ਜਾਇਦਾਦ ਦੀ ਖਾਤਿਰ ਆਪਣੇ ਹੀ ਲੈ ਰਹੇ ਆਪਣਿਆਂ ਦੀ ਜਾਨ

Tuesday, Feb 11, 2025 - 02:58 AM (IST)

ਜਾਇਦਾਦ ਦੀ ਖਾਤਿਰ ਆਪਣੇ ਹੀ ਲੈ ਰਹੇ ਆਪਣਿਆਂ ਦੀ ਜਾਨ

ਅੱਜ ਰਿਸ਼ਤਿਆਂ ਦੀ ਡੋਰ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ ਜਿਸ ਕਾਰਨ ਅਕਸਰ ਪਰਿਵਾਰਾਂ ਵਿਚ ਵਿਵਾਦ ਅਤੇ ਜਾਇਦਾਦ ਸਬੰਧੀ ਝਗੜਿਆਂ ਕਾਰਨ ਆਪਣਿਆਂ ਵੱਲੋਂ ਆਪਣਿਆਂ ਦੀ ਹੱਤਿਆ ਦੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਜਾਇਦਾਦ ਸਬੰਧੀ ਝਗੜਿਆਂ ਨੂੰ ਲੈ ਕੇ ਆਪਣਿਆਂ ਵੱਲੋਂ ਹੀ ਆਪਣਿਆਂ ਦੀ ਹੱਤਿਆ ਕੀਤੇ ਜਾਣ ਦੀਆਂ ਪਿਛਲੇ ਇਕ ਮਹੀਨੇ ਦੀਆਂ ਮਿਸਾਲਾਂ ਹੇਠਾਂ ਦਰਜ ਹਨ :

* 10 ਜਨਵਰੀ ਨੂੰ ਹੁਬਲੀ (ਕਰਨਾਟਕ) ਦੇ ‘ਕੁਸੂਗਲ’ ਪਿੰਡ ਵਿਚ ਜਾਇਦਾਦ ਸਬੰਧੀ ਝਗੜੇ ਕਾਰਨ ਆਪਣੇ ਮਾਤਾ-ਪਿਤਾ ਤੋਂ ਨਾਰਾਜ਼ ਨੌਜਵਾਨ ਨੇ ਆਪਣੇ ਪਿਤਾ ‘ਅਸ਼ੋਕੱਪਾ’ ਅਤੇ ਮਤਰੇਈ ਮਾਂ ‘ਸ਼ਰਮੰਮਾ’ ਨੂੰ ਮਾਰ ਦਿੱਤਾ।

* 15 ਜਨਵਰੀ ਨੂੰ ਫਰੀਦਾਬਾਦ (ਹਰਿਆਣਾ) ਵਿਚ ਸ਼ੋਅਰੂਮ ਨੂੰ ਲੈ ਕੇ ਝਗੜੇ ਕਾਰਨ ਬਹਿਸ ਪਿੱਛੋਂ ‘ਵਿਕਾਸ’ ਨਾਂ ਦੇ ਨੌਜਵਾਨ ਨੇ ਗੋਲੀ ਮਾਰ ਕੇ ਆਪਣੇ ਚਚੇਰੇ ਵੱਡੇ ਭਰਾ ‘ਨਰਿੰਦਰ ਉਰਫ ਬਿੱਟੂ’ ਦੀ ਹੱਤਿਆ ਕਰ ਦਿੱਤੀ।

* 19 ਜਨਵਰੀ ਨੂੰ ਸੰਤ ਕਬੀਰ ਨਗਰ (ਉੱਤਰ ਪ੍ਰਦੇਸ਼) ਦੇ ਪਿੰਡ ‘ਸੂਪਾ’ ਵਿਚ ਜਾਇਦਾਦ ਦੇ ਝਗੜੇ ਵਿਚ ‘ਸ਼ਕਤੀਮਾਨ’ ਅਤੇ ‘ਬਲੀਰਾਮ’ ਉਰਫ ‘ਨਾਨਹੂ’ ਨਾਂ ਦੇ 2 ਨੌਜਵਾਨਾਂ ਨੇ ਆਪਣੇ ਚਾਚੇ ‘ਰਾਮ ਸੁਮੇਰ ਗੌਤਮ’ ਦੀ ਇੱਟਾਂ ਮਾਰ-ਮਾਰ ਕੇ ਹੱਤਿਆ ਕਰ ਦਿੱਤੀ।

