ਚੀਨ ਦਾ ਖਤਰਾ ਦੇਖਦੇ ਹੋਏ ਇੰਡੋਨੇਸ਼ੀਆ ਨੇ ਨਾਟੂਨਾ ਟਾਪੂ ਦੀ ਵਧਾਈ ਸੁਰੱਖਿਆ

08/25/2023 3:32:58 PM

ਬੀਜਿੰਗ- ਚੀਨ ਦੇ ਸਰਹੱਦੀ ਵਿਵਾਦ ਕਈ ਦੇਸ਼ਾਂ ਨਾਲ ਚੱਲ ਰਹੇ ਹਨ, ਸਰਹੱਦ ਭਾਵੇਂ ਭੂਮੀ ’ਤੇ ਹੋਵੇ ਜਾਂ ਫਿਰ ਸਮੁੰਦਰ ’ਚ, ਚੀਨ ਹਰ ਦੇਸ਼ ਦੀ ਜ਼ਮੀਨ, ਟਾਪੂ, ਸਮੁੰਦਰੀ ਹੱਦ ਸਭ ਕੁਝ ਹਥਿਆਉਣਾ ਚਾਹੁੰਦਾ ਹੈ ਅਤੇ ਇਸ ਦੇ ਮੱਦੇਨਜ਼ਰ ਚੀਨ ਨੇ ਦੱਖਣੀ ਚੀਨ ਸਾਗਰ ’ਚ ਨਾਈਨ ਡੈਸ਼ ਲਾਈਨ ਨਾਂ ਦੀ ਇਕ ਕਾਲਪਨਿਕ ਸਮੁੰਦਰੀ ਹੱਦ ਤਿਆਰ ਕੀਤੀ ਹੈ ਜਿਸ ਨੂੰ ਉਹ ਆਪਣਾ ਖੇਤਰ ਦੱਸ ਰਿਹਾ ਹੈ। ਇਸੇ ਖੇਤਰ ’ਚ ਗੁਆਂਢੀ ਦੇਸ਼ਾਂ ਦੇ ਟਾਪੂ ਵੀ ਹਨ ਜਿਨ੍ਹਾਂ ਨੂੰ ਚੀਨ ਸਿਰੇ ਤੋਂ ਨਕਾਰਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣਾ ਦੱਸ ਕੇ ਉਨ੍ਹਾਂ ’ਤੇ ਜਬਰੀ ਕਬਜ਼ਾ ਕਰਦਾ ਰਿਹਾ ਹੈ।ਚੀਨ ਦੀ ਨਾਈਨ ਡੈਸ਼ ਲਾਈਨ ਦੇ ਦੱਖਣੀ ਸਿਰੇ ’ਤੇ ਇੰਡੋਨੇਸ਼ੀਆ ਦਾ ਟਾਪੂ ਨਾਟੂਨਾ ਹੈ ਜਿਸ ਨੂੰ ਚੀਨ ਆਪਣਾ ਦੱਸ ਰਿਹਾ ਹੈ। ਦਰਅਸਲ ਨਾਟੂਨਾ ਟਾਪੂ ’ਤੇ ਚੀਨ ਦੀ ਨੀਅਤ ਵਿਗੜ ਚੁੱਕੀ ਹੈ। ਚੀਨ ਸਮੇਂ-ਸਮੇਂ ’ਤੇ ਇੱਥੇ ਆਪਣੇ ਕੋਸਟ ਗਾਰਡਜ਼ ਨੂੰ ਭੇਜਦਾ ਰਿਹਾ ਹੈ ਅਤੇ ਇੱਥੇ ਇੰਡੋਨੇਸ਼ੀਆਈ ਸਮੁੰਦਰੀ ਫੌਜ ਅਤੇ ਕੋਸਟ ਗਾਰਡਜ਼ ਦੇ ਆਉਣ ’ਤੇ ਚੀਨ ਆਪਣੇ ਕੋਸਟ ਗਾਰਡਜ਼ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਜਬਰੀ ਇੱਥੋਂ ਭਜਾ ਦਿੰਦਾ ਹੈ ਪਰ ਹੁਣ ਇੰਡੋਨੇਸ਼ੀਆ ਨੇ ਰਾਜਧਾਨੀ ਜਕਾਰਤਾ ਤੋਂ 1100 ਕਿਲੋਮੀਟਰ ਦੂਰ ਵੱਸੇ ਇਸ ਵੀਰਾਨ ਇਲਾਕੇ ’ਚ ਆਪਣੇ ਮੱਛੀ ਉਦਯੋਗ ਨੂੰ ਇੱਥੇ ਵਸਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।ਨਾਟੂਨਾ ਟਾਪੂ ਦੀ ਸੁਰੱਖਿਆ ਲਈ ਇੰਡੋਨੇਸ਼ੀਆ ਨੇ ਇੱਥੇ ਆਪਣੀ ਸਮੁੰਦਰੀ ਫੌਜ ਤੇ ਕੋਸਟ ਗਾਰਡਜ਼ ਨੂੰ ਲਗਾਤਾਰ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਡ੍ਰੋਨ ਦੀ ਵਰਤੋਂ ਇੱਥੇ ਗਸ਼ਤ ਲਾਉਣ ਲਈ ਕਰ ਰਿਹਾ ਹੈ।

ਇਸ ਦਾ ਅਸਰ ਇਹ ਹੋਇਆ ਕਿ ਨਾਟੂਨਾ ਟਾਪੂ ਦੇ ਆਲੇ-ਦੁਆਲੇ ਦੇ ਇਲਾਕੇ ’ਚ ਚੀਨ ਦੀਆਂ ਕਿਸ਼ਤੀਆਂ ਹੁਣ ਘੱਟ ਨਜ਼ਰ ਆਉਂਦੀਆਂ ਹਨ। ਇੱਥੋਂ ਦੇ ਸਥਾਨਕ ਨਿਵਾਸੀ ਪੇਸ਼ੇ ਵਜੋਂ ਮਛੇਰੇ ਹਨ ਅਤੇ ਰਵਾਇਤੀ ਤਰੀਕਿਆਂ ਨਾਲ ਮੱਛੀਆਂ ਫੜਦੇ ਹਨ।ਕਈ ਵਾਰ ਇਨ੍ਹਾਂ ਦੇ ਜਲ ਖੇਤਰ ’ਚ ਵੀਅਤਨਾਮ ਅਤੇ ਥਾਈਲੈਂਡ ਦੀਆਂ ਮੱਛੀ ਮਾਰਨ ਵਾਲੀਆਂ ਕਿਸ਼ਤੀਆਂ ਵੀ ਦਿਖਾਈ ਦਿੰਦੀਆਂ ਹਨ ਜੋ ਆਧੁਨਿਕ ਹੋਣ ਦੇ ਨਾਲ-ਨਾਲ ਆਕਾਰ ’ਚ ਬਹੁਤ ਵੱਡੀਆਂ ਹੁੰਦੀਆਂ ਹਨ। ਇਨ੍ਹਾਂ ਦੇਸ਼ਾਂ ਨਾਲ ਵੀ ਇੰਡੋਨੇਸ਼ੀਆ ਦੀ ਕਿਹਾ-ਸੁਣੀ ਹੁੰਦੀ ਰਹਿਦੀ ਹੈ ਪਰ ਇਸ ਪੂਰੇ ਖੇਤਰ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਖਿਡਾਰੀ ਚੀਨ ਹੈ ਜਿਸ ਨੇ ਇਨ੍ਹਾਂ ਸਾਰੇ ਦੇਸ਼ਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।