ਧਰਮ, ਜਾਤੀ, ਪਰਿਵਾਰ ਅਤੇ ਸਮਾਜ ਦੇਸ਼ ਦੇ ਚਾਰ ਥੰਮ੍ਹ : ਇਨ੍ਹਾਂ ਨੂੰ ਨਾ ਵੰਡੋ

Saturday, Aug 17, 2024 - 06:34 PM (IST)

ਸੱਚ ਇਹ ਹੈ ਕਿ ਧਰਮ ਜਨਮਜਾਤ ਹੁੰਦਾ ਹੈ, ਜਾਤੀ ਤੈਅ ਹੁੰਦੀ ਹੈ, ਮਾਤਾ-ਪਿਤਾ ਅਤੇ ਪਰਿਵਾਰ ਨਿਸ਼ਚਿਤ ਹਨ ਅਤੇ ਵਿਅਕਤੀ ਪਹਿਲਾਂ ਤੋਂ ਨਿਰਧਾਰਿਤ ਹਾਲਾਤ ਅਨੁਸਾਰ ਹੀ ਆਪਣੀ ਜੀਵਨ ਯਾਤਰਾ ਸ਼ੁਰੂ ਕਰਦਾ ਹੈ। ਵਿਆਪਕ ਤੌਰ ’ਤੇ ਇਹੀ ਚਾਰ ਜੀਵਨ ਦੇ ਥੰਮ੍ਹ ਹਨ। ਸਵਾਲ ਇਹ ਹੈ ਕਿ ਕੀ ਇਹ ਸਮਝਿਆ ਜਾਵੇ ਕਿ ਕਿਉਂਕਿ ਜਿਥੇ ਜਨਮ ਹੋਇਆ ਹੈ, ਉਸ ਘਰ ਦੇ ਲੋਕਾਂ ਦਾ ਇਹ ਅਧਿਕਾਰ ਹੋ ਜਾਂਦਾ ਹੈ ਕਿ ਉਹ ਜਨਮ ਲੈਣ ਵਾਲੇ ਬਾਲਕ ਦੇ ਮਾਲਕ ਹਨ ਅਤੇ ਉਸ ਨੇ ਜੀਵਨ ਭਰ ਉਹੀ ਕਰਨਾ ਹੈ ਜਿਵੇਂ ਉਹ ਕਹਿਣ।

ਧਰਮ, ਜਾਤੀ ਅਤੇ ਸਮਾਜ : ਵੱਡੇ ਹੋਣ ’ਤੇ ਜਦੋਂ ਕੋਈ ਵਿਅਕਤੀ ਕਿਸੇ ਹੋਰ ਧਰਮ ਤੋਂ ਪ੍ਰਭਾਵਿਤ ਹੋ ਕੇ ਜਾਂ ਕਿਸੇ ਹੋਰ ਕਾਰਨ ਉਸ ਨੂੰ ਅਪਣਾ ਲੈਂਦਾ ਹੈ ਤਾਂ ਉਸ ਦੇ ਮੂਲ ਧਰਮ ਦੇ ਲੋਕ ਉਸ ਦਾ ਵਿਰੋਧ ਕਰਦੇ ਹਨ। ਜੇਕਰ ਕੋਈ ਵਿਅਕਤੀ ਕਿਸੇ ਦੂਸਰੀ ਜਾਤੀ ਦੇ ਲੋਕਾਂ ਦੇ ਨਾਲ ਉੱਠਦਾ-ਬੈਠਦਾ ਹੈ ਤਾਂ ਉਹ ਦੁਸ਼ਮਣ ਹੋ ਜਾਂਦਾ ਹੈ ਅਤੇ ਕਿਤੇ ਕਿਸੇ ਦੂਸਰੇ ਧਰਮ ਜਾਂ ਜਾਤੀ ’ਚ ਵਿਆਹ ਸੰਬੰਧ ਹੋ ਜਾਣ ਤਾਂ ਆਮ ਪਰਿਵਾਰਾਂ ’ਚ ਭੂਚਾਲ ਆਉਣਾ ਤੈਅ ਹੈ।

