ਰੂਸ ’ਚ ਆਬਾਦੀ ’ਚ ਗਿਰਾਵਟ, ਪੁਤਿਨ ਨੇ ਲੰਚ ਅਤੇ ਕੌਫੀ ਬ੍ਰੇਕ ’ਚ ਸੈਕਸ ਦੀ ਦਿੱਤੀ ਇਜਾਜ਼ਤ
Friday, Sep 20, 2024 - 03:34 AM (IST)

ਇਸ ਸਮੇਂ ਜਿੱਥੇ ਆਬਾਦੀ ਧਮਾਕੇ ਨਾਲ ਜੂਝ ਰਹੇ ਦੁਨੀਆ ਦੇ ਕਈ ਦੇਸ਼ਾਂ ’ਚ ਆਬਾਦੀ ਕੰਟਰੋਲ ਦੇ ਉਪਾਅ ਕੀਤੇ ਜਾ ਰਹੇ ਹਨ ਤਾਂ ਦੂਜੇ ਪਾਸੇ ਆਪਣੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਦੂਜੇ ਦੇਸ਼ ਆਬਾਦੀ ਵਧਾਉਣ ਦੇ ਉਪਾਅ ਕਰ ਰਹੇ ਹਨ। ਇਟਲੀ, ਜਾਪਾਨ, ਈਰਾਨ, ਬ੍ਰਾਜ਼ੀਲ ਆਦਿ ਦੇਸ਼ਾਂ ’ਚ ਘਟਦੀ ਆਬਾਦੀ ਕਾਰਨ ਬੱਚੇ ਪੈਦਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਜੋੜਿਆਂ ਨੂੰ ਆਰਥਿਕ ਸਹਾਇਤਾ ਤੱਕ ਦਿੱਤੀ ਜਾ ਰਹੀ ਹੈ। ਕਿਤੇ-ਕਿਤੇ ਨਸਬੰਦੀ ’ਤੇ ਵੀ ਰੋਕ ਲਾ ਦਿੱਤੀ ਗਈ ਹੈ।
ਚੀਨ ’ਚ ਵਧਦੀ ਆਬਾਦੀ ’ਤੇ ਰੋਕ ਲਾਉਣ ਲਈ 1979 ’ਚ ‘ਇਕ ਬੱਚਾ ਨੀਤੀ’ ਲਾਗੂ ਕਰ ਕੇ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਸੀ ਅਤੇ ਇਸ ਦੀ ਉਲੰਘਣਾ ਕਰਨ ’ਤੇ ਜੋੜੇ ਨੂੰ ਜੇਲ੍ਹ ਤਕ ਭੇਜਣ ਦੀ ਵਿਵਸਥਾ ਕੀਤੀ ਗਈ ਸੀ।
ਅੱਜ ‘ਇਕ ਬੱਚਾ ਨੀਤੀ’ ਕਾਰਨ ਚੀਨ ਸਰਕਾਰ ਨੂੰ ਜਨਮ ਦਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਸ ਨੇ 2016 ’ਚ ‘ਇਕ ਬੱਚਾ ਨੀਤੀ’ ’ਚ ਢਿੱਲ ਦੇ ਕੇ 2 ਬੱਚੇ ਪੈਦਾ ਕਰਨ ਦੀ ਆਗਿਆ ਦਿੱਤੀ ਅਤੇ ਫਿਰ 2021 ’ਚ ਇਸ ’ਚ ਹੋਰ ਢਿੱਲ ਦੇ ਕੇ 3 ਬੱਚੇ ਪੈਦਾ ਕਰਨ ਦੀ ਛੋਟ ਦੇ ਦਿੱਤੀ ਗਈ ਹੈ।
ਇਸ ਦੇ ਬਾਵਜੂਦ ਕਿਉਂਕਿ ਚੀਨ ਦੀ ਨੌਜਵਾਨ ਪੀੜ੍ਹੀ ਵਿਆਹ ਅਤੇ ਬੱਚੇ ਪੈਦਾ ਕਰਨ ’ਚ ਘੱਟ ਦਿਲਚਸਪੀ ਲੈ ਰਹੀ ਹੈ ਇਸ ਲਈ ਚੀਨ ਸਰਕਾਰ ਨੇ ਨੌਜਵਾਨਾਂ ਨੂੰ ਆਰਥਿਕ ਸਹਾਇਤਾ ਅਤੇ ਟੈਕਸ ਛੋਟ ਵਰਗੇ ਪ੍ਰੋਤਸਾਹਨ ਦੇਣ ਦੀ ਯੋਜਨਾ ਵੀ ਸ਼ੁਰੂ ਕਰ ਦਿੱਤੀ ਹੈ।
