ਸਿਆਸਤ : ਸੇਵਾ ਦਾ ਮਾਧਿਅਮ ਜਾਂ ਸੱਤਾ ਦਾ ਸਾਧਨ

Wednesday, Jun 19, 2024 - 06:17 PM (IST)

ਸਿਆਸਤ ਦਾ ਨਾਂ ਸੁਣਦੇ ਹੀ ਸਾਡੇ ਮਨ ’ਚ ਦੋ ਪ੍ਰਮੁੱਖ ਵਿਚਾਰ ਆਉਂਦੇ ਹਨ-ਸੇਵਾ ਅਤੇ ਸੱਤਾ। ਇਹ ਵਿਸ਼ਾ ਵਿਆਪਕ ਚਰਚਾ ਅਤੇ ਵਿਚਾਰ-ਵਟਾਂਦਰੇ ਦਾ ਕੇਂਦਰ ਬਣਿਆ ਰਹਿੰਦਾ ਹੈ ਕਿ ਕੀ ਸਿਆਸਤਦਾਨ ਅਸਲ ’ਚ ਜਨਤਾ ਦੀ ਸੇਵਾ ਕਰਨ ਲਈ ਸਿਆਸਤ ’ਚ ਆਉਂਦੇ ਹਨ ਜਾਂ ਸੱਤਾ ਪ੍ਰਾਪਤੀ ਅਤੇ ਉਸ ਨੂੰ ਬਣਾਈ ਰੱਖਣ ਲਈ। ਬਹੁਤ ਸਾਰੇ ਸਿਆਸੀ ਆਗੂ ਸਿਆਸਤ ’ਚ ਆਉਣ ਦਾ ਮੁੱਖ ਮਕਸਦ ਜਨਤਾ ਦੀ ਸੇਵਾ ਕਰਨੀ ਦੱਸਦੇ ਹਨ ਜਦਕਿ ਉਨ੍ਹਾਂ ਦੇ ਕੰਮ ਅਤੇ ਨੀਤੀਆਂ ਦਰਸਾਉਂਦੀਆਂ ਹਨ ਕਿ ਉਨ੍ਹਾਂ ਦਾ ਮੁੱਖ ਮਕਸਦ ਸੱਤਾ ਹਾਸਲ ਕਰਨੀ ਅਤੇ ਉਸ ਨੂੰ ਬਣਾਈ ਰੱਖਣਾ ਹੈ।

ਭਾਰਤੀ ਦਰਸ਼ਨ ’ਚ ‘ਸੇਵਕ’ ਦਾ ਭਾਵ ਬੜਾ ਹੀ ਵਿਆਪਕ ਅਤੇ ਡੂੰਘਾ ਹੈ। ਸੇਵਕ ਉਹ ਹੈ ਜੋ ਨਿਰਸਵਾਰਥ, ਬਿਨਾਂ ਕਿਸੇ ਨਿੱਜੀ ਲਾਭ ਦੀ ਇੱਛਾ ਦੇ ਆਪਣੇ ਮਾਰਗ ਜਾਂ ਕਿਸੇ ਉੱਚ ਮਕਸਦ ਦੀ ਸੇਵਾ ਕਰਦਾ ਹੈ। ਲੋਕਤੰਤਰ ’ਚ ਜਨਤਾ ਹੀ ਮਾਲਕ ਹੈ ਅਤੇ ਕਿਸੇ ਵੀ ਸਿਆਸੀ ਆਗੂ ਦੀ ਜ਼ਿੰਮੇਵਾਰੀ ਜਨਤਾ ਦੀ ਨਿਰਸਵਾਰਥ ਸੇਵਾ ਕਰਨੀ ਹੀ ਹੋਣੀ ਚਾਹੀਦੀ ਹੈ।