ਪਰਿਵਾਰ ਤਾਂ ਮੰਨ ਲਓ ਕਿਸੇ ਤਰ੍ਹਾਂ ਬੱਚਿਆਂ ਦੀ ਖੁਸ਼ੀ ਦਾ ਮਾਣ ਰੱਖਦੇ ਹੋਏ ਉਨ੍ਹਾਂ ਨੂੰ ਸਵੀਕਾਰ ਕਰ ਵੀ ਲੈਣ ਪਰ ਸਮਾਜ ਇਸ ਨੂੰ ਸਵੀਕਾਰ ਨਹੀਂ ਕਰਦਾ। ਪੂਰਾ ਪਰਿਵਾਰ ਨਿਸ਼ਾਨੇ ’ਤੇ ਆ ਜਾਂਦਾ ਹੈ। ਧਰਮ ਅਤੇ ਜਾਤੀ ’ਚੋਂ ਬਾਈਕਾਟ ਕਰਨ ਲਈ ਸਾਰੇ ਰਸਤੇ ਅਪਣਾਏ ਜਾਂਦੇ ਹਨ। ਕੀ ਧਰਮ ਅਤੇ ਜਾਤੀ ਇੰਨੇ ਅਸਹਿਣਸ਼ੀਲ ਹੁੰਦੇ ਹਨ ਕਿ ਕਿਸੇ ਵਿਅਕਤੀ ਦੀ ਆਪਣੀ ਇੱਛਾ ਦਾ ਕੋਈ ਮਹੱਤਵ ਹੀ ਨਾ ਹੋਵੇ ਅਤੇ ਧਰਮ, ਜਾਤੀ, ਪਰਿਵਾਰ ਦੀਆਂ ਬੇੜੀਆਂ ’ਚ ਬੰਨ੍ਹ ਕੇ ਕਿਸੇ ਦਾ ਜਿਊਣਾ ਹੀ ਮੁਹਾਲ ਕਰ ਦਿੱਤਾ ਜਾਏ?

ਅਸਲ ’ਚ ਅਸੀਂ ਜਿਹੋ ਜਿਹੇ ਮਾਹੌਲ ’ਚ ਰਹਿੰਦੇ ਹਾਂ ਉਹੋ ਜਿਹਾ ਹੀ ਵਿਹਾਰ ਕਰਦੇ ਹਾਂ। ਸਮਾਜ ਅਤੇ ਉਸ ਦੀਆਂ ਰਵਾਇਤਾਂ ਅਤੇ ਮਾਨਤਾਵਾਂ ਦੇ ਨਾਂ ’ਤੇ ਇਕ-ਦੂਸਰੇ ਦੀਆਂ ਅੱਖਾਂ ਨੂੰ ਚੰਗੇ ਨਹੀਂ ਲੱਗਦੇ ਅਤੇ ਇਥੋਂ ਤੱਕ ਕਿ ਆਪਸ ’ਚ ਬਿਨਾਂ ਕਿਸੇ ਕਾਰਨ ਦੁਸ਼ਮਣੀ ਕਰਨ ਲੱਗਦੇ ਹਾਂ। ਜ਼ੁਬਾਨ ਤੋਂ ਚਾਹੇ ਨਾ ਕਹੀਏ ਪਰ ਮਨ ’ਚੋਂ ਇਹੀ ਚਾਹੁੰਦੇ ਹਾਂ ਜੋ ਸਾਡੇ ਹਾਵਾਂ-ਭਾਵਾਂ ਤੋਂ ਪ੍ਰਗਟ ਹੋ ਹੀ ਜਾਂਦਾ ਹੈ।

