ਰੇਲਗੱਡੀਆਂ ’ਚ ਹਾਦਸਿਆਂ ਤੋਂ ਬਚਾਅ ਲਈ ਰੇਲਵੇ ਉਠਾ ਰਿਹਾ ਕਦਮ
Friday, Sep 13, 2024 - 02:25 AM (IST)
ਇਨ੍ਹੀਂ ਦਿਨੀਂ ਦੇਸ਼ ’ਚ ਅਪਰਾਧਾਂ ਦੀ ਹਨੇਰੀ ਜਿਹੀ ਚੱਲ ਰਹੀ ਹੈ ਅਤੇ ਭਾਰਤੀ ਰੇਲਾਂ ਵੀ ਸਮਾਜ ਵਿਰੋਧੀ ਤੱਤਾਂ ਦੇ ਨਿਸ਼ਾਨੇ ’ਤੇ ਆਈਆਂ ਹੋਈਆਂ ਹਨ। ਚੋਰੀ ਅਤੇ ਲੁੱਟ-ਖੋਹ ਦੇ ਇਲਾਵਾ ਰੇਲਗੱਡੀਆਂ ’ਚ ਜਬਰ-ਜ਼ਨਾਹ ਅਤੇ ਰੇਲਗੱਡੀਆਂ ਨੂੰ ਲਗਾਤਾਰ ਉਲਟਾਉਣ ਤੱਕ ਦੇ ਯਤਨ ਹੋ ਰਹੇ ਹਨ।
* 6 ਸਤੰਬਰ ਨੂੰ ਓਡਿਸ਼ਾ ਦੇ ‘ਪੁਰੀ’ ਤੋਂ ‘ਰਿਸ਼ੀਕੇਸ਼’ ਜਾ ਰਹੀ ‘ਉਤਕਲ ਐਕਸਪ੍ਰੈੱਸ’ ਵਿਚ ਯਾਤਰਾ ਕਰ ਰਹੀ ਇਕ ਦਿਵਿਆਂਗ ਔਰਤ ਨਾਲ ਪੈਂਟਰੀ ਕਾਰ ਦੇ ਮੁਲਾਜ਼ਮ ਰਾਜਜੀਤ ਸਿੰਘ ਨੇ ਟਾਇਲਟ ’ਚ ਜਬਰ-ਜ਼ਨਾਹ ਕਰ ਕੇ ਉਸ ਨੂੰ ਕੁੱਟਿਆ ਵੀ।
* 8 ਸਤੰਬਰ ਨੂੰ ਅਜਮੇਰ ’ਚ ਪਟੜੀ ’ਤੇ ਸੀਮੈਂਟ ਦਾ 70 ਕਿੱਲੋ ਭਾਰਾ ਬਲਾਕ ਰੱਖ ਕੇ ਮਾਲਗੱਡੀ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ।
ਅਜਿਹੀਆਂ ਹੀ ਘਟਨਾਵਾਂ ਨੂੰ ਦੇਖਦੇ ਹੋਏ ਰੇਲਵੇ ਬੋਰਡ ਨੇ ਪਟੜੀਆਂ ਅਤੇ ਆਲੇ-ਦੁਆਲੇ ਦੇ ਇਲਾਕੇ ’ਤੇ ਨਜ਼ਰ ਰੱਖਣ ਲਈ ਟਰੇਨਾਂ ’ਚ ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ। ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਅਨੁਸਾਰ ਟਰੇਨ ਦੇ ਇੰਜਣ ਅਤੇ ਗਾਰਡ ਕੋਚ ਦੇ ਅਗਲੇ ਅਤੇ ਪਿਛਲੇ ਹਿੱਸੇ ਦੋਵਾਂ ਥਾਵਾਂ ’ਤੇ ਕੈਮਰੇ ਲਾਏ ਜਾਣਗੇ।
ਡੱਬਿਆਂ ’ਚ ਅਤੇ ਇੰਜਣ ਦੇ ਅਗਲੇ ਹਿੱਸੇ ’ਚ ਜਾਨਵਰਾਂ ਤੋਂ ਬਚਾਅ ਲਈ ਲੱਗੇ ‘ਕੈਟਲ ਗਾਰਡ’ ਉੱਤੇ ਵੀ ਕੈਮਰੇ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਰੇਲਵੇ ਬੋਰਡ ਨੇ ਆਪਣੀਆਂ ਸਾਰੀਆਂ ਜ਼ੋਨਾਂ ਨੂੰ ਪਟੜੀਆਂ ਦੇ ਆਲੇ-ਦੁਆਲੇ ਪਈਆਂ ਅਤੇ ਵਰਤੋਂ ’ਚ ਨਾ ਆਉਣ ਵਾਲੀ ਸਾਰੀ ਫਾਲਤੂ ਰੇਲ ਸਮੱਗਰੀ ਅਤੇ ਹੋਰ ਉਪਕਰਨਾਂ ਨੂੰ ਤੁਰੰਤ ਹਟਾਉਣ ਦਾ ਹੁਕਮ ਦਿੱਤਾ ਹੈ।
ਰੇਲਵੇ ਦਾ ਇਹ ਫੈਸਲਾ ਢੁੱਕਵਾਂ ਹੈ ਪਰ ਕਿਉਂਕਿ ਇਕ-ਅੱਧੇ ਮਹੀਨੇ ਪਿੱਛੋਂ ਧੁੰਦ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ, ਅਜਿਹੇ ’ਚ ਰੇਲ ਪਟੜੀਆਂ ਦੇ ਆਲੇ-ਦੁਆਲੇ ਦੀ ਸਥਿਤੀ ’ਤੇ ਨਜ਼ਰ ਰੱਖਣ ਲਈ ਰੇਲ ਪਟੜੀਆਂ ਦੇ ਦੋਵੇਂ ਪਾਸਿਆਂ ’ਤੇ ਤੁਰੰਤ ਕੈਮਰੇ ਅਤੇ ਸੈਂਸਰ ਲਾਏ ਜਾਣ ਦੀ ਲੋੜ ਹੈ ਜੋ ਕਿ ਤਕਰੀਬਨ 2 ਕਿ. ਮੀ. ਦੀ ਰੇਂਜ ਤੱਕ ਆਉਣ ਵਾਲੇ ਖਤਰੇ ਦੀ ਆਹਟ ਭਾਂਪ ਸਕਦੇ ਹਨ।
–ਵਿਜੇ ਕੁਮਾਰ