ਸਿੱਧਰਮਈਆ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਕਾਂਗਰਸ ਚੁੱਪ ਕਿਉਂ?

Saturday, Jan 25, 2025 - 01:54 PM (IST)

ਸਿੱਧਰਮਈਆ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਕਾਂਗਰਸ ਚੁੱਪ ਕਿਉਂ?

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਲੀ ਵਿਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਮੋਦੀ ਵਾਂਗ ਝੂਠੇ ਵਾਅਦੇ ਕਰਦੇ ਹਨ। ਕੇਜਰੀਵਾਲ ਨੇ ਕਿਹਾ ਸੀ ਕਿ ਉਹ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਣਗੇ ਪਰ ਕੀ ਦਿੱਲੀ ’ਚੋਂ ਭ੍ਰਿਸ਼ਟਾਚਾਰ ਖਤਮ ਹੋ ਗਿਆ? ਕੇਜਰੀਵਾਲ ਅਡਾਣੀ ਬਾਰੇ ਵੀ ਕੁਝ ਨਹੀਂ ਕਹਿੰਦੇ।

ਉਸੇ ਸਮੇਂ ਜਦੋਂ ਰਾਹੁਲ ਗਾਂਧੀ ਨੇ ਕੇਜਰੀਵਾਲ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ, ਤਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਐੱਮ. ਯੂ. ਡੀ. ਏ.) ਮਾਮਲੇ ਸਬੰਧੀ ਕਰਨਾਟਕ ਕਾਂਗਰਸ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ। 142 ਅਚੱਲ ਜਾਇਦਾਦਾਂ ਜਿਨ੍ਹਾਂ ਦੀ ਬਾਜ਼ਾਰ ’ਚ ਕੀਮਤ 300 ਕਰੋੜ ਰੁਪਏ ਹੈ, ਨੂੰ ਜ਼ਬਤ ਕਰ ਲਿਆ ਗਿਆ। ਈ. ਡੀ. ਦੇ ਬੈਂਗਲੁਰੂ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.), 2002 ਦੇ ਉਪਬੰਧਾਂ ਤਹਿਤ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ।

ਈ. ਡੀ. ਅਨੁਸਾਰ, ਇਹ ਜਾਇਦਾਦਾਂ ਵੱਖ-ਵੱਖ ਵਿਅਕਤੀਆਂ ਦੇ ਨਾਂ ’ਤੇ ਰਜਿਸਟਰਡ ਹਨ ਜੋ ਰੀਅਲ ਅਸਟੇਟ ਕਾਰੋਬਾਰੀਆਂ ਅਤੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ। ਈ. ਡੀ. ਨੇ ਇਹ ਜਾਂਚ ਲੋਕਪਾਲ ਪੁਲਸ, ਮੈਸੂਰ ਵਲੋਂ ਸਿੱਧਰਮਈਆ ਅਤੇ ਹੋਰਾਂ ਵਿਰੁੱਧ ਭਾਰਤੀ ਦੰਡ ਸੰਹਿਤਾ, 1860 ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਐੱਫ. ਆਈ. ਆਰ. ਦੇ ਆਧਾਰ ’ਤੇ ਸ਼ੁਰੂ ਕੀਤੀ ਸੀ।

ਜੇਕਰ ਅਸੀਂ ਅੰਦਰੂਨੀ ਤੌਰ ’ਤੇ ਦੇਖੀਏ ਤਾਂ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਕੋਲ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਿੰਮਤ ਨਹੀਂ ਸੀ, ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਤਾਂ ਗੱਲ ਹੀ ਛੱਡੋ। ਦਰਅਸਲ, ਕਾਂਗਰਸ ਜਾਣਦੀ ਹੈ ਕਿ ਜੇਕਰ ਸਿੱਧਰਮਈਆ ਕੋਲੋਂ ਕੁਝ ਵੀ ਪੁੱਛਿਆ ਗਿਆ ਤਾਂ ਇਸ ਨਾਲ ਬਗਾਵਤ ਦੀ ਨੌਬਤ ਆ ਜਾਵੇਗੀ। ਅਜਿਹੀ ਸਥਿਤੀ ਵਿਚ, ਕਾਂਗਰਸ ਨੇ ਇਸ ਮੁੱਦੇ ’ਤੇ ਚੁੱਪ ਧਾਰਨਾ ਹੀ ਸਹੀ ਸਮਝਿਆ। ਕਾਂਗਰਸ ਸ਼ਾਇਦ ਇਹ ਨਹੀਂ ਸਮਝ ਸਕੀ ਕਿ ਉਸ ਦੀ ਚੁੱਪ ਹੀ ਉਸ ਨੂੰ ਅਪਰਾਧੀ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਪਿਛਲੀਆਂ ਚੋਣਾਂ ਵਿਚ, ਭਾਜਪਾ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ਦੀ ਆਲੋਚਨਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ।

