ਲਾਲਾ ਜੀ ਦੀ ਸਿਆਸਤ ’ਚ ਕੁਰਸੀ ਮੋਹ ਲਈ ਕੋਈ ਥਾਂ ਨਹੀਂ ਸੀ

Monday, Sep 09, 2024 - 10:42 AM (IST)

ਬਹੁਤ ਹੀ ਸਤਿਕਾਰਯੋਗ, ਮਹਾਨ ਹਸਤੀ, ਆਜ਼ਾਦੀ ਘੁਲਾਟੀਏ ਅਤੇ ਆਜ਼ਾਦੀ ਹਾਸਲ ਕਰਨ ਦੇ ਬਾਅਦ ਪੰਜਾਬ ’ਚ ਬਣੀ ਕਾਂਗਰਸ ਸਰਕਾਰ ’ਚ ਸਿੱਖਿਆ ਅਤੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਵਜੋਂ ਬਿਰਾਜਮਾਨ ਹੋਏ ਲਾਲਾ ਜਗਤ ਨਾਰਾਇਣ ਜੀ ਦੀ ਸ਼ਖਸੀਅਤ ਇੰਨੀ ਵਿਸ਼ਾਲ ਸੀ ਕਿ ਉਹ ਇਕ ਹੀ ਸਮੇਂ ’ਚ ਸਮਾਜ ਦੀ ਸੇਵਾ ਕਈ ਮੋਰਚਿਆਂ ’ਤੇ ਸਰਗਰਮੀ ਨਾਲ ਕਰਦੇ ਰਹੇ।

ਉਨ੍ਹਾਂ ਨੇ ਆਪਣੀ ਬੁਲੰਦ ਸ਼ਖਸੀਅਤ ਨਾਲ ਪੰਜਾਬ ਦੀ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਕਹਿਣਾ ਠੀਕ ਹੋਵੇਗਾ ਕਿ ਉਨ੍ਹਾਂ ਨੇ ਸਿਆਸਤ ਨੂੰ ਆਪਣੀ ਦੇਸ਼ ਸੇਵਾ ਦੀ ਨੀਤੀ ਨਾਲ ਨਵਾਂ ਮੋੜ ਅਤੇ ਨਵਾਂ ਰੂਪ ਵੀ ਦਿੱਤਾ। ਅਜਿਹੀਆਂ ਹਸਤੀਆਂ ਇਤਿਹਾਸ ਦੇ ਪੰਨਿਆਂ ’ਚ ਆਪਣਾ ਵਰਣਨਯੋਗ ਸਥਾਨ ਰੱਖਦੀਆਂ ਹਨ। ਇਸੇ ਸੰਦਰਭ ’ਚ ਇਕ ਕਵੀ ਨੇ ਬੜਾ ਖੂਬ ਲਿਖਿਆ ਹੈ-