ਸਾਲ 2015 ’ਚ ਇੰਡੋਨੇਸ਼ੀਆ ਨੇ ਨਾਟੂਨਾ ’ਚ ਇੰਟੈਗ੍ਰੇਟਿਡ ਮੈਰੀਨਟਾਈਮ ਐਂਡ ਫਿਸ਼ਰੀ ਸੈਂਟਰ ਖੋਲ੍ਹਿਆ ਸੀ ਤੇ ਇਸ ਨੂੰ ਇਕ ਮੱਛੀ ਮਾਰਨ ਵਾਲੇ ਕੇਂਦਰ ਦੇ ਤੌਰ ’ਤੇ ਵਿਕਸਿਤ ਕਰ ਰਿਹਾ ਹੈ, ਜਿੱਥੇ 30 ਟਨ ਵਾਲੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਆ ਸਕਣ। ਇਸ ਦੇ ਨਾਲ ਹੀ ਇੰਡੋਨੇਸ਼ੀਆ ਨਾਟੂਨਾ ਟਾਪੂ ਨੂੰ ਇੰਡੋਨੇਸ਼ੀਆ ਨਾਲ ਇਸ ਪੂਰੇ ਖੇਤਰ ਦਾ ਇਕ ਵੱਡਾ ਮੱਛੀ ਬਾਜ਼ਾਰ ਬਣਾਉਣਾ ਚਾਹੁੰਦਾ ਹੈ।ਇੰਡੋਨੇਸ਼ੀਆ ਨੇ ਇੱਥੇ ਸੁਰੱਖਿਆ ਦੀ ਚੌਕਸ ਵਿਵਸਥਾ ਕੀਤੀ ਹੈ, ਹੁਣ ਇੱਥੇ ਡ੍ਰੋਨ ਲਗਾਤਾਰ ਉਡਾਣ ਭਰਦੇ ਹਨ ਅਤੇ ਕਿਸੇ ਵੀ ਚੀਨੀ ਕਿਸ਼ਤੀ ਦੇ ਇੱਥੇ ਆਉਣ ਦੀ ਸੂਚਨਾ ਪਹਿਲਾਂ ਹੀ ਦੇ ਦਿੰਦੇ ਹਨ, ਇਸ ਦੇ ਨਾਲ ਹੀ ਇੰਡੋਨੇਸ਼ੀਆ ਇੱਥੇ ਇਕ ਮੱਛੀ ਪ੍ਰਾਸੈਸਿੰਗ ਉਦਯੋਗ ਵੀ ਲਾਉਣਾ ਚਾਹੁੰਦਾ ਹੈ ਜਿਸ ਨਾਲ ਮੱਛੀਆਂ ਦੇ ਬਾਜ਼ਾਰ ’ਚ ਉਹ ਇਕ ਉੱਚੀ ਛਾਲ ਮਾਰ ਸਕੇ। 

ਸਵਾਲ ਇਹ ਉੱਠਦਾ ਹੈ ਕਿ ਚੀਨ ਇਸ ਟਾਪੂ ’ਤੇ ਜਬਰੀ ਆਪਣਾ ਅਧਿਕਾਰ ਕਿਉਂ ਜਮਾਉਣਾ ਚਾਹੁੰਦਾ ਹੈ ਅਤੇ ਪੂਰੇ ਦੱਖਣੀ ਚੀਨ ਸਾਗਰ ਖੇਤਰ ’ਤੇ ਆਪਣਾ ਕਬਜ਼ਾ ਿਕਉਂ ਚਾਹੁੰਦਾ ਹੈ?