* 6 ਫਰਵਰੀ ਨੂੰ ਹੈਦਰਾਬਾਦ ਵਿਚ ਜਹਾਜ਼ ਨਿਰਮਾਣ ਨਾਲ ਜੁੜੇ ਉਦਯੋਗਪਤੀ ਅਤੇ ‘ਵੇਲਜਨ ਗਰੁੱਪ’ ਦੇ ਚੇਅਰਮੈਨ 86 ਸਾਲਾ ‘ਵੇਲਮਤੀ ਚੰਦਰਸ਼ੇਖਰ ਜਨਾਰਦਨ ਰਾਵ’ ਦੀ ਉਨ੍ਹਾਂ ਦੇ 29 ਸਾਲਾ ਦੋਹਤੇ ‘ਕਿਲਾਰੂ ਕੀਰਤੀ ਤੇਜਾ’ ਨੇ ਜਾਇਦਾਦ ਦੇ ਝਗੜੇ ਕਾਰਨ ਚਾਕੂ ਨਾਲ 70 ਵਾਰ ਕਰ ਕੇ ਜਾਨ ਲੈ ਲਈ।

‘ਵੇਲਮਤੀ ਚੰਦਰਸ਼ੇਖਰ ਜਨਾਰਦਨ ਰਾਵ’ 500 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਸਨ। ਪੁਲਸ ਅਨੁਸਾਰ ਚਾਕੂ ਨਾਲ ਵਾਰ ਕਰਦੇ ਹੋਏ ਤੇਜਾ ਆਪਣੇ ਨਾਨੇ ਨੂੰ ਕਹਿੰਦਾ ਰਿਹਾ,‘‘ਤੂੰ ਜਾਇਦਾਦ ਦੀ ਸਹੀ ਵੰਡ ਨਹੀਂ ਕੀਤੀ। ਕੋਈ ਮੈਨੂੰ ਸਨਮਾਨ ਨਹੀਂ ਦੇ ਰਿਹਾ। ਮੈਨੂੰ ਮੇਰਾ ਪੈਸਾ ਦਿਓ।’’

ਦੋਸ਼ ਹੈ ਕਿ ਮ੍ਰਿਤਕ ਦੇ ਦੋਹਤੇ ਨੇ ਆਪਣੀ ਮਾਂ ’ਤੇ ਵੀ ਚਾਕੂ ਨਾਲ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਨੇ ਆਪਣੇ ਦੋਹਤੇ ਨੂੰ ਜੱਦੀ ਜਾਇਦਾਦ ਵਿਚੋਂ ਉਸ ਦੇ ਹਿੱਸੇ ਦੇ 4 ਕਰੋੜ ਰੁਪਏ ਦਿੱਤੇ ਸਨ ਪਰ ਉਹ ਇੰਨੇ ਨਾਲ ਸੰਤੁਸ਼ਟ ਨਹੀਂ ਸੀ। ‘ਕਿਲਾਰੂ ਕੀਰਤੀ ਤੇਜਾ’ ਹਾਲ ਹੀ ਵਿਚ ਆਪਣੀ ਮਾਸਟਰ ਡਿਗਰੀ ਪੂਰੀ ਕਰ ਕੇ ਅਮਰੀਕਾ ਤੋਂ ਹੈਦਰਾਬਾਦ ਪਰਤਿਆ ਸੀ।

* 7 ਫਰਵਰੀ ਨੂੰ ਸਿਲੀਗੁੜੀ (ਪੱਛਮੀ ਬੰਗਾਲ) ਦੀ ਦੁਰਗਾ ਦਾਸ ਕਾਲੋਨੀ ਵਿਚ ‘ਸ਼੍ਰੀ ਕ੍ਰਿਸ਼ਨ ਮਹੰਤ’ ਨਾਂ ਦੇ ਨੌਜਵਾਨ ਨੇ ਆਪਣੀ ਮਾਂ ‘ਮੰਜੂ ਮਹੰਤ’ ਵੱਲੋਂ ਉਸ ਦੇ ਨਾਂ ਜਾਇਦਾਦ ਕਰਨ ਤੋਂ ਇਨਕਾਰ ਕਰਨ ’ਤੇ ਨਾਰਾਜ਼ ਹੋ ਕੇ ਉਸ ਦੀ ਹੱਤਿਆ ਕਰ ਦਿੱਤੀ।

