ਸੌਫੀਆ ਕੁਰੈਸ਼ੀ ਅਤੇ ਵਿਓਮਿਕਾ ਸਿੰਘ : ਭਾਰਤੀ ਬੇਟੀਆਂ ਦੀ ਲਲਕਾਰ
Tuesday, May 13, 2025 - 05:23 PM (IST)

ਸੋਫੀਆ ਕੁਰੈਸ਼ੀ ਅਤੇ ਵਿਓਮਿਕਾ ਸਿੰਘ। ਇਹ ਦੋ ਨਾਂ ਹਨ ਜਿਨ੍ਹਾਂ ਨੂੰ ਫੌਜ ਨੇ ਆਪਣੀਆਂ ਪ੍ਰੈੱਸ ਕਾਨਫਰੰਸਾਂ ਵਿਚ ਵੱਡੀ ਭੂਮਿਕਾ ਦਿੱਤੀ। ਇਹ ਦੋਵੇਂ ਔਰਤਾਂ ਭਾਰਤੀ ਫੌਜ ਵਿਚ ਸੀਨੀਅਰ ਅਧਿਕਾਰੀ ਹਨ। ਸੋਫੀਆ ਦੇ ਲੋਕ ਪੀੜ੍ਹੀਆਂ ਤੋਂ ਫੌਜ ਵਿਚ ਹਨ। ਉਸ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਧੀ ’ਤੇ ਮਾਣ ਹੈ। ਪਾਕਿਸਤਾਨ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਵਿਓਮਿਕਾ ਦੇ ਪਰਿਵਾਰ ਵਿਚੋਂ ਕੋਈ ਵੀ ਫੌਜ ਵਿਚ ਨਹੀਂ ਸੀ ਪਰ ਕਿਹਾ ਜਾਂਦਾ ਹੈ ਕਿ ਉਹ ਬਚਪਨ ਤੋਂ ਹੀ ਹਵਾਈ ਸੈਨਾ ਵਿਚ ਸ਼ਾਮਲ ਹੋਣਾ ਚਾਹੁੰਦੀ ਸੀ। ਜਦੋਂ ਫੌਜ ਵਿਚ ਔਰਤਾਂ ਨੂੰ ਸਥਾਈ ਕਮਿਸ਼ਨ ਦੇਣ ਦੀ ਗੱਲ ਆਈ ਤਾਂ ਸੁਪਰੀਮ ਕੋਰਟ ਨੇ ਵੀ ਸੋਫੀਆ ਕੁਰੈਸ਼ੀ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਸੋਫੀਆ ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਵੀ ਕੀਤੀ ਹੈ। ਤੁਹਾਨੂੰ ਯਾਦ ਹੋਵੇਗਾ ਕਿ ਇਕ ਸਮੇਂ ਭਾਰਤ ਵਿਚ ਔਰਤਾਂ ਨੂੰ ਫੌਜ ਵਿਚ ਭਰਤੀ ਨਹੀਂ ਕੀਤਾ ਜਾਂਦਾ ਸੀ। ਵੱਧ ਤੋਂ ਵੱਧ ਉਹ ਡਾਕਟਰ ਜਾਂ ਨਰਸ ਦੀ ਭੂਮਿਕਾ ਵਿਚ ਹੁੰਦੀਆਂ। ਉਦੋਂ ਉਹ ਲੜਾਕੂ ਜਹਾਜ਼ ਨਹੀਂ ਉਡਾਉਂਦੀਆਂ ਸਨ। ਨਾ ਹੀ ਥਲ ਸੈਨਾ ’ਚ ਉਨ੍ਹਾਂ ਦੀ ਕੋਈ ਥਾਂ ਸੀ। ਕੋਈ ਮੰਨੇ ਜਾਂ ਨਾ ਮੰਨੇ, ਜਦੋਂ ਤੋਂ ਨਰਿੰਦਰ ਮੋਦੀ ਸੱਤਾ ਵਿਚ ਆਏ ਹਨ, ਉਨ੍ਹਾਂ ਨੇ ਔਰਤਾਂ ਨੂੰ ਰਣਨੀਤਕ ਅਤੇ ਮਹੱਤਵਪੂਰਨ ਭੂਮਿਕਾਵਾਂ ਦੇਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ, ਭਾਵੇਂ ਉਹ ਰਾਜਨੀਤਿਕ ਹੋਵੇ ਜਾਂ ਸਮਾਜਿਕ। ਉਨ੍ਹਾਂ ਨੇ ਹਮੇਸ਼ਾ ਭਾਰਤ ਦੀ ਨਾਰੀ ਸ਼ਕਤੀ ਨੂੰ ਸੈਲੀਬ੍ਰੇਟ ਵੀ ਕੀਤਾ ਹੈ। ਬਦਲੇ ਵਿਚ ਔਰਤਾਂ ਨੇ ਹਮੇਸ਼ਾ ਉਨ੍ਹਾਂ ਦੀ ਝੋਲੀ ਨੂੰ ਵੋਟਾਂ ਨਾਲ ਭਰਿਆ ਹੈ। ਮਹਿਲਾ ਰਾਖਵਾਂਕਰਨ ਬਿੱਲ ਦਹਾਕਿਆਂ ਤੋਂ ਸੰਸਦ ਵਿਚ ਲਟਕਿਆ ਹੋਇਆ ਸੀ। ਉਸ ਨੂੰ ਕਦੇ ਵੀ ਕਿਸੇ ਨਾ ਕਿਸੇ ਬਹਾਨੇ ਚਰਚਾ ਵਿਚ ਨਹੀਂ ਲਿਆਂਦਾ ਗਿਆ ਪਰ ਸਰਕਾਰ ਦੇ ਯਤਨਾਂ ਸਦਕਾ ਇਸ ਨੂੰ ਪਾਸ ਕੀਤਾ ਜਾ ਸਕਿਆ।
ਪਿਛਲੀ ਦਿਨੀਂ ਮੈਂ ਅਫਗਾਨਿਸਤਾਨ ਵੀ ਇਕ ਵੀਡੀਓ ਦੇਖ ਰਹੀ ਸੀ। ਜਿਸ ਵਿਚ ਇਕ ਆਦਮੀ ਪਾਕਿਸਤਾਨ ਦਾ ਇਹ ਕਹਿ ਕੇ ਮਜ਼ਾਕ ਉਡਾ ਰਿਹਾ ਸੀ ਕਿ ਤੁਸੀਂ ਭਾਰਤ ਦਾ ਕੀ ਕਰ ਲਵੋਗੇ। ਉੱਥੋਂ ਦੀਆਂ ਤਾਂ ਔਰਤਾਂ ਨੇ ਹੀ ਤੁਹਾਨੂੰ ਹਰਾ ਦਿੱਤਾ। ਹਾਲਾਂਕਿ, ਇਸ ਮਜ਼ਾਕ ਦਾ ਇਹ ਵੀ ਮਤਲਬ ਹੈ ਕਿ ਔਰਤਾਂ ਸਿਰਫ਼ ਖਾਣਾ ਪਕਾਉਣ ਲਈ ਹਨ, ਜੰਗ ਦੇ ਮੈਦਾਨ ਵਿਚ ਨਹੀਂ। ਜਦੋਂ ਕਿ ਅਸਲੀਅਤ ਵਿਚ ਔਰਤਾਂ ਘਰ ਸੰਭਾਲ ਸਕਦੀਆਂ ਹਨ, ਬੱਚਿਆਂ ਦੀ ਪਰਵਰਿਸ਼ ਕਰ ਸਕਦੀਆਂ ਹਨ, ਉਨ੍ਹਾਂ ਨੂੰ ਜਨਮ ਦੇ ਸਕਦੀਆਂ ਹਨ, ਕੰਮ ਵੀ ਕਰ ਸਕਦੀਆਂ ਹਨ, ਅਦਾਕਾਰੀ ਦੇ ਖੇਤਰ ਵਿਚ ਆਪਣਾ ਨਾਂ ਕਮਾ ਸਕਦੀਆਂ ਹਨ ਅਤੇ ਜੰਗ ਦੇ ਮੋਰਚੇ ’ਤੇ ਵੀ ਸਫਲ ਹੋ ਸਕਦੀਆਂ ਹਨ।
