ਸ਼੍ਰੀ ਰਾਮ ਮੰਦਰ ਅੰਦੋਲਨ ਦੇ ਪ੍ਰੇਰਕ ਯਾਦ ਆਉਂਦੇ ਹਨ

11/11/2019 1:32:58 AM

ਵਿਨੀਤ ਨਾਰਾਇਣ

ਅੱਜ ਹਿੰਦੂਆਂ ਦੇ ਸਦੀਆਂ ਪੁਰਾਣੇ ਜ਼ਖ਼ਮਾਂ ’ਤੇ ਮੱਲ੍ਹਮ ਲੱਗੀ ਹੈ। ਇਸ ਇਤਿਹਾਸਿਕ ਮੌਕੇ ’ਤੇ ਉਨ੍ਹਾਂ ਹਜ਼ਾਰਾਂ ਸੰਤਾਂ ਅਤੇ ਭਗਤਾਂ ਨੂੰ ਸਾਡੀ ਨਿੱਘੀ ਸ਼ਰਧਾਂਜਲੀ, ਜਿਨ੍ਹਾਂ ਨੇ ਪਿਛਲੀਆਂ ਸਦੀਆਂ ਵਿਚ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਦੀ ਮੁਕਤੀ ਲਈ ਸੰਘਰਸ਼ ਕਰਦੇ ਹੋਏ ਆਪਣੇ ਪ੍ਰਾਣਾਂ ਦਾ ਬਲੀਦਾਨ ਦਿੱਤਾ।

ਖੁਸ਼ੀ ਦੇ ਇਸ ਮੌਕੇ ’ਤੇ ਰਾਮ ਜਨਮ ਭੂਮੀ ਮੁਕਤੀ ਲਈ ਇਸ ਮੌਜੂਦਾ ਅੰਦੋਲਨ ਨੂੰ ਸ਼ੁਰੂ ਕਰਨ ਵਿਚ 3 ਪ੍ਰਮੁੱਖ ਹਸਤੀਆਂ ਦੇ ਯੋਗਦਾਨ ਨੂੰ ਵਿਸ਼ੇਸ਼ ਤੌਰ ’ਤੇ ਯਾਦ ਕਰਨਾ ਜ਼ਰੂਰੀ ਹੈ।

ਇਸ ਕਤਾਰ ਵਿਚ ਸਭ ਤੋਂ ਅੱਗੇ ਖੜ੍ਹੇ ਹਨ ਸਵ. ਸ਼੍ਰੀ ਦਿਆਲ ਖੰਨਾ ਜੀ, ਜੋ ਮੁਰਾਦਾਬਾਦ ਤੋਂ ਲੰਮੇ ਸਮੇਂ ਤਕ ਵਿਧਾਇਕ ਅਤੇ ਸ਼੍ਰੀ ਚੰਦਰਭਾਨ ਗੁਪਤਾ ਦੀ ਸਰਕਾਰ ਵਿਚ ਸਿਹਤ ਮੰਤਰੀ ਰਹੇ। ਉਨ੍ਹਾਂ ਨੇ ਸਭ ਤੋਂ ਪਹਿਲਾਂ 1983 ’ਚ ਇਕ ਵਿਸਥਾਰਪੂਰਵਕ ਦਲੀਲੀ ਲੇਖ ਤਿਆਰ ਕਰ ਕੇ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਗਾਂਧੀ ਨੂੰ ਪੇਸ਼ ਕੀਤਾ, ਜਿਸ ਵਿਚ ਅਯੁੱਧਿਆ, ਕਾਸ਼ੀ ਅਤੇ ਮਥੁਰਾ ਨੂੰ ਨਾਜਾਇਜ਼ ਤੌਰ ’ਤੇ ਬਣੀਆਂ ਮਸਜਿਦਾਂ ਤੋਂ ਮੁਕਤ ਕਰ ਕੇ ਵਿਸ਼ਾਲ ਮੰਦਰ ਬਣਾਉਣ ਲਈ ਹਿੰਦੂ ਸਮਾਜ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਸੀ।

