ਨਾਮ ਜੱਪਣ ’ਚ ‘ਡਰ’ ਜਾਂ ‘ਸਾਵਧਾਨੀ’

Friday, Mar 28, 2025 - 04:37 PM (IST)

ਨਾਮ ਜੱਪਣ ’ਚ ‘ਡਰ’ ਜਾਂ ‘ਸਾਵਧਾਨੀ’

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ 14 ਮਾਰਚ ਨੂੰ ਕਾਂਗਰਸ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਵਿਰੁੱਧ ਇਕ ਨਿੰਦਾ ਪ੍ਰਸਤਾਵ ਸਦਨ ਦੇ ਫਲੋਰ ’ਤੇ ਪੇਸ਼ ਕੀਤਾ। ਨਿੰਦਾ ਪ੍ਰਸਤਾਵ ਦਾ ਕਾਰਨ ਸੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਸਦ ’ਚ ਅੱਤਵਾਦ ’ਤੇ ਬੋਲਦੇ ਹੋਏ ਕਹਿਣਾ ਕਿ ਅੱਜ ਕੁਝ ਲੋਕ ਆਸਾਮ ਦੀ ਜੇਲ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਬਾਜਵਾ ਨੇ ਗ੍ਰਹਿ ਮੰਤਰੀ ਦੇ ਇਸ ਬਿਆਨ ਦੇ ਨਿੰਦਾ ਮਤੇ ’ਤੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਪਾਠ ਤਾਂ ਗੁਟਕਾ ਸਾਹਿਬ ਦਾ ਹੁੰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਤਾਂ ਪ੍ਰਕਾਸ਼ ਕੀਤੇ ਬਿਨਾਂ ਹੋ ਹੀ ਨਹੀਂ ਸਕਦਾ।

ਉਨ੍ਹਾਂ ਦੇ ਤਰਕ ’ਚ ਕਿੰਨੀ ਡੂੰਘਾਈ ਅਤੇ ਸੱਚਾਈ ਹੈ ਅਤੇ ਇਸ ਨੂੰ ਇਸ ਤਰ੍ਹਾਂ ਉਠਾਉਣਾ ਕਿਥੋਂ ਤਕ ਤਰਕਸੰਗਤ ਹੈ, ਇਹ ਤਾਂ ਸਿੱਖ ਵਿਦਵਾਨ ਹੀ ਦੱਸ ਸਕਦੇ ਹਨ। ਇਸ ਨਿੰਦਾ ਮਤੇ ਨੂੰ ਵਿਧਾਨ ਸਭਾ ਨੇ ਰੱਦ ਕਰ ਦਿੱਤਾ। ਇਸ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਸਮੂਹ ਸਦਨ ਧੰਨਵਾਦ ਦਾ ਪਾਤਰ ਹੈ ਜਿਨ੍ਹਾਂ ਨੇ ਆਪਣੀ ਦੂਰਅੰਦੇਸ਼ੀ ਦਾ ਸਬੂਤ ਦਿੱਤਾ ਪਰ ਇਸ ਕਵਾਇਦ ਨੇ ਕਈ ਅਹਿਮ ਅਤੇ ਸੰਵੇਦਨਸ਼ੀਲ ਸਵਾਲ ਪੈਦਾ ਕਰ ਦਿੱਤੇ ਅਤੇ ਸੋਚਣ ਅਤੇ ਲਿਖਣ ਲਈ ਮਜਬੂਰ ਕਰ ਦਿੱਤਾ। ਪਹਿਲਾ, ਕੀ ਕਾਂਗਰਸ, ਪੰਜਾਬ ’ਚ ਆਪਣੀ ਪਕੜ ਮਜ਼ਬੂਤ ਕਰਨ ਲਈ ਫਿਰ ਤੋਂ ਬੇਹੱਦ ਸੰਵੇਦਨਸ਼ੀਲ ਮੁੱਦਿਆਂ ਨੂੰ ਹਵਾ ਦੇ ਕੇ 80-90 ਦੇ ਦਹਾਕੇ ਦੀ ਖੂਨੀ ਖੇਡ ਖੇਡਣਾ ਚਾਹੁੰਦੀ ਹੈ।

