ਰੇਲਵੇ ਵਿਨਿਰਮਾਣ ਖੇਤਰ ’ਚ ਭਾਰਤ ਦੇ ਕਾਰਨ ਹੋਵੇਗਾ ਚੀਨ ਦਾ ਪੱਤਾ ਸਾਫ

04/29/2022 4:33:10 PM

ਟਾਟਾ ਹੁਣ ਕੁਦ ਪਿਆ ਹੈ ਰੇਲ ਦੇ ਡਿੱਬਿਆਂ ਨੂੰ ਬਣਾਉਣ ਲਈ, ਅਰਬਨ ਮਾਸ ਰੈਪਿਡ ਟ੍ਰਾਂਸਪੋਰਟ ਜਿਸ ’ਚ ਮੈਟ੍ਰੋ ਰੇਲਵੇ ਸਿਸਟਮ ਵੀ ਸ਼ਾਮਲ ਹੈ, ਇਸ ਲਈ ਟਾਟਾ ਨੇ ਰਾਈਟਸ ਭਾਵ ਰੇਲ ਇੰਡੀਆ ਟੈਕਨੀਕਲ ਐਂਡ ਇਕਨੋਮਿਕ ਸਰਵਿਸ ਲਿਮ. ਦੇ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਰਾਈਟਸ ਭਾਰਤੀ ਰੇਲਵੇ ਦੀ ਬਰਾਮਦ ਸ਼ਾਖਾ ਹੈ। ਇਸ ਦੇ ਬਾਅਦ ਹੁਣ ਟਾਟਾ ਆਪਣੀਆਂ ਸੇਵਾਵਾਂ ਰੇਲਵੇ ਰੋਲਿੰਗ ਸਟਾਕ ਬਰਾਮਦ ਕਰਨ ਨਾਲ ਮੁੱਢਲੇ ਢਾਂਚੇ ਦੇ ਨਿਰਮਾਣ ’ਚ ਵੀ ਕਰਨ ਜਾ ਰਿਹਾ ਹੈ। ਇਸ ਸਮਝੌਤੇ ਦੇ ਬਾਅਦ ਭਾਰਤੀ ਰੇਲਵੇ ਕੌਮਾਂਤਰੀ ਬਾਜ਼ਾਰ ’ਚ ਵੱਡੇ ਪੱਧਰ ’ਤੇ ਆਪਣੀ ਭੂਮਿਕਾ ਨਿਭਾਉਣ ਜਾ ਰਹੀ ਹੈ।

ਅਜੇ ਤੱਕ ਕੌਮਾਂਤਰੀ ਪੱਧਰ ’ਤੇ ਵੱਡੇ ਖਿਡਾਰੀ ਚੀਨ ਦੀ ਸੀ.ਆਰ. ਆਰ. ਸੀ. ਏ., ਅਲਸਟਾਰਮ ਅਤੇ ਦੱਖਣੀ ਕੋਰੀਆ ਦੀ ਹੁੰਡਈ ਕੁਝ ਵੱਡੇ ਖਿਡਾਰੀਆਂ ਦਾ ਕੌਮਾਂਤਰੀ ਬਾਜ਼ਾਰ ’ਚ ਦਬਦਬਾ ਬਣਿਆ ਹੋਇਆ ਹੈ। ਪੂਰੀ ਦੁਨੀਆ ਦੇ ਰੇਲਵੇ ਕੋਚ ਬਣਾਉਣ ਦੇ ਕੰਮ ’ਚ ਇਨ੍ਹਾਂ ਕੁਝ ਕੁ ਕੰਪਨੀਆਂ ਦਾ ਸਿੱਕਾ ਚਲਦਾ ਹੈ, ਇਸ ਖੇਤਰ ’ਚ ਇਨ੍ਹਾਂ ਦਾ ਗਲਬਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਜੇ ਤੱਕ ਕਿਸੇ ਵਿਕਾਸਸ਼ੀਲ ਦੇਸ਼ ਦੀ ਕਿਸੇ ਕੰਪਨੀ ਨੇ ਇਸ ਖੇਤਰ ’ਚ ਐਂਟ੍ਰੀ ਨਹੀਂ ਮਾਰੀ। ਜੋ ਛੋਟੀਆਂ ਮੋਟੀਆਂ ਕੰਪਨੀਆਂ ਹਨ ਉਹ ਆਪਣੇ ਦੇਸ਼ ਦੇ ਦੇਸੀ ਬਾਜ਼ਾਰਾਂ ਤੱਕ ਹੀ ਸੀਮਤ ਹਨ, ਉਨ੍ਹਾਂ ਦੇ ਕੋਲ ਕੌਮਾਂਤਰੀ ਬਾਜ਼ਾਰ ’ਚ ਉਤਰਨ ਦੇ ਸਰੋਤ ਮੌਜੂਦ ਨਹੀਂ ਹਨ, ਅਜਿਹੇ ਨਿਰਮਾਤਾਵਾਂ ’ਚ ਭਾਰਤੀ ਰੇਲਵੇ ਦਾ ਨਾਂ ਵੀ ਸ਼ਾਮਲ ਹੈ। ਭਾਰਤ ’ਚ ਰੇਲ ਕੋਚ ਅਤੇ ਇੰਜਨ ਬਣਦੇ ਤਾਂ ਹਨ ਪਰ ਦੇਸੀ ਖਪਤ ਇੰਨੀ ਵੱਧ ਹੈ ਕਿ ਭਾਰਤੀ ਰੇਲਵੇ ਇਸ ਨੂੰ ਪੂਰਾ ਕਰਨ ’ਚ ਹੀ ਲੱਗੀ ਰਹਿੰਦੀ ਹੈ।

