ਸਲੋਵਾਕੀਆ ਦੀ ਤਾਈਵਾਨ ਨਾਲ ਵਧਦੀ ਨੇੜਤਾ ਨਾਲ ਚੀਨ ਦੀ ਨੀਂਦ ਉੱਡੀ

12/22/2021 3:55:46 AM

ਚੀਨ ਅਤੇ ਤਾਈਵਾਨ ਦੀ ਦੁਸ਼ਮਣੀ ਕਿਸੇ ਤੋਂ ਲੁਕੀ ਨਹੀਂ ਹੈ। ਚੀਨ ਇਸ ਰਣਨੀਤੀ ਤਹਿਤ ਕੰਮ ਕਰ ਰਿਹਾ ਹੈ ਕਿ ਪਹਿਲਾਂ ਤਾਈਵਾਨ ਨੂੰ ਦੁਨੀਆ ’ਚ ਅਲੱਗ-ਥਲੱਗ ਕਰ ਦੇਵੇ, ਫਿਰ ਉਸ ’ਤੇ ਹਮਲਾ ਕਰ ਕੇ ਉਸ ਨੂੰ ਆਪਣੀ ਸਰਹੱਦ ’ਚ ਮਿਲਾ ਲਵੇ। ਇਸ ਰਣਨੀਤੀ ’ਤੇ ਚੱਲਦੇ ਹੋਏ ਚੀਨ ਨੇ ਤਾਈਵਾਨ ਦੇ ਕੁਝ ਦੋਸਤਾਂ ਨੂੰ ਆਪਣੇ ਪਾਲੇ ’ਚ ਕਰਨ ’ਚ ਸਫਲਤਾ ਵੀ ਪਾਈ।

ਤਾਈਵਾਨ ਦੇ 21 ਦੋਸਤਾਂ ’ਚੋਂ ਹੁਣ ਸਿਰਫ 14 ਦੇਸ਼ ਹੀ ਉਸ ਦੇ ਪਾਲੇ ’ਚ ਬਚੇ ਹਨ। ਚੀਨ ਨੇ ਇਨ੍ਹਾਂ ਦੇਸ਼ਾਂ ਨੂੰ ਲਾਲਚ, ਝਾਂਸਾ, ਧਮਕੀ ਦੇ ਕੇ ਆਪਣੇ ਪਾਲੇ ’ਚ ਮਿਲਾਇਆ ਹੈ। ਸਾਮ, ਦਾਮ, ਦੰਡ, ਭੇਦ ਚਾਰੇ ਢੰਗ ਚੀਨ ਨੇ ਅਪਣਾਏ ਹਨ। ਕਿਸੇ ਦੇਸ਼ ’ਚ ਚੀਨ ਨੇ ਰੇਲ ਲਾਈਨ ਵਿਛਾਈ ਤੇ ਕਿਸੇ ਦੇਸ਼ ’ਚ ਫੁੱਟਬਾਲ ਸਟੇਡੀਅਮ ਬਣਾਇਆ, ਕਿਤੇ ਸੜਕਾਂ ਬਣਾਈਆਂ ਤਾਂ ਕਿਤੇ ਕੁਝ ਲੱਖ ਡਾਲਰ ਉੱਥੋਂ ਦੇ ਸਿਆਸਤਦਾਨਾਂ ਨੂੰ ਦੇ ਕੇ ਉਨ੍ਹਾਂ ਦੀ ਵੋਟ ਆਪਣੇ ਪੱਖ ’ਚ ਖਰੀਦ ਲਈ।

