ਭਾਰਤ ਦੇ ਛੋਟੇ ਬਰਾਮਦਕਾਰ ਕੀ ਕਹਿੰਦੇ ਹਨ ਬਰਾਮਦ ਬਾਰੇ?

Sunday, May 10, 2026 - 05:40 PM (IST)

ਭਾਰਤ ਦੇ ਛੋਟੇ ਬਰਾਮਦਕਾਰ ਕੀ ਕਹਿੰਦੇ ਹਨ ਬਰਾਮਦ ਬਾਰੇ?

ਵਿਸ਼ਵ ਵਪਾਰ ਅੰਕੜਾ ਅਕਸਰ ਸਮੁੱਚੇ ਵਾਧੇ ਦੀ ਝਲਕ ਤਾਂ ਦਿਖਾਉਂਦਾ ਹੈ, ਪਰ ਜ਼ਮੀਨੀ ਪੱਧਰ ਦੀਆਂ ਅਨਿਸ਼ਚਿਤਤਾਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਵਣਜ ਮੰਤਰਾਲੇ ਵੱਲੋਂ ਜਾਰੀ ਭਾਰਤ ਦੇ ਤਾਜ਼ਾ ਵਪਾਰਕ ਅੰਕੜੇ ਉਤਸ਼ਾਹਜਨਕ ਮਜ਼ਬੂਤੀ ਦੀ ਤਸਵੀਰ ਪੇਸ਼ ਕਰਦੇ ਹਨ। 2025-26 ’ਚ ਕੁੱਲ ਬਰਾਮਦ 860.1 ਅਰਬ ਡਾਲਰ ਤੱਕ ਪਹੁੰਚ ਗਈ, ਜੋ ਪਿਛਲੇ ਸਾਲ ਦੇ ਮੁਕਾਬਲੇ ਦਰਮਿਆਨੇ ਉਦਯੋਗਾਂ (ਐੱਸ. ਐੱਮ. ਈ.) ਲਈ ਇਕ ਨਾਜ਼ੁਕ ਸੂਖਮ ਹਕੀਕਤ ਲੁਕੀ ਹੋਈ ਹੈ, ਜੋ ਇਸ ਬਰਾਮਦ ਦਾ ਲਗਭਗ 50 ਫੀਸਦੀ ਹਿੱਸਾ ਹਨ ਅਤੇ ਜ਼ਿਆਦਾਤਰ ਪਰਿਵਾਰਕ ਕਾਰੋਬਾਰ ਹਨ।

ਵਪਾਰ ਵਿਸ਼ਵਾਸ ਸੂਚਕ ਅੰਕ (ਟੀ. ਸੀ. ਆਈ.) 74.3 ਦੇ ਮਜ਼ਬੂਤ ਪੱਧਰ ’ਤੇ ਹੈ, ਜੋ ਨੇੜ ਭਵਿੱਖ ’ਚ ਬਰਾਮਦ ਵਾਧੇ ਬਾਰੇ ਪ੍ਰਬਲ ਆਸ਼ਾਵਾਦ ਦਾ ਸੰਕੇਤ ਦਿੰਦਾ ਹੈ।

ਫਿਰ ਵੀ, ਜੋਖਮਾਂ ਨੂੰ ਵਿਵਸਥਿਤ ਕਰਨ ਵਾਲਾ ਨੈੱਟ ਟਰੇਡ ਕਾਂਫੀਡੈਂਸ ਸਕੋਰ (ਐੱਨ. ਟੀ. ਸੀ. ਐੱਸ.) ਘਟ ਕੇ 56.4 ਰਹਿ ਜਾਂਦਾ ਹੈ। ਇਹ 17.9 ਅੰਕਾਂ ਦਾ ਅੰਤਰ ਇਕ ਤਰ੍ਹਾਂ ਦੇ ‘ਆਤਮਵਿਸ਼ਵਾਸ ਦੇ ਜਾਲ’ ਦਾ ਪ੍ਰਗਟਾਵਾ ਹੈ—ਕੰਪਨੀਆਂ ਆਪਣੀਆਂ ਸਮਰੱਥਾਵਾਂ ’ਤੇ ਤਾਂ ਵਿਸ਼ਵਾਸ ਕਰਦੀਆਂ ਹਨ ਪਰ ਉਸ ਵਾਤਾਵਰਣ ਦੀ ਸਥਿਰਤਾ ’ਤੇ ਨਹੀਂ, ਜਿਸ ’ਚ ਉਹ ਕੰਮ ਕਰਦੀਆਂ ਹਨ।