ਦੂਸਰਾ, ਜਿਸ ਤਰ੍ਹਾਂ ਰਾਹੁਲ ਗਾਂਧੀ ਸੰਸਦ ’ਚ, ਵਿਦੇਸ਼ੀ ਏਜੰਸੀਆਂ ਅਤੇ ਵਿਦੇਸ਼ੀ ਸੰਗਠਨਾਂ ਦੇ ਏਜੰਡੇ ਨੂੰ ਲਾਗੂ ਕਰਨ ਲਈ ਯਤਨ ਕਰਦੇ ਨਜ਼ਰ ਆ ਰਹੇ ਹਨ, ਕੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਗਾਂਧੀ ਦੇ ਹੁਕਮ ’ਤੇ, ਪੰਜਾਬ ਵਿਧਾਨ ਸਭਾ ’ਚ ਉਸੇ ਦਿਸ਼ਾ ’ਚ ਕੰਮ ਕਰਨ ਦਾ ਯਤਨ ਕਰ ਰਹੇ ਹਨ। ਤੀਜਾ, ਕੀ ਸਿੱਖ ਸਮਾਜ ਇਨ੍ਹਾਂ ਸਿਆਸੀ ਆਗੂਆਂ ਨੂੰ, ਅੱਤਵਾਦ ਤੋਂ ਸ਼ਾਂਤੀ ਵਲ ਵਧ ਰਹੇ ਪੰਜਾਬ ’ਚ ਦੁਬਾਰਾ ਅਜਿਹੀਆਂ ਧਾਰਮਿਕ ਘਟਨਾਵਾਂ ’ਤੇ ਸਿਆਸਤ ਕਰਨ ਦੀ ਛੋਟ ਦਿੰਦਾ ਹੈ।

ਹੁਣ ਮੈਂ ਗ੍ਰਹਿ ਮੰਤਰੀ ਦੇ ਬਿਆਨ ਦੀ ਤਰ੍ਹਾਂ ਇਕ ਹੋਰ ਮਿਸਾਲ ਪੇਸ਼ ਕਰਦਾ ਹਾਂ। ਗੁਰੂ ਸਾਹਿਬ ਦੇ ਪ੍ਰਗਟ ਦਿਵਸ ’ਤੇ ਗੁਰੂ ਘਰ ’ਚ ਨਤਮਸਤਕ ਹੋਣਾ ਇਹ ਮੇਰੀ ਜ਼ਿੰਦਗੀ ਦਾ ਇਕ ਅਹਿਮ ਅੰਗ ਵੀ ਹੈ ਅਤੇ ਰੁਟੀਨ ਵੀ। ਅਜਿਹੇ ਹੀ ਇਕ ਪ੍ਰੋਗਰਾਮ ’ਚ ਗੁਰਦੁਆਰਾ ਸਾਹਿਬ ’ਚ ਆਪਣਾ ਭਾਸ਼ਣ ਖਤਮ ਕਰਦਿਆਂ ਜੈਕਾਰਾ ਲਾਇਆ, ‘ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’। ਇਸ ਗੱਲ ’ਤੇ ਕੁਝ ਨੌਜਵਾਨਾਂ ਨੇ ਗੁੱਸਾ ਜ਼ਾਹਿਰ ਕੀਤਾ ਕਿ ਤੁਸੀਂ ‘ਸ੍ਰੀ’ ਕਿਉਂ ਲਾਇਆ। ਮੈਂ ਗਲਤ ਸੀ ਜਾਂ ਠੀਕ, ਇਹ ਵੀ ਸਿੱਖ ਵਿਦਵਾਨ ਹੀ ਦੱਸ ਸਕਦੇ ਹਨ। ਖੈਰ, ਮੈਨੂੰ ਨਹੀਂ ਪਤਾ ਕਿ ਉਹ ਇਤਰਾਜ਼ ਕਰਨ ਵਾਲੇ ਨੌਜਵਾਨ ਸਿਆਸੀ ਸਨ ਜਾਂ ਵਿਦਵਾਨ ਪਰ ਸੰਗਤ ’ਚ ਬੈਠੇ ਕੁਝ ਸੀਨੀਅਰ ਲੋਕਾਂ ਨੇ ਇਸ ਗੱਲ ਨੂੰ ਖਤਮ ਕਰਵਾ ਦਿੱਤਾ।