ਇੰਦਰਾ ਜੀ ਨੇ ਇਸ ’ਤੇ ਵਿਸ਼ੇਸ਼ ਧਿਆਨ ਨਹੀਂ ਦਿੱਤਾ। ਉਦੋਂ ਖੰਨਾ ਜੀ ਨੇ ਸ਼੍ਰੀ ਰਾਮ ਜਨਮ ਭੂਮੀ ਮੁਕਤੀ ਕਮੇਟੀ ਬਣਾ ਕੇ ਇਸ ਅੰਦੋਲਨ ਦੀ ਸ਼ੁਰੂਆਤ 1983 ਵਿਚ ਕੀਤੀ ਅਤੇ ਆਪਣੇ ਜੀਵਨ ਦੇ ਅੰਤ ਤਕ ਕਾਂਗਰਸੀ ਰਹਿੰਦੇ ਹੋਏ ਹੀ ਇਸ ਅੰਦੋਲਨ ਨਾਲ ਜੁੜੇ ਰਹੇ। ਜਲਦ ਹੀ ਵਿਹਿਪ ਅਤੇ ਬਾਅਦ ਵਿਚ ਭਾਜਪਾ ਤੇ ਸੰਘ ਵੀ ਇਸ ਅੰਦੋਲਨ ਨਾਲ ਪੂਰੀ ਊਰਜਾ ਨਾਲ ਜੁੜ ਗਏ।

ਸਵਾਮੀ ਵਾਮਦੇਵ ਦਾ ਯੋਗਦਾਨ

ਦੂਜੇ ਮਹਾਨ ਵਿਅਕਤੀ, ਜਿਨ੍ਹਾਂ ਦੇ ਇਤਿਹਾਸਿਕ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਉਹ ਸਨ ਰਾਮ ਜਨਮ ਭੂਮੀ ਮੁਕਤੀ ਕਮੇਟੀ ਦੇ ‘ਮਾਰਗਦਰਸ਼ਕ ਮੰਡਲ’ ਦੇ ਪ੍ਰਧਾਨ ਸਵਾਮੀ ਵਾਮਦੇਵ ਜੀ ਮਹਾਰਾਜ, ਜਿਨ੍ਹਾਂ ਨੇ ਸਾਧੂਆਂ ਦੀ ਆਪਣੀ ਵਿਸ਼ਾਲ ਮੰਡਲੀ ਦੇ ਨਾਲ ਪੂਰੇ ਭਾਰਤ ਦੇ ਕੋਨੇ-ਕੋਨੇ ਵਿਚ ਜਾ ਕੇ ਸਾਰੇ ਸਾਧੂ-ਸੰਤਾਂ ਨੂੰ ਸ਼੍ਰੀ ਰਾਮ ਜਨਮ ਭੂੂਮੀ ਮੁਕਤੀ ਅੰਦੋਲਨ ਨਾਲ ਜੋੜਨ ਦਾ ਇਤਿਹਾਸਿਕ ਕੰਮ ਕੀਤਾ। ਉਨ੍ਹਾਂ ਦੇ ਸੰਦਰਭ ਵਿਚ ਇਕ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਦਾ ਵਰਣਨ ਕਰਨਾ ਚਾਹਾਂਗਾ, ਜਿਸ ਦੀ ਜਾਣਕਾਰੀ ਦੇਸ਼ ਵਿਚ 2-4 ਸੰਤਾਂ ਤੋਂ ਇਲਾਵਾ ਕਿਸੇ ਨੂੰ ਨਹੀਂ ਹੈ।