ਪਰ ਜਲਦੀ ਹੀ ਹੁਣ ਹਵਾ ਦਾ ਰੁਖ ਬਦਲਣ ਜਾ ਰਿਹਾ ਹੈ ਕਿਉਂਕਿ ਹੁਣ ਟਾਟਾ ਇਸ ਖੇਤਰ ’ਚ ਵੱਡੇ ਪੱਧਰ ’ਤੇ ਉਤਰਨ ਜਾ ਰਿਹਾ ਹੈ। ਓਧਰ ਹਾਲ ਹੀ ਦੇ ਸਾਲਾਂ ’ਚ ਚੀਨ ਦੀਆਂ ਰੇਲਵੇ ਕੰਪਨੀਆਂ ਤੋਂ ਟੈਂਡਰ ਜਿੱਤਣ ਦੇ ਬਾਅਦ ਭਾਰਤੀ ਰੇਲਵੇ ਦਾ ਕੌਮਾਂਤਰੀ ਬਾਜ਼ਾਰਾਂ ਦੇ ਪ੍ਰਤੀ ਰੁਝਾਣ ਅਤੇ ਸਵੈ-ਭਰੋਸਾ ਦੋਵੇਂ ਵਧੇ ਹਨ। ਹੁਣ ਹਾਲ ਹੀ ’ਚ ਅਫਰੀਕੀ ਦੇਸ਼ ਮੋਜੰਬੀਕ ਤੋਂ ਮਿਲਿਆ ਰੇਲਵੇ ਇੰਜਨ ਤੇ ਕੋਚ ਬਣਾਉਣ ਦਾ ਆਰਡਰ, ਇਸ ਦੇ ਨਾਲ ਹੀ ਸ਼੍ਰੀਲੰਕਾ ਤੋਂ ਐੱਸ. ਡੀ. ਐੱਮ. ਯੂ. ਅਤੇ 160 ਕੋਚ ਬਰਾਮਦ ਕਰਨ ਦਾ ਆਰਡਰ ਵੀ ਮਿਲਿਆ। ਇਨ੍ਹਾਂ ਸਾਰੇ ਟੈਂਡਰਾਂ ’ਚ ਚੀਨ ਦੀ ਸੀ. ਆਰ. ਆਰ. ਸੀ. ਕੰਪਨੀ ਵੀ ਸ਼ਾਮਲ ਸੀ ਜਿਸ ਨੂੰ ਹਰਾ ਕੇ ਭਾਰਤ ਨੇ ਇਹ ਆਰਡਰ ਹਾਸਲ ਕੀਤੇ ਹਨ।