ਭਾਰਤ ’ਚ ਮੁਗਲ ਅਤੇ ਅੰਗਰੇਜ਼ੀ ਹਕੂਮਤ ਨੇ ਧਰਮ ਅਤੇ ਜਾਤੀ ਦੇ ਆਧਾਰ ’ਤੇ ਪਈ ਪਰਿਵਾਰ ਅਤੇ ਸਮਾਜ ਦੀ ਇਸ ਨੀਂਹ ਨੂੰ ਸਮਝਿਆ ਅਤੇ ਭਾਰਤੀਆਂ ਨੂੰ ਮਾਨਸਿਕ ਗੁਲਾਮ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਇਨ੍ਹਾਂ ਨੂੰ ਮੋਹਰਾ ਬਣਾ ਕੇ ਭਾਰਤੀ ਸਮਾਜ ਨੂੰ ਇਕ-ਦੂਸਰੇ ਨਾਲ ਲੜਾਉਣ, ਕਦੇ ਇਕ ਨਾ ਹੋਣ ਦੇਣ ਦੀ ਬਿਸਾਤ ਵਿਛਾ ਦਿੱਤੀ ਅਤੇ ਵੰਡੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ। ਬਦਕਿਸਮਤੀ ਨਾਲ ਅੱਜ ਵੀ ਇਹੋ ਹੋ ਰਿਹਾ ਹੈ।

ਬਦਕਿਸਮਤੀ ਇਸ ਗੱਲ ਦੀ ਵੀ ਹੈ ਕਿ ਆਜ਼ਾਦੀ ਦੇ 8 ਦਹਾਕੇ ਹੋਣ ਵਾਲੇ ਹਨ ਅਤੇ ਅਸੀਂ ਸਦੀਆਂ ਪੁਰਾਣੀ ਗੁਲਾਮੀ ਨਿਭਾਈ ਜਾ ਰਹੇ ਹਾਂ। ਧਰਮ ਦੇ ਨਾਂ ’ਤੇ ਦੰਗੇ ਹੁੰਦੇ ਹਨ, ਜਾਤੀ ਨੂੰ ਲੈ ਕੇ ਜਬਰ-ਜ਼ਨਾਹ ਅਤੇ ਹੱਤਿਆ ਵਰਗੇ ਘਿਨਾਉਣੇ ਕਾਰੇ ਹੁੰਦੇ ਹਨ। ਪਰਿਵਾਰ ਅਤੇ ਉਸ ਦੇ ਭੇਸ ’ਚ ਖਾਨਦਾਨ ਦੀ ਇੱਜ਼ਤ ’ਤੇ ਵੱਟਾ ਲਾਉਣ ਦੀ ਗੱਲ ਹੁੰਦੀ ਹੈ। ਰੱਸੀ ਸੜ ਗਈ ਪਰ ਵਲ ਨਹੀਂ ਗਿਆ ਦੀ ਕਹਾਵਤ ਹਰ ਰੋਜ਼ ਸੱਚੀ ਹੁੰਦੀ ਦਿਖਾਈ ਦਿੰਦੀ ਹੈ।