ਜਿੱਥੇ ਇਕ ਪਾਸੇ ਇਹ ਦੇਸ਼ ਚਾਂਦੀ ਦੇ ਕੁਝ ਟੁਕੜਿਅਾਂ ਲਈ ’ਚ ਚੀਨ ਦੇ ਪਾਲੇ ’ਚ ਜਾ ਮਿਲੇ ਹਨ, ਓਧਰ ਕੁਝ ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਨੇ ਨਾ ਚੀਨ ਦੀ ਧਮਕੀ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਉਸ ਦੇ ਲਾਲਚ ਅਤੇ ਝਾਂਸੇ ’ਚ ਆਏ। ਇਨ੍ਹਾਂ ਦੇਸ਼ਾਂ ਨੇ ਬਹਾਦਰੀ ਅਤੇ ਨਿਡਰਤਾ ਨਾਲ ਤਾਈਵਾਨ ਦਾ ਸਾਥ ਦਿੱਤਾ, ਜਿਸ ’ਚ ਯੂਰਪ ਦੇ ਛੋਟੇ ਦੇਸ਼ ਲਿਥੁਆਨੀਆ ਅਤੇ ਸਲੋਵਾਕ ਗਣਰਾਜ (ਪਹਿਲਾਂ ਚੈਕੋਸਲਵਾਕੀਆ) ਸ਼ਾਮਲ ਹਨ। ਹਾਲ ਹੀ ’ਚ ਸਲੋਵਾਕ ਗਣਰਾਜ ਦੇ ਉਪ ਅਰਥਮੰਤਰੀ ਕਾਰੋਲ ਗਾਲੇਕ ਦੀ ਪ੍ਰਧਾਨਗੀ ’ਚ 43 ਸਰਕਾਰੀ ਅਧਿਕਾਰੀਆਂ, ਵਪਾਰਕ ਸੰਸਥਾਨਾਂ ਦੇ ਪ੍ਰਤੀਨਿਧੀਆਂ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਲੋਕਾਂ ਨੇ ਤਾਈਪੇ ਦੀ 6 ਦਿਨਾਂ ਦੀ ਯਾਤਰਾ ਕੀਤੀ। ਇਸ ਯਾਤਰਾ ਦੌਰਾਨ ਸਲੋਵਾਕ ਗਣਰਾਜ ਦੇ ਅਧਿਕਾਰੀਆਂ ਨੇ ਤਾਈਵਾਨ ਦੇ ਅਧਿਕਾਰੀਅਾਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਮੁੱਖ ਉੱਚ ਤਕਨੀਕ ਖੋਜ ਸੰਸਥਾਨਾਂ ਦਾ ਦੌਰਾ ਕੀਤਾ, ਜਿਸ ਦੇ ਬਾਅਦ ਤਾਈਵਾਨ ਦੇ ਨਾਲ 9 ਵੱਖ-ਵੱਖ ਖੇਤਰਾਂ ’ਚ ਸਮਝੌਤਿਆਂ ’ਤੇ ਦਸਤਖਤ ਕੀਤੇ, ਜਿਸ ’ਚ ਵਪਾਰ ਅਤੇ ਉੱਚ ਤਕਨੀਕੀ ਸਹਿਯੋਗ ਸ਼ਾਮਲ ਹੈ।

ਜਿਨ੍ਹਾਂ ਦੇਸ਼ਾਂ ਨੂੰ ਚੀਨ ਦੀ ਮੱਕਾਰੀ ਅਤੇ ਜਾਅਲਸਾਜ਼ੀ ਸਮਝ ’ਚ ਆ ਰਹੀ ਹੈ ਉਹ ਚੀਨ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਤਕਨੀਕੀ ਤੌਰ ’ਤੇ ਵਿਕਸਿਤ ਤਾਈਵਾਨ ਦੇ ਨਾਲ ਆਪਣੇ ਸਬੰਧ ਜੋੜ ਰਹੇ ਹਨ। ਜਾਣਕਾਰਾਂ ਦੀ ਰਾਏ ’ਚ ਅਜੇ ਛੋਟੀ ਸ਼ੁਰੂਆਤ ਹੈ, ਆਉਣ ਵਾਲੇ ਦਿਨਾਂ ’ਚ ਕਈ ਹੋਰ ਦੇਸ਼ ਵੀ ਖੁੱਲ੍ਹ ਕੇ ਤਾਈਵਾਨ ਦੇ ਨਾਲ ਆਪਣੇ ਕੂਟਨੀਤਕ ਸਬੰਧ ਬਣਾਉਣਗੇ।