ਰਾਈਟਸ ਨੇ ਟਾਟਾ ਸਟੀਲ ਨਾਲ ਰੋਲਿੰਗ ਸਟਾਕਸ ਦੀ ਬਰਾਮਦ ਅਤੇ ਬਰਾਮਦ ਬਾਜ਼ਾਰ ਨੂੰ ਧਿਆਨ ’ਚ ਰੱਖਦੇ ਹੋਏ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਸ ’ਚ ਰਾਈਟਸ ਅਤੇ ਟਾਟਾ ਦੋਵੇਂ ਰਲ ਕੇ ਰੇਲਵੇ ਕੋਚ ਦੇ ਨਾਲ ਨਾਲ ਉਸ ਦੇ ਰੱਖ-ਰਖਾਅ, ਤਕਨੀਕੀ ਸਹਿਯੋਗ ਅਤੇ ਮੁੱਢਲੇ ਢਾਂਚੇ ਦੇ ਨਿਰਮਾਣ ਦੇ ਖੇਤਰ ’ਚ ਕੰਮ ਕਰਨਗੇ। ਨਾ ਸਿਰਫ ਘਰੇਲੂ ਖੇਤਰ ’ਚ ਸਗੋਂ ਵਿਦੇਸ਼ਾਂ ’ਚ ਵੀ ਇਹ ਰੇਲਵੇ ਅਤੇ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ ਨੂੰ ਬਣਾਉਣ, ਉਸ ਨੂੰ ਉੱਨਤ ਕਰਨ ਅਤੇ ਰੱਖ-ਰਖਾਅ ਦੇ ਖੇਤਰ ’ਚ ਕੰਮ ਕਰਨਗੇ।

ਇਸ ਭਾਈਵਾਲੀ ’ਚ ਰਾਈਟਸ ਟਾਟਾ ਨਾਲ ਆਪਣੇ ਤਜਰਬੇ ਡਿਜ਼ਾਈਨ, ਮਾਰਕੀਟਿੰਗ, ਸਪੋਰਟ ਅਤੇ ਡਿਜ਼ਾਈਨ ਨੂੰ ਲੈ ਕੇ ਸਾਂਝਾ ਕਰੇਗੀ, ਇਸ ਦੇ ਬਾਅਦ ਟਾਟਾ ਸਾਰੇ ਪ੍ਰਾਜੈਕਟਾਂ ਦੇ ਖੇਤਰ ’ਚ ਅਕਾਰ ਦੇਣ ਤੋਂ ਲੈ ਕੇ ਉਨ੍ਹਾਂ ਦੇ ਨਿਰਮਾਣ ਦੇ ਖੇਤਰ ’ਚ ਦੇਸੀ-ਵਿਦੇਸ਼ੀ ਗਾਹਕਾਂ ਲਈ ਕੰਮ ਕਰਨ ਵਾਲਾ ਹੈ। ਰਾਈਟਸ ਕੋਲ ਇਸ ਖੇਤਰ ’ਚ ਹੁਣ ਤੱਕ ਜਿੰਨਾ ਵੀ ਤਜਰਬਾ ਹੈ ਉਹ ਟਾਟਾ ਨਾਲ ਵੰਡੇਗਾ।

ਪਿਛਲੇ ਕੁਝ ਸਾਲਾਂ ’ਚ ਕੌਮਾਂਤਰੀ ਬਾਜ਼ਾਰ ’ਚ ਭਾਰਤੀ ਰੇਲਵੇ ਹੱਥੋਂ ਕੁਝ ਪ੍ਰਾਜੈਕਟ ਨਿਕਲ ਗਏ ਕਿਉਂਕਿ ਇਕ ਪਾਸੇ ਜਿੱਥੇ ਭਾਰਤੀ ਰੇਲਵੇ ਦੇ ਭਾਅ ਮੁਕਾਬਲੇਬਾਜ਼ੀ ’ਚ ਨਹੀਂ ਸਨ ਤਾਂ ਉੱਥੇ ਹੀ ਦੂਜੇ ਪਾਸੇ ਰੇਲਵੇ ਦੇ ਜਿਹੜੇ ਕੋਚ ਦਾ ਨਿਰਮਾਣ ਭਾਰਤੀ ਰੇਲਵੇ ਨੇ ਕੀਤਾ ਸੀ ਉਹ ਵਿਦੇਸ਼ੀ ਕੰਪਨੀਆਂ ਵੱਲੋਂ ਬਣਾਏ ਗਏ ਰੇਲਵੇ ਕੋਚ ਦੇ ਸਾਹਮਣੇ ਡਿਜ਼ਾਈਨ, ਸਜਾਵਟ ਅਤੇ ਦੂਸਰੀਆਂ ਸਹੂਲਤਾਂ ਤੋਂ ਪਛੜ ਗਏ ਸਨ। ਇਸ ਤੋਂ ਸਬਕ ਲੈ ਕੇ ਭਾਰਤੀ ਰੇਲਵੇ ਨੇ ਪ੍ਰਾਈਵੇਟ ਕੰਪਨੀ ਨਾਲ ਹੱਥ ਮਿਲਾਇਆ ਹੈ, ਜਿਸ ਨਾਲ ਤਜਰਬਾ ਅਤੇ ਗੁਣਵੱਤਾ ਦਾ ਚੰਗਾ ਮੇਲ ਹੋ ਸਕੇ ਅਤੇ ਦੇਸੀ ਨਾਲ ਕੌਮਾਂਤਰੀ ਬਾਜ਼ਾਰਾਂ ’ਚ ਆਪਣੀ ਧਾਕ ਜਮਾ ਸਕੇ। ਟਾਟਾ ਦਾ ਨਾਂ ਅਤੇ ਉਸ ਦੀ ਸਾਖ ਦੇਸੀ ਅਤੇ ਵਿਦੇਸ਼ੀ ਬਾਜ਼ਾਰਾਂ ’ਚ ਬੜੀ ਵਧੀਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਵੱਡੇ ਰੇਲਵੇ ਨਿਰਮਾਤਾਵਾਂ ਸਾਹਮਣੇ ਟਾਟਾ ਵਰਗੇ ਵੱਡੇ ਕੌਮਾਂਤਰੀ ਨਾਂ ਨੂੰ ਸਾਹਮਣੇ ਰੱਖਣ ਦੀ ਲੋੜ ਵੱਧ ਮਹਿਸੂਸ ਹੋ ਰਹੀ ਹੈ।

