ਭਾਜਪਾ ਲਈ ਅਜੇਤੂ ਕਿਲਾ ਬਣਿਆ ਹੋਇਆ ਦੱਖਣ

03/16/2024 2:47:31 PM

ਦੱਖਣ ਭਾਰਤ ਦੇ 5 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਲੋਕ ਸਭਾ ਦੀਆਂ 130 ਸੀਟਾਂ ਹਨ। ਭਾਜਪਾ ਦੇ ‘ਚਾਰ ਸੌ ਪਾਰ’ ਜਾਣ ਦੇ ਟੀਚੇ ਸਾਹਮਣੇ ਇਹੀ ਸਭ ਤੋਂ ਵੱਡੀ ਚੁਣੌਤੀ ਹੈ। 2019 ’ਚ ਭਾਜਪਾ ਨੂੰ ਦੱਖਣ ਤੋਂ ਸਿਰਫ 29 ਸੀਟਾਂ ਮਿਲੀਆਂ ਸਨ। ਇਨ੍ਹਾਂ ’ਚੋਂ ਵੀ 25 ਸੀਟਾਂ ਕਰਨਾਟਕ ’ਚੋਂ ਸਨ। 2019 ਦੀਆਂ ਚੋਣਾਂ ਦੇ ਸਮੇਂ ਕਰਨਾਟਕ ’ਚ ਭਾਜਪਾ ਦੀ ਸਰਕਾਰ ਸੀ ਅਤੇ ਹੁਣ ਕਾਂਗਰਸ ਸੱਤਾ ’ਚ ਹੈ। ਭਾਜਪਾ ਨੂੰ 4 ਸੀਟਾਂ ਤੇਲੰਗਾਨਾ ’ਚ ਮਿਲੀਆਂ ਸਨ, ਇੱਥੇ ਵੀ ਹੁਣ ਕਾਂਗਰਸ ਦੀ ਸਰਕਾਰ ਹੈ। ਦੋਵਾਂ ਸੂਬਿਆਂ ’ਚ ਕਾਂਗਰਸ ਨੇ ਭਾਜਪਾ ਦੀ ਜ਼ਬਰਦਸਤ ਘੇਰਾਬੰਦੀ ਕੀਤੀ ਹੋਈ ਹੈ। ਕੇਰਲ, ਤਾਮਿਲਨਾਡੂ ਅਤੇ ਆਂਧਰਾ ’ਚ ਅਜੇ ਭਾਜਪਾ ਨੇ ਖਾਤਾ ਖੋਲ੍ਹਣਾ ਹੈ। ਭਾਜਪਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਰਨਾਟਕ ਅਤੇ ਤੇਲੰਗਾਨਾ ’ਚ ਆਪਣੇ 2019 ਦੇ ਨਤੀਜਿਆਂ ਨੂੰ ਬਰਕਰਾਰ ਰੱਖਣਾ ਹੈ। ਦੱਖਣੀ ਸੂਬਿਆਂ ’ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਭਾਜਪਾ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਤੋਂ ਕਈ ਆਗੂਆਂ ਨੂੰ ਤੋੜ ਕੇ ਆਪਣੇ ਨਾਲ ਲੈ ਆਈ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਵਰਗੇ ਨਾਰਾਜ਼ ਆਗੂਆਂ ਨੂੰ ਮਨਾ ਲਿਆ ਹੈ। ਫਿਰ ਵੀ ਚੁਣੌਤੀਆਂ ਘੱਟ ਨਹੀਂ ਲੱਗ ਰਹੀਆਂ ਹਨ।

