ਸਿੱਖਿਆ ਸੰਸਥਾਨਾਂ ’ਚ ਫੈਲ ਰਹੀ ਰੈਗਿੰਗ ਦੀ ਜਾਨਲੇਵਾ ਬੁਰਾਈ

Friday, Jul 05, 2024 - 02:00 AM (IST)

ਸਿੱਖਿਆ ਸੰਸਥਾਨਾਂ ’ਚ ਫੈਲ ਰਹੀ ਰੈਗਿੰਗ ਦੀ ਜਾਨਲੇਵਾ ਬੁਰਾਈ

ਰੈਗਿੰਗ ਇਨ੍ਹੀਂ ਦਿਨੀਂ ਉੱਚ ਸਿੱਖਿਆ ਸੰਸਥਾਨਾਂ ’ਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਸੀਨੀਅਰ ਵਿਦਿਆਰਥੀਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦਾ ਮਾਧਿਅਮ ਬਣ ਗਈ ਹੈ। ਇਸ ’ਚ ਉਨ੍ਹਾਂ ਦੇ ਨਾਲ ਨਿਰਾਦਰਯੋਗ ਛੇੜਛਾੜ, ਕੁੱਟਮਾਰ, ਜ਼ਬਰਦਸਤੀ ਨਸ਼ਾ ਕਰਵਾਉਣਾ, ਸੈਕਸ ਸ਼ੋਸ਼ਣ, ਕੱਪੜੇ ਉਤਰਵਾਉਣ ਵਰਗੇ ਗੈਰ-ਮਨੁੱਖੀ ਕਾਰੇ ਸ਼ਾਮਲ ਹਨ ਜਿਨ੍ਹਾਂ ਦੀਆਂ ਇਸ ਸਾਲ ਦੇ ਪੰਜ ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 15 ਫਰਵਰੀ, 2024 ਨੂੰ ਹੈਦਰਾਬਾਦ (ਤੇਲੰਗਾਨਾ) ’ਚ ‘ਰਾਮਾਗੁੰਡਮ’ ਸਥਿਤ ‘ਸਰਕਾਰੀ ਮੈਡੀਕਲ ਕਾਲਜ ਤੇ ਜਨਰਲ ਹਸਪਤਾਲ’ ਦੇ ਐੱਮ. ਬੀ. ਬੀ. ਐੱਸ. ਦੂਜੇ ਸਾਲ ਦੇ 4 ਵਿਦਿਆਰਥੀਆਂ ਨੂੰ ਆਪਣੇ ਇਕ ਜੂਨੀਅਰ ਵਿਦਿਆਰਥੀ ਦੀ ਰੈਗਿੰਗ ਕਰਨ ਅਤੇ ਉਸ ਦੇ ਸਿਰ ਦੇ ਵਾਲ ਅਤੇ ਮੁੱਛਾਂ ਮੁੰਨ ਦੇਣ ਦੇ ਦੋਸ਼ ’ਚ ਕਾਲਜ ਹੋਸਟਲ ’ਚੋਂ ਕੱਢਿਆ ਗਿਆ।

* 22 ਫਰਵਰੀ ਨੂੰ ਸ਼ਰਾਬ ਪੀਣ ਲਈ ਪੈਸੇ ਨਾ ਦੇਣ ’ਤੇ ਇਕ ਵਿਦਿਆਰਥੀ ਨੂੰ ਬੈਲਟ ਨਾਲ ਕੁੱਟਣ, ਉਸ ਦਾ ਸਿਰ ਟ੍ਰਿਮਰ ਨਾਲ ਮੁੰਨ ਦੇਣ ਅਤੇ ਉਸ ਨੂੰ 5 ਘੰਟਿਆਂ ਤੱਕ ਹੋਸਟਲ ਦੇ ਕਮਰੇ ’ਚ ਬੰਦ ਰੱਖਣ ਦੇ ਦੋਸ਼ ’ਚ ਅਪਰਾਧਿਕ ਮਾਮਲਾ ਝੱਲ ਰਹੇ ‘ਪੀ. ਐੱਸ. ਜੀ. ਕਾਲਜ ਆਫ ਟੈਕਨਾਲੋਜੀ’ ’ਚ ਇੰਜੀਨੀਅਰਿੰਗ ਦੇ 8 ਵਿਦਿਆਰਥੀਆਂ ਨੂੰ ਮਦਰਾਸ ਹਾਈ ਕੋਰਟ ਦੇ ਜੱਜ ਐੱਨ. ਵੈਂਕਟੇਸ਼ ਨੇ ਜੰਮ ਕੇ ਝਾੜ ਪਾਈ ਅਤੇ ਕਿਹਾ, ‘‘ਅਜਿਹੇ ਕਾਰਿਆਂ ’ਚ ਸ਼ਾਮਲ ਹੋਣ ਨਾਲੋਂ ਚੰਗਾ ਹੈ ਕਿ ਤੁਸੀਂ ਅਨਪੜ੍ਹ ਹੀ ਬਣੇ ਰਹੋ।’’