ਅਜਿਹੇ ਨਿਯਮਾਂ ਦੀ ਦੁਹਾਈ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ ਹੁੰਦਾ ਪਰ ਉਨ੍ਹਾਂ ਦਾ ਪਾਲਣ ਲਾਜ਼ਮੀ ਹੈ। ਜ਼ਰਾ ਜਿਹੀ ਵੀ ਭੁੱਲ ਹੋਈ ਕਿ ਧਰਮ, ਜਾਤੀ, ਪਰਿਵਾਰ ਅਤੇ ਸਮਾਜ ਤੋਂ ਬਾਹਰ ਹੋਣ ਜਾਂ ਨੱਕ ਕੱਟਣ ਦਾ ਖਤਰਾ ਹੋ ਜਾਂਦਾ ਹੈ। ਆਪਣੀ ਹੱਦ ’ਚ ਰਹਿਣ ਦੀ ਨਸੀਹਤ ਦਿੱਤੀ ਜਾਣ ਲੱਗਦੀ ਹੈ। ਇਥੋਂ ਤਕ ਕਿ ਕੋਈ ਜੇਕਰ ਆਪਣੇ ਖਾਨਦਾਨੀ ਪੇਸ਼ੇ ਤੋਂ ਵੱਖਰਾ ਹਟ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹਜ਼ਾਰਾਂ ਰੁਕਾਵਟਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਹੀ ਨਹੀਂ ਖਾਣ-ਪੀਣ ਨੂੰ ਲੈ ਕੇ ਵੀ ਇੰਨੀਆਂ ਬੰਦਿਸ਼ਾਂ ਹਨ ਕਿ ਪੁੱਛੋ ਕੁਝ ਨਾ, ਬਸ ਮੰਨੀ ਜਾਓ ਨਹੀਂ ਤਾਂ ਨਤੀਜਾ ਬੁਰਾ ਹੋਣਾ ਪੱਕਾ ਹੈ।

ਮੇਰਾ ਧਰਮ ਤੇਰਾ ਧਰਮ, ਉਸਦੀ ਜਾਤ ਇਸਦੀ ਜਾਤ, ਉਨ੍ਹਾਂ ਦੀਆਂ ਰਸਮਾਂ ਸਾਡੇ ਰਿਵਾਜ, ਇਨ੍ਹਾਂ ਸਾਰੀਆਂ ਗੱਲਾਂ ’ਚ ਸਮਾਜ ਨੂੰ ਉਲਝਾਈ ਰੱਖਣਾ ਹੀ ਅਸਲ ’ਚ ਉਨ੍ਹਾਂ ਲੋਕਾਂ ਦਾ ਮੰਤਵ ਹੁੰਦਾ ਹੈ ਜੋ ਦੇਸ਼ ਦੇ ਸੋਮਿਆਂ ਨੂੰ ਹੜੱਪਣ ਅਤੇ ਉਨ੍ਹਾਂ ’ਤੇ ਆਪਣਾ ਏਕਾਧਿਕਾਰ ਮੰਨ ਕੇ ਦਿਨ ਦੂਨੀ ਰਾਤ ਚੌਗੁਣੀ ਰਫਤਾਰ ਨਾਲ ਅਮੀਰ ਬਣ ਰਹੇ ਹਨ।

ਬੇਤੁਕੀਆਂ ਅਤੇ ਆਧਾਰਹੀਣ ਗੱਲਾਂ : ਜ਼ਰਾ ਸੋਚੋ ਕਿ ਕੀ ਇਸ ਗੱਲ ਦੀ ਕੋਈ ਤੁਕ ਹੈ ਕਿ ਮੰਦਿਰ ’ਚ ਕਿਸੇ ਹੋਰ ਧਰਮ ਜਾਂ ਜਾਤੀ ਦੇ ਵਿਅਕਤੀ ਦੇ ਦਾਖਲੇ ’ਤੇ ਰੋਕ ਲਾਈ ਜਾਏ ਅਤੇ ਜੇ ਉਹ ਕਿਸੇ ਤਰ੍ਹਾਂ ਅੰਦਰ ਚਲਾ ਜਾਏ ਤਾਂ ਉਸ ਦੇ ਜਾਣ ਪਿੱਛੋਂ ਪੂਰੇ ਕੰਪਲੈਕਸ ਨੂੰ ਧੋਤਾ ਜਾਏ ਕਿਉਂਕਿ ਉਹ ਅਪਵਿੱਤਰ ਹੋ ਗਿਆ ਹੈ ਅਤੇ ਉਸ ਨੂੰ ਪਵਿੱਤਰ ਕਰਨਾ ਹੈ। ਇਹ ਸਿਰਫ ਇਕ ਧਰਮ ਜਾਂ ਜਾਤੀ ਦੀ ਗੱਲ ਨਹੀਂ ਹੈ, ਸਾਰਿਆਂ ’ਚ ਇਹੀ ਕੱਟੜਤਾ ਹੈ, ਰੂਪ ਅਲੱਗ ਹੋ ਸਕਦੇ ਹਨ।