ਕਰਨਾਟਕ ਦਾ ਯੁੱਧ : ਦੱਖਣ ’ਚ ਭਾਜਪਾ ਦੇ ਸਭ ਤੋਂ ਵੱਡੇ ਗੜ੍ਹ ਕਰਨਾਟਕ ’ਚ ਕਾਂਗਰਸ ਨੇ ਖੁਦ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਧ ਮਜ਼ਬੂਤ ਕਰ ਲਿਆ ਹੈ। ਇੱਥੇ ਕਾਂਗਰਸ ਦੀ ਸਭ ਤੋਂ ਵੱਡੀ ਪ੍ਰਾਪਤੀ ਦੋ ਵੱਡੇ ਆਗੂਆਂ ਮੁੱਖ ਮੰਤਰੀ ਸਿੱਧਰਮਈਆ ਅਤੇ ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵ ਕੁਮਾਰ ਦਰਮਿਆਨ ਮਤਭੇਦਾਂ ਨੂੰ ਖਤਮ ਕਰਨਾ ਹੈ। ਦੂਜੇ ਪਾਸੇ ਭਾਜਪਾ ਸਥਾਨਕ ਲੀਡਰਸ਼ਿਪ ਦੇ ਸੰਕਟ ’ਚੋਂ ਬਾਹਰ ਨਹੀਂ ਆ ਰਹੀ ਹੈ। ਕਰਨਾਟਕ ’ਚ ਭਾਜਪਾ ਨੂੰ ਬਣਾਉਣ ’ਚ ਸਭ ਤੋਂ ਵੱਡੀ ਭੂਮਿਕਾ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦੀ ਰਹੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਲੰਬੇ ਸਮੇਂ ਤੋਂ ਨਾਰਾਜ਼ ਹੈ ਪਰ ਜਦੋਂ-ਜਦੋਂ ਯੇਦੀਯੁਰੱਪਾ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਗਈ ਉਦੋਂ-ਉਦੋਂ ਭਾਜਪਾ ਨੂੰ ਨੁਕਸਾਨ ਹੋਇਆ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਬਾਸਵ ਰਾਜ ਬੋਮਈ ਨੂੰ ਮੁੱਖ ਮੰਤਰੀ ਬਣਾਇਆ ਗਿਆ। ਬੋਮਈ ਨੂੰ ਯੇਦੀਯੁਰੱਪਾ ਦੀ ਪਸੰਦ ਦੱਸਿਆ ਜਾਂਦਾ ਹੈ। ਸੂਬੇ ’ਚ ਤੀਜੇ ਵੱਡੇ ਖਿਡਾਰੀ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦੇ ਬੇਟੇ ਕੁਮਾਰਸਵਾਮੀ ਹਨ ਜੋ ਕਾਂਗਰਸ ਦੀ ਸਹਾਇਤਾ ਨਾਲ ਮੁੱਖ ਮੰਤਰੀ ਰਹਿ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਕੁਮਾਰਸਵਾਮੀ ਦਾ ਸਿਆਸੀ ਗ੍ਰਾਫ ਹੇਠਾਂ ਆ ਗਿਆ। ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਸੂਬੇ ਦੀਆਂ 28 ’ਚੋਂ 25 ਅਤੇ ਇਕ-ਇਕ ਸੀਟ ਕਾਂਗਰਸ, ਜੇ. ਡੀ. ਐੱਸ. ਅਤੇ ਆਜ਼ਾਦ ਉਮੀਦਵਾਰ ਨੇ ਜਿੱਤੀ ਸੀ। ਇਸ ਵਾਰ ਹਾਲਾਤ ਬਦਲ ਗਏ ਹਨ।

ਤੇਲੰਗਾਨਾ ਦੀ ਚੁਣੌਤੀ : ਤੇਲੰਗਾਨਾ ਇਕ ਸਿਆਸੀ ਪਰਿਵਰਤਨ ’ਚੋਂ ਲੰਘ ਰਿਹਾ ਹੈ। ਸੂਬੇ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਿਆਸਤ ’ਤੇ ਦਬਦਬਾ ਰੱਖਣ ਵਾਲੀ ਭਾਰਤ ਰਾਸ਼ਟਰ ਸਮਿਤੀ (ਬੀ. ਆਰ. ਐੱਸ.) ਆਪਣਾ ਦਬਦਬਾ ਗੁਆ ਰਹੀ ਹੈ ਅਤੇ ਸੂਬੇ ’ਚ ਕਾਂਗਰਸ ਸੱਤਾ ’ਚ ਵਾਪਸ ਆ ਗਈ ਹੈ। ਬੀ. ਆਰ. ਐੱਸ. ਨੇਤਾ ਰਾਜ ਸ਼ੇਖਰ ਰੈੱਡੀ ਦਾ ਜਾਦੂ ਕੰਮ ਨਹੀਂ ਕਰ ਰਿਹਾ ਹੈ। 2019 ਦੀਆਂ ਚੋਣਾਂ ਵਿਚ ਸੂਬੇ ਦੀਆਂ 17 ਸੀਟਾਂ ਵਿਚੋਂ ਭਾਜਪਾ ਨੂੰ 4, ਕਾਂਗਰਸ ਨੂੰ 3, ਬੀ. ਆਰ. ਐੱਸ. ਨੂੰ 8 ਅਤੇ ਓਵੈਸੀ ਦੀ ਪਾਰਟੀ ਨੂੰ 2 ਸੀਟਾਂ ਮਿਲੀਆਂ ਸਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਜਪਾ ਨੂੰ ਕਰੀਬ 20 ਫੀਸਦੀ, ਕਾਂਗਰਸ ਨੂੰ 30 ਫੀਸਦੀ ਅਤੇ ਬੀ. ਆਰ. ਐੱਸ. ਨੂੰ 44 ਫੀਸਦੀ ਵੋਟਾਂ ਮਿਲੀਆਂ ਸਨ। ਕਾਂਗਰਸ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਸੂਬੇ ਦੇ ਸਿਆਸੀ ਅਤੇ ਸਮਾਜਿਕ ਸਮੀਕਰਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ।