ਜਦੋਂ 30 ਅਕਤੂਬਰ 1990 ਨੂੰ ਕਾਰਸੇਵਾ ਕਰਨ ਲਈ ਬੜੀ ਸ਼ਰਧਾ ਨਾਲ ਦੇਸ਼ ਦੇ ਕੋਨੇ-ਕੋਨੇ ’ਚੋਂ ਅਯੁੱਧਿਆ ਪਹੁੰਚੇ ਲੱਖਾਂ ਨਿਹੱਥੇ ਕਾਰਸੇਵਕਾਂ ’ਤੇ ਪੁਲਸ ਨੇ ਫਾਇਰਿੰਗ ਕਰ ਕੇ ਸੈਂਕੜਿਆਂ ਨੂੰ ਸ਼ਹੀਦ ਕਰ ਦਿੱਤਾ ਸੀ ਤਾਂ ਉਸ ਭਿਆਨਕ ਰਾਤ ਅਯੁੱਧਿਆ ਵਿਚ ਮੌਤ ਦਾ ਸੰਨਾਟਾ ਸੀ। ਗਲੀਆਂ ਵਿਚ ਜਿੱਥੇ ਇਧਰ-ਓਧਰ ਭਗਤਾਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਸਨ, ਅਜਿਹੇ ਦਹਿਸ਼ਤ ਦੇ ਮਾਹੌਲ ਵਿਚ ਅੰਦੋਲਨ ਦੇ ਸਾਰੇ ਨੇਤਾ ਇਧਰ-ਓਧਰ ਲੁਕੇ ਸਨ।

ਪਰ ਇਕ ਦੇਵਤਾ, ਜੋ ਸਾਰੀ ਰਾਤ ਇਕੱਲਾ ਉਨ੍ਹਾਂ ਲਾਸ਼ਾਂ ਵਿਚਾਲੇ ਲਾਠੀ ਲੈ ਕੇ ਘੁੰਮਦਾ ਰਿਹਾ, ਉਹ ਸਨ ਬਜ਼ੁਰਗ ਅਤੇ ਬੀਮਾਰ ਸਵਾਮੀ ਵਾਮਦੇਵ ਜੀ ਮਹਾਰਾਜ। ਬ੍ਰਹਮ ਮਹੂਰਤ ਵਿਚ ਜਦੋਂ ਉਹ ਆਸ਼ਰਮ ਵਿਚ ਨਹੀਂ ਦਿਸੇ ਤਾਂ ਘਬਰਾਹਟ ਵਿਚ ਨਾਲ ਦੇ ਸਾਧੂਆਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਸਵਾਮੀ ਜੀ ਗਲੀ ਵਿਚ ਲਾਠੀ ਲੈ ਕੇ ਖੜ੍ਹੇ ਮਿਲੇ। ਹੈਰਾਨ ਹੋ ਕੇ ਸਭ ਨੇ ਪੁੱਛਿਆ–ਮਹਾਰਾਜ! ਤੁਸੀਂ ਇਥੇ ਕੀ ਕਰ ਰਹੇ ਹੋ? ਉਨ੍ਹਾਂ ਦਾ ਜਵਾਬ ਸੁਣ ਕੇ ਨਿਸ਼ਚੇ ਹੀ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਉਹ ਬੋਲੇ, ‘‘ਭਗਵਾਨ, ਮੈਂ ਰਾਤ ਭਰ ਇਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਦੀ ਰੱਖਿਆ ਕਰਦਾ ਰਿਹਾ, ਤਾਂ ਕਿ ਗਲੀ ਦੇ ਕੁੱਤੇ ਇਨ੍ਹਾਂ ਭਗਤਾਂ ਦੀਆਂ ਪਵਿੱਤਰ ਲਾਸ਼ਾਂ ਨੂੰ ਆਪਣਾ ਨਿਵਾਲਾ ਨਾ ਬਣਾ ਸਕਣ।’’