ਸਾਮ-ਦਾਮ-ਦੰਡ ਭੇਦ ਦੀ ਹਰ ਚੋਣ ’ਚ ਖੁੱਲ੍ਹੀ ਵਰਤੋਂ ਇਸ ਗੱਲ ਦਾ ਸ਼ੱਕ ਪੈਦਾ ਕਰਦੀ ਹੈ ਕਿ ਕੀ ਅਸਲ ’ਚ ਇਹ ਕੋਸ਼ਿਸ਼ ਸੇਵਾ ਕਰਨ ਲਈ ਗਲਬਾ ਹਾਸਲ ਕਰਨ ਦੀ ਹੈ ਜਾਂ ਫਿਰ ਸੱਤਾ ਹਾਸਲ ਕਰਨ ਦੀ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਦਿੱਤੇ ਜਾ ਰਹੇ ਲਾਲਚਾਂ ਤੋਂ ਤਾਂ ਹੁਣ ਇਹ ਜਾਪਣ ਲੱਗਾ ਹੈ ਕਿ ਸੇਵਾ ਦੀ ਥਾਂ ਸੌਦੇਬਾਜ਼ੀ ਦਾ ਵਾਅਦਾ ਕੀਤਾ ਜਾ ਰਿਹਾ ਹੈ।

ਹਾਰਵਰਡ ਯੂਨੀਵਰਸਿਟੀ ਦੀ ਇਕ ਖੋਜ ’ਚ ਮਹਿਸੂਸ ਕੀਤਾ ਗਿਆ ਕਿ ਸੱਤਾ ਦੀ ਰੀਝ ਮਨੁੱਖੀ ਸੁਭਾਅ ਦਾ ਹਿੱਸਾ ਹੈ ਤੇ ਇਸ ਨੂੰ ਇਕ ਮਹੱਤਵਪੂਰਨ ਪ੍ਰੇਰਕ ਵਜੋਂ ਦੇਖਿਆ ਜਾ ਸਕਦਾ ਹੈ। ਸੱਤਾ ਵਿਅਕਤੀ ਨੂੰ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਮਹਿਸੂਸ ਕਰਾਉਂਦੀ ਹੈ ਜਿਸ ਨਾਲ ਉਸ ਦੇ ਆਤਮ-ਸਨਮਾਨ ’ਚ ਵਾਧਾ ਹੁੰਦਾ ਹੈ। ਸਟੈਨਫੋਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਅਧਿਐਨ ’ਚ ਇਹ ਦੱਸਿਆ ਗਿਆ ਹੈ ਕਿ ਸੱਤਾ ਹਾਸਲ ਕਰਨ ਵਾਲੇ ਵਿਅਕਤੀ ਆਪਣੇ ਫੈਸਲਿਆਂ ’ਚ ਵੱਧ ਖੁਦਮੁਖਤਾਰੀ ਅਤੇ ਆਜ਼ਾਦੀ ਮਹਿਸੂਸ ਕਰਦੇ ਹਨ, ਜਿਸ ਨਾਲ ਉਹ ਆਪਣੇ ਵਿਚਾਰਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ’ਚ ਸਮਰੱਥ ਹੁੰਦੇ ਹਨ।

ਕੈਂਬ੍ਰਿਜ ਯੂਨੀਵਰਸਿਟੀ ਦੇ ਅਧਿਐਨ ’ਚ ਦੱਸਿਆ ਗਿਆ ਹੈ ਕਿ ਨਿਰਸਵਾਰਥ ਸੇਵਾ ਕਰਨ ਵਾਲੇ ਸਿਆਸੀ ਆਗੂ ਵੱਧ ਹਰਮਨਪਿਆਰੇ ਹੁੰਦੇ ਹਨ ਤੇ ਲੰਬੇ ਸਮੇਂ ਤੱਕ ਸੱਤਾ ’ਚ ਬਣੇ ਰਹਿੰਦੇ ਹਨ ਕਿਉਂਕਿ ਜਨਤਾ ਉਨ੍ਹਾਂ ਦੇ ਕੰਮਾਂ ਅਤੇ ਈਮਾਨਦਾਰੀ ਦੀ ਸ਼ਲਾਘਾ ਕਰਦੀ ਹੈ। ਕਈ ਸਿਆਸੀ ਆਗੂ ਸੇਵਾ ਦਾ ਢੋਂਗ ਕਰੇ ਹਨ ਜਦਕਿ ਉਨ੍ਹਾਂ ਦਾ ਇਰਾਦਾ ਸੱਤਾ ਹਾਸਲ ਕਰਨਾ ਅਤੇ ਬਣਾਈ ਰੱਖਣਾ ਹੁੰਦਾ ਹੈ।