ਇਸ ਸਮੇਂ ਆਉਣ ਵਾਲੇ ਕੁਝ ਸਾਲਾਂ ਲਈ ਭਾਰਤੀ ਰੋਲਿੰਗ ਸਟਾਕਸ ਦੀਆਂ ਫੈਕਟਰੀਆਂ ਕੋਲ ਕੁਝ ਆਰਡਰ ਮੌਜੂਦ ਹਨ। ਅਜਿਹੇ ਆਰਡਰ ਕਾਰਨ ਸ਼ਾਇਦੀ ਰਾਈਟਸ ਕੌਮਾਂਤਰੀ ਬਾਜ਼ਾਰਾਂ ’ਚ ਮੁਕਾਬਲੇਬਾਜ਼ੀ ਰੇਟਾਂ ’ਤੇ ਟੈਂਡਰ ਨਹੀਂ ਲੈਂਦੀ, ਸ਼ਾਇਦ ਇਸੇ ਕਾਰਨ ਭਾਰਤ ਸਰਕਾਰ ਨੇ ਯੋਜਨਾ ਬਣਾਈ ਕਿ ਕੌਮਾਂਤਰੀ ਬਾਜ਼ਾਰਾਂ ਨਾਲ ਦੇਸੀ ਬਾਜ਼ਾਰਾਂ ’ਚ ਵੀ ਪ੍ਰਾਈਵੇਟ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਜਿਸ ਨਾਲ ਉਹ ਮੁਕਾਬਲੇਬਾਜ਼ੀ ਰੇਟਾਂ ’ਤੇ ਟੈਂਡਰ ਹਾਸਲ ਕਰ ਸਕਣ। ਇਸ ਨਾਲ ਕੌਮਾਂਤਰੀ ਗਾਹਕਾਂ ਦੀ ਮੰਗ ਨੂੰ ਵੱਧ ਮੁਕਾਬਲੇਬਾਜ਼ੀ ਕੀਮਤ ’ਤੇ ਪੂਰਾ ਕੀਤਾ ਜਾ ਸਕੇਗਾ।

ਰਾਈਟਸ ਨਾਲ ਹੋਏ ਇਸ ਵੱਡੇ ਸਮਝੌਤੇ ਬਾਅਦ ਜਲਦੀ ਹੀ ਟਾਟਾ ਆਪਣਾ ਰੇਲਵੇ ਯੂਨਿਟ ਬਣਾ ਕੇ ਸਿੱਧੇ ਤੌਰ ’ਤੇ ਰੇਲਵੇ ਵਿਨਿਰਮਾਣ ਦੇ ਖੇਤਰ ’ਚ ਉਤਰਨ ਵਾਲੀ ਹੈ। ਇਸ ਬਾਰੇ ’ਚ ਟਾਟਾ ਜਲਦੀ ਹੀ ਅਧਿਕਾਰਕ ਬਿਆਨ ਵੀ ਜਾਰੀ ਕਰਨ ਵਾਲਾ ਹੈ। ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਜਲਦੀ ਹੀ ਟਾਟਾ ਦੀਆਂ ਫੈਕਟਰੀਆਂ ਤੋਂ ਐਲੂਮੀਨੀਅਮ ਦੇ ਰੇਲ ਕੋਚ ਨਿਕਲਦੇ ਹੋਏ ਦੇਖੇ ਜਾ ਸਕਣਗੇ।