ਹਾਲਾਂਕਿ, ਭਵਿੱਖਮੁਖੀ ਜੋਖਮ ਸੂਚਕ ਇਕ ਵੱਖਰੀ ਹੀ ਕਹਾਣੀ ਬਿਆਨ ਕਰਦੇ ਹਨ। 40.5 ਦਾ ਜੋਖਮ ਗਤੀ ਸੂਚਕ ਅੰਕ ਸੰਕੇਤ ਦਿੰਦਾ ਹੈ ਕਿ ਸਥਿਤੀਆਂ ਨਾ ਸਿਰਫ਼ ਔਖੀਆਂ ਹਨ, ਸਗੋਂ ਵਿਗੜਦੀਆਂ ਜਾ ਰਹੀਆਂ ਹਨ। ਟੈਰਿਫ ਅਤੇ ਮੁਦਰਾ ਅਸਥਿਰਤਾ ਤੋਂ ਲੈ ਕੇ ਸਪਲਾਈ ਚੇਨ ’ਚ ਵਿਘਨ ਤੱਕ, ਜੋਖਮ ਦੇ ਹਰ ਪ੍ਰਮੁੱਖ ਪਹਿਲੂ ’ਚ ਸਥਿਤੀ ਹੋਰ ਖ਼ਰਾਬ ਹੋ ਰਹੀ ਹੈ। ਭੂ-ਸਿਆਸੀ ਅਸਥਿਰਤਾ ਸਭ ਤੋਂ ਗੰਭੀਰ ਚਿੰਤਾ ਵਜੋਂ ਉਭਰਦੀ ਹੈ, ਨਾ ਕਿ ਇਕ ਅਮੂਰਤ ਖ਼ਤਰੇ ਵਜੋਂ, ਸਗੋਂ ਇਕ ਸੰਚਾਲਨ ਰੁਕਾਵਟ ਵਜੋਂ ਜੋ ਭੁਗਤਾਨ, ਰਸਦ ਅਤੇ ਲਾਭ ਮਾਰਜਨ ਨੂੰ ਪ੍ਰਭਾਵਿਤ ਕਰਦੀ ਹੈ। ਰਿਪੋਰਟ ’ਚ 3 ਵਿਸ਼ੇਸ਼ ‘ਸੰਕਟ ਬਿੰਦੂਆਂ’ ਦੀ ਪਛਾਣ ਕੀਤੀ ਗਈ ਹੈ, ਜੋ ਇਸ ਗਤੀ ਨੂੰ ਪਟੜੀ ਤੋਂ ਉਤਾਰ ਸਕਦੇ ਹਨ-

ਸਭ ਤੋਂ ਪਹਿਲਾਂ, ਇਕਾਗਰਤਾ ਦਾ ਜਾਲ। ਲਘੂ ਅਤੇ ਦਰਮਿਆਨੇ ਉਦਯੋਗ ਬਰਾਮਦਕਾਰਾਂ ’ਚੋਂ ਅੱਧੇ ਤੋਂ ਵੱਧ ਸਿਰਫ 1 ਜਾਂ 2 ਮੰਜ਼ਿਲ ਬਾਜ਼ਾਰਾਂ ’ਤੇ ਨਿਰਭਰ ਹਨ। ਖੰਡਿਤ ਵਪਾਰਕ ਗੁੱਟਾਂ ਅਤੇ ਅਚਾਨਕ ਨੀਤੀਗਤ ਝਟਕਿਆਂ ਦੇ ਇਸ ਦੌਰ ’ਚ, ਇਹ ਪ੍ਰਣਾਲੀਗਤ ਜੋਖਮ ਪੈਦਾ ਕਰਦਾ ਹੈ।

