ਕੁਝ ਪੁਲਸ ਕਰਮਚਾਰੀਆਂ ਦਾ ਅਪਰਾਧਾਂ ’ਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ!
Wednesday, Aug 12, 2026 - 03:29 AM (IST)
ਇਹ ਤ੍ਰਾਸਦੀ ਹੀ ਹੈ ਕਿ ਅਪਰਾਧਾਂ ਅਤੇ ਅਪਰਾਧੀਆਂ ’ਤੇ ਰੋਕ ਲਗਾਉਣ ਲਈ ਜ਼ਿੰਮੇਵਾਰ ਪੁਲਸ ਬਲਾਂ ਦੇ ਕੁਝ ਮੈਂਬਰ ਖ਼ੁਦ ਅਪਰਾਧਾਂ ’ਚ ਸ਼ਾਮਲ ਹੋ ਕੇ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਿਨ੍ਹਾਂ ਦੀਆਂ ਸਿਰਫ਼ ਲੱਗਭਗ 7 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 8 ਜਨਵਰੀ ਨੂੰ ‘ਚੁਰੂ’ (ਰਾਜਸਥਾਨ) ’ਚ ਇਕ ਮੁਅੱਤਲ ਮਹਿਲਾ ਕਾਂਸਟੇਬਲ ਨੇ ਇਕ ਸਾਬਕਾ ਐੱਸ. ਐੱਚ. ਓ., 2 ਹੋਰ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਇਕ ਸਾਥੀ ’ਤੇ ਉਸ ਦੇ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਅਨੁਸਾਰ ਉਸ ਦਾ ਯੌਨ ਸ਼ੋਸ਼ਣ ਲੰਬੇ ਸਮੇਂ ਤੋਂ ਡਿਊਟੀ ਦੇ ਬਹਾਨੇ ਕਦੇ ਹੋਟਲ ਅਤੇ ਕਦੇ ਸਰਕਾਰੀ ਕੁਆਰਟਰ ’ਚ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਕੀਤਾ ਗਿਆ।
* 7 ਜੂਨ ਨੂੰ ‘ਕਾਂਚੀਪੁਰਮ’ (ਤਾਮਿਲਨਾਡੂ) ’ਚ ਸਰਗਰਮ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਕੇ ਪੁਲਸ ਨੇ ‘ਸ਼੍ਰੀਪੇਰੰਬੁਦੂਰ’ ਥਾਣੇ ’ਚ ਤਾਇਨਾਤ ਇਕ ਪੁਲਸ ਕਾਂਸਟੇਬਲ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ 60 ਤੋਂ ਵੱਧ ਵਾਹਨ ਬਰਾਮਦ ਕੀਤੇ।
* 15 ਜੂਨ ਨੂੰ ‘ਬੇਲਗਾਵੀ’ (ਕਰਨਾਟਕ) ’ਚ ਪੁਲਸ ਨੇ ਆਪਣੇ ਹੀ ਵਿਭਾਗ ਦੇ 4 ਕਰਮਚਾਰੀਆਂ ਸਮੇਤ 7 ਲੋਕਾਂ ਨੂੰ ਚੋਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
* 28 ਜੂਨ ਨੂੰ ‘ਈਟਾਨਗਰ’ (ਅਰੁਣਾਚਲ ਪ੍ਰਦੇਸ਼) ’ਚ 13 ਲੱਖ ਰੁਪਏ ਦੀ ਡਕੈਤੀ ਅਤੇ ਲੁੱਟ ’ਚ ਸ਼ਾਮਲ ਇਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਅਤੇ ਉਸ ਦੇ ਸਾਥੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ।
* 6 ਜੁਲਾਈ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ‘ਪੇਪਰ ਮਿੱਲ ਪੁਲਸ ਚੌਕੀ’ ਦੇ ਇਕ ਸਬ-ਇੰਸਪੈਕਟਰ ਵੱਲੋਂ ਜਬਰ-ਜ਼ਨਾਹ ਦੇ ਇਕ ਦੋਸ਼ੀ ਦਾ ਐੱਫ.ਆਈ.ਆਰ. ’ਚੋਂ ਨਾਂ ਹਟਾਉਣ ਬਦਲੇ ਉਸ ਤੋਂ 2 ਲੱਖ ਰੁਪਏ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬ-ਇੰਸਪੈਕਟਰ ਵਿਰੁੱਧ ਕੇਸ ਦਰਜ ਕੀਤਾ ਗਿਆ।
* 18 ਜੁਲਾਈ ਨੂੰ ਪੰਜਾਬ ਪੁਲਸ ਨੇ ‘ਟਾਂਡਾ’ ਥਾਣੇ ਦੇ ਮੁਅੱਤਲ ਇੰਚਾਰਜ (ਐੱਸ. ਐੱਚ. ਓ.) ‘ਗੁਰਿੰਦਰਜੀਤ ਸਿੰਘ ਨਾਗਰਾ’ ਨੂੰ ਜੇਲ ’ਚ ਬੰਦ ਇਕ ਗੈਂਗਸਟਰ ਦੇ ਇਸ਼ਾਰੇ ’ਤੇ ਅਮਰੀਕਾ ’ਚ ਰਹਿ ਰਹੇ ਇਕ ਪਰਿਵਾਰ ਨੂੰ ਕਤਲ ਦੇ ਇਕ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਉਸ ਤੋਂ 16 ਲੱਖ ਰੁਪਏ ਵਸੂਲ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
* 24 ਜੁਲਾਈ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਇਕ ਨਾਬਾਲਗ ਲੜਕੀ ਦਾ ਅਗਵਾ ਕਰਨ ਤੋਂ ਬਾਅਦ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਸੂਬਾਈ ਪੁਲਸ ਦੇ ‘ਵਿਸ਼ੇਸ਼ ਹਥਿਆਰਬੰਦ ਬਲ’ ਦੇ 2 ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 28 ਜੁਲਾਈ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਸੂਬੇ ਦੇ ਡੀ. ਜੀ. ਪੀ. ਨੇ ਜਾਣਕਾਰੀ ਦਿੱਤੀ ਕਿ ‘ਬੈਂਗਲੁਰੂ’ ’ਚ 7 ਕਰੋੜ ਰੁਪਏ ਦੀ ਵੱਡੀ ਡਕੈਤੀ ’ਚ ਕੁਝ ਪੁਲਸ ਕਰਮਚਾਰੀ ਸ਼ਾਮਲ ਪਾਏ ਜਾਣ ਤੋਂ ਬਾਅਦ ਪੁਲਸ ਵਿਭਾਗ ਨੇ ਸਮਾਜ-ਵਿਰੋਧੀ ਤੱਤਾਂ ਨਾਲ ਮਿਲੇ ਹੋਏ ਪੁਲਸ ਕਰਮਚਾਰੀਆਂ ਵਿਰੁੱਧ ਸਜ਼ਾਯੋਗ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
* 4 ਅਗਸਤ ਨੂੰ ‘ਚੰਡੀਗੜ੍ਹ’ ’ਚ ਕੇਂਦਰੀ ਜਾਂਚ ਬਿਊਰੋ (ਸੀ. ਬੀ.ਆਈ.) ਨੇ ਚੰਡੀਗੜ੍ਹ ਪੁਲਸ ਦੇ ਇਕ ਚੌਕੀ ਇੰਚਾਰਜ ਇੰਸਪੈਕਟਰ ‘ਸੁਰੇਸ਼ ਕੁਮਾਰ’ ਅਤੇ ਏ. ਐੱਸ. ਆਈ. ‘ਭਗਤ ਸਿੰਘ’ ਨੂੰ ਇਕ ਮਾਮਲੇ ’ਚ ਐੱਫ. ਆਈ. ਆਰ. ਦਰਜ ਕਰਨ ਦੇ ਬਦਲੇ 2.50 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ।
* 5 ਅਗਸਤ ਨੂੰ ‘ਫਰੀਦਾਬਾਦ’ ਪੁਲਸ ਨੇ ਜੂਏ ’ਚ 6-7 ਲੱਖ ਰੁਪਏ ਹਾਰਨ ਤੋਂ ਬਾਅਦ ਰਕਮ ਦੀ ਪੂਰਤੀ ਕਰਨ ਲਈ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ 2 ਬੈਂਕਾਂ ਦੇ ਏ. ਟੀ. ਐੱਮ. ਤੋੜ ਕੇ 12.24 ਲੱਖ ਰੁਪਏ ਲੁੱਟਣ ਦੇ ਸਿਲਸਿਲੇ ’ਚ ਦਿੱਲੀ ਪੁਲਸ ਵਿਚ ਕਾਂਸਟੇਬਲ ‘ਹੁਕਮ ਚੰਦ’ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।
* ਅਤੇ ਹੁਣ 10 ਅਗਸਤ ਨੂੰ ‘ਗੁਰੂਹਰਸਹਾਏ’ (ਪੰਜਾਬ) ਦੇ ਥਾਣੇ ’ਚ ਤਾਇਨਾਤ ਸਿਪਾਹੀ ‘ਏਕਜੋਤ’ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਹੀ ਥਾਣੇ ਤੋਂ ਲੱਗਭਗ 12 ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦੇ ਦੋਸ਼ ’ਚ ‘ਜਸਪ੍ਰੀਤ’ ਅਤੇ ‘ਲਵੇਸ਼’ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਪੁਲਸ ਵਿਭਾਗ ’ਚ ਪਾਰਦਰਸ਼ਤਾ ਦੀ ਘਾਟ ਅਤੇ ਜ਼ਿੰਮੇਵਾਰੀ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਸਾਬਤ ਕਰਦਾ ਹੈ ਕਿ ਦੇਸ਼ ’ਚ ਕਾਨੂੰਨ-ਵਿਵਸਥਾ ਲਾਗੂ ਕਰਨ ਵਾਲੀ ਮਸ਼ੀਨਰੀ ਨੂੰ ਕੁਝ ਭ੍ਰਿਸ਼ਟ ਅਤੇ ਅਨੁਸ਼ਾਸਨਹੀਣ ਪੁਲਸ ਕਰਮਚਾਰੀ ਘੁਣ ਵਾਂਗ ਖੋਖਲਾ ਅਤੇ ਪੁਲਸ ਦੀ ਦਿਖ ਨੂੰ ਦਾਗਦਾਰ ਕਰ ਰਹੇ ਹਨ।
ਇਸ ਲਈ ਸਮੇਂ ਦੀ ਮੰਗ ਹੈ ਕਿ ਅਜਿਹੇ ਭ੍ਰਿਸ਼ਟ ਪੁਲਸ ਕਰਮਚਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਪੁਲਸ ਵਿਭਾਗ ਦੀ ਬਦਨਾਮੀ ਨਾ ਹੋਵੇ।
—ਵਿਜੇ ਕੁਮਾਰ