ਅਜਿਹੀਆਂ ਘਟਨਾਵਾਂ ਪੰਜਾਬ ’ਚ ਅਕਸਰ ਸੁਣਨ ਨੂੰ ਮਿਲਦੀਆਂ ਹਨ ਪਰ ਸਵਾਲ ਹੈ ਕਿ ਪੰਜਾਬ ’ਚ ਜਨਮ ਲੈਣ ਤੋਂ ਹੁਣ ਤਕ ਮੇਰੀ ਜ਼ਿੰਦਗੀ ਦੇ ਤਕਰੀਬਨ 6 ਦਹਾਕੇ ਸਿੱਖ ਜਮਾਤੀਆਂ, ਦੋਸਤਾਂ, ਭਰਾਵਾਂ, ਗੁਰੂ ਘਰ ’ਚ ਸ਼ਰਧਾ, ਗੁਰੂ ਘਰ ’ਚ ਨਤਮਸਤਕ ਹੋਣ ਅਤੇ ਸ਼ਬਦਾਂ ਨੂੰ ਸਰਵਣ ਕਰਨ ਅਤੇ ਗੁਣਗੁਣਾਉਣ ਦਾ ਜ਼ਿੰਦਗੀ ’ਚ ਬਿਨਾਂ ਰੁਕਾਵਟ ਨਿਰੰਤਰ ਪ੍ਰਵਾਹ ਰਿਹਾ ਹੈ।

ਵਿਦਿਆਰਥੀ ਕਾਲ ’ਚ ਪਟਿਆਲਾ ’ਚ ਮਾਤਾ ਕਾਲੀ ਜੀ ਦੇ ਮੰਦਰ ਅੰਦਰ ਅਤੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਜੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ’ਚ ਨਮਨ ਕਰਨਾ ਨਿੱਤ ਦਾ ਕਰਮ ਸੀ। ਰਾਸ਼ਟਰੀ ਸਵੈਮਸੇਵਕ ਸੰਘ ਦਾ ਵਰਕਰ ਹੋਣ ਦੇ ਨਾਤੇ ਸ਼ਾਖਾ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਲਿਦਾਨ ਦੇ ਕਿੱਸੇ ਅਤੇ ਸ਼ਬਦ ਨੇ ਉਸ ਭਾਵਨਾ ਨੂੰ ਹੋਰ ਡੂੰਘਾ ਬਣਾਇਆ। ਨਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ’ਚ ਅਟੁੱਟ ਸ਼ਰਧਾ ਹੋਣ ਦੇ ਬਾਵਜੂਦ, ਜਿਸ ਨੇ ਅੰਮ੍ਰਿਤ ਨਾ ਛਕਿਆ ਹੋਵੇ, ਬਾਣੀ ਹਜ਼ਾਰਾਂ ਵਾਰ ਸੁਣੀ ਹੋਵੇ ਪਰ ਕਦੇ ਪੜ੍ਹੀ ਨਾ ਹੋਵੇ, ਕੀ ਉਹ ਇਨ੍ਹਾਂ ਬਾਰੀਕੀਆਂ ਅਤੇ ਮਰਿਆਦਾਵਾਂ ਨੂੰ ਜਾਣ ਸਕਦਾ ਹੈ ਜਾਂ ਉਸ ਨੂੰ ਪਤਾ ਹੁੰਦਾ ਹੈ ਜਾਂ ਡੂੰਘਾਈ ਨਾਲ ਸੋਚ ਸਕਦਾ ਹੈ।

