ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮੀਡੀਆ ਦੇ ਉਲਝੇ ਰਿਸ਼ਤੇ

Saturday, Jul 20, 2024 - 02:04 PM (IST)

‘‘ਮਾਣਯੋਗ ਪ੍ਰਧਾਨ ਮੰਤਰੀ ਜੀ ਅਸੀਂ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਦਰਮਿਆਨ ਆਏ। ਮੇਰੀ ‘ਆਨ ਦਿ ਜਾਬ ਲਰਨਿੰਗ’ ਹੁਣ ਸ਼ੁਰੂ ਹੋ ਗਈ ਹੈ ਅਤੇ 2024 ਤੱਕ ਮੈਂ ਦੇਸ਼ ਦੀ ਸਭ ਤੋਂ ਚੰਗੀ ਜਰਨਲਿਸਟ ਹੋਣ ਦੀ ਕੋਸ਼ਿਸ਼ ਕਰਾਂਗੀ। ਆਸ ਕਰਦੀ ਹਾਂ ਕਿ ਉਦੋਂ ਤੁਹਾਡੇ ਨਾਲ ਇਕ ਐਕਸਕਲਿਊਸਿਵ ਇੰਟਰਵਿਊ ਕਰਨ ਦਾ ਮੌਕਾ ਮੈਨੂੰ ਮਿਲੇਗਾ। ਤੁਹਾਡਾ ਬਹੁਤ-ਬਹੁਤ ਧੰਨਵਾਦ।’’ਇਹ ਸ਼ਬਦ ਭਾਰਤ ਦੀ ਪਹਿਲੀ ਏ.ਆਈ. ਬਾਟ ਐਂਕਰ ਸਨਾ ਦੇ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮੀਡੀਆ ਜਗਤ ’ਚ ਵਧਦੀ ਵਰਤੋਂ ਦੀਆਂ ਕਈ ਸੰਭਾਵਨਾਵਾਂ ਹਨ। ਇਸੇ ’ਚੋਂ ਇਕ ਹੈ ਕਿ ਆਉਣ ਵਾਲੇ ਸਮੇਂ ’ਚ ਦੇਸ਼ ਦੇ ਪ੍ਰਧਾਨ ਮੰਤਰੀ ਇਕ ਏ.ਆਈ. ਐਂਕਰ ਨਾਲ ਦੇਸ਼ ਦੇ ਭਵਿੱਖ ਅਤੇ ਯੋਜਨਾਵਾਂ ਬਾਰੇ ਚਰਚਾ ਕਰਦੇ ਦਿਸਣ।

ਦਰਅਸਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ‘ਟੈਕਸਟ ਟੂ ਸਪੀਚ’ ਫੀਚਰ ਦੀ ਬਦੌਲਤ ਹੁਣ ਭਾਰਤੀ ਨਿਊਜ਼ ਰੂਮ ’ਚ ਮਸ਼ੀਨ ਨੂੰ ਇਨਸਾਨੀ ਚਿਹਰੇ ’ਚ ਢਾਲ ਕੇ ਖਬਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ’ਚ ਇੰਡੀਆ ਟੂਡੇ ਗਰੁੱਪ ਨੇ ਏ.ਆਈ. ਐਂਕਰ ਨਾਲ ਸਮਾਚਾਰ ਬੁਲੇਟਿਨ ਦਾ ਪ੍ਰਸਾਰਨ ਸ਼ੁਰੂ ਕੀਤਾ ਸੀ। ਲਾਂਚ ਪ੍ਰੋਗਰਾਮ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ’ਚ ਐਂਕਰ ਨੇ ਜਾਣ-ਪਛਾਣ ਕਰਵਾਉਂਦਿਆਂ ਕਿਹਾ ਸੀ ਕਿ ਉਹ ਬ੍ਰਾਈਟ ਹੈ, ਸੁੰਦਰ ਹੈ, ਉਮਰ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਕੋਈ ਥਕਾਵਟ ਹੁੰਦੀ ਹੈ, ਉਹ ਬਹੁਤ ਸਾਰੀਆਂ ਭਾਸ਼ਾਵਾਂ ’ਚ ਗੱਲ ਕਰ ਸਕਦੀ ਹੈ।

ਹਾਲ ਦੇ ਕੁਝ ਸਮੇਂ ਤੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੱਤਰਕਾਰਿਤਾ ਦਾ ਖੇਤਰ ਵੀ ਇਸ ਤੋਂ ਅਛੂਤਾ ਨਹੀਂ ਰਹਿ ਰਿਹਾ। ਮੌਜੂਦਾ ਸਮੇਂ ’ਚ ਭਾਰਤ ਦੀ ਮੇਨਸਟ੍ਰੀਮ ਮੀਡੀਆ ਦਾ ਇਕ ਵੱਡਾ ਹਿੱਸਾ ਇਸ਼ਤਿਹਾਰ ’ਤੇ ਨਿਰਭਰ ਹੋ ਕੇ ਕੰਮ ਕਰ ਰਿਹਾ ਹੈ। ਅਜਿਹੇ ’ਚ ਤਕਨੀਕ ਦੇ ਰਾਹੀਂ ਡਾਟਾ ਦੇ ਆਧਾਰ ’ਤੇ ਸਮਾਚਾਰ ਬੁਲੇਟਿਨ ਪੇਸ਼ ਕਰਨਾ ਅਤੇ ਹੋਰ ਕੰਮ ਵੀ ਇਨਸਾਨ ਦੀ ਥਾਂ ਮਸ਼ੀਨ ਦੀ ਬਦੌਲਤ ਹੋਣ ਨੇ ਮੀਡੀਆ ਇੰਡਸਟ੍ਰੀ ਦੇ ਸਾਹਮਣੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪੱਤਰਕਾਰਿਤਾ

ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡੀ ਜ਼ਿੰਦਗੀ ਦੇ ਲਗਭਗ ਸਾਰੇ ਪਹਿਲੂਆਂ ਸਮੇਤ ਪੱਤਰਕਾਰਿਤਾ ’ਚ ਵੀ ਸ਼ਾਮਲ ਹੋ ਗਈ ਹੈ। ਡਿਜੀਟਲ ਮੀਡੀਆ ਦੇ ਕਾਰਨ ਜਾਣੇ-ਅਣਜਾਣੇ ’ਚ ਹੀ ਏ.ਆਈ. ਤਕਨੀਕ ’ਤੇ ਆਧਾਰਿਤ ਕੰਟੈਂਟ ਦੀ ਵਰਤੋਂ ਕਰ ਰਹੇ ਹਨ। ਭਾਵੇਂ ਉਹ ਯੂ-ਟਿਊਬ ਦੇ ਐਲਗੋਰਿਦਮ ਦੇ ਕਾਰਨ ਤੁਹਾਨੂੰ ਦਿਸਦੇ ਵੀਡੀਓ ਹੋਣ ਜਾਂ ਵੈੱਬਸਾਈਟ ’ਤੇ ਦਿਸਣ ਵਾਲੇ ਇਸ਼ਤਿਹਾਰ। ਸਾਰਿਆਂ ਦਾ ਇਕ ਕਾਰਨ ਏ.ਆਈ. ਤਕਨੀਕ ਹੀ ਹੈ। ਸੋਸ਼ਲ ਮੀਡੀਆ ’ਤੇ ਵਧਦੇ ਪ੍ਰਭਾਵ ਕਾਰਨ ਏ.ਆਈ. ਪੱਤਰਕਾਰਿਤਾ ’ਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਮੀਡੀਆ ਕੰਪਨੀਆਂ ਆਪਣੇ ਕੰਟੈਂਟ ਨੂੰ ਵਧ ਬੂਸਟ ਕਰਨ ਲਈ ਏ.ਆਈ. ਦੀ ਮਦਦ ਲੈ ਰਹੀਆਂ ਹਨ। ਲੇਖ ਲਿਖਣ ਤੋਂ ਲੈ ਕੇ ਬੁਲੇਟਿਨ ਪ੍ਰਸਾਰਿਤ ਕਰਨ ਤੱਕ ’ਚ ਏ.ਆਈ. ਦਾ ਸਹਾਰਾ ਲਿਆ ਜਾ ਰਿਹਾ ਹੈ।

