ਝੋਨੇ ਦੀ ਫਸਲ ਦੇ ਭੰਡਾਰਨ ਲਈ ਕੀ ਸਰਕਾਰਾਂ ਤਿਆਰ ?
Monday, Aug 26, 2024 - 02:30 AM (IST)
ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ। ਇਸ ਦੇ ਲਗਭਗ 47 ਫੀਸਦੀ ਜ਼ਮੀਨੀ ਹਿੱਸੇ ’ਤੇ ਖੇਤੀਬਾੜੀ ਹੁੰਦੀ ਹੈ ਅਤੇ ਦੇਸ਼ ਦੀ 70 ਫੀਸਦੀ ਆਬਾਦੀ ਖੇਤੀਬਾੜੀ ’ਤੇ ਨਿਰਭਰ ਹੈ। ਕਿਸਾਨ ਠੰਢ, ਗਰਮੀ, ਧੁੱਪ, ਮੀਂਹ ਹਰ ਮੌਸਮ ’ਚ ਸਖ਼ਤ ਮਿਹਨਤ ਨਾਲ ਫਸਲ ਉਗਾਉਂਦੇ ਹਨ।
ਇਹ ਕਿਸਾਨਾਂ ਦੀ ਮਿਹਨਤ ਦਾ ਹੀ ਫਲ ਹੈ ਕਿ ਜਿਹੜਾ ਭਾਰਤ ਆਜ਼ਾਦੀ ਦੇ ਸਮੇਂ ਅਨਾਜ ਦੀ ਕਮੀ ਨਾਲ ਜੂਝ ਰਿਹਾ ਸੀ, ਅੱਜ ਆਪਣੀ ਲੋੜ ਤੋਂ ਵੱਧ ਅਨਾਜ ਪੈਦਾ ਕਰ ਰਿਹਾ ਹੈ ਅਤੇ ਦੁਨੀਆ ’ਚ ਕਣਕ, ਚੌਲ ਅਤੇ ਸਬਜ਼ੀਆਂ ਦੀ ਪੈਦਾਵਾਰ ’ਚ ਦੂਜੇ ਨੰਬਰ ’ਤੇ ਹੈ।
ਤ੍ਰਾਸਦੀ ਇਹ ਹੈ ਕਿ ਇਕ ਪਾਸੇ ਕਿਸਾਨ ਅਨਾਜ ਪੈਦਾ ਕਰਨ ਦਾ ਰਿਕਾਰਡ ਬਣਾ ਰਹੇ ਹਨ ਤਾਂ ਦੂਜੇ ਪਾਸੇ ਫਸਲ ਦੀ ਵਾਢੀ ਦੇ ਮੌਸਮ ’ਚ ਮੰਡੀਕਰਨ ਦੌਰਾਨ ਖਰੀਦ ਏਜੰਸੀਆਂ ਵਲੋਂ ਅਨਾਜ ਨੂੰ ਸੰਭਾਲਣ ’ਚ ਲਾਪ੍ਰਵਾਹੀ ਕਾਰਨ ਮੰਡੀਆਂ ’ਚ ਵੱਡੀ ਮਾਤਰਾ ’ਚ ਅਨਾਜ ਨਸ਼ਟ ਹੋ ਜਾਂਦਾ ਹੈ ਅਤੇ ਇਥੋਂ ਤੱਕ ਕਿ ਉਹ ਪਸ਼ੂਆਂ ਦੇ ਖਾਣਯੋਗ ਵੀ ਨਹੀਂ ਰਹਿੰਦਾ।
ਇਸ ਸਮੇਂ ਦੇਸ਼ ਦਾ ਅੰਨ ਕਟੋਰਾ ਕਹਾਉਣ ਵਾਲੇ ਪੰਜਾਬ ’ਚ ਗੋਦਾਮ ਅਨਾਜ ਨਾਲ ਭਰੇ ਪਏ ਹਨ ਜਿਸ ਕਾਰਨ ਇਸੇ ਸਾਲ 1 ਅਕਤੂਬਰ ਤੋਂ ਮੰਡੀਆਂ ’ਚ ਆਉਣ ਵਾਲੀ ਝੋਨੇ ਦੀ ਫਸਲ ਨੂੰ ਸੰਭਾਲਣ ਲਈ ਗੋਦਾਮਾਂ ’ਚ ਥਾਂ ਨਾ ਹੋਣ ਦੇ ਸਿੱਟੇ ਵਜੋਂ ਸੂਬੇ ਦੀਆਂ ਅਨਾਜ ਖਰੀਦਣ ਵਾਲੀਆਂ ਏਜੰਸੀਆਂ ਲਈ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ।