ਹਜ਼ਾਰੋਂ ਸਾਲ ਨਰਗਿਸ ਅਪਨੀ ਬੇ-ਨੂਰੀ ਪੇ ਰੋਤੀ ਹੈ,

ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾ-ਵਰ ਪੈਦਾ।

ਲਾਲਾ ਜੀ ਨੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਦੇ ਦੇਸ਼ ਦੇ ਸਿੱਖਿਆ ਮੰਤਰੀ ਰਹਿੰਦਿਆਂ ਸਕੂਲਾਂ ਦੀਆਂ ਪਾਠ-ਪੁਸਤਕਾਂ ’ਚ ਸੁਧਾਰ ਕਰ ਦਿੱਤਾ। ਚੰਗੀਆਂ ਪਾਠ-ਪੁਸਤਕਾਂ ਸਸਤੀਆਂ ਕੀਮਤਾਂ ’ਤੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ। ਇਸ ’ਤੇ ਉਨ੍ਹਾਂ ਦਾ ਕਾਫੀ ਵਿਰੋਧ ਵੀ ਹੋਇਆ ਪਰ ਉਹ ਅਡੋਲ ਰਹੇ। ਇਸੇ ਤਰ੍ਹਾਂ ਉਨ੍ਹਾਂ ਨੇ ਟਰਾਂਸਪੋਰਟ ਦਾ ਰਾਸ਼ਟਰੀਕਰਨ ਕਰ ਕੇ ਬੱਸ ਦਾ ਸਫਰ ਸਸਤਾ ਅਤੇ ਸੌਖਾ ਮੁਹੱਈਆ ਕਰਵਾਇਆ। ਉਨ੍ਹਾਂ ਨੇ ਕਾਂਗਰਸ ਤੋਂ ਹੀ ਅਸਤੀਫਾ ਦੇ ਦਿੱਤਾ ਅਤੇ ਫਿਰ ਜ਼ਿੰਦਗੀ ਆਜ਼ਾਦ ਵਿਚਾਰਕ ਵਜੋਂ ਬਤੀਤ ਕੀਤੀ।

25 ਜੂਨ, 1975 ਨੂੰ ਦੇਸ਼ ’ਚ ਐਮਰਜੈਂਸੀ ਲਗਾ ਦਿੱਤੀ ਗਈ ਅਤੇ 26 ਜੂਨ ਨੂੰ ਜ਼ਿਲਾ ਜਲੰਧਰ ਪ੍ਰਸ਼ਾਸਨ ਨੇ ਲਾਲਾ ਜੀ ਨੂੰ ਗ੍ਰਿਫਤਾਰ ਕਰ ਲਿਆ। ਉਹ 19 ਮਹੀਨੇ ਜੇਲ ’ਚ ਰਹੇ। ਉਨ੍ਹਾਂ ਦਾ ਪਟਿਆਲਾ ਜੇਲ ’ਚ ਤਬਾਦਲਾ ਕਰ ਦਿੱਤਾ ਗਿਆ। ਉਥੇ ਹੋਰਨਾਂ ਨੇਤਾਵਾਂ ਤੋਂ ਇਲਾਵਾ ਕਾਂਗਰਸ ਦੇ ਯੂਥ ਆਗੂ ਚੰਦਰਸ਼ੇਖਰ ਵੀ ਕੈਦ ਸਨ। ਇਸ ਲਈ ਜੇਲ ’ਚ ਇਨ੍ਹਾਂ ਨੇਤਾਵਾਂ ਨਾਲ ਉਦੋਂ ਮੁਲਾਕਾਤਾਂ ਅਤੇ ਵਿਚਾਰ ਚਰਚਾ ਵੀ ਹੁੰਦੀ ਰਹਿੰਦੀ ਸੀ।

ਲਾਲਾ ਜੀ ਦੀ ਸਿਹਤ ਜੇਲ ’ਚ ਰਹਿੰਦਿਆਂ ਕਾਫੀ ਵਿਗੜਦੀ ਜਾ ਰਹੀ ਸੀ। ਉਦੋਂ ਉਨ੍ਹਾਂ ਦੀ ਉਮਰ 86 ਸਾਲ ਦੀ ਸੀ। ਉਨ੍ਹਾਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਵੀ ਹੋਇਆ ਅਤੇ ਹੋਰ ਸਰੀਰਕ ਦੁੱਖ ਵੀ ਉੱਭਰੇ ਪਰ ਲਾਲਾ ਜੀ ਨੇ ਰਿਹਾਅ ਹੋਣ ਤੋਂ ਨਾਂਹ ਕਰ ਦਿੱਤੀ। ਇਥੇ ਇਸ ਗੱਲ ਦਾ ਵਰਣਨ ਕਰਨਾ ਜ਼ਰੂਰੀ ਹੈ ਕਿ ਲਾਲਾ ਜੀ ਦੀ ਸਿਹਤ ਪ੍ਰਤੀ ਉਨ੍ਹਾਂ ਦਾ ਪਰਿਵਾਰ ਅਤੇ ਪਰਿਵਾਰ ਦੇ ਮੁਖੀ ਸ਼੍ਰੀ ਵਿਜੇ ਕੁਮਾਰ ਚਿੰਤਤ ਰਹੇ। ਉਨ੍ਹਾਂ ਨੇ ਲਾਲਾ ਜੀ ਨੂੰ ਉਨ੍ਹਾਂ ਦੇ ਪਟਿਆਲਾ ਜੇਲ ਰਹਿਣ ਦੇ ਦੌਰਾਨ ਜਲੰਧਰ ਤੋਂ ਰੋਜ਼ਾਨਾ ਕਾਰ ਰਾਹੀਂ ਸਫਰ ਕਰ ਕੇ ਘਰ ਦਾ ਬਣਿਆ ਭੋਜਨ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੰਭਾਲੀ। ਇਸ ਲਈ ਜੇਲ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਤੰਦਰੁਸਤ ਰਹਿਣ ਲਈ ਜੇਲ ਦੇ ਭੋਜਨ ਦੀ ਥਾਂ ਲਾਲਾ ਜੀ ਨੂੰ ਘਰ ਦਾ ਭੋਜਨ ਦੇਣਾ ਠੀਕ ਰਹੇਗਾ।