ਖਤਰੇ ’ਚ ਪੱਤਰਕਾਰਾਂ ਦੀਆਂ ਨੌਕਰੀਆਂ
ਇਨਸਾਨ ਵਾਂਗ ਮਸ਼ੀਨ ਦੀ ਵਰਤੋਂ ਹੋਣ ਦਾ ਪਹਿਲਾ ਖਤਰਾ ਇਨਸਾਨਾਂ ’ਤੇ ਹੀ ਪੈਂਦਾ ਹੈ। ਬੀ.ਬੀ.ਸੀ. ਵੱਲੋਂ ਪ੍ਰਕਾਸ਼ਿਤ ਇਕ ਖਬਰ ਦੇ ਅਨੁਸਾਰ ਸਾਲ 2020 ’ਚ ਮਾਈਕ੍ਰੋਸਾਫਟ ਨੇ ਵੱਡੀ ਗਿਣਤੀ ’ਚ ‘ਐੱਮ.ਐੱਸ.ਐੱਨ.’ ਵੈੱਬਸਾਈਟ ਲਈ ਲੇਖਾਂ ਦੀ ਚੋਣ, ਕਿਊਰੇਟਿੰਗ, ਹੈੱਡਲਾਈਨ ਤੈਅ ਕਰਨ ਅਤੇ ਐਡੀਟਿੰਗ ਕਰਨ ਵਾਲੇ ਪੱਤਰਕਾਰਾਂ ਦੀ ਥਾਂ ਆਟੋਮੈਟਿਕ ਸਿਸਟਮ ਨੂੰ ਅਪਣਾਉਣ ਦੀ ਯੋਜਨਾ ਬਣਾਈ। ਖਬਰ ਦੇ ਅਨੁਸਾਰ ਕੰਪਨੀ ਨੇ ਏ.ਆਈ. ਤਕਨੀਕ ਦੇ ਸਹਾਰੇ ਖਬਰਾਂ ਦੇ ਪ੍ਰੋਡਕਸ਼ਨ ਦੇ ਕੰਮਾਂ ਨੂੰ ਪੂਰਾ ਕਰਨਾ ਤੈਅ ਕੀਤਾ।

ਮਾਈਕ੍ਰੋਸਾਫਟ ਵਰਗੀਆਂ ਹੋਰ ਟੈੱਕ ਕੰਪਨੀਆਂ ਮੀਡੀਆ ਸੰਸਥਾਨਾਂ ਨੂੰ ਉਨ੍ਹਾਂ ਦਾ ਕੰਟੈਂਟ ਵਰਤਣ ਲਈ ਭੁਗਤਾਨ ਕਰਦੀਆਂ ਹਨ। ਇਨ੍ਹਾਂ ਸਭ ਕੰਮਾਂ ਲਈ ਪੇਸ਼ੇਵਰ ਪੱਤਰਕਾਰਾਂ ਦੀ ਮਦਦ ਲਈ ਜਾਂਦੀ ਹੈ, ਜੋ ਕਹਾਣੀਆਂ ਤੈਅ ਕਰਨ, ਉਨ੍ਹਾਂ ਦਾ ਪ੍ਰਕਾਸ਼ ਕਿਵੇਂ ਹੋਣਾ ਹੈ, ਹੈੱਡਲਾਈਨ ਤੈਅ ਕਰਨ ਵਰਗੇ ਕੰਮ ਕਰਦੇ ਹਨ ਪਰ ਮਾਈਕ੍ਰੋਸਾਫਟ ਦੇ ਏ.ਆਈ. ਤਕਨੀਕ ਦੀ ਵਰਤੋਂ ਤੋਂ ਬਾਅਦ ਲਗਭਗ 50 ਨਿਊਜ਼ ਪ੍ਰੋਡਿਊਸਰਜ਼ ਨੂੰ ਆਪਣੀ ਨੌਕਰੀ ਗੁਆਉਣੀ ਪਈ।