ਦੂਜਾ, ਅਪ੍ਰਤੱਖ ਰੂਪ ’ਚ ਪਿੱਛੇ ਹਟਣਾ। 52 ਫੀਸਦੀ ਤੋਂ ਵੱਧ ਉੱਤਰਦਾਤਾ ਘਰੇਲੂ ਬਾਜ਼ਾਰਾਂ ਵੱਲ ਰੁਖ਼ ਕਰਕੇ ਜਾਂ ਬਰਾਮਦ ਦੀ ਤੀਬਰਤਾ ਘਟਾ ਕੇ ਅੰਤਰਰਾਸ਼ਟਰੀ ਬਾਜ਼ਾਰ ’ਚ ਆਪਣੀ ਮੌਜੂਦਗੀ ਘੱਟ ਕਰਨ ਦੀ ਯੋਜਨਾ ਬਣਾ ਰਹੇ ਹਨ।

ਤੀਜਾ, ਪਰਿਵਾਰਕ ਵੰਡ। ਐੱਸ. ਐੱਮ. ਈ. ਪਰਿਵਾਰਕ ਕਾਰੋਬਾਰਾਂ ’ਚ, ਬਾਹਰੀ ਅਨਿਸ਼ਚਿਤਤਾ ਅੰਦਰੂਨੀ ਸ਼ਾਸਨ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਅੰਤਰਰਾਸ਼ਟਰੀਕਰਨ ਨੂੰ ਲੈ ਕੇ ਪਰਿਵਾਰ ਦੇ ਅੰਦਰ ਮਤਭੇਦ ਵਿਆਪਕ ਆਰਥਿਕ ਜੋਖਮਾਂ ਤੋਂ ਵੀ ਤੇਜ਼ੀ ਨਾਲ ਵਧ ਰਹੇ ਹਨ।

ਅਸੀਂ ਜਿੱਥੇ ਇਕ ਪਾਸੇ ਵਿਸ਼ਾਲ ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏ.) ’ਤੇ ਦਸਤਖ਼ਤ ਦਾ ਜਸ਼ਨ ਮਨਾ ਰਹੇ ਹਾਂ, ਉੱਥੇ ਹੀ ਜ਼ਮੀਨੀ ਹਕੀਕਤ ਘੋਰ ਅਗਿਆਨਤਾ ਦੀ ਹੈ : 57.1 ਫੀਸਦੀ ਐੱਸ. ਐੱਮ. ਈ. ਐੱਫ. ਟੀ. ਏ. ਦੀ ਵਰਤੋਂ ਨਹੀਂ ਕਰਦੇ ਅਤੇ ਉਨ੍ਹਾਂ ’ਚੋਂ 68.1 ਫੀਸਦੀ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਅਜਿਹੇ ਸਮਝੌਤੇ ਮੌਜੂਦ ਹਨ। ਇਹ ਨੀਤੀ ਨਿਰਮਾਣ ਦੀ ਨਹੀਂ, ਸਗੋਂ ਨੀਤੀ ਦੇ ਪ੍ਰਸਾਰ ਦੀ ਅਸਫਲਤਾ ਹੈ।

62 ਫੀਸਦੀ ਤੋਂ ਵੱਧ ਉੱਤਰਦਾਤਾਵਾਂ ਨੇ ਹਮਲਾਵਰ ਟੈਰਿਫ ਨੀਤੀਆਂ ਨੂੰ ਇਕ ਵੱਡਾ ਖ਼ਤਰਾ ਦੱਸਿਆ ਹੈ, ਜਿਸ ਨਾਲ ਕੁਝ ਹੀ ਬਾਜ਼ਾਰਾਂ ’ਤੇ ਨਿਰਭਰਤਾ ਇਕ ਘਾਤਕ ਜਾਲ ਬਣ ਜਾਂਦੀ ਹੈ। ਰਾਹਤ ਵਰਗੀਆਂ ਯੋਜਨਾਵਾਂ ਅਸਥਾਈ ਤੌਰ ’ਤੇ ਰਾਹਤ ਪ੍ਰਦਾਨ ਕਰ ਰਹੀਆਂ ਹਨ ਪਰ ਸੰਰਚਨਾਤਮਕ ਸਮੱਸਿਆ ਦਾ ਹੱਲ ਨਹੀਂ ਕਰਦੀਆਂ। 36 ਫੀਸਦੀ ਤੋਂ ਵੱਧ ਫਰਮਾਂ ਨੇ ਬਰਾਮਦ ਵਿੱਤ ਪ੍ਰਾਪਤ ਕਰਨ ’ਚ ਮੁਸ਼ਕਲ ਦੀ ਰਿਪੋਰਟ ਦਿੱਤੀ ਹੈ, ਜਦੋਂ ਕਿ ਸੁਧਾਰ ਦੀਆਂ ਉਮੀਦਾਂ ਅਜੇ ਵੀ ਬਹੁਤ ਜ਼ਿਆਦਾ ਹਨ।