ਸ਼ੁੱਧੀਕਰਨ ਦੇ ਨਾਂ ’ਤੇ ਛੂਆਛਾਤ ਨੂੰ ਉਤਸ਼ਾਹਿਤ ਕਰਨਾ ਕੀ ਤਰਕਸੰਗਤ ਹੈ, ਧਰਮ ਦੀ ਆੜ ਲੈ ਕੇ ਕਿਸੇ ਨੂੰ ਅਪਵਿੱਤਰ ਕਹਿਣਾ ਜਾਇਜ਼ ਹੈ, ਜਾਤੀ ਦੇ ਗੁਮਾਨ ਅੱਗੇ ਕਿਸੇ ਨੂੰ ਆਪਣੇ ਪੈਰਾਂ ’ਤੇ ਗਿੜਗਿੜਾਉਂਦੇ ਹੋਏ ਬੈਠਣ ਲਈ ਕਹਿਣਾ ਇਨਸਾਫ ਹੈ, ਧਨਵਾਨ ਹੋਣ ਦੇ ਨਾਤੇ ਗਰੀਬ ਨੂੰ ਨਫਰਤ ਨਾਲ ਦੇਖਣਾ ਅਧਿਕਾਰ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਭਗਵਾਨ ਨੇ ਇਹ ਸੰਸਾਰ ਬਿਨਾਂ ਕਿਸੇ ਭੇਦਭਾਵ ਅਤੇ ਸਾਰਿਆਂ ਨੂੰ ਆਪਣੀ ਜ਼ਿੰਦਗੀ ਆਪਣੀ ਇੱਛਾ ਅਨੁਸਾਰ ਜਿਊਣ ਦੇਣ ਲਈ ਬਣਾਇਆ ਤਾਂ ਕੀ ਅਸੀਂ ਉਸ ’ਚ ਆਪਣੀ ਲੱਤ ਅੜਾ ਕੇ ਕੁਦਰਤ ਦੇ ਵਿਰੋਧ ’ਚ ਖੜ੍ਹੇ ਦਿਖਾਈ ਦਿੰਦੇ ਹਾਂ?

ਤਬਦੀਲੀ ਦੀ ਲਹਿਰ ਜਾਂ ਸਾਜ਼ਿਸ਼ : ਕੁਝ ਧਰਮਾਂ ਅਤੇ ਜਾਤੀਆਂ ਦੀ ਤ੍ਰਾਸਦੀ ਅਤੇ ਵਿਰੋਧਾਭਾਸ ਅਤੇ ਕਥਨੀ ਅਤੇ ਕਰਨੀ ’ਚ ਫਰਕ ਦੇ ਕਾਰਨ ਲੋਕ ਤੰਗ ਆ ਕੇ ਉਨ੍ਹਾਂ ਧਰਮਾਂ ਦੀ ਸ਼ਰਨ ’ਚ ਜਾਂਦੇ ਹਨ ਜਿਨ੍ਹਾਂ ’ਚ ਜ਼ਿਆਦਾ ਖੁੱਲ੍ਹਾਪਨ ਹੈ, ਸਨਮਾਨ ਹੈ, ਜਨਮ ਦੇ ਆਧਾਰ ’ਤੇ ਵਿਹਾਰ ਨਹੀਂ ਹੁੰਦਾ, ਸੱਭਿਆਚਾਰ ਅਤੇ ਰਵਾਇਤ ਅਨੁਸਾਰ ਚੱਲਣ ਦੀ ਮਜਬੂਰੀ ਨਹੀਂ ਹੁੰਦੀ ਅਤੇ ਸੋਚ ਦੇ ਦਾਇਰੇ ਨੂੰ ਕੈਦ ਕਰ ਕੇ ਨਹੀਂ ਰੱਖਿਆ ਜਾਂਦਾ।