ਸਾਡੇ ਦੇਸ਼ ਵਿਚ ਇੰਦਰਾ ਗਾਂਧੀ 1966 ਵਿਚ ਪ੍ਰਧਾਨ ਮੰਤਰੀ ਬਣੀ। ਜਦੋਂ ਕਿ ਅਮਰੀਕਾ, ਜੋ ਦੁਨੀਆ ਨੂੰ ਲੋਕਤੰਤਰ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਸਬਕ ਸਿਖਾਉਂਦਾ ਹੈ, ਵਿਚ ਅੱਜ ਤੱਕ ਕਦੇ ਵੀ ਕੋਈ ਔਰਤ ਰਾਸ਼ਟਰਪਤੀ ਨਹੀਂ ਬਣੀ। ਦਰਅਸਲ, ਉੱਥੋਂ ਦੀਆਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨ ਲਈ 70 ਸਾਲ ਸੰਘਰਸ਼ ਕਰਨਾ ਪਿਆ। ਸਾਨੂੰ ਇੱਥੇ ਅਜਿਹਾ ਕੁਝ ਨਹੀਂ ਕਰਨਾ ਪਿਆ। ਆਜ਼ਾਦੀ ਸੰਗਰਾਮ ਦੇ ਨਾਇਕਾਂ ਨੇ ਬਹੁਤ ਪਹਿਲਾਂ ਹੀ ਔਰਤਾਂ ਦੀ ਸ਼ਕਤੀ ਨੂੰ ਪਛਾਣ ਲਿਆ ਸੀ।
ਅੱਜ ਭਾਰਤ ਵਿਚ ਔਰਤਾਂ ਦੀ ਤਰੱਕੀ ਦੀ ਰਫਤਾਰ ਬਹੁਤ ਤੇਜ਼ ਹੈ। ਜਿਸ ਵੱਡੇ ਮੀਡੀਆ ਹਾਊਸ ਵਿਚ ਇਸ ਲੇਖਿਕਾ ਨੇ ਸਾਰੀ ਉਮਰ ਕੰਮ ਕੀਤਾ, ਉਥੇ ਜਦੋਂ ਉਸ ਨੇ ਆਪਣੀ ਨੌਕਰੀ ਸ਼ੁਰੂ ਕੀਤੀ, ਉਦੋਂ ਉੱਥੇ ਬਹੁਤ ਘੱਟ ਔਰਤਾਂ ਸਨ ਅਤੇ ਜਦੋਂ ਮੈਂ ਉੱਥੋਂ ਮੁਕਤ ਹੋਈ ਤਾਂ ਵੱਖ-ਵੱਖ ਵਿਭਾਗਾਂ ਵਿਚ ਅੱਧੀਆਂ ਤੋਂ ਵੱਧ ਔਰਤਾਂ ਮੌਜੂਦ ਸਨ। ਇਹ ਵੀ ਇਕ ਮੌਨ ਇਨਕਲਾਬ ਹੀ ਹੈ। ਇਹ ਉਨ੍ਹਾਂ ਦੇਸ਼ਾਂ ਵਿਚ ਵੀ ਨਹੀਂ ਹੋ ਸਕਦਾ ਜਿੱਥੇ ਔਰਤਾਂ ਦੇ ਅਧਿਕਾਰਾਂ ਦੀ ਜ਼ੋਰਦਾਰ ਵਕਾਲਤ ਕੀਤੀ ਜਾਂਦੀ ਹੈ। ਅੱਜ, ਅਸੀਂ ਹਰ ਜਗ੍ਹਾ ਸਿਰਫ਼ ਔਰਤਾਂ ਹੀ ਦੇਖਦੇ ਹਾਂ, ਬਾਜ਼ਾਰਾਂ ਵਿਚ, ਸੜਕਾਂ ’ਤੇ, ਹਵਾਈ ਜਹਾਜ਼ਾਂ ਵਿਚ, ਰੇਲਗੱਡੀਆਂ ਵਿਚ, ਦਫ਼ਤਰਾਂ ਵਿਚ, ਮੀਡੀਆ ਵਿਚ। ਉਹ ਵੱਡੀਆਂ ਅਤੇ ਛੋਟੀਆਂ ਦੋਵੇਂ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਂਦੀਅਾਂ ਹਨ। ਉਹ ਇਕ ਆਰਥਿਕ ਮਾਹਿਰ ਹਨ। ਉਹ ਸਿਹਤ ਮਾਹਿਰ ਹਨ, ਕਈ ਵੱਡੇ ਕੇਂਦਰਾਂ ਦੀਆਂ ਮੁਖੀਆ ਹਨ। ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ ਸਾਡੀ ਤਾਕਤ ਵੀ ਹੈ।
ਕਈ ਮੋਰਚੇ ਹਨ ਜਿਨ੍ਹਾਂ ’ਤੇ ਔਰਤਾਂ ਲਈ ਹੋਰ ਨੀਤੀਆਂ ਦੀ ਲੋੜ ਹੈ। ਜਿਵੇਂ ਕਿ ਉਨ੍ਹਾਂ ਵਿਰੁੱਧ ਕੀਤੇ ਗਏ ਕਈ ਤਰ੍ਹਾਂ ਦੇ ਅਪਰਾਧ। ਕਈ ਥਾਵਾਂ ’ਤੇ ਉਨ੍ਹਾਂ ਨੂੰ ਸਿੱਖਿਆ ਤੋਂ ਵਾਂਝਾ ਕਰਨਾ। ਛੋਟੇ ਭੈਣਾਂ-ਭਰਾਵਾਂ ਦੀ ਜ਼ਿੰਮੇਵਾਰੀ ਮਾਸੂਮ ਮੋਢਿਆਂ ’ਤੇ ਪਾਉਣਾ। ਛੋਟੀ ਉਮਰ ਵਿਚ ਵਿਆਹ। ਛੋਟੀ ਉਮਰ ਵਿਚ ਮਾਂ ਬਣਨਾ। ਕਈ ਥਾਵਾਂ ’ਤੇ ਲੋੜੀਂਦੀਆਂ ਡਾਕਟਰੀ ਸਹੂਲਤਾਂ ਦੀ ਘਾਟ। ਆਵਾਜਾਈ ਦੇ ਸਾਧਨਾਂ ਦੀ ਘਾਟ। ਕੁੜੀਆਂ ਲਈ ਸਕੂਲ ਛੱਡਣ ਦੀਆਂ ਦਰਾਂ। ਔਰਤਾਂ ਲਈ ਰੋਜ਼ਗਾਰ ਦੇ ਹੋਰ ਮੌਕੇ। ਉਨ੍ਹਾਂ ਲਈ ਬਣੇ ਕਾਨੂੰਨਾਂ ਦੀ ਸਹੀ ਵਰਤੋਂ। ਕਾਨੂੰਨਾਂ ਬਾਰੇ ਜਾਣਕਾਰੀ।