ਜਿੱਥੋਂ ਤਕ ਚੀਨ ਦੇ ਗੁਆਂਢੀ ਦੇਸ਼ ਰੂਸ ਦਾ ਸਬੰਧ ਹੈ, ਯੂਕ੍ਰੇਨ ਨਾਲ ਜੰਗ ’ਚ ਉਲਝੀ ਰੂਸ ਸਰਕਾਰ ਵੀ ਆਬਾਦੀ ’ਚ ਕਮੀ ’ਤੇ ਚਿੰਤਿਤ ਹੈ। ਇਸ ਸਮੇਂ ਰੂਸ ’ਚ ਜਨਮ ਦਰ 1999 ਪਿੱਛੋਂ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਇਕ ਤਾਂ ਉੱਥੇ ਜੋੜੇ ਘੱਟ ਬੱਚੇ ਪੈਦਾ ਕਰ ਰਹੇ ਹਨ ਅਤੇ ਦੂਜਾ ਯੂਕ੍ਰੇਨ ਨਾਲ ਜੰਗ ਕਾਰਨ ਵੀ ਵੱਡੀ ਗਿਣਤੀ ’ਚ ਰੂਸੀ ਨੌਜਵਾਨਾਂ ਵਲੋਂ ਦੇਸ਼ ਛੱਡ ਦੇਣ ਕਾਰਨ ਇਹ ਸੰਕਟ ਹੋਰ ਵੀ ਵਧ ਗਿਆ ਹੈ।
ਉੱਥੇ ਪ੍ਰਜਨਣ ਦਰ ਘਟ ਕੇ ਪ੍ਰਤੀ ਔਰਤ 1.5 ਦੇ ਚਿੰਤਾਜਨਕ ਪੱਧਰ ’ਤੇ ਪਹੁੰਚ ਗਈ ਹੈ ਜਦ ਕਿ ਕਿਸੇ ਦੇਸ਼ ਦੀ ਆਬਾਦੀ ਨੂੰ ਸਥਿਰ ਰੱਖਣ ਲਈ ਵੀ ਉੱਥੇ ਪ੍ਰਜਨਣ ਦਰ ਘੱਟੋ-ਘੱਟ 2.1 ਹੋਣੀ ਚਾਹੀਦੀ ਹੈ।
ਰੂਸ ਨੇ 2024 ਦੀ ਪਹਿਲੀ ਛਿਮਾਹੀ ਲਈ 25 ਸਾਲਾਂ ’ਚ ਆਪਣੀ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ ਹੈ। ਅੰਕੜਿਆਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਜੂਨ ’ਚ ਜਨਮ ਦਰ ਪਹਿਲੀ ਵਾਰ 1 ਲੱਖ ਤੋਂ ਹੇਠਾਂ ਆ ਗਈ ਜੋ ਇਕ ਵੱਡੀ ਗਿਰਾਵਟ ਦਰਸਾਉਂਦੀ ਹੈ।
ਰੂਸ ਦੇ ਸਿਹਤ ਮੰਤਰਾਲਾ ਵਲੋਂ 18 ਤੋਂ 40 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਉਨ੍ਹਾਂ ਦੀ ਪ੍ਰਜਨਣ ਸਿਹਤ ਅਤੇ ਸਮਰੱਥਾ ਦਾ ਮੁਲਾਂਕਣ ਕਰਨ ਲਈ ਮੁਫਤ ਪ੍ਰਜਨਣ ਜਾਂਚ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇੰਨਾ ਹੀ ਨਹੀਂ ਰੂਸ ਦੇ ‘ਚੇਲਯਾਬਿੰਸਕ’ ਇਲਾਕੇ ’ਚ ਅਧਿਕਾਰੀਆਂ ਨੇ ਜਨਮ ਦਰ ਵਧਾਉਣ ਲਈ ਲੋਕਾਂ ਦੀ ਆਰਥਿਕ ਮਦਦ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਉੱਥੇ 24 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ’ਤੇ 1.02 ਲੱਖ ਰੂਬਲ (9.40 ਲੱਖ ਰੁਪਏ) ਦਿੱਤੇ ਜਾ ਰਹੇ ਹਨ।