* 9 ਫਰਵਰੀ ਨੂੰ ਵੈਸ਼ਾਲੀ (ਬਿਹਾਰ) ਵਿਚ ਬਿਹਾਰ ਦੇ ਜਲਾਲਪੁਰ ਵਿਚ ਆਪਣੇ ਮੰਦਬੁੱਧੀ ਭਰਾ ਦੀ ਜਾਇਦਾਦ ਦਾ ਹਿੱਸਾ ਹੜੱਪਣ ’ਤੇ ਤੁਲੇ ‘ਸੰਜੀਤ ਸ਼ੁਕਲਾ’ ਨਾਂ ਦੇ ਨੌਜਵਾਨ ਨੇ ਆਪਣੇ ਵੱਡੇ ਭਰਾ ‘ਸੁਭਾਸ਼ ਸ਼ੁਕਲਾ’ ਨੂੰ ਉਸ ਨੂੰ ਅਜਿਹਾ ਕਰਨ ਤੋਂ ਰੋਕਣ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਜਦੋਂ ਕਿ ਆਪਣੀ ਭਾਬੀ ਦੀ ਲੱਤ ਵੀ ਤੋੜ ਦਿੱਤੀ।

* 9 ਫਰਵਰੀ ਨੂੰ ਹੀ ਕੈਮੂਰ (ਬਿਹਾਰ) ਦੇ ‘ਤਰਹਨੀ’ ਪਿੰਡ ਵਿਚ ਮਕਾਨ ਬਣਾਉਣ ਲਈ ਮਿੱਟੀ ਪੁੱਟਣ ਨੂੰ ਲੈ ਕੇ ਹੋਏ ਝਗੜੇ ਵਿਚ ‘ਦਿਲੀਪ ਸਿੰਘ’ ਨਾਂ ਦੇ ਵਿਅਕਤੀ ਨੇ ਆਪਣੇ ਛੋਟੇ ਭਰਾ ‘ਸੰਜੇ ਸਿੰਘ’ ਅਤੇ ਭਤੀਜੇ ‘ਜੈਪ੍ਰਕਾਸ਼ ਸਿੰਘ’ ਨੂੰ ਗੋਲੀ ਮਾਰ ਦਿੱਤੀ ਜਿਸ ਨਾਲ ‘ਸੰਜੇ ਸਿੰਘ’ ਦੀ ਮੌਤ ਅਤੇ ‘ਜੈਪ੍ਰਕਾਸ਼’ ਜ਼ਖ਼ਮੀ ਹੋ ਗਿਆ।

* 9 ਫਰਵਰੀ ਨੂੰ ਹੀ ਬੈਂਗਲੁਰੂ ਵਿਚ ‘ਸੀ. ਚੇਲੂਵਰਾਜੂ’ ਨਾਂ ਦੇ ਵਿਅਕਤੀ ਵੱਲੋਂ ਆਪਣੀ ਭੈਣ ਦੇ ਨਾਂ ਵਸੀਅਤ ਵਿਚ 3 ਕਰੋੜ ਰੁਪਏ ਦੀ ਜਾਇਦਾਦ ਲਿਖ ਦੇਣ ਤੋਂ ਨਾਰਾਜ਼ ‘ਚੇਲੂਵਰਾਜੂ’ ਦੀ ਪਤਨੀ ‘ਸ਼ਾਂਤੰਮਾ’ ਨੇ ਆਪਣੇ ਪਤੀ ’ਤੇ ਲੱਕੜੀ ਦੇ ਸੋਟੇ ਨਾਲ ਹਮਲਾ ਕਰਨ ਪਿੱਛੋਂ ਉਸ ਨੂੰ ਗਾਂ ਦੇ ਵਾੜੇ ਵਿਚ ਬੰਦ ਕਰ ਦਿੱਤਾ ਜਿਥੇ ਉਸ ਦੀ ਮੌਤ ਹੋ ਗਈ।