ਸਲੋਵਾਕ ਗਣਰਾਜ ਦੇ ਤਾਈਵਾਨ ਨਾਲ ਕੂਟਨੀਤਕ ਸਬੰਧ ਬਣਾਉਣ ਦੇ ਪਿੱਛੇ ਮੱਧ ਅਤੇ ਪੂਰਬੀ ਯੂਰਪ ’ਚ ਚੀਨ ਅਤੇ ਤਾਈਵਾਨ ਨੂੰ ਲੈ ਕੇ ਰਾਏ ਵੰਡੀ ਹੋਈ ਹੈ। ਕੁਝ ਦੇਸ਼ ਚੀਨ ਦਾ ਸਮਰਥਨ ਕਰਦੇ ਹਨ ਤਾਂ ਕੁਝ ਤਾਈਵਾਨ ਦਾ। ਪਿਛਲੇ 2 ਸਾਲਾਂ ’ਚ ਸਲੋਵਾਕ ਗਣਰਾਜ ਅਤੇ ਤਾਈਵਾਨ ਦਰਮਿਆਨ ਸਬੰਧਾਂ ’ਚ ਗਰਮਾਹਟ ਦੇਖੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਦੌਰਾਨ ਸਾਲ 2020 ’ਚ ਤਾਈਵਾਨ ਨੇ ਸਲੋਵਾਕੀਆ ਨੂੰ ਵੱਡੀ ਗਿਣਤੀ ’ਚ ਪੀ. ਪੀ. ਈ. ਕਿੱਟ ਦਾਨ ’ਚ ਦਿੱਤੀ, ਨਾਲ ਹੀ ਤਾਈਵਾਨ ’ਚ ਬਣੇ 7 ਲੱਖ ਮਾਸਕ ਵੀ ਦਿੱਤੇ ਜਿਸ ਦੇ ਬਦਲੇ ’ਚ ਸਤੰਬਰ 2021 ’ਚ ਸਲੋਵਾਕੀਆ ਨੇ 1.5 ਲੱਖ ਐਸਟ੍ਰਾਜੈਨਿਕਾ ਕੋਰੋਨਾ ਟੀਕੇ ਤਾਈਵਾਨ ਨੂੰ ਦੇਣ ਦੀ ਗੱਲ ਕੀਤੀ, ਜਦਕਿ ਇਸ ਸਾਲ ਦੀ ਸ਼ੁਰੂਆਤ ’ਚ ਸਲੋਵਾਕੀਆ ਨੇ 10,000 ਵੈਕਸੀਨ ਤਾਈਵਾਨ ਨੂੰ ਦੇਣ ਦੀ ਗੱਲ ਕਹੀ ਸੀ।

ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਦਾ ਹਾਂਪੱਖੀ ਅਸਰ ਵਪਾਰ ਅਤੇ ਵਣਜ ’ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਦੋਵਾਂ ਦੇ ਦਰਮਿਆਨ ਸਾਲ 2020 ਦੀ ਤੁਲਨਾ ’ਚ ਸਾਲ 2021 ’ਚ ਵਪਾਰ ’ਚ 18.4 ਫੀਸਦੀ ਦਾ ਵਾਧਾ ਦੇਖਿਆ ਗਿਆ। ਤਾਈਵਾਨ ਅਤੇ ਸਲੋਵਾਕੀਆ ਦਰਮਿਆਨ 25 ਕਰੋੜ ਡਾਲਰ ਦਾ ਵਪਾਰ ਹੋਇਆ। ਓਧਰ ਨਿਵੇਸ਼ ’ਚ ਵੀ ਵਾਧਾ ਹੋਇਆ, ਸਲੋਵਾਕੀਆ ’ਚ ਤਾਈਵਾਨ ਨੇ 56 ਕਰੋੜ ਡਾਲਰ ਦਾ ਨਿਵੇਸ਼ ਕੀਤਾ। ਯੂਰਪੀ ਸੰਘ ’ਚ ਤਾਈਵਾਨ ਦਾ ਇਹ ਦੂਸਰਾ ਸਭ ਤੋਂ ਵੱਡਾ ਨਿਵੇਸ਼ ਹੈ।

ਸਲੋਵਾਕੀਆ ਵਫਦ ਦੀ ਤਾਈਵਾਨ ਯਾਤਰਾ ਤੋਂ ਚੀਨ ਜ਼ਰੂਰ ਭੜਕਿਆ ਹੋਵੇਗਾ ਪਰ ਇਸ ਸਮੇਂ ਮੱਧ ਅਤੇ ਪੂਰਬੀ ਯੂਰਪ ’ਚ ਜੋ ਹਾਲਤਾਂ ਬਣ ਰਹੀਆਂ ਹਨ, ਉਨ੍ਹਾਂ ਨੂੰ ਦੇਖਦੇ ਹੋਏ ਇਸ ਯਾਤਰਾ ਦਾ ਚੀਨ ਅਤੇ ਤਾਈਵਾਨ ਦੋਵਾਂ ਲਈ ਸਿਆਸੀ ਮਹੱਤਵ ਹੈ। ਇਸ ਨਾਲ ਚੀਨ ਦੇ ਮੱਥੇ ’ਤੇ ਤਿਉੜੀਆਂ ਪੈਣਾ ਸੁਭਾਵਿਕ ਹੈ।