ਰੂਸ ’ਚ ਗਰਭਪਾਤ ਕਰਵਾਉਣ ਦੇ ਰੁਝਾਨ ’ਤੇ ਲਗਾਤਾਰ ਪਾਬੰਦੀ ਲਾਈ ਜਾ ਰਹੀ ਹੈ ਅਤੇ ਜਨਤਕ ਹਸਤੀਆਂ ਅਤੇ ਧਾਰਮਿਕ ਆਗੂਆਂ ਵਲੋਂ ਜੋੜਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਔਰਤਾਂ ਦੀ ਪਹਿਲੀ ਜ਼ਿੰਮੇਵਾਰੀ ਬੱਚਿਆਂ ਨੂੰ ਜਨਮ ਦੇਣਾ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਕਰਨਾ ਹੈ। ਇਸ ਲਈ ਰੂਸ ’ਚ ਤਲਾਕ ਨੂੰ ਨਿਰਉਤਸ਼ਾਹਿਤ ਕਰਨ ਲਈ ਅਦਾਲਤ ਦੀ ਫੀਸ ਵੀ ਵਧਾ ਦਿੱਤੀ ਗਈ ਹੈ।
ਇਸ ਦਰਮਿਆਨ ਘਟਦੀ ਜਨਮ ਦਰ ਦੀ ਸਮੱਸਿਆ ਨਾਲ ਨਜਿੱਠਣ ਲਈ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਕ ਅਨੋਖੀ ਤਰਕੀਬ ਕੱਢੀ ਹੈ ਅਤੇ ਰੂਸ ਦੇ ਨਾਗਰਿਕਾਂ ਨੂੰ ਆਫਿਸ ’ਚ ਲੰਚ ਅਤੇ ਕੌਫੀ ਬ੍ਰੇਕ ਦੇ ਦੌਰਾਨ ਸੈਕਸ ਕਰਨ ਦੀ ਸਲਾਹ ਤਕ ਦੇ ਦਿੱਤੀ ਹੈ।
ਸਿਹਤ ਮੰਤਰੀ ਡਾ. ਯੇਵਗੇਨੀ ਸ਼ੇਸਟੋਪਾਲੋਵ ਨੇ ਵੀ ਰੂਸ ਦੇ ਲੋਕਾਂ ਨੂੰ ਪਰਿਵਾਰ ਵਧਾਉਣ ਲਈ ਲੰਚ ਅਤੇ ਕੌਫੀ ਬ੍ਰੇਕ ਦੇ ਸਮੇਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਬੱਚੇ ਪੈਦਾ ਕਰਨ ਦੀ ਇਸ ਪ੍ਰਕਿਰਿਆ ’ਚ ਦਫਤਰ ਦਾ ਕੰਮ ਰੁਕਾਵਟ ਨਹੀਂ ਬਣਨਾ ਚਾਹੀਦਾ।
ਉਨ੍ਹਾਂ ਨੇ ਕਿਹਾ, ‘‘ਕੰਮ ’ਚ ਜ਼ਿਆਦਾ ਰੁੱਝੇ ਹੋਣਾ ਸੈਕਸ ਨਾ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਹੈ। ਇਹ ਇਕ ਬੇਕਾਰ ਬਹਾਨਾ ਹੈ, ਤੁਸੀਂ ਬ੍ਰੇਕ ਦਰਮਿਆਨ ਸੈਕਸ ਕਰ ਸਕਦੇ ਹੋ ਕਿਉਂਕਿ ਜੀਵਨ ਬਹੁਤ ਤੇਜ਼ੀ ਨਾਲ ਬੀਤਦਾ ਹੈ।’’
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪੁਤਿਨ ਆਪਣੇ ਦੇਸ਼ ’ਚ ਘਟਦੀ ਜਨਮ ਦਰ ’ਤੇ ਪਹਿਲਾਂ ਵੀ ਚਿੰਤਾ ਜਤਾ ਚੁੱਕੇ ਹਨ ਅਤੇ ਉੱਥੇ ਰੂਸੀ ਔਰਤਾਂ ਨੂੰ ਘੱਟੋ-ਘੱਟ 8 ਬੱਚਿਆਂ ਨੂੰ ਜਨਮ ਦੇਣ ਅਤੇ ਵੱਡੇ ਪਰਿਵਾਰ ਬਣਾਉਣ ਦੀ ਅਪੀਲ ਕਰ ਚੁੱਕੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਬਾਦੀ ਵਧਾਉਣ ਦਾ ਰਾਸ਼ਟਰਪਤੀ ਪੁਤਿਨ ਦਾ ਇਹ ਅਨੋਖਾ ਤਰੀਕਾ ਕਿੰਨਾ ਸਫਲ ਹੁੰਦਾ ਹੈ।
-ਵਿਜੇ ਕੁਮਾਰ