ਹਾਲਾਂਕਿ, ਇਨ੍ਹਾਂ ਮੁੱਦਿਆਂ ’ਤੇ ਸਮਾਜ ਦੀ ਸੋਚ ਬਦਲ ਰਹੀ ਹੈ। ਇਹ ਵਿਚਾਰ ਕਿ ਔਰਤਾਂ ਨੂੰ ਪੜ੍ਹਨਾ, ਲਿਖਣਾ ਅਤੇ ਆਤਮਨਿਰਭਰ ਬਣਨਾ ਚਾਹੀਦਾ ਹੈ, ਹਰ ਪਿੰਡ ਤੱਕ ਪਹੁੰਚ ਗਿਆ ਹੈ। 2001 ਦੀ ਜਨਗਣਨਾ ਵਿਚ ਇਹ ਕਿਹਾ ਗਿਆ ਸੀ ਕਿ ਇਸ ਗੱਲ ’ਤੇ ਸਹਿਮਤੀ ਹੈ ਕਿ ਕੁੜੀਆਂ ਨੂੰ ਸਿੱਖਿਅਤ ਕਰਨਾ ਅਤੇ ਰੋਜ਼ਗਾਰ ਦਿੱਤਾ ਜਾਣਾ ਚਾਹੀਦਾ ਹੈ। ਇਸੇ ਲਈ ਪਿੰਡਾਂ ਅਤੇ ਕਸਬਿਆਂ ਦੀਆਂ ਕੁੜੀਆਂ ਵੱਡੇ ਸ਼ਹਿਰਾਂ ਵੱਲ ਜਾ ਰਹੀਆਂ ਹਨ। ਜੇਕਰ ਉਨ੍ਹਾਂ ਦੇ ਆਲੇ-ਦੁਆਲੇ ਢੁੱਕਵੀਂ ਸਿੱਖਿਆ ਅਤੇ ਰੋਜ਼ਗਾਰ ਸਹੂਲਤਾਂ ਹੋਣ ਤਾਂ ਸ਼ਹਿਰਾਂ ਵੱਲ ਪ੍ਰਵਾਸ ਘਟਾਇਆ ਜਾ ਸਕਦਾ ਹੈ।
ਇਨ੍ਹਾਂ ਦੋ ਔਰਤਾਂ ਨੂੰ ਪੇਸ਼ ਕਰ ਕੇ ਭਾਰਤ ਨੇ ਇਹ ਵੀ ਦਿਖਾਇਆ ਕਿ ਇੱਥੇ ਮਰਦਾਂ ਅਤੇ ਔਰਤਾਂ ਵਿਚ ਕੋਈ ਫਰਕ ਨਹੀਂ ਹੈ। ਫੌਜ ਵਿਚ ਵੀ ਉਨ੍ਹਾਂ ਦੀ ਇਕ ਵੱਡੀ ਭੂਮਿਕਾ ਹੈ। ਇਸ ਤੋਂ ਇਲਾਵਾ, ਦੁਨੀਆ ਦੇ ਸਾਹਮਣੇ ਇਹ ਵੀ ਸਾਬਤ ਕੀਤਾ ਹੈ ਕਿ ਇੱਥੇ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਹੈ। ਜਿਵੇਂ ਕਿ ਪਾਕਿਸਤਾਨ ਵਿਸ਼ਵ ਮੰਚ ’ਤੇ ਪ੍ਰਚਾਰ ਕਰਦਾ ਰਹਿੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਜੰਗ ਨਹੀਂ ਚਾਹੁੰਦਾ ਪਰ ਜੇ ਅਜਿਹਾ ਹੁੰਦਾ ਹੈ ਤਾਂ ਇਸ ਤੋਂ ਬਚਿਆ ਨਹੀਂ ਜਾ ਸਕਦਾ। ਔਰਤਾਂ ਵੀ ਜੰਗ ਵਿਚ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ, ਇਸਦਾ ਸਬੂਤ ਸੋਫੀਆ ਕੁਰੈਸ਼ੀ, ਵਿਓਮਿਕਾ ਸਿੰਘ ਅਤੇ ਉਨ੍ਹਾਂ ਵਰਗੀਆਂ ਸੈਂਕੜੇ ਔਰਤਾਂ ਹਨ।
ਸ਼ਮਾ ਸ਼ਰਮਾ