕ ਸ਼ਿਵ ਮੰਦਰ ਹੋਣ ਦਾ ਦਾਅਵਾ ਕਰਦੇ ਹੋਏ ਰਿੱਟ ’ਚ ਸਰਵੇਖਣ ਅਤੇ ਅਜਮੇਰ ਦਰਗਾਹ ’ਤੇ ਹਿੰਦੂਆਂ ਨੂੰ ਪੂਜਾ ਕਰਨ ਦਾ ਅਧਿਕਾਰ ਦੇਣ ਦੀ ਮੰਗ ਕੀਤੀ ਗਈ ਹੈ। ਰਿੱਟਕਰਤਾ, ਹਿੰਦੂ ਸ਼ਿਵਸੈਨਾ ਦੇ ਵਿਸ਼ਨੂੰ ਗੁਪਤਾ, ਜਿਨ੍ਹਾਂ ਕੋਲ ਝੂਠੀਆਂ ਸ਼ਿਕਾਇਤਾਂ ਦਾ ਇਕ ਲੰਬਾ ਇਤਿਹਾਸ ਹੈ, ਨੇ ਦਰਗਾਹ ਨੂੰ ਸੰਕਟਮੋਚਨ ਮਹਾਦੇਵ ਮੰਦਰ ਐਲਾਨਣ ਦਾ ਤਰਕ ਦਿੱਤਾ ਹੈ। ਕਾਸ਼ ਗੁਪਤਾ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਜੀ ਦੀਆਂ ਗੱਲਾਂ ’ਤੇ ਧਿਆਨ ਦਿੱਤਾ ਹੁੰਦਾ, ਜਿਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਹਰ ਮੰਦਰ ’ਚ ‘ਸ਼ਿਵਲਿੰਗ’ ਲੱਭਣ ਅਤੇ ਹਰ ਦਿਨ ਇਕ ਨਵਾਂ ਵਿਵਾਦ ਸ਼ੁਰੂ ਕਰਨ ਦੀ ਲੋੜ ਨਹੀਂ ਹੈ। ਜੂਨ 2022 ’ਚ, ਉਨ੍ਹਾਂ ਨੇ ਕਿਹਾ ਸੀ ਕਿ ਹੁਣ ਗਿਆਨਵਾਪੀ ਮਸਜਿਦ (ਵਾਰਾਣਸੀ ’ਚ) ਦਾ ਮੁੱਦਾ ਚੱਲ ਰਿਹਾ ਹੈ। ਇਤਿਹਾਸ ਹੈ, ਜਿਸ ਨੂੰ ਅਸੀਂ ਬਦਲ ਨਹੀਂ ਸਕਦੇ। ਉਹ ਇਤਿਹਾਸ ਅਸੀਂ ਨਹੀਂ ਬਣਾਇਆ, ਨਾ ਹੀ ਅੱਜ ਦੇ ਹਿੰਦੂਆਂ ਜਾਂ ਮੁਸਲਮਾਨਾਂ ਨੇ। ਇਹ ਉਦੋਂ ਹੋਇਆ ਜਦੋਂ ਇਸਲਾਮ ਹਮਲਾਵਰਾਂ ਦੇ ਨਾਲ ਭਾਰਤ ’ਚ ਆਇਆ ਸੀ। ਹਮਲੇ ਦੌਰਾਨ, ਆਜ਼ਾਦੀ ਚਾਹੁਣ ਵਾਲੇ ਲੋਕਾਂ ਦੇ ਹੌਸਲੇ ਨੂੰ ਕਮਜ਼ੋਰ ਕਰਨ ਲਈ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਅਜਿਹੇ ਹਜ਼ਾਰਾਂ ਮੰਦਰ ਹਨ।