ਪਹਿਲਾਂ ਤੋਂ ਹੀ ਪਿਛਲੇ ਸਾਲ ਖਰੀਦ ਕੇ ਰੱਖੀ ਹੋਈ 60 ਲੱਖ ਟਨ ਕਣਕ, 125 ਲੱਖ ਟਨ ਚੌਲ ਅਤੇ 7 ਲੱਖ ਟਨ ਝੋਨਾ ਅਜੇ ਵੀ ਪੰਜਾਬ ਦੀਆਂ 4 ਸਰਕਾਰੀ ਖਰੀਦ ਏਜੰਸੀਆਂ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ ’ਚ ਪਿਆ ਹੈ। ਕੁੱਲ ਸਟਾਕ ਵਿਚੋਂ 14 ਲੱਖ ਟਨ ਕਣਕ ਖੁੱਲ੍ਹੀਆਂ ਥਾਵਾਂ ’ਤੇ ਪਈ ਹੋਈ ਹੈ ਜਦ ਕਿ ਲੱਗਭਗ 7 ਲੱਖ ਟਨ ਝੋਨਾ ਚੌਲ ਮਿੱਲਾਂ ਕੋਲ ਸ਼ੈਲਿੰਗ ਲਈ ਪਿਆ ਹੈ।
ਮਾਹਿਰਾਂ ਮੁਤਾਬਕ ਸੂਬੇ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਲਈ ਖਰੀਦੀ ਹੋਈ ਝੋਨੇ ਦੀ ਨਵੀਂ ਫਸਲ ਨੂੰ ਸਟੋਰ ਕਰਨ ਲਈ ਥਾਂ ਬਣਾਉਣ ਲਈ ਅਗਸਤ ਅਤੇ ਸਤੰਬਰ ’ਚ ਅਨਾਜ ਦੇ ਸਟਾਕ ਨੂੰ ਖਪਤਕਾਰ ਸੂਬਿਆਂ ’ਚ ਲਿਜਾਣਾ ਇਕ ਚੁਣੌਤੀ ਹੋਵੇਗੀ ਕਿਉਂਕਿ ਉਦੋਂ ਤੱਕ ਥਾਂ ਨਾ ਬਣਾਉਣ ਕਾਰਨ ਖਰੀਦ ਏਜੰਸੀਆਂ ਲਈ ਝੋਨੇ ਦੀ ਨਵੀਂ ਫਸਲ ਨੂੰ ਭੰਡਾਰ ਕਰਨ ਵਿਚ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪਏਗਾ।
ਖੇਤੀਬਾੜੀ ਵਿਭਾਗ ਮੁਤਾਬਕ ਇਸ ਸਾਲ ਲੱਗਭਗ 185 ਲੱਖ ਟਨ ਝੋਨੇ ਦੀ ਪੈਦਾਵਾਰ ਹੋ ਸਕਦੀ ਹੈ ਜਦੋਂ ਕਿ ਸੂਬੇ ’ਚ 172 ਲੱਖ ਟਨ ਅਨਾਜ ਨੂੰ ਭੰਡਾਰ ਕਰਨ ਦੀ ਸਮਰੱਥਾ ਹੈ।
ਦੁਨੀਆ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਨੂੰ ਦੇਖਦਿਆਂ ਜਿੱਥੇ ਅਨਾਜ ਦੀ ਵਧੇਰੇ ਪੈਦਾਵਾਰ ’ਤੇ ਜ਼ੋਰ ਦੇਣਾ ਸਮੇਂ ਦੀ ਮੰਗ ਹੈ ਤਾਂ ਕੀ ਉਥੇ ਅਨਾਜ ਦੇ ਭੰਡਾਰਨ ਅਤੇ ਉਸ ਨੂੰ ਸੰਭਾਲਣ ਆਦਿ ਹੋਰਨਾਂ ਕਾਰਨਾਂ ਕਾਰਨ ਹੋਣ ਵਾਲੀ ਬਰਬਾਦੀ ਨੂੰ ਰੋਕਣ ਵੱਲ ਧਿਆਨ ਦੇਣ ਦੀ ਓਨੀ ਹੀ ਲੋੜ ਨਹੀਂ ਹੋਣੀ ਚਾਹੀਦੀ ?
-ਵਿਜੇ ਕੁਮਾਰ