ਦਰਅਸਲ, ਕਮਜ਼ੋਰ ਹੁੰਦੀ ਜਾ ਰਹੀ ਕਾਂਗਰਸ ਵਿਚ ਇੰਨੇ ਸਾਰੇ ਨੇਤਾ ਉੱਭਰ ਆਏ ਹਨ ਕਿ ਪਾਰਟੀ ਚਾਹ ਕੇ ਵੀ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਅਜਿਹੀ ਸਥਿਤੀ ਵਿਚ, ਭਾਵੇਂ ਉਹ ਭ੍ਰਿਸ਼ਟਾਚਾਰ ਹੋਵੇ ਜਾਂ ਪਾਰਟੀ ਵਿਰੋਧੀ ਸਰਗਰਮੀਆਂ, ਕਾਂਗਰਸ ਨੂੰ ਆਪਣੇ ਘਟਦੇ ਹਮਾਇਤ ਅਾਧਾਰ ਕਾਰਨ ਇਹ ਜ਼ਹਿਰ ਪੀਣ ਲਈ ਮਜਬੂਰ ਹੋਣਾ ਪਿਆ ਹੈ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਸ ਦੀ ਇਕ ਮਿਸਾਲ ਹਨ। ਪਾਰਟੀ ਦੇ ਫੈਸਲਿਆਂ ਦੀ ਖੁੱਲ੍ਹ ਕੇ ਅਣਦੇਖੀ ਕਰਨ ਦੇ ਬਾਵਜੂਦ, ਕਾਂਗਰਸ ਗਹਿਲੋਤ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕੀ। ਇਸੇ ਤਰ੍ਹਾਂ ਸਚਿਨ ਪਾਇਲਟ ਵੀ ਖੁੱਲ੍ਹੇਆਮ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਸੀ, ਪਰ ਕਾਂਗਰਸ ਉਨ੍ਹਾਂ ਵਲੋਂ ਵੀ ਅੱਖਾਂ ਮੀਟ ਰਹੀ ਹੈ।

ਗਹਿਲੋਤ ਅਤੇ ਪਾਇਲਟ ਵਿਚਕਾਰ ਅੰਦਰੂਨੀ ਸੱਤਾ ਸੰਘਰਸ਼ ਦਾ ਨਤੀਜਾ ਇਹ ਨਿਕਲਿਆ ਕਿ ਕਮਜ਼ੋਰ ਕਾਂਗਰਸ ਰਾਜਸਥਾਨ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਮੁਕਾਬਲਾ ਨਹੀਂ ਕਰ ਸਕੀ ਅਤੇ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਸਿੱਧਰਮਈਆ ਕਾਂਗਰਸ ਦੇ ਇਕਲੌਤੇ ਨੇਤਾ ਨਹੀਂ ਹਨ ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰੇ ਹੋਏ ਹਨ। ਪਾਰਟੀ ਵਿਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਆਗੂਆਂ ਵਿਰੁੱਧ ਗੰਭੀਰ ਮਾਮਲੇ ਚੱਲ ਰਹੇ ਹਨ।