ਮੈਨੂੰ ਪਤਾ ਹੈ ਕਿ ਸ਼੍ਰੀ ਵਿਜੇ ਜੀ ਜਦੋਂ ਘਰ ਦਾ ਤਾਜ਼ਾ ਭੋਜਨ ਨਿਯਮਿਤ ਤੌਰ ’ਤੇ ਪਟਿਆਲਾ ਜੇਲ ’ਚ ਲਾਲਾ ਜੀ ਨੂੰ ਪਹੁੰਚਾਉਂਦੇ ਰਹੇ, ਤਾਂ ਉਹ ਆਪਣੇ ਨਾਲ ਹਿੰਦ ਸਮਾਚਾਰ, ਪੰਜਾਬ ਕੇਸਰੀ ਅਤੇ ਹੋਰ ਅਖਬਾਰ ਵੀ ਲੈ ਜਾਂਦੇ ਸਨ। ਉਦੋਂ ਜੇਲ ’ਚ ਕੋਈ ਅਖਬਾਰ ਤਾਂ ਮਿਲਦੇ ਨਹੀਂ ਸੀ ਕਿਉਂਕਿ ਐਮਰਜੈਂਸੀ ਦੇ ਕਾਲੇ ਦੌਰ ਦਾ ਘੋਰ ਜਬਰ ਜਾਰੀ ਸੀ ਪਰ ਵਿਜੇ ਕੁਮਾਰ ਜੀ ਦੇ ਯਤਨਾਂ ਨਾਲ ਅਖਬਾਰ ਪਟਿਆਲਾ ਜੇਲ ਤੱਕ ਪਹੁੰਚਾਏ ਗਏ। ਇਕ ਦਿਨ ਸ਼੍ਰੀ ਚੰਦਰਸ਼ੇਖਰ ਨੇ ਅਖਬਾਰ ਦੇਖੇ ਤਾਂ ਪੁੱਛਿਆ ਕਿ ਜੇਲ ’ਚ ਅਖਬਾਰ ਕਿਵੇਂ ਆ ਗਏ। ਉਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਲਾ ਜੀ ਵੀ ਇਸੇ ਜੇਲ ’ਚ ਹਨ ਅਤੇ ਉਨ੍ਹਾਂ ਦੇ ਪਰਿਵਾਰ ’ਚੋਂ ਸ਼੍ਰੀ ਵਿਜੇ ਕੁਮਾਰ ਇਹ ਅਖਬਾਰ ਲਿਆਏ ਹਨ।