ਸਮਾਜ ਸੇਵਾ ਕਰਨ ਲਈ ਸਿਆਸਤ ਹੀ ਇਕੋ-ਇਕ ਵਸੀਲਾ ਨਹੀਂ ਹੈ। ਸਮਾਜ ਸੇਵਾ ਦੇ ਕਈ ਹੋਰ ਰਾਹ ਅਤੇ ਢੰਗ ਹਨ ਜਿਨ੍ਹਾਂ ਨਾਲ ਵਿਅਕਤੀ ਸਮਾਜ ’ਚ ਹਾਂਪੱਖੀ ਤਬਦੀਲੀ ਲਿਆ ਸਕਦਾ ਹੈ। ਐੱਨ. ਜੀ. ਓ. ਅਤੇ ਸਵੈਮਸੇਵੀ ਸੰਸਥਾਵਾਂ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਕੰਮ ਕਰਦੀਆਂ ਹਨ। ਇਸ ਪੂਰੇ ਦ੍ਰਿਸ਼ ਦੀ ਤ੍ਰਾਸਦੀ ਇਹ ਹੈ ਕਿ ਜਦੋਂ ਸਮਾਜ ਸੇਵਾ ਦੇ ਇੰਨੇ ਸਾਰੇ ਅਸਰਦਾਇਕ ਤੇ ਵਧੀਆ ਤਰੀਕੇ ਮੌਜੂਦ ਹਨ ਤਾਂ ਸਿਆਸੀ ਆਗੂ ਸੱਤਾ ਦੀ ਲਾਲਸਾ ਨੂੰ ਸੰਤੁਸ਼ਟ ਕਰਨ ਲਈ ਜਨਤਾ ਦੀ ਸੇਵਾ ਦਾ ਦਾਅਵਾ ਕਿਉਂ ਕਰਦੇ ਹਨ? ਇਹ ਸਵਾਲ ਵੀ ਉੱਠਦਾ ਹੈ ਕਿ ਕੀ ਅਸਲ ’ਚ ਲੋਕ ਉਨ੍ਹਾਂ ਦੀ ਸੇਵਾ ਦੀ ਮੰਗ ਕਰ ਰਹੇ ਹਨ?

ਇੱਥੇ ਇਹ ਦੇਖਣਾ ਮਹੱਤਵਪੂਰਨ ਹੈ ਕਿ ਸਮੇਂ-ਸਮੇਂ ’ਤੇ ਸੇਵਾ ਦਾ ਦਾਅਵਾ ਕਰਨ ਵਾਲੇ ਵਧੇਰੇ ਆਗੂ ਸਿਆਸਤ ’ਚ ਦਾਖਲ ਹੁੰਦੇ ਸਮੇਂ ਨਾ ਤਾਂ ਆਰਥਿਕ ਤੌਰ ’ਤੇ ਖੁਸ਼ਹਾਲ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਬੌਧਿਕ ਸਰੋਤ ਹੁੰਦੇ ਹਨ ਪਰ ਕੁਝ ਹੀ ਸਾਲਾਂ ’ਚ ਉਨ੍ਹਾਂ ਦੀ ਨਿੱਜੀ ਜਾਇਦਾਦ ਕਈ ਗੁਣਾ ਵਧ ਜਾਂਦੀ ਹੈ। ਭਾਰਤ ’ਚ ਸਿਆਸਤਦਾਨਾਂ ਦੀ ਜਾਇਦਾਦ ਸੱਤਾ ’ਚ ਆਉਣ ਦੇ ਬਾਅਦ ਕਿਵੇਂ ਵਧੀ, ਇਸ ’ਤੇ ਕਈ ਰਿਪੋਰਟਾਂ ਅਤੇ ਡਾਟਾ ਮੁਹੱਈਆ ਹਨ।