ਨੀਤੀ ਨੂੰ ਬਰਾਮਦ ਨੂੰ ਹੁਲਾਰਾ ਦੇਣ ਤੋਂ ਅੱਗੇ ਵਧ ਕੇ ਬਰਾਮਦਕਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਵੱਲ ਵਿਕਸਿਤ ਹੋਣਾ ਚਾਹੀਦਾ ਹੈ, ਨਾਲ ਹੀ ਪਰਿਵਾਰਕ ਕਾਰੋਬਾਰਾਂ ਦੀਆਂ ਸੂਖਮ ਚਿੰਤਾਵਾਂ ਦਾ ਹੱਲ ਵੀ ਕਰਨਾ ਚਾਹੀਦਾ ਹੈ। ਸਾਨੂੰ ਸਿਰਫ਼ ਵਿੱਤੀ ਉਤਸ਼ਾਹਾਂ ਤੋਂ ਕਿਤੇ ਵੱਧ ਦੀ ਲੋੜ ਹੈ, ਸਾਨੂੰ ਲਘੂ ਅਤੇ ਦਰਮਿਆਨੇ ਉਦਯੋਗਾਂ ਲਈ ਇਕ ‘ਭੂ-ਸਿਆਸੀ ਸਲਾਹਕਾਰ’ ਦੀ ਲੋੜ ਹੈ, ਜੋ ਬਾਜ਼ਾਰ ਸੰਬੰਧੀ ਜਾਣਕਾਰੀ ਪ੍ਰਦਾਨ ਕਰੇ, ਉਨ੍ਹਾਂ ਨੂੰ ਐੱਫ. ਟੀ. ਏ. ਦੇ ਅਨੁਪਾਲਣ ’ਚ ਮਾਰਗਦਰਸ਼ਨ ਦੇਵੇ, ਵਪਾਰਕ ਵਿੱਤ ਅਤੇ ਜੋਖਮ ਘਟਾਉਣ ਵਾਲੇ ਸਾਧਨਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਮਜ਼ਬੂਤ ਕਰੇ ਅਤੇ ਪਰਿਵਾਰਕ ਬੋਰਡਾਂ ਦੇ ਅੰਦਰ ਪੀੜ੍ਹੀਗਤ ਫਰਕ ਨੂੰ ਪੂਰਨ ’ਚ ਮਦਦ ਕਰੇ।

ਇਨ੍ਹਾਂ ਤੋਂ ਬਿਨਾਂ, ਆਸ਼ਾਵਾਦ ਅਤੇ ਹਕੀਕਤ ਵਿਚਾਲੇ 17.9 ਅੰਕਾਂ ਦਾ ਫਰਕ ਅੰਤ ’ਚ ਘੱਟ ਹੋ ਜਾਵੇਗਾ। ਜੋਖਮ ’ਚ ਕਮੀ ਦੇ ਕਾਰਨ ਨਹੀਂ, ਸਗੋਂ ਤੇਜ਼ੀ ਨਾਲ ਖੰਡਿਤ ਹੋ ਰਹੀ ਦੁਨੀਆ ਦੇ ਬੋਝ ਹੇਠ ਵਿਸ਼ਵਾਸ ਦੇ ਢਹਿ ਜਾਣ ਦੇ ਕਾਰਨ।

—ਤੁਲਸੀ ਜੈਕੁਮਾਰ

(‘ਮਿੰਟ’ ਤੋਂ ਧੰਨਵਾਦ ਸਹਿਤ)


author

Anmol Tagra

Content Editor

Related News