ਨਰਸਿਮ੍ਹਾ ਰਾਓ ਦਾ ਪ੍ਰਸਤਾਵ

ਤੱਤਕਾਲੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਸਵਾਮੀ ਵਾਮਦੇਵ ਜੀ ਨੂੰ ਉਦੋਂ ਕਿਹਾ ਸੀ, ‘‘ਤੁਸੀਂ ਵਿਹਿਪ ਨੂੰ ਛੱਡ ਦਿਓ, ਮੈਂ ਕੱਲ ਹੀ ਤੁਹਾਨੂੰ ਰਾਮ ਜਨਮ ਭੂਮੀ ਦੇ ਦੇਵਾਂਗਾ!’’ ਸਵਾਮੀ ਜੀ ਨੇ ਕਿਹਾ, ‘‘ਤੁਸੀਂ ਲੋਕ ਸਭਾ ਵਿਚ ਅੱਜ ਇਹ ਐਲਾਨ ਕਰੋ, ਮੈਂ ਕੱਲ ਹੀ ਵਿਹਿਪ ਛੱਡ ਦੇਵਾਂਗਾ।’’

ਨਰਸਿਮ੍ਹਾ ਰਾਓ ਜੀ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ, ‘‘ਤੁਸੀਂ ਸੁਰੱਖਿਆ ਗਾਰਡ ਲੈ ਲਓ।’’ ਸਵਾਮੀ ਜੀ ਬੋਲੇ, ‘‘ਗਰਭ ਵਿਚ ਜਿਸ ਨੇ ਰੱਖਿਆ ਕੀਤੀ ਸੀ, ਉਹੀ ਮੇਰੇ ਰੱਖਿਅਕ ਹਨ।’’ ਅਯੁੱਧਿਆ ਵਿਚ ਢਾਂਚਾ ਡਿੱਗਣ ਤੋਂ ਬਾਅਦ ਉਹ ਸਿੱਧੇ ਹਰਿਦੁਆਰ ਆਏ, ਉਨ੍ਹਾਂ ਦਾ ਕਮਰਾ ਤਿਆਰ ਨਹੀਂ ਸੀ, ਤਾਂ ਉਹ ਮੋਨੀ ਬਾਬਾ ਦੇ ਤਖਤ ’ਤੇ ਹੀ ਲੇਟ ਗਏ। ਬਾਬਾ ਨੇ ਪੁੱਛਿਆ, ‘‘ਮਹਾਰਾਜ, ਤੁਹਾਡਾ ਕੰਮ ਅਧੂਰਾ ਰਹਿ ਗਿਆ। ਮੰਦਰ ਕਦੋਂ ਬਣੇਗਾ?’’ ਸਵਾਮੀ ਵਾਮਦੇਵ ਜੀ ਦਾ ਜਵਾਬ ਸੀ, ‘‘ਮੇਰੇ ਤਿੰਨ ਸੰਕਲਪ ਸਨ; 1. ਜਨਮ ਭੂਮੀ ਤੋਂ ਪ੍ਰਾਧੀਨਤਾ ਦਾ ਚਿੰਨ੍ਹ ਮਿਟੇ, 2. ਭਗਵਾ ਵਸਤਰਧਾਰੀ ਅਤੇ ਸਫੈਦ ਵਸਤਰਧਾਰੀ ਫਿਰਕੇ ਦੇ ਭੇਦ ਨੂੰ ਭੁਲਾ ਕੇ ਇਕ ਮੰਚ ’ਤੇ ਆ ਜਾਣ, 3. ਦੇਸ਼ ਦਾ ਹਿੰਦੂ ਅੱਜ ਜਾਗ ਜਾਵੇ। ਰਾਮ ਕ੍ਰਿਪਾ ਨਾਲ ਤਿੰਨੋਂ ਸੰਕਲਪ ਪੂਰੇ ਹੋਏ, ਹੁਣ ਮੰਦਰ ਕਦੋਂ ਬਣੇਗਾ, ਇਹ ਰਾਮਲੱਲਾ ਜਾਣੇ?’’ ਰਾਮਲੱਲਾ ਨੇ ਅੱਜ ਇਹ ਵੀ ਪੂਰਾ ਕਰ ਦਿੱਤਾ। ਸਵਾਮੀ ਵਾਮਦੇਵ ਜੀ ਦਾ ਚਿੱਤਰ ਅਤੇ ਕਾਰਸੇਵਕਾਂ ਦੇ ਹੋਏ ਕਤਲੇਆਮ ਦੀ ਟੀ. ਵੀ. ਰਿਪੋਰਟ, ਜੋ ਅਸੀਂ 1990 ਵਿਚ ਅਯੁੱਧਿਆ ਵਿਚ ਬਣਾਈ ਸੀ, ਉਸ ਨੂੰ ਯੂ-ਟਿਊਬ (ਕਾਲਚਕਰਾ ਵਾਲਿਊਮ-3) ਉੱਤੇ ਦੇਖਿਆ ਜਾ ਸਕਦਾ ਹੈ।