ਇਸ ਪਿੱਛੇ ਕਾਰਨ ਹੈ ਇੱਥੇ ਮੌਜੂਦ ਭਰਪੂਰ ਮਾਤਰਾ ’ਚ ਪਾਈ ਜਾਣ ਵਾਲੀ ਮੈਰੀਨ ਲਾਈਫ, ਜਿਸ ਦੀ ਚੀਨ ਨੂੰ ਆਪਣੀ ਭਾਰੀ ਆਬਾਦੀ ਦੀ ਭੁੱਖ ਮਿਟਾਉਣ ਲਈ ਲੋੜ ਹੈ। ਇਸ ਦੇ ਨਾਲ ਹੀ ਇਸ ਪੂਰੇ ਸਮੁੰਦਰੀ ਇਲਾਕੇ ’ਚ ਧਰਤੀ ਦੇ ਅੰਦਰ ਕੁਦਰਤੀ ਖਣਿਜਾਂ ਦੇ ਅਪਾਰ ਭੰਡਾਰ ਹਨ ਜਿਨ੍ਹਾਂ ’ਚ ਤੇਲ, ਗੈਸ, ਕੋਲਾ ਅਤੇ ਵੱਖ-ਵੱਖ ਤਰ੍ਹਾਂ ਦੀਆਂ ਧਾਤਾਂ ਪਾਈਆਂ ਜਾਂਦੀਆਂ ਹਨ।ਚੀਨ ਇਨ੍ਹਾਂ ਕੁਦਰਤੀ ਸਾਧਨਾਂ ਦਾ ਘਾਣ ਆਪਣੇ ਉਦਯੋਗਿਕ ਵਿਕਾਸ ਲਈ ਕਰਨਾ ਚਾਹੁੰਦਾ ਹੈ। ਇਸ ਪੂਰੇ ਖੇਤਰ ’ਤੇ ਚੀਨ ਆਪਣੀ ਬਸਤੀਵਾਦੀ ਕਾਲੋਨੀ ਵਸਾਉਣਾ ਚਾਹੁੰਦਾ ਹੈ। ਨਾਟੂਨਾ ਖੇਤਰ ਦੀ ਵੀ ਇਹੀ ਕਹਾਣੀ ਹੈ, ਜਿੱਥੇ ਇਕ ਪਾਸੇ ਬੜੀ ਵੱਡੀ ਮਾਤਰਾ ’ਚ ਮੱਛੀਆਂ, ਝੀਂਗੇ, ਕੇਕੜੇ, ਕ੍ਰਾਫਿਸ਼, ਆਕਟੋਪਸ, ਸਕਿਡ ਅਤੇ ਦੂਸਰੇ ਪਾਣੀ ਦੇ ਜੀਵ ਮਿਲਦੇ ਹਨ ਤਾਂ ਉੱਥੇ ਦੁਨੀਆ ’ਚ ਮੌਜੂਦ ਕੁਝ ਸਭ ਤੋਂ ਵੱਡੇ ਤੇਲ ਤੇ ਗੈਸ ਦੇ ਭੰਡਾਰ ਵੀ ਇੱਥੇ ਮੌਜੂਦ ਹਨ ਜਿਨ੍ਹਾਂ ’ਤੇ ਆਪਣੇ ਕਬਜ਼ੇ ਲਈ ਚੀਨ ਸਾਰਾ ਪ੍ਰਪੰਚ ਰਚਾ ਰਿਹਾ ਹੈ। ਇਸ ਟਾਪੂ ’ਤੇ ਰਹਿਣ ਵਾਲੇ 85 ਹਜ਼ਾਰ ਲੋਕਾਂ ’ਚੋਂ 10 ਹਜ਼ਾਰ ਲੋਕ ਸਿੱਧੇ ਤੌਰ ’ਤੇ ਮੱਛੀ ਫੜਨ ਦੇ ਕੰਮ ਨਾਲ ਜੁੜੇ ਹਨ ਅਤੇ ਬੜਾ ਸਾਦਾ ਜੀਵਨ ਜਿਊਂਦੇ ਹਨ। 

ਇੰਡੋਨੇਸ਼ੀਆ ਸਰਕਾਰ ਇੱਥੇ ਮੱਛੀ ਉਦਯੋਗ ਲਾ ਕੇ ਨਾ ਸਿਰਫ ਸਥਾਨਕ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣਾ ਚਾਹੁੰਦੀ ਹੈ ਸਗੋਂ ਇਸੇ ਬਹਾਨੇ ਨਾਟੂਨਾ ਦੀ ਸੁਰੱਖਿਆ ਨੂੰ ਵੀ ਸੀਲ-ਪਰੂਫ ਕਰਨਾ ਚਾਹੁੰਦੀ ਹੈ। ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਇੰਡੋਨੇਸ਼ੀਆ ਨੇ ਇੱਥੇ ਸਾਲ 2018 ’ਚ ਇਕ ਫੌਜੀ ਅੱਡੇ ਦੀ ਸਥਾਪਨਾ ਕੀਤੀ ਹੈ ਜੋ ਮੱਛੀ ਉਦਯੋਗ ਵਾਲੇ ਖੇਤਰ ਤੋਂ ਜ਼ਿਆਦਾ ਦੂਰ ਨਹੀਂ ਹੈ।ਦਰਅਸਲ ਚੀਨ ਦੀ ਸਵੈ-ਨਿਰਮਿਤ ਨਾਈਨ ਡੈਸ਼ ਲਾਈਨ ਦੇ ਖੇਤਰ ’ਚ ਇੰਡੋਨੇਸ਼ੀਆ ਦਾ ਨਾਟੂਨਾ ਟਾਪੂ ਆਉਂਦਾ ਹੈ, ਚੀਨ ਇਸ ’ਤੇ ਆਪਣਾ ਹੱਕ ਸਿਰਫ ਇਸ ਲਈ ਜਮਾ ਰਿਹਾ ਹੈ ਕਿਉਂਕਿ ਇਹ ਖੇਤਰ ਉਸ ਦੀ ਬਣਾਈ ਹੋਈ ਨਾਈਨ ਡੈਸ਼ ਲਾਈਨ ’ਚ ਆਉਂਦਾ ਹੈ ਜਿਸ ਦੀ ਕੋਈ ਕੌਮਾਂਤਰੀ ਮਾਨਤਾ ਨਹੀਂ ਹੈ। ਚੀਨ ਦੇ ਦਾਅਵੇ ਨੂੰ ਖਤਮ ਕਰਨ ਤੇ ਚੀਨ ਦੇ ਨਾਟੂਨਾ ’ਚ ਦਖਲ ਨੂੰ ਰੋਕਣ ਲਈ 2020 ’ਚ ਇੰਡੋਨੇਸ਼ੀਆਈ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇੱਥੇ ਕਿਸ਼ਤੀ ’ਚ ਪੂਰੇ ਸਮੁੰਦਰੀ ਖੇਤਰ ਦਾ ਦੌਰਾ ਕਰ ਕੇ ਚੀਨ ਨੂੰ ਸੰਦੇਸ਼ ਦਿੱਤਾ ਕਿ ਉਹ ਨਾਟੂਨਾ ਟਾਪੂ ਤੋਂ ਦੂਰ ਰਹੇ।ਇੰਡੋਨੇਸ਼ੀਆ ਨੇ ਨਾਟੂਨਾ ਟਾਪੂ ’ਤੇ ਸਮੁੰਦਰੀ ਫੌਜੀ ਅੱਡਾ ਬਣਾਉਣ ਦੇ ਨਾਲ-ਨਾਲ ਇੱਥੇ ਰਾਨਾਈ ਹਵਾਈ ਅੱਡਾ ਵੀ ਬਣਾਇਆ ਜੋ ਸਿਵਲ ਅਤੇ ਫੌਜੀ ਦੋਵਾਂ ਦੀ ਵਰਤੋਂ ’ਚ ਲਿਆਂਦਾ ਜਾਂਦਾ ਹੈ।