ਅਜਿਹੀਆਂ ਗਲਤੀਆਂ ਉਸ ਕੋਲੋਂ ਨਾ ਚਾਹੁੰਦਿਆਂ ਹੋਇਆਂ ਵੀ ਅਣਜਾਣੇ ’ਚ ਹੋ ਜਾਂਦੀਆਂ ਹਨ ਜੋ ਕਿ ਉਹ ਕਦੇ ਕਰਨਾ ਨਹੀਂ ਚਾਹੁੰਦਾ ਪਰ ਪੰਜਾਬ ’ਚ ਇਕ ਵੱਡੇ ਵਰਗ ਵਲੋਂ ਇਨ੍ਹਾਂ ਗੱਲਾਂ ਨੂੰ ਸਿੱਖ ਸਮਾਜ ਦੇ ਸਾਹਮਣੇ ਪਹਾੜ ਬਣਾ ਕੇ ਪੇਸ਼ ਕਰਨਾ ਅਤੇ ਫਿਰ ਆਪਣੇ ਸਵਾਰਥ ਲਈ ਉਨ੍ਹਾਂ ਦੀ ਵਰਤੋਂ ਕਰਨੀ ਆਮ ਗੱਲ ਹੈ। ਇਹ ਵਰਗ ਹਮੇਸ਼ਾ ਇਸ ਤਾਕ ’ਚ ਰਹਿੰਦਾ ਹੈ ਅਤੇ ਭਾਈਚਾਰੇ ਦੇ ਮਜ਼ਬੂਤ ਬੰਧਨ ਨੂੰ ਸਿਓਂਕ ਵਾਂਗ ਖਾਣ ਦਾ ਕੰਮ ਕਰਦਾ ਹੈ। ਮੇਰੇ ਵਰਗੇ ਕਰੋੜਾਂ ਲੋਕ ਜਿਨ੍ਹਾਂ ਦੀ ਸਿੱਖ ਗੁਰੂਆਂ ’ਚ ਸ਼ਰਧਾ ਹੋਵੇ, ਉਨ੍ਹਾਂ ਦੇ ਮਨ ਦੇ ਕੋਨੇ ’ਚ ਇਕ ਡਰ ਜਿਹਾ ਬਣਿਆ ਰਹਿੰਦਾ ਹੈ ਕਿ ਕਿਤੇ ਗਲਤੀ ਨਾ ਹੋ ਜਾਵੇ ਅਤੇ ਮੁੱਦਾ ਨਾ ਖੜ੍ਹਾ ਹੋ ਜਾਵੇ। ਉਹ ਬੋਲਣ ਤੋਂ ਡਰਨ ਲੱਗਾ ਹੈ, ਕਿਤੇ ਜਾਣ ਤੋਂ ਘਬਰਾਉਂਦਾ ਕਿਉਂ ਹੈ?

ਅਜਿਹੇ ਸਭ ਪੰਜਾਬੀ ਕਿਥੇ ਜਾਣ, ਕੀ ਕਰਨ, ਗੁਰੂ ਸਾਹਿਬ ਪ੍ਰਤੀ ਆਪਣੀਆਂ ਭਾਵਨਾਵਾਂ ਬਿਨਾਂ ਕਿਸੇ ਡਰ ਦੇ ਕਿਵੇਂ ਪ੍ਰਗਟ ਕਰਨ? ਇਸ ਦੇ ਨਿਵਾਰਨ ਦੀ ਵਿਵਸਥਾ ਕਰਨੀ ਪਵੇਗੀ। ਕਿਸੇ ਨੂੰ ਤਾਂ ਅੱਗੇ ਆਉਣਾ ਪਵੇਗਾ ਜਿਸ ਨਾਲ ਭਵਿੱਖ ’ਚ ਸਮਾਜ ਨੂੰ ਤੋੜਨ ਵਾਲਾ ਅਜਿਹਾ ਮੁੱਦਾ ਨਾ ਉਠਾਇਆ ਜਾ ਸਕੇ। ਨਾ ਹੀ ਕੋਈ ਵੱਖਵਾਦੀ ਸੋਚ ਇਸ ਦਾ ਫਾਇਦਾ ਉਠਾ ਸਕੇ ਅਤੇ ਪੰਜਾਬੀ ਭਾਈਚਾਰਾ ਮਜ਼ਬੂਤ ਹੋ ਸਕੇ।

-ਪ੍ਰਵੀਨ ਬਾਂਸਲ


author

Tanu

Content Editor

Related News