ਇੱਥੋਂ ਤੱਕ ਕਿ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਜ਼ਮਾਨਤ ’ਤੇ ਬਾਹਰ ਹਨ। ਪ੍ਰਧਾਨ ਮੰਤਰੀ ਮੋਦੀ ਆਪਣੇ ਕਈ ਭਾਸ਼ਣਾਂ ਵਿਚ ਕਾਂਗਰਸ ਦੇ ਚੋਟੀ ਦੇ ਆਗੂਆਂ ਦੇ ਜ਼ਮਾਨਤ ’ਤੇ ਬਾਹਰ ਹੋਣ ’ਤੇ ਵੀ ਨਿਸ਼ਾਨਾ ਸਾਧਦੇ ਰਹੇ ਹਨ। ਸੰਸਦ ਸੈਸ਼ਨ ਦੌਰਾਨ, ਜਦੋਂ ਕਾਂਗਰਸ ਨੇਤਾ ਅਧੀਰ ਰੰਜਨ ਨੇ ਕਿਹਾ ਸੀ ਕਿ ਜੇਕਰ ਭ੍ਰਿਸ਼ਟਾਚਾਰ ਦੇ ਮਾਮਲੇ ਹਨ, ਤਾਂ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰਦੇ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਮੁਸਕਰਾਉਂਦੇ ਹੋਏ ਕਿਹਾ ਸੀ-ਜੇਕਰ ਤੁਸੀਂ ਜ਼ਮਾਨਤ ’ਤੇ ਹੋ, ਤਾਂ ਆਨੰਦ ਮਾਣੋ।

ਇਸੇ ਤਰ੍ਹਾਂ, ਕਾਂਗਰਸ ਸਮੇਂ-ਸਮੇਂ ’ਤੇ ਅਜਿਹੇ ਮੁੱਦਿਆਂ ’ਤੇ ਮਜ਼ਾਕ ਦਾ ਸ਼ਿਕਾਰ ਹੁੰਦੀ ਰਹੀ ਹੈ। ਜੇਕਰ ਅਸੀਂ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਤੇ ਨਜ਼ਰ ਮਾਰੀਏ ਤਾਂ ਦਿੱਲੀ ਤੋਂ ਲੈ ਕੇ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਵੱਡੇ ਕਾਂਗਰਸੀ ਨੇਤਾ ਸੀ. ਬੀ. ਆਈ., ਆਮਦਨ ਕਰ ਅਤੇ ਈ. ਡੀ. ਵਰਗੀਆਂ ਏਜੰਸੀਆਂ ਦੇ ਨਿਸ਼ਾਨੇ ’ਤੇ ਰਹੇ ਹਨ। ਹਾਲਾਂਕਿ, ਕਾਂਗਰਸ ਆਪਣੇ ਨੇਤਾਵਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਨਕਾਰ ਕਰਦੀ ਹੈ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂ ਨੈਸ਼ਨਲ ਹੈਰਾਲਡ ਕੇਸ-2011 ਵਿਚ ਫਸੇ ਹੋਏ ਹਨ। ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਦੋਸ਼ ਲਗਾਇਆ ਹੈ ਕਿ ਇਹ ਸਭ ਕੁਝ ਦਿੱਲੀ ਦੇ ਬਹਾਦੁਰ ਸ਼ਾਹ ਜ਼ਫਰ ਮਾਰਗ ’ਤੇ ਸਥਿਤ 1600 ਕਰੋੜ ਰੁਪਏ ਦੀ ਹੈਰਾਲਡ ਹਾਊਸ ਇਮਾਰਤ ’ਤੇ ਕਬਜ਼ਾ ਕਰਨ ਲਈ ਕੀਤਾ ਗਿਆ ਸੀ। ਸਾਲ 2013 ਵਿਚ, ਅਗਸਤਾ ਵੈਸਟਲੈਂਡ ਵੀ. ਆਈ. ਪੀ. ਹੈਲੀਕਾਪਟਰ ਖਰੀਦ ਘਪਲੇ ਵਿਚ ਸੀ. ਬੀ. ਆਈ. ਅਤੇ ਹੋਰ ਕੇਂਦਰੀ ਏਜੰਸੀਆਂ ਅਹਿਮਦ ਪਟੇਲ ਵਿਰੁੱਧ ਇਤਾਲਵੀ ਹੈਲੀਕਾਪਟਰ ਕੰਪਨੀ ਅਗਸਤਾ ਵੈਸਟਲੈਂਡ ਤੋਂ ਕਮਿਸ਼ਨ ਲੈਣ ਦੇ ਦੋਸ਼ਾਂ ਦੀ ਜਾਂਚ ਕਰ ਰਹੀਆਂ ਹਨ। ਇਸ ਮਾਮਲੇ ਵਿਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਵੀ ਫਸੇ ਹੋਏ ਹਨ। ਰਾਜਸਥਾਨ ਵਿਚ ਐਂਬੂਲੈਂਸ ਘਪਲੇ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵੀ ਦੋਸ਼ੀ ਹਨ। ਇਹ ਮਾਮਲਾ 2010 ਤੋਂ 2013 ਤੱਕ ਐੱਨ. ਆਰ. ਐੱਚ. ਐੱਮ. ਤਹਿਤ ਐਂਬੂਲੈਂਸਾਂ ਦੀ ਖਰੀਦ ਵਿਚ ਹੋਈਆਂ ਬੇਨਿਯਮੀਆਂ ਬਾਰੇ ਹੈ।