ਆਰਟੀਫੀਸ਼ੀਅਲ ਇੰਟੈਲੀਜੈਂਸ ਆਪਣੇ ਸ਼ੁਰੂਆਤੀ ਦੌਰ ’ਚ ਹੈ ਪਰ ਹੁਣ ਤੋਂ ਨਿਊਜ਼ ਰੂਮ ਦੇ ਅੰਦਰ ਉਸ ਦੀ ਮੌਜੂਦਗੀ ਦਾ ਮੀਡੀਆ ਪੇਸ਼ੇਵਰਾਂ ਦੀਆਂ ਨੌਕਰੀਆਂ ’ਤੇ ਸੰਕਟ ਬਣਨਾ ਸ਼ੁਰੂ ਹੋ ਚੁੱਕਾ ਹੈ। ਡਾਇਚ ਵੇਲੇ ਦੇ ਅਨੁਸਾਰ ਹਾਲ ਹੀ ’ਚ ਯੂਰਪ ਦੇ ਸਭ ਤੋਂ ਵੱਡੇ ਪਬਲਿਕੇਸ਼ਨ ਹਾਊਸ ‘ਐਕਸਲ ਸਪ੍ਰਿੰਗਰ’ ਨੇ ਕਈ ਸੰਪਾਦਕੀ ਨੌਕਰੀਆਂ ਨੂੰ ਏ.ਆਈ. ’ਚ ਬਦਲ ਦਿੱਤਾ ਹੈ। ਸਪ੍ਰਿੰਗਰ ’ਚ ਨੌਕਰੀਆਂ ਦੀ ਕਟੌਤੀ ਨਾਲ ਮੀਡੀਆ ਉਦਯੋਗ ਦੇ ਰੋਬੋਟ ’ਤੇ ਨਿਰਭਰਤਾ ਦੇ ਖਦਸ਼ਿਆਂ ’ਚ ਤੇਜ਼ੀ ਲਿਆ ਦਿੱਤੀ ਹੈ।

ਨਿਊਜ਼ਰੂਮ ’ਚ ਏ.ਆਈ. ਐਂਕਰ

ਭਾਰਤ ਸਮੇਤ ਕਈ ਹੋਰਨਾਂ ਦੇਸ਼ਾਂ ’ਚ ਨਿਊਜ਼ ਐਂਕਰ ਵਜੋਂ ਕੰਪਿਊਟਰ ਤੋਂ ਪੈਦਾ ਮਾਡਲ ਭਾਵ ਏ.ਆਈ. ਐਂਕਰ ਖਬਰਾਂ ਪੜ੍ਹਦੇ ਨਜ਼ਰ ਆ ਰਹੇ ਹਨ। ਬਹੁਤ ਹੱਦ ਤੱਕ ਇਨਸਾਨੀ ਤੌਰ ’ਤੇ ਦਿਸਣ ਵਾਲੇ ਇਹ ਨਿਊਜ਼ ਐਂਕਰ ਕਾਰਪੋਰੇਟ ਮੀਡੀਆ ਹਾਊਸ ਦੇ ਮੁਨਾਫੇ ਵਾਲੇ ਨਜ਼ਰੀਏ ਤੋਂ ਪ੍ਰੇਸ਼ਾਨ ਹਨ ਕਿਉਂਕਿ ਪਰਉਪਕਾਰੀ ਹਨ ਕਿਉਂਕਿ ਇਨ੍ਹਾਂ ਨੂੰ ਨਾ ਕੋਈ ਤਨਖਾਹ ਦੀ ਲੋੜ, ਨਾ ਛੁੱਟੀ ਦੀ। ਇਹ 24 ਘੰਟੇ ਅਤੇ 7 ਦਿਨ ਡਾਟਾ ਦੇ ਆਧਾਰ ’ਤੇ ਕੰਮ ਕਰ ਸਕਦੇ ਹਨ। ਭਾਰਤ ਦੀ ਪਹਿਲੀ ਏ.ਆਈ. ਨਿਊਜ਼ ਐਂਕਰ ਸਨਾ ਦੇ ਲਾਂਚ ਦੇ ਸਮੇਂ ਇਸੇ ਤਰ੍ਹਾਂ ਦੇ ਸ਼ਬਦ ਕਹੇ ਗਏ ਸਨ ਕਿ ਉਹ ਬਿਨਾਂ ਥੱਕੇ ਲੰਬੇ ਸਮੇਂ ਤੱਕ ਕੰਮ ਕਰ ਸਕਦੀ ਹੈ।