ਕਿੱਧਰ ਜਾਵੇਗਾ ਆਂਧਰਾ : ਆਂਧਰਾ ’ਚ ਭਾਜਪਾ ਅਤੇ ਕਾਂਗਰਸ ਦੋਵਾਂ ਦਾ ਕੋਈ ਖਾਸ ਵਜੂਦ ਨਹੀਂ ਬਚਿਆ ਹੈ। ਸੂਬੇ ’ਚ 2 ਮਜ਼ਬੂਤ ਖੇਤਰੀ ਪਾਰਟੀਆਂ ਹਨ। ਸੱਤਾਧਾਰੀ ਵਾਈ. ਐੱਸ. ਆਰ. ਕਾਂਗਰਸ ਅਤੇ ਵਿਰੋਧੀ ਧਿਰ ਤੇਲਗੂ ਦੇਸ਼ਮ। 2019 ਦੀਆਂ ਲੋਕ ਸਭਾ ਚੋਣਾਂ ’ਚ ਵਾਈ. ਐੱਸ. ਆਰ. ਕਾਂਗਰਸ ਨੂੰ 50 ਫੀਸਦੀ ਵੋਟਾਂ ਅਤੇ ਸੂਬੇ ਦੀਆਂ 25 ਸੀਟਾਂ ’ਚੋਂ 22 ਅਤੇ ਤੇਲਗੂ ਦੇਸ਼ਮ ਨੂੰ 40 ਫੀਸਦੀ ਵੋਟਾਂ ਅਤੇ 3 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ ਇਕ ਫੀਸਦੀ ਤੋਂ ਕੁੱਝ ਵੱਧ ਅਤੇ ਭਾਜਪਾ ਨੂੰ ਇਕ ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਸਨ। ਇਸ ਵਾਰ ਭਾਜਪਾ, ਤੇਲਗੂ ਦੇਸ਼ਮ ਅਤੇ ਅਦਾਕਾਰ ਪਵਨ ਕਲਿਆਣ ਦੀ ਜਨ ਸੈਨਾ ਪਾਰਟੀ ਦਰਮਿਆਨ ਸਮਝੌਤਾ ਹੋ ਗਿਆ ਹੈ। ਭਾਜਪਾ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ। ਸਮਝੌਤੇ ਮੁਤਾਬਕ ਟੀ. ਡੀ. ਪੀ. 17, ਭਾਜਪਾ 6 ਅਤੇ ਜਨ ਸੈਨਾ 2 ਸੀਟਾਂ ’ਤੇ ਲੜੇਗੀ।

ਕਾਂਗਰਸ ਨੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਭੈਣ ਸ਼ਰਮੀਲਾ ਰੈੱਡੀ ਨੂੰ ਪਾਰਟੀ ਪ੍ਰਧਾਨ ਬਣਾ ਕੇ ਆਪਣੀ ਗੁਆਚੀ ਤਾਕਤ ਨੂੰ ਫਿਰ ਤੋਂ ਹਾਸਲ ਕਰਨ ਦਾ ਦਾਅ ਖੇਡਿਆ ਹੈ।