ਪਿਛਲੇ ਕੁਝ ਸਮੇਂ ’ਚ ਅਜਮੇਰ ਦਰਗਾਹ ਕੁਝ ਕੱਟੜਪੰਥੀ ਸਮੂਹਾਂ ਲਈ ਵਿਵਾਦ ਦਾ ਵਿਸ਼ਾ ਰਹੀ ਹੈ। ਇਹ ਕੁਝ ਅਜਿਹੇ ਲੋਕਾਂ ਵਲੋਂ ਹਾਸੋਹੀਣੇ ਦਾਅਵਿਆਂ ਦਾ ਵਿਸ਼ਾ ਰਹੀ ਹੈ ਜੋ ਸਪੱਸ਼ਟ ਤੌਰ ’ਤੇ ਸੂਫੀ ਵਿਚਾਰਧਾਰਾ ਦੇ ਇਤਿਹਾਸ ਅਤੇ ਮਹੱਤਵ ਨੂੰ ਨਹੀਂ ਸਮਝਦੇ। ਤ੍ਰਾਸਦੀ ਇਹ ਹੈ ਕਿ ਖਵਾਜ਼ਾ ਮੋਈਨੁਦੀਨ ਚਿਸ਼ਤੀ ਦੀ ਪਵਿੱਤਰ ਦਰਗਾਹ ਨੂੰ ਹਿੰਦੂਆਂ ਵਲੋਂ ਓਨਾ ਹੀ ਸਨਮਾਨ ਦਿੱਤਾ ਜਾਂਦਾ ਹੈ ਜਿੰਨਾ ਮੁਸਲਮਾਨਾਂ ਵਲੋਂ। ਦਰਗਾਹ ਬਾਜ਼ਾਰ ’ਚ 75 ਫੀਸਦੀ ਤੋਂ ਵੱਧ ਦੁਕਾਨਾਂ ਅਤੇ ਹੋਟਲ ਹਿੰਦੂਆਂ ਦੀ ਮਾਲਕੀ ’ਚ ਹਨ। ਜਵਾਹਰ ਲਾਲ ਨਹਿਰੂ ਤੋਂ ਲੈ ਨਰਿੰਦਰ ਮੋਦੀ ਤੱਕ, ਸਾਰੇ ਪ੍ਰਧਾਨ ਮੰਤਰੀਆਂ ਨੇ ਉਰਸ ਦੇ ਮੌਕੇ ’ਤੇ ਪਵਿੱਤਰ ਚਾਦਰ ਭੇਜੀ ਹੈ। ਬਾਬਰੀ ਮਸਜਿਦ, ਗਿਆਨਵਾਪੀ ਅਤੇ ਸੰਭਲ ਦੇ ਵਿਵਾਦਾਂ ਦੇ ਬਾਅਦ ਅਜਮੇਰ 2 ਭਾਈਚਾਰਿਆਂ ਦੇ ਸ਼ਾਂਤੀਪੂਰਨ ਸਹਿਹੋਂਦ ਦੇ ਤਾਣੇ-ਬਾਣੇ ’ਤੇ ਸਭ ਤੋਂ ਨਵਾਂ ਤਣਾਅ ਹੈ। ਹਾਲਾਂਕਿ, ਜਿਥੇ ਹੋਰ ਵਿਵਾਦਿਤ ਸਥਾਨ ਮਸਜਿਦ ਸੀ, ਉਥੇ ਇਹ ਇਕ ਪ੍ਰਸਿੱਧ ਸੂਫੀ ਦਰਗਾਹ ਹੈ। ਮਸਜਿਦ ਅਤੇ ਦਰਗਾਹ ਦੇ ਦਰਮਿਆਨ ਮੁੱਖ ਫਰਕਾਂ ’ਚੋਂ ਇਕ ਇਹ ਹੈ ਕਿ ਮਸਜਿਦ ਮੁਸਲਮਾਨਾਂ ਲਈ ਇਬਾਦਤ ਦੀ ਥਾਂ ਹੁੰਦੀ ਹੈ ਜਿੱਥੇ ਆਸਤਿਕ ਸਜਦਾ ਕਰਦੇ ਹਨ, ਭਾਵ ਅੱਲ੍ਹਾ ਨੂੰ ਸਜਦਾ ਕਰਦੇ ਹਨ, ਜਦ ਕਿ ਦਰਗਾਹ ਉਹ ਥਾਂ ਹੁੰਦੀ ਹੈ ਜਿੱਥੇ ਪੂਜਨੀਕ ਸੂਫੀ ਸੰਤਾਂ ਲਈ ਦਰਗਾਹ ਬਣਾਈ ਜਾਂਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਸੂਫੀ ਦਰਗਾਹ ਨੂੰ ਖਤਰਾ ਪੁੱਜਾ ਹੈ। ਸੂਫੀ ਸੰਪਰਦਾਵਾਂ ਜਾਂ ਸਿਲਸਿਲੇ ਨੂੰ ਰੂੜੀਵਾਦੀ ਧਰਮ ਸ਼ਾਸਤਰ ਦੇ ਉਲਟ ਮੰਨਿਆ ਜਾਂਦਾ ਹੈ, ਇਹੀ ਕਾਰਨ ਹੈ ਕਿ ਸਦੀਆਂ ਤੋਂ ਉਨ੍ਹਾਂ ਨੂੰ ਸਤਾਇਆ ਜਾਂਦਾ ਰਿਹਾ ਹੈ। ਸੂਫੀਵਾਦ ਇਸਲਾਮੀ ਵਿਚਾਰ ਦਾ ਤਪੱਸਵੀ, ਰਹੱਸਵਾਦੀ ਰੂਪ ਹੈ। ਆਪਣੇ ਵਧਦੇ ਪ੍ਰਭਾਵ ਖੇਤਰ ਨਾਲ ਖਤਰੇ ’ਚ ਪਏ ਸੂਫੀਆਂ ਅਤੇ ਉਨ੍ਹਾਂ ਦੀਆਂ ਦਰਗਾਹਾਂ ’ਤੇ ਧਾਰਮਿਕ ਇਸਲਾਮੀ ਵਿਚਾਰਾਂ ਦੇ ਸਾਰੇ ਸਕੂਲਾਂ ਨੇ ਹਮਲਾ ਕੀਤਾ ਹੈ। ਵਹਾਬੀ, ਦੇਵਬੰਦੀ, ਸਲਾਫੀ ਅਤੇ ਇਸਲਾਮੀ ਪੁਨਰਉੱਥਾਨਵਾਦੀ ਸੰਤਾਂ ਅਤੇ ਸੂਫੀ ਰਵਾਇਤਾਂ ਦੀ ਪੂਜਾ ਨੂੰ ਬਹੁਦੇਵਵਾਦੀ ਮੰਨਦੇ ਹਨ। ਅਫਗਾਨਿਸਤਾਨ ਅਤੇ ਈਰਾਨ ਤੋਂ ਲੈ ਕੇ ਤੁਰਕੀ ਅਤੇ ਅੱਜ ਦੇ ਪਾਕਿਸਤਾਨ ਤੱਕ, ਸੂਫੀ ਸੰਪਰਦਾਵਾਂ ਨੂੰ ਅਜੇ ਵੀ ਭੇਦਭਾਵ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ’ਚ ਵੀ ਦੇਵਬੰਦੀ ਸੰਪਰਦਾਏ ਨੇ ਅਕਸਰ ਦਰਗਾਹ ਵਾਲਿਆਂ ਦੀ ਨਿੰਦਾ ਕੀਤੀ ਹੈ, ਕਈ ਵਾਰ ਤਾਂ ਉਨ੍ਹਾਂ ਨੂੰ ਧਾਰਮਿਕ ਜਾਇਜ਼ਤਾ ਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ। ਇਹ ਮੰਨਣਾ ਸੌਖਾ ਹੈ ਕਿ ਭਾਰਤ ’ਚ ਆਖਰੀ ਸੂਫੀ ਸ਼ਹੀਦ ਸਰਮਦ ਕਾਸ਼ਾਨੀ ਨੂੰ ਕੱਟੜਪੰਥੀ ਔਰੰਗਜ਼ੇਬ ਨੇ ਮਰਵਾ ਦਿੱਤਾ ਸੀ। ਅਜਮੇਰ ਜਿੱਥੇ ਬਾਦਸ਼ਾਹ ਅਕਬਰ ਨੇ 17 ਤੋਂ ਵੱਧ ਵਾਰ ਯਾਤਰਾ ਕੀਤੀ ਸੀ, ਉਨ੍ਹਾਂ ਦੇ ਪੜਪੋਤਰੇ ਦਾਰਾ ਸ਼ਿਕੋਹ ਦਾ ਜਨਮ ਸਥਾਨ ਵੀ ਸੀ, ਜੋ ਸ਼ਾਹਜਹਾਂ ਦੇ ਉੱਤਰਾਧਿਕਾਰੀ ਸਨ। ਹਾਲਾਂਕਿ, ਦਾਰਾ ਸ਼ਿਕੋਹ ਨੂੰ 1659 ’ਚ ਫਾਂਸੀ ਦੇ ਦਿੱਤੀ ਗਈ ਸੀ।

ਆਪਣੇ ਭਰਾ ਔਰੰਗਜ਼ੇਬ ਦੇ ਹੁਕਮ ’ਤੇ, ਬੜੀ ਮੁਸ਼ਕਲ 2 ਸਾਲ ਬਾਅਦ, ਦਾਰਾ ਸ਼ਿਕੋਹ ਦੇ ਕਰੀਬੀ ਵਿਸ਼ਵਾਸਪਾਤਰ ਸਰਮਦ ਦਾ ਔਰੰਗਜ਼ੇਬ ਦੇ ਆਦਮੀਆਂ ਨੇ ਜਾਮਾ ਮਸਜਿਦ ਦੀਆਂ ਪੌੜੀਆਂ ’ਤੇ ਸਿਰ ਕਲਮ ਕਰ ਦਿੱਤਾ। ਸਰਮਦ ਨੂੰ ਈਸ਼ਨਿੰਦਾ ਦੇ ਦੋਸ਼ ’ਚ ਫਾਂਸੀ ਦਿੱਤੀ ਗਈ ਸੀ, ਪਰ ਉਨ੍ਹਾਂ ਨੂੰ ਅੱਜ ਵੀ ਸੰਤ ਮੰਨਿਆ ਜਾਂਦਾ ਹੈ ਅਤੇ ਜਾਮਾ ਮਸਜਿਦ ਕੋਲ ਉਨ੍ਹਾਂ ਦੀ ਮਜਾਰ ਸੂਫੀ ਤੀਰਥ ਯਾਤਰਾ ਦਾ ਪ੍ਰੇਰਣਾਦਾਇਕ ਸਥਾਨ ਬਣੀ ਹੋਈ ਹੈ। ਜਦ ਕਿ ਰਹੱਸਵਾਦੀ ਦਾਰਾ ਸ਼ਿਕੋਹ ਦੀ ਮਹਾਨ ਸਾਹਿਤਕ ਵਿਰਾਸਤ ਸਿਰ-ਏ-ਅਕਬਰ ਜਾਂ ‘ਮਹਾਨ ਰਹੱਸ’ ਸੀ, ਜੋ ਉਪਨਿਸ਼ਦਾਂ ਦਾ ਫਾਰਸੀ ਅਨੁਵਾਦ ਸੀ, ਇਹ ਉਨ੍ਹਾਂ ਦਾ ਮਜਮਾ-ਉਲ-ਬਹਿਰੀਨ ਜਾਂ ‘ਦੋ ਸਮੁੰਦਰਾਂ ਦਾ ਸੰਗਮ’ ਸੀ, ਜੋ ਏਕਤਾ ’ਤੇ ਪਹਿਲਾ ਗ੍ਰੰਥ ਸੀ, ਜਿਸ ਨੇ ਇਕ ਸਿਆਣੀ ਸਫਲਤਾ ’ਚ ਸੂਫੀਵਾਦ ਅਤੇ ਵੇਦਾਂਤ ਦੇ ਦਰਮਿਆਨ ਬਰਾਬਰੀ ਦੀ ਖੋਜ ਕੀਤੀ। ਮੋਹਨ ਭਾਗਵਤ ਦੀ ਸਲਾਹ ਨੂੰ ਗੰਭੀਰਤਾ ਨਾਲ ਸੁਣਨ ਤੋਂ ਇਲਾਵਾ ਵਿਸ਼ਨੂੰ ਗੁਪਤਾ ਵਰਗੇ ਲੋਕ ਦਾਰਾ ਸ਼ਿਕੋਹ ਦੀ ਇਸ ਅੰਤਰਦ੍ਰਿਸ਼ਟੀ ਤੋਂ ਵੀ ਸਿੱਖ ਸਕਦੇ ਹਨ ਕਿ ਇਸਲਾਮ ਅਤੇ ਹਿੰਦੂ ਧਰਮ ’ਚ ਕੋਈ ਮੁੱਢਲਾ ਫਰਕ ਨਹੀਂ ਹੈ।

ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਹਰੇਕ ਧਰਮ ਦੇ ਵਿਦਵਾਨ ਆਪਣੇ-ਆਪਣੇ ਧਰਮਾਂ ਦੇ ਢਾਂਚਿਆਂ ’ਚ ਇੰਨੇ ਉਲਝੇ ਹੋਏ ਸਨ ਕਿ ਉਨ੍ਹਾਂ ਨੂੰ ਇਸ ਇਕ ਮਹੱਤਵਪੂਰਨ ਦਾਰਸ਼ਨਿਕ ਸੱਚ ਦਾ ਅਹਿਸਾਸ ਨਹੀਂ ਹੋਇਆ। ਸ਼ਾਇਦ ਸਭ ਤੋਂ ਮਹੱਤਵਪੂਰਨ ਇਹ ਕਿ ਦੋਵੇਂ ਧਰਮ ਮੂਲ ਤੌਰ ’ਤੇ ਇਕ ਹੀ ਹਨ। ਇਸ ਲਈ ਇਹ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਇਸ ਮਹਾਨ ਅੰਤਰਦ੍ਰਿਸ਼ਟੀ ਤੋਂ ਜਾਣੂ ਕਰਵਾਇਆ ਜਾਵੇ।ਸਮਾਵੇਸ਼ੀ ਵਿਕਾਸ ਦੇ ਰਾਹ ’ਤੇ ਵਧਦਿਆਂ ਭਾਰਤ ਫਿਰਕੂ ਚੁੱਕ-ਥਲ ਤੋਂ ਮੁਕਤ ਹੋ ਸਕਦਾ ਹੈ। ਧਾਰਮਿਕ ਝੜਪ ਸਮਾਜਿਕ ਤਰੱਕੀ ਅਤੇ ਆਰਥਿਕ ਵਿਕਾਸ ਦੇ ਵਿਚਾਰ ਦੇ ਉਲਟ ਹੈ। ਇਸ ਤੋਂ ਪਹਿਲਾਂ ਇਹ ਸਾਡੇ ਸੱਭਿਆਚਾਰ ਲੋਕਾਚਾਰ ਦੀ ਸਹਿਜ ਅਧਿਆਤਮਿਕਤਾ ਨੂੰ ਤਬਾਹ ਕਰ ਦੇਵੇ, ਸਾਨੂੰ ਅਸੱਭਿਅਕ ਈਰਖਾ ਨੂੰ ਰੋਕਣਾ ਹੋਵੇਗਾ। ਕੱਲ ਦੇ ਭਾਰਤ ਨੂੰ ਅਸਥਿਰ ਅਤੇ ਪੱਟੜੀ ਤੋਂ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। 

ਸ਼ਾਜ਼ੀਆ ਇਲਮੀ


author

DIsha

Content Editor

Related News