ਈ. ਡੀ. ਹੁਣ ਤੱਕ ਮੁਲਜ਼ਮਾਂ ਤੋਂ 12 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ। ਸੀਨੀਅਰ ਕਾਂਗਰਸੀ ਨੇਤਾ ਡੀ. ਕੇ. ਸ਼ਿਵਕੁਮਾਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲ ਰਿਹਾ ਹੈ। 2017 ਵਿਚ, ਆਮਦਨ ਕਰ ਵਿਭਾਗ ਨੇ ਡੀ. ਕੇ. ਸ਼ਿਵਕੁਮਾਰ ਦੇ 64 ਟਿਕਾਣਿਆਂ ’ਤੇ ਜ਼ਬਰਦਸਤ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਟੈਕਸ ਚੋਰੀ ਦੀਆਂ ਸ਼ਿਕਾਇਤਾਂ ’ਤੇ ਕੀਤੀ ਗਈ ਸੀ।

ਕਾਂਗਰਸ ਦਾ ਇਤਿਹਾਸ ਅਤੇ ਵਰਤਮਾਨ ਭ੍ਰਿਸ਼ਟਾਚਾਰ ਦੇ ਕਾਲੇ ਕਾਰਨਾਮਿਆਂ ਨਾਲ ਰੰਗਿਆ ਹੋਇਆ ਹੈ। ਜੇਕਰ ਅੱਜ ਦੇਸ਼ ਵਿਚ ਕਾਂਗਰਸ ਲਗਾਤਾਰ ਸੁੰਗੜ ਰਹੀ ਹੈ, ਤਾਂ ਇਸ ਦਾ ਮੁੱਖ ਕਾਰਨ ਭ੍ਰਿਸ਼ਟਾਚਾਰ ਵਿਚ ਇਸ ਦੀ ਸ਼ਮੂਲੀਅਤ ਹੈ। ਭਾਜਪਾ ਤੋਂ ਬਾਅਦ, ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਆਪਣੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਦੋ-ਮੂੰਹੀਆਂ ਗੱਲਾਂ ਕਰਦੀ ਰਹੀ ਹੈ। ਇਹ ਤੈਅ ਹੈ ਕਿ ਜਦੋਂ ਤੱਕ ਕਾਂਗਰਸ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਆਪਣੀ ਕਹਿਣੀ ਅਤੇ ਕਰਨੀ ਵਿਚਲੇ ਪਾੜੇ ਨੂੰ ਖਤਮ ਨਹੀਂ ਕਰਦੀ, ਉਹ ਦੇਸ਼ ਦੇ ਵੋਟਰਾਂ ਦਾ ਪੂਰਾ ਵਿਸ਼ਵਾਸ ਨਹੀਂ ਜਿੱਤ ਸਕਦੀ।

–ਯੋਗੇਂਦਰ ਯੋਗੀ


author

Tanu

Content Editor

Related News