ਭਾਰਤ ’ਚ ਵਧਦੇ ਸੈਕਸ ਅਪਰਾਧ ਅਤੇ ਕਾਰਨ
Monday, Apr 28, 2025 - 06:52 AM (IST)

ਦੇਸ਼ ’ਚ ਸੈਕਸ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਮੁੰਡੇ ਅਤੇ ਕੁੜੀਆਂ ਦੋਵੇਂ ਹੀ ਇਸ ਦਾ ਸ਼ਿਕਾਰ ਹੋ ਰਹੇ ਹਨ। 22 ਅਪ੍ਰੈਲ ਨੂੰ ਉੱਤਰਾਖੰਡ ਤੋਂ ਨਵੀਂ ਦਿੱਲੀ ’ਚ ਇਕ ਖੇਡ ਮੁਕਾਬਲੇ ’ਚ ਹਿੱਸਾ ਲੈਣ ਲਈ ਆਏ 14 ਸਾਲਾ ਅੱਲ੍ਹੜ ਨਾਲ ਖੇਡ ਮੁਕਾਬਲੇ ’ਚ ਹਿੱਸਾ ਲੈਣ ਆਏ ਕੁਝ ਹੋਰਨਾਂ ਪ੍ਰਤੀਯੋਗੀਆਂ ਵਲੋਂ ਸਮੂਹਿਕ ਬਦਫੈਲੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ 18 ਸਾਲ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 5 ਨਾਬਾਲਿਗਾਂ ਨੂੰ ਵੀ ਫੜਿਆ ਗਿਆ ਹੈ। ਪੀੜਤ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਆਪਣੇ ਕਮਰੇ ’ਚ ਬੁਲਾ ਕੇ ਨੰਗਾ ਕਰਨ ਿਪੱਛੋਂ ਉਸ ਨਾਲ ਬਦਫੈਲੀ ਕੀਤੀ ਅਤੇ ਉਨ੍ਹਾਂ ’ਚੋਂ ਦੋ ਨੇ ਸਮੁੱਚੀ ਘਟਨਾ ਦੀ ਵੀਡੀਓ ਵੀ ਬਣਾਈ।
ਇਸੇ ਤਰ੍ਹਾਂ ਇਕ ਹੋਰ ਘਟਨਾ ’ਚ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲੇ ’ਚ 23 ਅਪ੍ਰੈਲ ਨੂੰ ਇਕ ਵਿਆਹ ਸਮਾਰੋਹ ਤੋਂ ਪਰਤ ਰਹੀਆਂ ਓ. ਬੀ. ਸੀ. ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀਆਂ 13, 15, 16 ਸਾਲ ਦੀਆਂ 3 ਨਾਬਾਲਗ ਕੁੜੀਆਂ ਅਤੇ ਇਕ 21 ਸਾਲਾ ਮੁਟਿਆਰ ਨੂੰ ਅਗਵਾ ਕਰਨ ਪਿੱਛੋਂ ਉਨ੍ਹਾਂ ਨੂੰ ਜੰਗਲ ’ਚ ਲਿਜਾ ਕੇ ਉਨ੍ਹਾਂ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਨਾਬਾਲਿਗ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਕਤ ਘਟਨਾਵਾਂ ਨੂੰ ਦੇਖਦੇ ਹੋਏ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਭਾਰਤ ’ਚ ਜਬਰ-ਜ਼ਨਾਹ ਦੇ ਮਾਮਲੇ ਵਧ ਕਿਉਂ ਰਹੇ ਹਨ? ਇਸ ਦਾ ਪਹਿਲਾ ਕਾਰਨ ਨਸ਼ਿਆਂ ਦੀ ਵਰਤੋਂ ਹੋ ਸਕਦਾ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਅਨਪੜ੍ਹਤਾ ਕਾਰਨ ਅਜਿਹਾ ਹੋ ਰਿਹਾ ਹੈ ਅਤੇ ਫਿਰ ਇਹ ਕਿਹਾ ਜਾਂਦਾ ਸੀ ਕਿ ਕੁੜੀਆਂ ਇਸ ਵਿਰੁੱਧ ਆਵਾਜ਼ ਨਹੀਂ ਉਠਾਉਂਦੀਆਂ ਪਰ ਹੁਣ ਤਾਂ ਕੁੜੀਆਂ ਬਾਹਰ ਆ ਕੇ ਵਿਚਰਣ ਲੱਗ ਪਈਆਂ ਹਨ ਅਤੇ ਮੁੰਡੇ ਵੀ ਪੜ੍ਹੇ-ਲਿਖੇ ਹਨ ਪਰ ਇਸ ਦੇ ਬਾਵਜੂਦ ਇਹ ਸਿਲਸਿਲਾ ਬੰਦ ਕਿਉਂ ਨਹੀਂ ਹੋ ਰਿਹਾ?
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਫੜੇ ਜਾਣ ਵਾਲੇ ਮੁਲਜ਼ਮਾਂ ਵਿਰੁੱਧ ਤੁਰੰਤ ਕਾਰਵਾਈ ਨਹੀਂ ਹੁੰਦੀ। ਉਨ੍ਹਾਂ ਨੂੰ ਸਮੇਂ ਸਿਰ ਸਜ਼ਾ ਨਹੀਂ ਮਿਲਦੀ। ਲੰਬੇ ਸਮੇਂ ਤੱਕ ਮਾਮਲੇ ਲਟਕਦੇ ਰਹਿੰਦੇ ਹਨ ਜਾਂ ਫਿਰ ਅਪਰਾਧੀ ਜ਼ਮਾਨਤ ’ਤੇ ਰਿਹਾਅ ਹੋ ਜਾਂਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਮੁਲਜ਼ਮਾਂ ਨੂੰ ਸਜ਼ਾ ਦਿੱਤੇ ਜਾਣ ਦੀ ਦਰ ਵੀ ਬਹੁਤ ਘੱਟ ਹੈ। ਜਿੰਨੀ ਵੱਧ ਸਜ਼ਾ ਦੀ ਦਰ ਹੋਵੇਗੀ, ਜਬਰ-ਜ਼ਨਾਹ ਦੀਆਂ ਘਟਨਾਵਾਂ ਵੀ ਓਨੀਆਂ ਹੀ ਘੱਟ ਹੋਣਗੀਆਂ।
ਆਸਾਨੀ ਨਾਲ ਉਪਲਬਧ ਆਨਲਾਈਨ ਅਸ਼ਲੀਲ ਸਮੱਗਰੀ, ਜਿਸ ’ਤੇ ਕਿਸੇ ਦਾ ਕੰਟਰੋਲ ਨਹੀਂ ਹੈ, ਦੇਖਣ ਦਾ ਵੀ ਬੁਰਾ ਪ੍ਰਭਾਵ ਲੋਕਾਂ ਦੇ ਮਨ ’ਤੇ ਪੈ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਸੈਕਸ ਅਪਰਾਧ ਕਰਨ ਵੱਲ ਰੁਝਾਨ ਹੁੰਦਾ ਹੈ।
ਜਬਰ-ਜ਼ਨਾਹ ਦੀਆਂ ਘਟਨਾਵਾਂ ਕਈ ਕਾਰਕਾਂ ਦੇ ਆਪਸੀ ਪ੍ਰਭਾਵ ਕਾਰਨ ਨਿਰਧਾਰਿਤ ਹੁੰਦੀਆਂ ਹਨ। ਸਾਡੇ ਸਮਾਜ ’ਚ ਇਸ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਗਈਆਂ ਹਨ ਕਿ ਜੇ ਕੋਈ ਦਲਿਤ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਲਿੰਗ ਅਨੁਪਾਤ ਜਿੰਨਾ ਵੱਧ ਹੁੰਦਾ ਹੈ (ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੋਣੀ), ਜਬਰ-ਜ਼ਨਾਹ ਦੀਆਂ ਘਟਨਾਵਾਂ ਓਨੀਆਂ ਹੀ ਵੱਧ ਹੁੰਦੀਆਂ ਹਨ। ਖੁੱਲ੍ਹੀਆਂ ਥਾਵਾਂ ’ਤੇ ਜੰਗਲ-ਪਾਣੀ ਦਾ ਜਾਣਾ ਵੀ ਜਬਰ-ਜ਼ਨਾਹ ਦੀਆਂ ਘਟਨਾਵਾਂ ’ਚ ਵਾਧੇ ਨਾਲ ਜੁੜਿਆ ਹੋਇਆ ਹੈ-ਖਾਸ ਕਰ ਕੇ ਪੇਂਡੂ ਖੇਤਰਾਂ ’ਚ।
ਕਦੇ-ਕਦੇ ਸਮਾਜਿਕ ਡਰ ਕਾਰਨ ਵੀ ਔਰਤਾਂ ਉਨ੍ਹਾਂ ਘਟਨਾਵਾਂ ਦੀ ਰਿਪੋਰਟ ਕਰਨ ਲਈ ਵੀ ਤਿਆਰ ਨਹੀਂ ਹੁੰਦੀਆਂ ਜੋ ਜਬਰ-ਜ਼ਨਾਹ ਜਾਂ ਜਬਰ-ਜ਼ਨਾਹ ਦੇ ਯਤਨ ਦੀ ਕਾਨੂੰਨੀ ਪਰਿਭਾਸ਼ਾ ’ਚ ਫਿੱਟ ਬੈਠਦੀਆਂ ਹਨ। ਅਜਿਹੇ ’ਚ ਸਮਾਜ ਨੂੰ ਬੱਚਿਆਂ ’ਚ ਗਲਤ ਜਾਂ ਠੀਕ ਦੀ ਭਾਵਨਾ, ਸੰਵੇਦਨਸ਼ੀਲਤਾ ਅਤੇ ਕਾਨੂੰਨ ਦਾ ਸਤਿਕਾਰ ਕਰਨਾ ਸਿੱਖਣਾ ਅਤਿਅੰਤ ਜ਼ਰੂਰੀ ਹੈ।