ਏ. ਡੀ. ਆਰ. ਦੀ ਰਿਪੋਰਟ ਅਨੁਸਾਰ 2009 ਤੋਂ 2014 ਦਰਮਿਆਨ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ ’ਚ 137 ਫੀਸਦੀ ਦਾ ਵਾਧਾ ਹੋਇਆ ਹੈ। 2014 ਦੀਆਂ ਆਮ ਚੋਣਾਂ ਦੇ ਬਾਅਦ ਚੁਣੇ ਗਏ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 14.61 ਕਰੋੜ ਰੁਪਏ ਸੀ ਜਦਕਿ 2009 ’ਚ ਇਹ 5.33 ਕਰੋੜ ਰੁਪਏ ਸੀ। ਚੋਣ ਕਮਿਸ਼ਨ ਨੂੰ ਜਮ੍ਹਾ ਕਰਾਏ ਗਏ ਹਲਫਨਾਮਿਆਂ ਦੇ ਵਿਸ਼ਲੇਸ਼ਣ ਤੋਂ ਵੀ ਇਹ ਸਪੱਸ਼ਟ ਹੁੰਦਾ ਹੈ ਕਿ ਕਈ ਸਿਆਸਤਦਾਨਾਂ ਦੀ ਜਾਇਦਾਦ ’ਚ ਸੱਤਾ ’ਚ ਆਉਣ ਦੇ ਬਾਅਦ ਤੇਜ਼ੀ ਨਾਲ ਵਾਧਾ ਹੋਇਆ।

ਇਸ ਦੇ ਇਲਾਵਾ ਨੇਤਾਵਾਂ ’ਚ ਸ਼ਕਤੀ ਪ੍ਰਦਰਸ਼ਨ ਦੀ ਰੀਝ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਸੁਰੱਖਿਆ ਗਾਰਡਾਂ, ਵੱਡੀ ਗੱਡੀ ਅਤੇ ਵੱਡੇ ਸਰਕਾਰੀ ਬੰਗਲਿਆਂ ਰਾਹੀਂ ਪ੍ਰਗਟ ਹੁੰਦੀ ਹੈ।

ਜੇਕਰ ਅਸੀਂ ਆਪਣੇ ਸਿਆਸੀ ਇਤਿਹਾਸ ’ਚ ਦੇਖੀਏ ਤਾਂ ਮਹਿਸੂਸ ਕਰਾਂਗੇ ਕਿ ਅਜਿਹੇ ਕਈ ਵਿਦਵਾਨਾਂ ਅਤੇ ਰੱਜੇ-ਪੁੱਜੇ ਨੇਤਾਵਾਂ ਨੇ ਦੇਸ਼ ਅਤੇ ਸਮਾਜ ਦੀ ਭਲਾਈ ਲਈ ਆਪਣੀ ਪੂਰੀ ਜ਼ਿੰਦਗੀ ਸਿਆਸਤ ਨੂੰ ਸਮਰਪਿਤ ਕਰ ਦਿੱਤੀ। ਬਾਬਾ ਸਾਹਿਬ ਡਾ. ਅੰਬੇਡਕਰ ਵਰਗੇ ਉੱਚ ਕੋਟੀ ਦੇ ਵਿਦਵਾਨਾਂ, ਮਹਾਪੁਰਸ਼ਾਂ ਅਤੇ ਨੀਤੀ-ਘਾੜਿਆਂ ਨੇ ਸਿਆਸਤ ’ਚ ਇਕ ਸਰਪ੍ਰਸਤ ਵਾਂਗ ਆਪਣੀ ਭੂਮਿਕਾ ਨਿਭਾਈ। ਅਜਿਹੇ ਨੇਤਾਵਾਂ ’ਚ ਯਕੀਨੀ ਹੀ ਸੱਤਾ ਦੀ ਰੀਝ ਨਹੀਂ ਰਹੀ ਹੋਵੇਗੀ ਪਰ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਕੀਤੇ ਗਏ ਅਧਿਐਨ ਅਨੁਸਾਰ ਸੱਤਾ ਰਾਹੀਂ ਆਪਣੇ ਫੈਸਲਿਆਂ ’ਚ ਵੱਧ ਖੁਦਮੁਖਤਾਰੀ ਅਤੇ ਆਜ਼ਾਦੀ ਹਾਸਲ ਕਰਨ ਦੇ ਮਹੱਤਵ ਨੂੰ ਮਹਿਸੂਸ ਕਰਦੇ ਹੋਣਗੇ, ਜਿਸ ਨਾਲ ਉਹ ਆਪਣੇ ਵਿਚਾਰਾਂ ਤੇ ਯੋਜਨਾਵਾਂ ਨੂੰ ਲਾਗੂ ਕਰਨ ’ਚ ਸਮਰੱਥ ਹੋਣਗੇ।