* 12 ਅਪ੍ਰੈਲ ਨੂੰ ‘ਬੀ. ਜੇ. ਮੈਡੀਕਲ ਕਾਲਜ’ (ਬੀ. ਜੇ. ਐੱਮ. ਸੀ.) ਪੁਣੇ ਦੇ ਅਧਿਕਾਰੀਆਂ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਇਕ 24 ਸਾਲਾ ਮਹਿਲਾ ਜੂਨੀਅਰ ਰੈਜ਼ੀਡੈਂਟ ਡਾਕਟਰ ਨੇ ਕਾਲਜ ਦੇ ਸੀਨੀਅਰ ਡਾਕਟਰਾਂ ’ਤੇ ਉਸ ਦੀ ਰੈਗਿੰਗ ਅਤੇ ਘਟੀਆ ਸਲੂਕ ਕਰਨ ਦਾ ਦੋਸ਼ ਲਗਾਇਆ।

ਕਾਲਜ ਦੇ ਡੀਨ ਡਾ. ਸ਼ੇਖਰ ਪ੍ਰਧਾਨ ਦੇ ਅਨੁਸਾਰ, ‘‘ਕਾਲਜ ’ਚ ਸੀਨੀਅਰਾਂ ਵੱਲੋਂ ਜੂਨੀਅਰ ਡਾਕਟਰਾਂ ਦੀ ਰੈਗਿੰਗ ਆਮ ਗੱਲ ਹੋ ਗਈ ਹੈ ਤੇ 31 ਦਸੰਬਰ, 2023 ਨੂੰ ਵੀ ਕੁਝ ਸੀਨੀਅਰ ਵਿਦਿਆਰਥੀਆਂ ਨੇ ਸ਼ਰਾਬ ਪੀਣ ਦੇ ਬਾਅਦ ਇਕ ਮਹਿਲਾ ਰੈਜ਼ੀਡੈਂਟ ਡਾਕਟਰ ਦੇ ਕਮਰੇ ’ਚ ਦਾਖਲ ਹੋ ਕੇ ਭਾਰੀ ਹੰਗਾਮਾ ਕੀਤਾ ਸੀ।’’

* 26 ਮਈ, 2024 ਨੂੰ ਪੱਛਮੀ ਬੰਗਾਲ ਸਥਿਤ ਜਾਧਵਪੁਰ ਯੂਨੀਵਰਸਿਟੀ ਦੀ ਐਗਜ਼ੀਕਿਊਟਿਵ ਕੌਂਸਲ ਨੇ ਸਿਵਲ ਇੰਜੀਨੀਅਰਿੰਗ, ਇਕਨਾਮਿਕਸ ਤੇ ਸੋਸ਼ਿਓਲੋਜੀ ਦੇ 10 ਸੀਨੀਅਰ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਹੋਸਟਲ ’ਚੋਂ ਕੱਢ ਦੇਣ ਦੇ ਹੁਕਮ ਜਾਰੀ ਕੀਤੇ।

ਦੋਸ਼ੀ ਵਿਦਿਆਰਥੀਆਂ ਨੇ 10 ਅਗਸਤ, 2023 ਨੂੰ ਇਕ ਵਿਦਿਆਰਥੀ ਦੀ ਇੰਨੀ ਬੁਰੀ ਤਰ੍ਹਾਂ ਰੈਗਿੰਗ ਅਤੇ ਸੈਕਸ ਸ਼ੋਸ਼ਣ ਕੀਤਾ ਸੀ ਕਿ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ’ਚ ਉਹ ਹੋਸਟਲ ਦੀ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

* 5 ਜੂਨ ਨੂੰ ਟਾਂਡਾ (ਹਿਮਾਚਲ ਪ੍ਰਦੇਸ਼) ਸਥਿਤ ‘ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ’ ਦੇ ਸੀਨੀਅਰ ਟ੍ਰੇਨੀ ਡਾਕਟਰਾਂ ਵੱਲੋਂ ਜੂਨੀਅਰ ਡਾਕਟਰਾਂ ਦੀ ਰੈਗਿੰਗ ਕਰਨ ਦੇ ਦੋਸ਼ ’ਚ 4 ਟ੍ਰੇਨੀ ਡਾਕਟਰਾਂ ’ਚੋਂ 2 ਨੂੰ 1-1 ਲੱਖ ਰੁਪਏ ਅਤੇ 2 ’ਤੇ 50-50 ਹਜ਼ਾਰ ਰੁਪਏ ਜੁਰਮਾਨਾ ਕਰਨ ਦੇ ਇਲਾਵਾ 2 ਟ੍ਰੇਨੀ ਡਾਕਟਰਾਂ ਨੂੰ ਇਕ-ਇਕ ਸਾਲ ਲਈ ਕਾਲਜ ’ਚੋਂ ਕੱਢ ਦਿੱਤਾ ਗਿਆ।