ਚੀਨ ਨੇ ਸਾਲ 2012 ’ਚ 17+1 ਦੇਸ਼ਾਂ ਦਾ ਗਠਜੋੜ ਬਣਾਇਆ ਸੀ, ਜਿਸ ਤਹਿਤ ਬਾਲਕਨ ਅਤੇ ਬਾਲਟਿਕ ਦੇਸ਼ਾਂ ਸਮੇਤ ਮੱਧ ਅਤੇ ਪੂਰਬੀ ਯੂਰਪੀ ਦੇਸ਼ਾਂ ਨੂੰ ਵਿਸ਼ਾਲ ਚੀਨੀ ਬਾਜ਼ਾਰ ’ਚ ਆਪਣੇ ਉਤਪਾਦਾਂ ਨੂੰ ਲਿਆਉਣ ਦਾ ਸੱਦਾ ਦਿੱਤਾ ਸੀ, ਇਨ੍ਹਾਂ ਦੇਸ਼ਾਂ ’ਚ ਚੀਨੀ ਨਿਵੇਸ਼ ਦੀ ਗੱਲ ਕਹੀ ਸੀ। ਓਧਰ ਚੀਨ ਨੇ ਆਪਣੇ ਤਿਆਰ ਮਾਲ ਨੂੰ ਯੂਰਪੀ ਦੇਸ਼ਾਂ ’ਚ ਪਹੁੰਚਾਉਣ ਦੀ ਖੇਡ ਵੀ ਸ਼ੁਰੂ ਕੀਤੀ ਸੀ।

ਅਸਲ ’ਚ ਚੀਨ 17+1 ਦੇਸ਼ਾਂ ਦੇ ਸਮੂਹ ਰਾਹੀਂ ਯੂਰਪ ’ਚ ਆਪਣੀ ਪੈਠ ਬਣਾਉਣੀ ਚਾਹੁੰਦਾ ਸੀ ਅਤੇ ਇਕ-ਇਕ ਕਰ ਕੇ ਇਨ੍ਹਾਂ ਯੂਰਪੀ ਦੇਸ਼ਾਂ ’ਚ ਆਪਣੇ ਪੱਖ ’ਚ ਰਾਏ ਬਣਾਉਣੀ ਚਾਹੁੰਦਾ ਸੀ ਅਤੇ ਯੂਰਪੀ ਸੰਘ ’ਚ ਆਪਣੀ ਪੈਠ ਬਣਾਉਣ ਦੀ ਤਾਕ ’ਚ ਸੀ ਪਰ ਚੀਨ ਦੀ ਦਾਲ ਇੱਥੇ ਨਹੀਂ ਗਲੀ ਅਤੇ ਉਸ ਨੇ ਇਨ੍ਹਾਂ ਦੇਸ਼ਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਾ ਹੋਣ ’ਤੇ ਇਨ੍ਹਾਂ ’ਚ ਚੀਨ ਵਿਰੁੱਧ ਗੁੱਸਾ ਭੜਕਣ ਲੱਗਾ, ਜੋ ਪਿਛਲੇ 2 ਸਾਲਾਂ ’ਚ ਪੂਰੇ ਖੇਤਰ ’ਚ ਫੈਲ ਗਿਆ।

ਸਾਲ 2020 ਦੇ ਅਗਸਤ ’ਚ ਚੈੱਕ ਗਣਰਾਜ ਦੇ 89 ਲੋਕਾਂ ਦੇ ਵਫਦ ਨੇ ਤਾਈਵਾਨ ਦੀ ਯਾਤਰਾ ਕੀਤੀ, ਜਿਸ ਦੀ ਪ੍ਰਧਾਨਗੀ ਸੀਨੇਟ ਪ੍ਰਧਾਨ ਮਿਲੋਸ ਵੈਟ੍ਰੇਸਿਲ ਅਤੇ ਪ੍ਰਾਗ ਦੇ ਮੇਅਰ ਜੇਡੇਨੇਕ ਹਿਰਬ ਨੇ ਕੀਤੀ, ਚੀਨ ਨੇ ਇਸ ਦੀ ਨਿਖੇਧੀ ਵੀ ਕੀਤੀ। ਕੁਝ ਸਮੇਂ ਬਾਅਦ ਜਰਮਨੀ ਦੇ ਸੰਯੁਕਤ ਰਾਸ਼ਟਰ ਦੂਤ ਕ੍ਰਿਸਟੋਫਰ ਹੂਇਸੇਜੇਨ ਨੇ 39 ਦੇਸ਼ਾਂ ਦੀ ਪ੍ਰਤੀਨਿਧਤਾ ਕਰ ਕੇ ਸ਼ਿਨਚਿਆਂਗ ਅਤੇ ਹਾਂਗਕਾਂਗ ਦੇ ਮੁੱਦੇ ਨੂੰ ਲੈ ਕੇ ਚੀਨ ਦੀ ਨਿੰਦਾ ਵੀ ਕੀਤੀ ਸੀ। ਇਨ੍ਹਾਂ 39 ਦੇਸ਼ਾਂ ’ਚ 17+1 ਸਮੂਹ ਵਾਲੇ 11 ਦੇਸ਼ ਸ਼ਾਮਲ ਸਨ।