ਫਿਰ ਐਮਰਜੈਂਸੀ ਦਾ ਦੌਰ ਖਤਮ ਹੋਣ ਨੂੰ ਆਇਆ ਤਾਂ ਪ੍ਰਚੰਡ ਤੌਰ ’ਤੇ ਹੋਏ ਘੋਰ ਜਬਰ ਨਾਲ ਲੋਕਾਂ ਦਾ ਗੁੱਸਾ ਸਾਹਮਣੇ ਆਇਆ ਅਤੇ ਕਈ ਸਿਆਸੀ ਨੇਤਾਵਾਂ ਨੇ ਆਪਣੇ ਮਤਭੇਦ ਭੁਲਾ ਕੇ ਇਕ ਦੇਸ਼ ਪੱਧਰੀ ਸਿਆਸੀ ਪਾਰਟੀ ਦਾ ਗਠਨ ਕੀਤਾ ਅਤੇ ਜਨਤਾ ਪਾਰਟੀ ਦੀ ਸਥਾਪਨਾ ਹੋ ਗਈ। ਜਦੋਂ ਆਮ ਚੋਣਾਂ ਹੋਈਆਂ ਤਾਂ ਪੰਜਾਬ ਤੋਂ ਲੈ ਕੇ ਪੱਛਮੀ ਬੰਗਾਲ ਤਕ ਦੇ ਸਾਰੇ ਸੂਬਿਆਂ ’ਚ ਕਾਂਗਰਸ ਦਾ ਸਫਾਇਆ ਹੋ ਗਿਆ ਅਤੇ ਖੁਦ ਇੰਦਰਾ ਗਾਂਧੀ ਵੀ ਚੋਣ ਹਾਰ ਗਈ, ਜਿਨ੍ਹਾਂ ਨੇ ਆਪਣੀ ਗੱਦੀ ਬਚਾਉਣ ਲਈ ਦੇਸ਼ ’ਚ ਐਮਰਜੈਂਸੀ ਦਾ ਐਲਾਨ ਕੀਤਾ ਤੇ ਇਸ ਨੂੰ ਬੜੀ ਸਖਤੀ ਨਾਲ ਲਾਗੂ ਕੀਤਾ ਅਤੇ ਹਜ਼ਾਰਾਂ ਸਿਆਸੀ ਵਿਰੋਧੀਆਂ ਨੂੰ ਜੇਲਾਂ ’ਚ ਸੁੱਟ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਜਨਤਾ ਪਾਰਟੀ ਦੇ ਰੂਪ ’ਚ ਜਦੋਂ ਆਮ ਚੋਣਾਂ ਆਈਆਂ ਉਦੋਂ ਲਾਲਾ ਜੀ ਨੇ ਪੰਜਾਬ ਦੀ ਉਦੋਂ ਦੀ ਅਕਾਲੀ ਲੀਡਰਸ਼ਿਪ ਸ. ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਆਦਿ ਨੂੰ ਸਮਝਾਇਆ ਕਿ ਪੰਜਾਬ ਤੋਂ ਲੋਕ ਸਭਾ ਦੀਆਂ 13 ਸੀਟਾਂ ’ਚੋਂ 9 ’ਤੇ (ਜੋ ਅਕਾਲੀ ਦਲ ਨੂੰ ਦਿੱਤੀਆਂ ਗਈਆਂ ਸਨ) ਆਪਣੇ ਚੋਟੀ ਦੇ ਨੇਤਾਵਾਂ ਨੂੰ ਖੜ੍ਹੇ ਕਰੋ ਅਤੇ ਖੁਦ ਵੀ ਚੋਣ ਲੜੋ, ਤਾਂ ਹੀ ਇਹ ਸੀਟਾਂ ਜਿੱਤੀਆਂ ਜਾ ਸਕਣਗੀਆਂ।

ਲਾਲਾ ਜੀ ਨੇ ਉਦੋਂ ਸਾਰੀਆਂ ਸੀਟਾਂ ’ਤੇ ਜਨਤਾ ਪਾਰਟੀ ਦਾ ਖੂਬ ਪ੍ਰਚਾਰ ਕੀਤਾ, ਚੋਣ ਮੁਹਿੰਮ ਚਲਾਈ ਅਤੇ ਅਕਾਲੀ ਦਲ ਇਹ ਸਾਰੀਆਂ ਸੀਟਾਂ ਜਿੱਤ ਗਿਆ। ਬਾਕੀ 4 ਸੀਟਾਂ ਵੀ ਜਨਤਾ ਪਾਰਟੀ ਦੀਆਂ ਹੀ ਸਨ, 3 ’ਤੇ ਜਨਸੰਘ ਦੇ ਨੇਤਾ ਜਿੱਤੇ ਅਤੇ 13ਵੀਂ ਸੀਟ ਫਿਲੌਰ ’ਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਉਮੀਦਵਾਰ ਮਾਸਟਰ ਭਗਤ ਰਾਮ ਵੀ ਜਨਤਾ ਪਾਰਟੀ ਦੀ ਲਹਿਰ ’ਚ ਜਿੱਤੇ। ਇਹ ਸੀਟਾਂ ਜਿੱਤੀਆਂ ਗਈਆਂ ਤਾਂ ਜਨਤਾ ਪਾਰਟੀ ਦੇ ਨਾਂ ’ਤੇ ਹੀ ਪਰ ਇਨ੍ਹਾਂ ਨੂੰ ਸਾਕਾਰ ਰੂਪ ਦੇਣ ਦਾ ਅਸਲੀ ਸਿਹਰਾ ਤਾਂ ਲਾਲਾ ਜੀ ਨੂੰ ਜਾਂਦਾ ਹੈ।

ਇਹ ਦੱਸ ਦੇਈਏ ਕਿ ਲੋਕ ਸਭਾ ਦੀਆਂ ਸੀਟਾਂ ਅਕਾਲੀ ਦਲ ਕਦੇ ਵੀ ਇਸ ਤੋਂ ਪਹਿਲਾਂ 2 ਤੋਂ ਵੱਧ ਨਹੀਂ ਜਿੱਤ ਸਕਿਆ ਸੀ। ਇਹ ਲਾਲਾ ਜੀ ਦੀ ਹੀ ਦੇਣ ਸੀ ਕਿ ਅਕਾਲੀ ਦਲ ਇੰਨੀਆਂ ਸੀਟਾਂ ਉਦੋਂ ਜਿੱਤ ਸਕਿਆ। ਅੱਜ ਜੇਕਰ ਲਾਲਾ ਜੀ ਦੇ ਸੰਘਰਸ਼ਪੂਰਨ ਜੀਵਨ ਅਤੇ ਉਨ੍ਹਾਂ ਦੀ ਮਹਾਨ ਦੇਣ ਦੇ ਨਾਲ-ਨਾਲ ਉਨ੍ਹਾਂ ਤੋਂ ਸਿਆਸੀ ਲਾਭ ਉਠਾਉਣ ਵਾਲਿਆਂ ਵੱਲ ਦੇਖਿਆ ਜਾਵੇ ਤਾਂ ਘੋਰ ਨਿਰਾਸ਼ਾ ਹੀ ਦੇਖਣ ਨੂੰ ਮਿਲਦੀ ਹੈ। ਜਿਸ ਸ. ਪ੍ਰਤਾਪ ਸਿੰਘ ਕੈਰੋਂ ਨੂੰ ਲਾਲਾ ਜੀ ਨੇ ਪੰਜਾਬੀ ਏਕਤਾ ਦੇ ਆਦਰਸ਼ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਵਾਇਆ-ਹਿੰਦੂ ਹੁੰਦੇ ਹੋਏ ਅਤੇ ਭੀਮ ਸੈਨ ਸੱਚਰ ਦੇ ਬੜੇ ਹੀ ਨੇੜੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਪ੍ਰਤਾਪ ਸਿੰਘ ਕੈਰੋਂ ਦਾ ਸਮਰਥਨ ਕੀਤਾ, ਉਸੇ ਪ੍ਰਤਾਪ ਸਿੰਘ ਕੈਰੋਂ ਨੇ ਲਾਲਾ ਜੀ ’ਤੇ ਹੀ ਸੱਤਾ ’ਚ ਆਉਣ ਦੇ ਬਾਅਦ ਜ਼ੁਲਮ ਢਾਹੁਣ ’ਚ ਕੋਈ ਕਸਰ ਨਹੀਂ ਛੱਡੀ ਸੀ। ਇਤਿਹਾਸ ਇਸ ਦਾ ਗਵਾਹ ਹੈ।