ਰਾਮ ਮੰਦਰ ਲਈ ਲੜਦੇ ਰਹੇ ਅਸ਼ੋਕ ਸਿੰਘਲ

ਇਸ ਸਿਲਸਿਲੇ ਵਿਚ ਤੀਸਰਾ ਨਾਂ ਸ਼੍ਰੀ ਅਸ਼ੋਕ ਸਿੰਘਲ ਜੀ ਦਾ ਹੈ, ਜੋ ਸ਼੍ਰੀ ਦਿਆਲ ਖੰਨਾ ਜੀ ਨੂੰ ਮਿਲਣ ਮੁਰਾਦਾਬਾਦ ’ਚ ਉਨ੍ਹਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਇਸ ਅੰਦੋਲਨ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਫਿਰ ਜੀਵਨ ਦੇ ਅੰਤ ਤਕ ਸ਼੍ਰੀ ਰਾਮ ਮੰਦਰ ਲਈ ਲੜਦੇ ਰਹੇ।

ਅੱਜ ਇਹ ਤਿੰਨੋਂ ਸ਼ਖ਼ਸੀਅਤਾਂ ਨਿਸ਼ਚਿਤ ਤੌਰ ’ਤੇ ਭਗਵਾਨ ਰਾਮ ਦੇ ਨਿਤਯ ਨਿਵਾਸ ‘ਸਾਕੇਤਧਾਮ’ ਦੀਆਂ ਕੌਂਸਲਰ ਹਨ ਅਤੇ ਉਥੇ ਆਕਾਸ਼ ਤੋਂ ਹੀ ਇਸ ਫੈਸਲੇ ਨੂੰ ਇਕਮਤ ਦੇਣ ਵਾਲੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ, ਵਿਸ਼ੇਸ਼ ਤੌਰ ’ਤੇ ਜਸਟਿਸ ਸ਼੍ਰੀ ਰੰਜਨ ਗੋਗੋਈ ਅਤੇ ਉਨ੍ਹਾਂ ਦੇ ਮੁਸਲਮਾਨ ਸਾਥੀ ਜਸਟਿਸ ਸ਼੍ਰੀ ਅਬਦੁਲ ਨਜ਼ੀਰ ਸਾਹਿਬ ਨੂੰ ਆਸ਼ੀਰਵਾਦ ਦੇ ਰਹੇ ਹਨ। ਇਸ ਖੁਸ਼ੀ ਦੀ ਘੜੀ ਵਿਚ ਅਸੀਂ ਇਨ੍ਹਾਂ ਤਿੰਨਾਂ ਮਹਾਨ ਸ਼ਖ਼ਸੀਅਤਾਂ ਸਮੇਤ ਹੀ ਉਨ੍ਹਾਂ ਸਾਰੇ ਭਗਤਾਂ ਦੇ ਚਰਨਾਂ ਵਿਚ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਨ੍ਹਾਂ ਨੇ ਕਿਸੇ ਵੀ ਰੂਪ ਵਿਚ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਮੁਕਤੀ ਦੇ ਇਸ ਅੰਦੋਲਨ ਵਿਚ ਥੋੜ੍ਹਾ ਜਿਹਾ ਵੀ ਯੋਗਦਾਨ ਪਾਇਆ।

(www.vineetnarain.net)


Bharat Thapa

Content Editor

Related News