ਇੰਡੋਨੇਸ਼ੀਆ ਇਸ ਸਾਲ ਆਸਿਆਨ ਦੇਸ਼ਾਂ ਦਾ ਪ੍ਰਧਾਨ ਦੇਸ਼ ਵੀ ਹੈ, ਨਾਟੂਨਾ ਟਾਪੂ ’ਤੇ ਇੰਡੋਨੇਸ਼ੀਆ ਆਸਿਆਨ ਦੇਸ਼ਾਂ ਨਾਲ ਅਗਲੇ ਮਹੀਨੇ ਸਾਂਝਾ ਫੌਜੀ ਅਭਿਆਸ ਦਾ ਪ੍ਰੋਗਰਾਮ ਵੀ ਆਯੋਜਿਤ ਕਰਨ ਵਾਲਾ ਹੈ, ਇਹ ਸੰਦੇਸ਼ ਚੀਨ ਲਈ ਹੈ ਕਿ ਨਾਟੂਨਾ ਟਾਪੂ ਇੰਡੋਨੇਸ਼ੀਆ ਦਾ ਹੈ ਅਤੇ ਚੀਨ ਇਸ ’ਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਾ ਕਰੇ।ਨਾਟੂਨਾ ਟਾਪੂ ਅਤੇ ਦੱਖਣੀ ਚੀਨ ਸਾਗਰ ਦੇ ਦੱਖਣੀ ਸਿਰੇ ’ਤੇ ਚੀਨ ਦੀ ਦਾਦਾਗਿਰੀ ਦੇਖ ਕੇ ਜਾਪਾਨ ਅਤੇ ਅਮਰੀਕਾ ਵੀ ਚਿੰਤਤ ਹਨ। ਇਸ ਨੂੰ ਦੇਖਦੇ ਹੋਏ ਜਾਪਾਨ ਦੀ ਕੌਮਾਂਤਰੀ ਸਹਿਯੋਗ ਏਜੰਸੀ ਇੱਥੇ ਇਕ ਵੱਡਾ ਮੱਛੀ ਕੇਂਦਰ ਖੋਲ੍ਹਣ ’ਤੇ ਵਿਚਾਰ ਕਰ ਰਹੀ ਹੈ। ਓਧਰ ਅਮਰੀਕਾ ਵੀ ਇੰਡੋਨੇਸ਼ੀਆ ਦੇ ਨਾਲ ਨਾਟੂਨਾ ਦੇ ਰਿਆਯੂ ਟਾਪੂ ਦੇ ਬਾਤਾਮ ਸ਼ਹਿਰ ’ਚ ਸਾਂਝਾ ਕੋਸਟ ਗਾਰਡ ਟ੍ਰੇਨਿੰਗ ਸੈਂਟਰ ਖੋਲ੍ਹ ਰਿਹਾ ਹੈ। ਇਹ ਸਾਰੀਆਂ ਕਵਾਇਦਾਂ ਚੀਨ ਨੂੰ ਇੰਡੋਨੇਸ਼ੀਆਈ ਸਮੁੰਦਰੀ ਖੇਤਰ ਤੋਂ ਦੂਰ ਰੱਖਣ ਲਈ ਕੀਤੀਆਂ ਜਾ ਰਹੀਆਂ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਚੀਨ ਇਨ੍ਹਾਂ ਦੇ ਸਾਂਝੇ ਦਬਾਅ ਦੇ ਅੱਗੇ ਕੁਝ ਸਮੇ ਤੱਕ ਚੁੱਪ ਬੈਠੇਗਾ ਪਰ ਡ੍ਰੈਗਨ ਇਕ ਵਾਰ ਫਿਰ ਆਪਣਾ ਫਨ ਉਠਾਏਗਾ, ਉਸ ਸਮੇਂ ਤਕ ਇੰਡੋਨੇਸ਼ੀਆ ਨੂੰ ਆਪਣੀਆਂ ਫੌਜੀ ਤਿਆਰੀਆਂ ਇਸ ਪੱਧਰ ’ਤੇ ਕਰ ਲੈਣੀਆਂ ਹੋਣਗੀਆਂ ਜਿਸ ਨਾਲ ਚੀਨ ਦਾ ਮੁਕਾਬਲਾ ਕਰਦੇ ਸਮੇਂ ਉਹ ਕਿਸੇ ਦੂਜੇ ਦੇਸ਼ ’ਤੇ ਨਿਰਭਰ ਨਾ ਰਹੇ।
 


cherry

Content Editor

Related News