* 26 ਜੂਨ ਨੂੰ ਡੁੰਗਰਪੁਰ (ਰਾਜਸਥਾਨ) ਜ਼ਿਲਾ ਮੈਡੀਕਲ ਕਾਲਜ ’ਚ ਐੱਮ. ਬੀ. ਬੀ. ਐੱਸ. ਪਹਿਲੇ ਸਾਲ ਦੇ 50 ਤੋਂ ਵੱਧ ਵਿਦਿਆਰਥੀਆਂ ਨੂੰ ਸੀਨੀਅਰ ਵਿਦਿਆਰਥੀਆਂ ਵੱਲੋਂ 44 ਡਿਗਰੀ ਤਾਪਮਾਨ ’ਚ 350 ਤੋਂ ਵੱਧ ਬੈਠਕਾਂ ਕਢਵਾਉਣ ਦੇ ਕਾਰਨ ਕਈ ਵਿਦਿਆਰਥੀਆਂ ਦੀ ਹਾਲਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ।

ਇਸ ਕਾਰਨ ਇਕ ਵਿਦਿਆਰਥੀ ਦੀ ਕਿਡਨੀ ਅਤੇ ਲਿਵਰ ਦੋਵੇਂ ਪ੍ਰਭਾਵਿਤ ਹੋ ਗਏ ਅਤੇ ਉਸ ਨੂੰ ਹਸਪਤਾਲ ’ਚ ਦਾਖਲ ਹੋ ਕੇ ਡਾਇਲਸਿਸ ਕਰਵਾਉਣਾ ਪਿਆ। 15 ਮਈ ਦੀ ਇਸ ਘਟਨਾ ਦੇ ਸਬੰਧ ’ਚ ਦੂਜੇ ਸਾਲ ਦੇ 7 ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦੇ ਇਲਾਵਾ ਉਨ੍ਹਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ।

* 29 ਜੂਨ ਨੂੰ ਜਮਸ਼ੇਦਪੁਰ (ਝਾਰਖੰਡ) ਸਥਿਤ ‘ਮਹਾਤਮਾ ਗਾਂਧੀ ਮੈਮੋਰੀਅਲ ਸਰਕਾਰੀ ਮੈਡੀਕਲ ਕਾਲਜ’ ’ਚ ਜੂਨੀਅਰ ਵਿਦਿਆਰਥੀਆਂ ਨੇ 5 ਸੀਨੀਅਰ ਵਿਦਿਆਰਥੀਆਂ ਦੇ ਵਿਰੁੱਧ ਰੈਗਿੰਗ ਦੇ ਨਾਂ ’ਤੇ ਉਨ੍ਹਾਂ ਨੂੰ ਨੰਗਾ ਕਰ ਕੇ ਨਚਾਉਣ, ਜ਼ਬਰਦਸਤੀ ਸ਼ਰਾਬ ਪਿਆਉਣ, ਸਿਗਰਟਨੋਸ਼ੀ ਕਰਵਾਉਣ, ਸੈਕਸ ਸ਼ੋਸ਼ਣ ਅਤੇ ਉਨ੍ਹਾਂ ਨੂੰ ਗੰਦੀਆਂ-ਗੰਦੀਆਂ ਗੱਲਾਂ ਕਹਿਣ ਦੀ ਸ਼ਿਕਾਇਤ ‘ਨੈਸ਼ਨਲ ਮੈਡੀਕਲ ਕਮਿਸ਼ਨ’ (ਐੱਨ. ਐੱਮ. ਸੀ.) ਨੂੰ ਕੀਤੀ।

ਦੇਸ਼ ’ਚ ਰੈਗਿੰਗ ’ਤੇ ਪਾਬੰਦੀ ਹੈ ਅਤੇ ਕਾਲਜਾਂ ’ਚ ਐਂਟੀ ਰੈਗਿੰਗ ਕਮੇਟੀਆਂ ਵੀ ਬਣੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਰੈਗਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਭ ਤੋਂ ਬੁਰੀ ਗੱਲ ਇਹ ਹੈ ਕਿ ਰੈਗਿੰਗ ਦੀਆਂ ਘਟਨਾਵਾਂ ’ਚ ਮੈਡੀਕਲ ਵਰਗੇ ਨਾਜ਼ੁਕ ਅਤੇ ਮਹੱਤਵਪੂਰਨ ਪੇਸ਼ੇ ਦੀ ਪੜ੍ਹਾਈ ਨਾਲ ਜੁੜੇ ਵਿਦਿਆਰਥੀ ਵੀ ਸ਼ਾਮਲ ਪਾਏ ਜਾ ਰਹੇ ਹਨ।

ਹਾਲਾਂਕਿ ਸਾਰੇ ਵਿਦਿਆਰਥੀ ਅਜਿਹੇ ਨਹੀਂ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਯਕੀਨੀ ਤੌਰ ’ਤੇ ਦੁਖਦਾਇਕ ਹਨ ਅਤੇ ਇਨ੍ਹਾਂ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਿੱਖਿਆਦਾਇਕ ਸਜ਼ਾ ਮਿਲਣੀ ਹੀ ਚਾਹੀਦੀ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗੇ।

-ਵਿਜੇ ਕੁਮਾਰ


author

Harpreet SIngh

Content Editor

Related News