ਮੇਰਾ ਸਿੱਟਾ ਇਹ ਹੈ ਕਿ ਅੱਜ ਦੇ ਯੁੱਗ ’ਚ ਕੋਈ ਵੀ ਵਿਅਕਤੀ ਬਿਨਾਂ ਸੱਤਾ ਦੀ ਰੀਝ ਦੇ ਸਿਆਸਤ ’ਚ ਨਹੀਂ ਆਉਂਦਾ ਪਰ ਅਜਿਹਾ ਹੋਣਾ ਪੂਰੀ ਤਰ੍ਹਾਂ ਗਲਤ ਵੀ ਨਹੀਂ ਹੈ। ਹਾਰਵਰਡ ਯੂਨੀਵਰਸਿਟੀ ਦੀ ਇਕ ਖੋਜ ’ਚ ਇਸ ਨੂੰ ਇਕ ਮਹੱਤਵਪੂਰਨ ਪ੍ਰੇਰਕ ਵਜੋਂ ਦੇਖਿਆ ਗਿਆ ਹੈ ਪਰ ਅਸੀਂ ਵੱਖ-ਵੱਖ ਪੱਧਰਾਂ ’ਤੇ ਅਜਿਹੇ ਬੜੇ ਘੱਟ ਨੇਤਾ ਦੇਖੇ ਹਨ ਜੋ ਸੇਵਾ ਨਾਲ ਆਮ ਲੋਕਾਂ ਦੀ ਜ਼ਿੰਦਗੀ ’ਚ ਅਸਲ ਤਬਦੀਲੀ ਲਿਆ ਸਕੇ ਹਨ। ਸਿਆਸਤ ’ਚ ਸੱਤਾ ਦੀ ਰੀਝ ਅਤੇ ਨਿੱਜੀ ਲਾਭ ਦਾ ਲੋਭ ਵਧੇਰੇ ਨੇਤਾਵਾਂ ਦੇ ਸੇਵਾ ਭਾਵ ’ਤੇ ਭਾਰੀ ਪੈਂਦਾ ਦਿਸਦਾ ਹੈ, ਜਿਸ ਤੋਂ ਇਹ ਸਵਾਲ ਉੱਠਦਾ ਹੈ ਕਿ ਸੱਚੀ ਸੇਵਾ ਨਾਲ ਸਿਆਸਤ ਕਰਨ ਵਾਲੇ ਨੇਤਾ ਕਿੱਥੇ ਹਨ? ਸਾਨੂੰ ਇਕ ਜਾਗਰੂਕ ਅਤੇ ਚੌਕਸ ਵੋਟਰ ਵਜੋਂ ਸਹੀ ਨੇਤਾਵਾਂ ਨੂੰ ਚੁਣਨ ਦੀ ਲੋੜ ਹੈ ਤਾਂ ਕਿ ਸਿਆਸਤ ਦਾ ਅਸਲੀ ਮਕਸਦ ‘ਜਨਤਾ ਦੀ ਸੇਵਾ’ ਸਫਲ ਹੋ ਸਕੇ।

ਅਸ਼ਵਨੀ ਕੁਮਾਰ ਗੁਪਤਾ (ਸੀ. ਏ.)


Rakesh

Content Editor

Related News