ਨਾ-ਬਰਾਬਰੀ ਅਤੇ ਅਨਿਆਂ ਕਿਸੇ ਧਰਮ ਜਾਂ ਜਾਤੀ ਲਈ ਵਿਸ਼ੇਸ਼ਤਾ ਨਹੀਂ ਹੁੰਦੀ ਸਗੋਂ ਪਤਨ ਦਾ ਕਾਰਨ ਹੈ। ਬਾਪੂ ਗਾਂਧੀ, ਬਾਬਾ ਸਾਹਿਬ ਅੰਬੇਡਕਰ, ਮਹਾਤਮਾ ਜੋਤੀ ਫੂਲੇ ਸਮੇਤ ਕਈ ਮਹਾਨ ਹਸਤੀਆਂ ਨੇ ਇਨ੍ਹਾਂ ਕੁਰੀਤੀਆਂ ਨੂੰ ਨਾ ਸਿਰਫ ਸਮਝਿਆ ਸਗੋਂ ਉਨ੍ਹਾਂ ਨੂੰ ਦੂਰ ਕਰਨ ਦੇ ਯਤਨ ਕੀਤੇ।

ਪਹਿਲਾਂ ਜਿਥੇ ਧਰਮ ਅਤੇ ਜਾਤੀਆਂ ’ਚ ਵੰਡੇ ਲੋਕ ਇਕ ਸਾਧਾਰਨ ਜਿਹੀ ਗੱਲ ਮੰਨ ਲਓ ਭੋਜਨ ਨੂੰ ਲੈ ਕੇ ਆਪਸ ’ਚ ਦੂਰੀ ਰੱਖਦੇ ਸਨ, ਹੁਣ ਘੱਟ ਤੋਂ ਘੱਟ ਇਕ ਹੀ ਥਾਂ ਬੈਠ ਕੇ ਆਪਣਾ-ਆਪਣਾ ਖਾ-ਪੀ ਤਾਂ ਸਕਦੇ ਹਨ। ਇਸੇ ਤਰ੍ਹਾਂ ਧਨ ਅਤੇ ਤਾਕਤ ਦਾ ਨਸ਼ਾ ਵੀ ਉਤਰ ਰਿਹਾ ਹੈ।

ਔਰਤਾਂ ਨੂੰ ਬਰਾਬਰ ਅਧਿਕਾਰ ਦੇਣ ਦੀ ਗੱਲ ਵੀ ਹੁੰਦੀ ਹੈ। ਹਾਲਾਂਕਿ ਅਜੇ ਵੀ ਪੇਂਡੂ ਇਲਾਕਿਆਂ ’ਚ ਧਰਮ ਅਤੇ ਜਾਤੀ ਦੀ ਪਕੜ ਪੂਰੀ ਤਰ੍ਹਾਂ ਢਿੱਲੀ ਨਹੀਂ ਹੋਈ ਹੈ, ਫਿਰ ਵੀ ਸੰਤੋਸ਼ ਦੀ ਗੱਲ ਇਹ ਹੈ ਕਿ ਭਾਵੇਂ ਸਮਾਜ ਕਿੰਨੀ ਵੀ ਰੋਕ ਲਾਏ, ਆਜ਼ਾਦ ਚਿਤ ਲੋਕ, ਮੁੱਖ ਤੌਰ ’ਤੇ ਪੜ੍ਹਿਆ-ਲਿਖਿਆ ਨੌਜਵਾਨ ਵਰਗ ਆਪਣੇ ਆਪ ਨੂੰ ਨਵੇਂ ਯੁੱਗ ਦੀਆਂ ਲੋੜਾਂ ਅਨੁਸਾਰ ਢਾਲ ਰਿਹਾ ਹੈ।

ਪੂਰਨ ਚੰਦ ਸਰੀਨ


Rakesh

Content Editor

Related News