ਪੁਲਸ ਵੱਲੋਂ ਪੁੱਛਗਿੱਛ ਦੌਰਾਨ ‘ਸ਼ਾਂਤੰਮਾ’ ਨੇ ਕਿਹਾ ਕਿ ਗਾਂ ਦੇ ਵਾੜੇ ਵਿਚ ਮੇਰੇ ਪਤੀ ਉੱਪਰ ਸ਼ੈੱਡ ਡਿੱਗਣ ਨਾਲ ਉਸ ਦੀ ਮੌਤ ਹੋਈ ਪਰ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਨ ’ਤੇ ਉਸ ਦਾ ਝੂਠ ਬੇਪਰਦ ਹੋ ਗਿਆ ਅਤੇ ਪੁਲਸ ਨੇ ‘ਸ਼ਾਂਤੰਮਾ’ ਨੂੰ ਗ੍ਰਿਫ਼ਤਾਰ ਕਰ ਲਿਆ।

* ਅਤੇ ਹੁਣ 10 ਫਰਵਰੀ ਨੂੰ ਇਟਾਵਾ (ਉੱਤਰ ਪ੍ਰਦੇਸ਼) ਵਿਚ ਇਕ ਰਿਟਾਇਰਡ ਸੀ. ਐੱਮ.ਓ. ‘ਲਵਕੁਸ਼ ਸਿੰਘ’ ਦੇ ਬੇਟੇ ‘ਹਰਸ਼ਵਰਧਨ’ ਨੇ ਜਾਇਦਾਦ ਦੇ ਝਗੜੇ ਦੌਰਾਨ ਆਪਣੀ ਭੈਣ ‘ਜੋਤੀ’ ਅਤੇ ਭਾਣਜੀ ‘ਤਾਸ਼ੂ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਉਸ ਨੇ ਆਪਣੇ ਜੀਜੇ ’ਤੇ ਵੀ ਜਾਨਲੇਵਾ ਹਮਲਾ ਕੀਤਾ ਪਰ ਚੰਗੀ ਕਿਸਮਤ ਉਸ ਦੇ ਪ੍ਰਾਣ ਬਚ ਗਏ। ‘ਲਵਕੁਸ਼ ਸਿੰਘ’ ਅਨੁਸਾਰ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਆਪਣੀ ਦੇਖਭਾਲ ਲਈ ਉਨ੍ਹਾਂ ਨੇ ਆਪਣੀ ਬੇਟੀ ਅਤੇ ਆਪਣੀ ਦੋਹਤੀ ਨੂੰ ਆਪਣੇ ਘਰ ਵਿਚ ਰੱਖਿਆ ਹੋਇਆ ਸੀ। ਉਨ੍ਹਾਂ ਦਾ ਇਕਲੌਤਾ ਬੇਟਾ ‘ਹਰਸ਼ਵਰਧਨ’ ਇਸੇ ਕਾਰਨ ਨਾਰਾਜ਼ ਸੀ।

ਜਾਇਦਾਦ ਨੂੰ ਲੈ ਕੇ ਪੈਦਾ ਹੋਣ ਵਾਲੇ ਉਕਤ ਵਿਵਾਦ ਅਤੇ ਹੱਤਿਆਵਾਂ ਯਕੀਨਨ ਹੀ ਇਸ ਤੱਥ ਦੀਆਂ ਸੂਚਕ ਹਨ ਕਿ ਅੱਜ ਰਿਸ਼ਤੇ ਇੰਨੇ ਸੁਆਰਥੀ ਅਤੇ ਪਲ ਭਰ ਦੇ ਹੋ ਗਏ ਹਨ ਕਿ ਲੋਕ ਜਾਇਦਾਦ ਦੀ ਖਾਤਿਰ ਆਪਣੇ ਹੀ ਸਕੇ-ਸਬੰਧੀਆਂ ਦੀ ਜਾਨ ਦੇ ਪਿਆਸੇ ਹੋ ਗਏ ਹਨ।

-ਵਿਜੇ ਕੁਮਾਰ


author

Harpreet SIngh

Content Editor

Related News