ਫਿਰ ਅਕਾਲੀ ਦਲ ਨੂੰ ਲੋਕ ਸਭਾ ਦੀਆਂ 9 ਸੀਟਾਂ ਦਿਵਾਉਣ ਅਤੇ ਉਨ੍ਹਾਂ ਨੂੰ ਸਫਲ ਬਣਾਉਣ ’ਚ ਜਿਸ ਲਾਲਾ ਜੀ ਨੇ ਸਿਰ-ਧੜ ਦੀ ਬਾਜ਼ੀ ਲਗਾ ਕੇ ਚੋਣ ਮੁਹਿੰਮ ਚਲਾਈ ਅਤੇ ਉਨ੍ਹਾਂ ਨੂੰ ਉਹ ਸਭ ਦਿਵਾਇਆ ਜੋ ਉਨ੍ਹਾਂ ਦੇ ਬਿਨਾਂ ਉਨ੍ਹਾਂ ਨੂੰ ਓਨਾ ਨਾ ਮਿਲਦਾ, ਉਸੇ ਅਕਾਲੀ ਦਲ ਦੇ ਕਈ ਨੇਤਾ ਲਾਲਾ ਜੀ ਦੀ ਦੇਣ ਭੁੱਲ ਗਏ ਅਤੇ ਉਨ੍ਹਾਂ ਦੇ ਵਿਰੁੱਧ ਪ੍ਰਚਾਰ ਕਰਨ ਲੱਗੇ।

ਸਿਆਸਤ ਦੇ ਇਸੇ ਰੂਪ ਨੂੰ ਲਾਲਾ ਜੀ ਨੇ ਪਛਾਣ ਲਿਆ ਸੀ। ਉਨ੍ਹਾਂ ਨੇ ਉਦੋਂ ਖੁਦ ਲਿਖਿਆ ਸੀ :

ਹੁਣ ਮੈਂ ਸਮਝਣ ਲੱਗਾ ਹਾਂ ਕਿ ਸਿਆਸਤ ਇਕ ਛਲ ਹੈ, ਕਪਟ ਹੈ, ਧੋਖਾ ਹੈ, ਫਰੇਬ ਹੈ। ਹੁਣ ਸਿਆਸਤ ਤੋਂ ਅੱਕ ਗਿਆ ਹਾਂ। ਸਿਆਸਤ ਦੇ ਕਪਟਪੁਣੇ ਅਤੇ ਅਡੰਬਰ ਭਰੇ ਵਾਤਾਵਰਣ ’ਚੋਂ ਨਿਕਲ ਕੇ ਸ਼ਾਂਤੀ ਅਤੇ ਸੁੱਖ ਮਹਿਸੂਸ ਕਰ ਰਿਹਾ ਹਾਂ। ਅਸਲ ’ਚ ਲਾਲਾ ਜਗਤ ਨਾਰਾਇਣ ਜੀ ਦੀ ਸਿਆਸਤ ਲੋਕ ਸੇਵਾ ਦਾ ਇਕ ਮਾਧਿਅਮ ਰਹੀ, ਨਾ ਕਿ ‘ਸੱਤਾ’ ਪ੍ਰਾਪਤੀ ਦਾ। ਉਨ੍ਹਾਂ ਦੀ ਸਿਆਸਤ ’ਚ ਕੁਰਸੀ ਮੋਹ ਲਈ ਕੋਈ ਥਾਂ ਨਹੀਂ ਸੀ।

-ਓਮ ਪ੍ਰਕਾਸ਼ ਖੇਮਕਰਨੀ


Tanu

Content Editor

Related News