‘ਦਿ ਗਾਰਡੀਅਨ’ ਦੇ ਅਨੁਸਾਰ ਸਾਲ 2018 ’ਚ ਚੀਨ ਦੀ ਨਿਊਜ਼ ਏਜੰਸੀ ‘ਸ਼ਿਨਹੁਆ’ ਪਹਿਲਾ ਏ.ਆਈ. ਨਿਊਜ਼ ਐਂਕਰ ਦੁਨੀਆ ਦੇ ਸਾਹਮਣੇ ਲਿਆਈ ਸੀ। ਇਸ ਏਜੰਸੀ ਦੇ ਕਿਉ ਹਾਓ ਪਹਿਲੇ ਏ.ਆਈ. ਐਂਕਰ ਹਨ ਜਿਸ ਨੇ ਡਿਜੀਟਲ ਵਰਜਨ ’ਤੇ ਖਬਰ ਪੇਸ਼ ਕੀਤੀ। ਸ਼ਿਨਹੁਆ ਅਤੇ ਚੀਨੀ ਸਰਚ ਇੰਜਨ ਸੋਗੋ ਵੱਲੋਂ ਇਹ ਏ.ਆਈ. ਐਂਕਰ ਵਿਕਸਤ ਕੀਤਾ ਗਿਆ ਹੈ। ਚੀਨ ਦੇ ਇਲਾਵਾ ਕੁਵੈਤ ਵੀ ਆਪਣਾ ਏ.ਆਈ. ਨਿਊਜ਼ ਐਂਕਰ ਲਾਂਚ ਕਰ ਚੁੱਕਾ ਹੈ। ਹਾਲ ਹੀ ’ਚ ‘ਨਿਊਜ਼18’ ਦੇ ਪੰਜਾਬ ਤੇ ਹਰਿਆਣਾ ਦੇ ਖੇਤਰੀ ਚੈਨਲ ਵੱਲੋਂ ਵੀ ਏ.ਆਈ. ਐਂਕਰ ਬਾਰੇ ਗੱਲ ਕੀਤੀ ਗਈ। ਇਸ ਐਂਕਰ ਦਾ ਨਾਂ ਏ.ਆਈ. ਕੌਰ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਆਪਣੇ ਮੁੱਢਲੇ ਪੜਾਅ ’ਚ ਹੈ ਪਰ ਇਹ ਦੇਖਣਾ ਦਰਅਸਲ ਬਹੁਤ ਦਿਲਚਸਪ ਹੋਵੇਗਾ ਕਿ ਇਹ ਪੱਤਰਕਾਰਿਤਾ ਨੂੰ ਕਿਸ ਤਰ੍ਹਾਂ ਬਦਲੇਗੀ।

ਪ੍ਰੋ. (ਡਾ.) ਸੰਜੇ ਦਿਵੇਦੀ


Tanu

Content Editor

Related News