ਸ਼ਰਾਬਨੋਸ਼ੀ ਤੋਂ ਰੋਕਣ ਲਈ ਹਿਮਾਚਲ ਦੀ ਇਕ ਗ੍ਰਾਮ ਪੰਚਾਇਤ ਦਾ ਸਹੀ ਕਦਮ

Friday, Nov 08, 2024 - 03:25 AM (IST)

ਅੱਜ ਸਮੁੱਚੇ ਦੇਸ਼ ’ਚ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸੇਵਨ ਲਗਾਤਾਰ ਵਧ ਰਿਹਾ ਅਤੇ ਉਸੇ ਅਨੁਪਾਤ ’ਚ ਜੁਰਮ ਵੀ ਵਧ ਰਹੇ ਹਨ। ਸ਼ਰਾਬ ਦੇ ਸੇਵਨ ਨਾਲ ਵੱਡੀ ਗਿਣਤੀ ’ਚ ਔਰਤਾਂ ਦੇ ਸੁਹਾਗ ਉੱਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ।

ਹਾਲਾਂਕਿ ਵਿਆਹ ਇਕ ਪਵਿੱਤਰ ਧਾਰਮਿਕ ਸੰਸਕਾਰ ਅਤੇ ਯੱਗ ਦੇ ਸਮਾਨ ਹੈ ਜਿਸ ’ਚ ਸ਼ਰਾਬ ਪੀਣਾ ਸਰਾਸਰ ਅਣਉਚਿਤ ਹੈ ਪਰ ਇਸ ਦੇ ਬਾਵਜੂਦ ਲੋਕ ਸ਼ਾਦੀ-ਵਿਆਹਾਂ ਤਕ ’ਚ ਬਰਾਤੀਆਂ ਨੂੰ ਸ਼ਰਾਬ ਪਰੋਸ ਰਹੇ ਹਨ।

ਸ਼ਰਾਬ ਦੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਐਲਾਨ ਕੀਤਾ ਸੀ, ‘‘ਜੇ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਵੀ ਮੇਰੇ ਹੱਥ ’ਚ ਆ ਜਾਵੇ ਤਾਂ ਮੈਂ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਵਾਂਗਾ।’’

ਵਿਆਹਾਂ ’ਚ ਸ਼ਰਾਬ ਅਤੇ ਹੋਰ ਨਸ਼ੇ ਪਰੋਸਣ ਦੀ ਬੁਰਾਈ ਤੋਂ ਦੂਰੀ ਬਣਾਉਂਦੇ ਹੋਏ ਹਿਮਾਚਲ ਪ੍ਰਦੇਸ਼ ’ਚ ਹਮੀਰਪੁਰ ਦੀ ‘ਲੰਬਲੂ’ ਪੰਚਾਇਤ ਦੇ ਪ੍ਰਧਾਨ ਕਰਤਾਰ ਸਿੰਘ ਚੌਹਾਨ ਦੀ ਪ੍ਰਧਾਨਗੀ ’ਚ ਬੀਤੇ ਦਿਨ ਹੋਈ ਮੀਟਿੰਗ ’ਚ ਪਿੰਡ ਨੂੰ ਨਸ਼ੇ ਦੀ ਬੁਰਾਈ ਤੋਂ ਮੁਕਤ ਕਰਨ ਲਈ ਵਿਆਹ-ਸ਼ਾਦੀਆਂ ’ਤੇ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥ ਨਾ ਪਰੋਸਣ ਵਾਲੇ ਪਰਿਵਾਰਾਂ, ਖਾਸ ਕਰ ਕੇ ਔਰਤਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ।

ਆਪਣੇ ਲੋਕ ਭਲਾਈ ਕਾਰਜਾਂ ਲਈ ਪਹਿਲਾਂ ਵੀ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੀ ਇਹ ਪੰਚਾਇਤ ਸਿਗਰਟਨੋਸ਼ੀ ਕਰਨ ਜਾਂ ਸ਼ਰਾਬ ਪੀਣ ਵਾਲਿਆਂ ਨੂੰ ਸਜ਼ਾ ਦੇਣ ਵਰਗੇ ਫੈਸਲੇ ਲੈ ਚੁੱਕੀ ਹੈ। ਸ਼੍ਰੀ ਚੌਹਾਨ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ’ਚ ਸਹਿਯੋਗ ਕਰਨ ਲਈ ਆਪਣੇ ਪਿੰਡ ਦੀਆਂ ਔਰਤਾਂ ਦਾ ਧੰਨਵਾਦ ਕੀਤਾ ਹੈ।

ਸ਼ਰਾਬ ਅਤੇ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ’ਚ ‘ਲੰਬਲੂ’ ਗ੍ਰਾਮ ਪੰਚਾਇਤ ਦਾ ਉਕਤ ਫੈਸਲਾ ਸ਼ਲਾਘਾਯੋਗ ਹੈ। ਜੇ ਹੋਰ ਗ੍ਰਾਮ ਪੰਚਾਇਤਾਂ ਵੀ ਇਸੇ ਤਰ੍ਹਾਂ ਦੇ ਲੋਕ ਭਲਾਈ ਫੈਸਲੇ ਲੈਣ ਲੱਗਣ ਤਾਂ ਨਸ਼ਿਆਂ ਦੀ ਬੁਰਾਈ ਖਤਮ ਕਰਨ ’ਚ ਕਾਫੀ ਸਫਲਤਾ ਮਿਲ ਸਕਦੀ ਹੈ।

-ਵਿਜੇ ਕੁਮਾਰ


Harpreet SIngh

Content Editor

Related News