ਇਸ ਖੇਤਰ ’ਚ ਜਲਦੀ ਹੀ ਚੀਨ ਦਾ ਦਬਦਬਾ ਖਤਮ ਹੋਵੇਗਾ ਕਿਉਂਕਿ ਟਾਟਾ ਵਰਗੀ ਕੰਪਨੀ ਦੁਨੀਆ ਭਰ ’ਚ ਆਪਣੀ ਗੁਣਵੱਤਾ ਅਤੇ ਮੁਕਾਬਲੇਬਾਜ਼ੀ ਭਾਵਾਂ ਲਈ ਮੰਨੀ ਜਾਂਦੀ ਹੈ। ਇਸ ਦਾ ਦੂਸਰਾ ਕਾਰਨ ਇਹ ਹੈ ਕਿ ਚੀਨ ’ਚ ਨਿਰਮਾਣ ਦੀ ਲਾਗਤ ’ਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ, ਇਹ ਵਾਧਾ ਇੰਨਾ ਹੈ ਕਿ ਚੀਨ ਦੀਆਂ ਛੋਟੀਆਂ-ਵੱਡੀਆਂ ਕੰਪਨੀਆਂ ਨੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦਾ ਰੁਖ ਕੀਤਾ ਜਿਸ ’ਚ ਵੀਅਤਨਾਮ, ਇੰਡੋਨੇਸ਼ੀਆ, ਥਾਈਲੈਂਡ, ਮਿਆਂਮਾਰ ਅਤੇ ਲਾਓਸ ਵਰਗੇ ਦੇਸ਼ ਸ਼ਾਮਲ ਹਨ ਪਰ ਟਾਟਾ ਦੀ ਗੁਣਵੱਤਾ, ਸਾਖ ਤੇ ਮੁਕਾਬਲੇਬਾਜ਼ੀ ਰੇਟਾਂ ਸਾਹਮਣੇ ਚੀਨ ਦੀ ਸੀ. ਆਰ. ਆਰ. ਸੀ. ਦਾ ਟਿਕਣਾ ਸੰਭਵ ਨਹੀਂ ਦਿੱਸਦਾ।

ਰੇਲਵੇ ਕੋਚ ਨਿਰਮਾਣ, ਰੱਖ-ਰਖਾਅ, ਮੁੱਢਲੇ ਢਾਂਚੇ ਦੇ ਖੇਤਰ ’ਚ ਟਾਟਾ ਅਤੇ ਰਾਈਟਸ ਦੇ ਉਤਰਨ ਨਾਲ ਇਹ ਗੱਲ ਸਾਫ ਹੈ ਕਿ ਹੁਣ ਚੀਨ ਦਾ ਪੱਤਾ ਇਸ ਖੇਤਰ ’ਚ ਕੱਟਣ ਵਾਲਾ ਹੈ। ਉਂਝ ਵੀ ਚੀਨ ਕੋਰੋਨਾ ਲਾਕਡਾਊਨ ਕਾਰਨ ਆਮ ਉਤਪਾਦਾਂ ਦੀ ਸਪਲਾਈ ਵੀ ਨਹੀਂ ਕਰ ਰਿਹਾ ਜਿਸ ਨਾਲ ਉਸ ਦੇ ਨਿਯਮਿਤ ਕੌਮਾਂਤਰੀ ਗਾਹਕਾਂ ਨੇ ਦੂਸਰੇ ਬਾਜ਼ਾਰ ਲੱਭ ਲਏ ਹਨ। ਹੁਣ ਰਹਿੰਦੀ ਸਹਿੰਦੀ ਕਸਰ ਟਾਟਾ ਦੇ ਰੇਲਵੇ ਖੇਤਰ ’ਚ ਉਤਰਨ ਨਾਲ ਪੂਰੀ ਹੋ ਜਾਵੇਗੀ।


Rakesh

Content Editor

Related News