ਆਪਣੀ ਹਾਲਤ ਖਰਾਬ ਹੁੰਦੇ ਦੇਖ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ’ਚ ਚੀਨ ਨੇ ਇਸ ਸਾਲ ਫਰਵਰੀ ’ਚ 17+1 ਸਮੂਹ ਦੇਸ਼ਾਂ ਦਾ ਵਰਚੁਅਲ ਸੰਮੇਲਨ ਆਯੋਜਿਤ ਕੀਤਾ, ਜਿਸ ਦੀ ਵਾਗਡੋਰ ਚੀਨੀ ਪ੍ਰਧਾਨ ਮੰਤਰੀ ਦੇ ਹੱਥਾਂ ’ਚ ਸੀ ਪਰ ਕੋਵਿਡ ਮਹਾਮਾਰੀ ’ਚ ਚੀਨ ਦੀ ਲਾਪ੍ਰਵਾਹੀ ਅਤੇ ਉੱਥੇ ਵਧ ਰਹੀ ਤਾਨਾਸ਼ਾਹੀ ਤੋਂ ਇਸ ਖੇਤਰ ਦੇ ਦੇਸ਼ ਇੰਨੇ ਨਾਰਾਜ਼ ਸਨ ਕਿ 17+1 ਸਮੂਹ ਦੇਸ਼ਾਂ ’ਚੋਂ 6 ਦੇਸ਼ ਬੁਲਗਾਰੀਆ, ਐਸਟੋਨੀਆ, ਲਾਤਵੀਆ, ਲਿਥੁਆਨੀਆ, ਰੋਮਾਨੀਆ ਅਤੇ ਸਲੋਵਾਨੀਆ ਇਸ ਸੰਮੇਲਨ ’ਚ ਸ਼ਾਮਲ ਨਹੀਂ ਹੋਏ।

ਇਸ ਘਟਨਾ ਦੇ ਬਾਅਦ ਲਿਥੁਆਨੀਆ 17+1 ਦੇਸ਼ਾਂ ਦੇ ਸਮੂਹ ਦਾ ਸਾਥ ਛੱਡ ਕੇ ਤਾਈਵਾਨ ਨਾਲ ਆ ਗਿਆ। ਲਿਥੁਆਨੀਆ ਦੇ ਵਿਦੇਸ਼ ਮੰਤਰੀ ਗੈਬ੍ਰੀਲੀਅਸ ਲੈਂਡਸਬੇਗ੍ਰਿਸ ਨੇ 27 ਯੂਰਪੀ ਸੰਘ ਦੇ ਦੇਸ਼ਾਂ ਨੂੰ ਚੀਨ ਦੇ ਝਾਂਸੇ ਤੋਂ ਬਾਹਰ ਨਿਕਲਣ ਨੂੰ ਕਿਹਾ ਜਿਸ ਦਾ ਚੀਨ ਨੇ ਸਖਤ ਵਿਰੋਧ ਕੀਤਾ ਕਿਉਂਕਿ ਲਿਥੁਆਨੀਆ ਯੂਰਪੀ ਸੰਘ ’ਚ ਚੀਨ ਦਾ ਭੇਤ ਖੋਲ੍ਹ ਰਿਹਾ ਸੀ। ਸਰਬੀਆ ਅਤੇ ਹੰਗਰੀ ਵਰਗੇ ਦੇਸ਼ਾਂ ਦਾ ਵੀ ਚੀਨ ਤੋਂ ਮੋਹ ਭੰਗ ਹੋ ਰਿਹਾ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਜਲਦੀ ਹੀ ਮੱਧ ਅਤੇ ਪੂਰਬੀ ਯੂਰਪੀ ਦੇਸ਼ ਚੀਨ ਦਾ ਸਾਥ ਛੱਡ ਸਕਦੇ ਹਨ।


Bharat Thapa

Content Editor

Related News