ਭਾਜਪਾ ਦਾ ਇਸਾਈ ਦਾਅ : ਕੇਰਲ ’ਚ ਪੈਰ ਜਮਾਉਣ ਦੀ ਕੋਸ਼ਿਸ਼ ਭਾਜਪਾ ਲੰਬੇ ਸਮੇਂ ਤੋਂ ਕਰ ਰਹੀ ਹੈ। ਸੂਬੇ ਦੀ ਆਬਾਦੀ ’ਚ ਤਕਰੀਬਨ 51 ਫੀਸਦੀ ਹਿੰਦੂ, 49 ਫੀਸਦੀ ਇਸਾਈ ਅਤੇ ਮੁਸਲਮਾਨ ਹਨ। ਮੁਸਲਮਾਨ ਆਮ ਤੌਰ ’ਤੇ ਕਾਂਗਰਸ ਅਤੇ ਇਸਾਈ ਖੱਬੇ ਮੋਰਚੇ ਨਾਲ ਹਨ। ਇਸ ਕਾਰਨ ਭਾਜਪਾ ਨੂੰ ਚੋਣਾਂ ’ਚ ਕੋਈ ਕਾਮਯਾਬੀ ਹੁਣ ਤੱਕ ਨਹੀਂ ਮਿਲੀ ਹੈ। ਕੁੱਝ ਦਿਨ ਪਹਿਲਾਂ ਭਾਜਪਾ ਨੇ ਕੇਰਲ ’ਚ ਕਾਂਗਰਸ ਦੇ ਵੱਡੇ ਆਗੂ ਏ. ਕੇ. ਐਂਟਨੀ ਦੇ ਬੇਟੇ ਅਨਿਲ ਐਂਟਨੀ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਪਾਰਟੀ ਦੇ ਆਧਾਰ ਨੂੰ ਵਧਾਉਣ ਦੀ ਪਹਿਲ ਸ਼ੁਰੂ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸਾਈਆਂ ਦੇ ਕੁੱਝ ਪਾਦਰੀਆਂ ਨਾਲ ਦਿੱਲੀ ’ਚ ਮੁਲਾਕਾਤ ਕੀਤੀ। ਇਸ ਨਾਲ ਇਸਾਈਆਂ ਨੂੰ ਪਾਰਟੀ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਸੂਬੇ ਦੇ ਸੀਰੀਅਨ ਇਸਾਈਆਂ ਨੂੰ ਨਾਲ ਲੈ ਕੇ ਵੱਡਾ ਦਾਅ ਖੇਡਣ ਦੀ ਤਿਆਰੀ ’ਚ ਹੈ।

ਤਮਿਲ ਗੌਰਵ : ਤਾਮਿਲਨਾਡੂ ਹੁਣ ਵੀ ਭਾਜਪਾ ਲਈ ਅਜੇਤੂ ਕਿਲਾ ਬਣਿਆ ਹੋਇਆ ਹੈ। ਉਮੀਦ ਦੇ ਉਲਟ ਭਾਜਪਾ ਅਤੇ ਏ. ਆਈ. ਡੀ. ਐੱਮ. ਕੇ. ਪਾਰਟੀ ਦਰਮਿਆਨ ਸਮਝੌਤਾ ਨਹੀਂ ਹੋ ਰਿਹਾ ਹੈ। ਦੂਜੇ ਪਾਸੇ ਮਸ਼ਹੂਰ ਅਦਾਕਾਰ ਕਮਲ ਹਾਸਨ ਨੇ ਸੂਬੇ ’ਚ ਸੱਤਾਧਾਰੀ ਡੀ. ਐੱਮ. ਕੇ. ਅਤੇ ਕਾਂਗਰਸ ਗੱਠਜੋੜ ਨਾਲ ਹੱਥ ਮਿਲਾ ਲਿਆ ਹੈ। ਸਮਝੌਤੇ ਮੁਤਾਬਕ ਕਾਂਗਰਸ ਤਾਮਿਲਨਾਡੂ ਦੀਆਂ 9 ਅਤੇ ਪੁੱਡੂਚੇਰੀ ਦੀ 1 ਸੀਟ ’ਤੇ ਲੜੇਗੀ। ਦੱਖਣ ਦੀਆਂ 130 ਸੀਟਾਂ ’ਚੋਂ ਪਿਛਲੀਆਂ ਚੋਣਾਂ ’ਚ ਜਿੱਤੀਆਂ ਹੋਈਆਂ 29 ਸੀਟਾਂ ਭਾਜਪਾ ਬਚਾਅ ਲਵੇ ਤਾਂ ਵੱਡੀ ਗੱਲ ਹੋਵੇਗੀ। 400 ਪਾਰ ਜਾਣ ਦੀ ਭਾਜਪਾ ਦੀ ਮੁਹਿੰਮ ’ਚ ਦੱਖਣ ਦਾ ਸਾਥ ਮਿਲਦਾ ਦਿਖਾਈ ਨਹੀਂ ਦੇ ਰਿਹਾ ਹੈ।

ਸ਼ੈਲੇਸ਼ ਕੁਮਾਰ


Rakesh

Content Editor

Related News